JNU ਤੋਂ ਇਲਾਵਾ ਕਦੋਂ-ਕਦੋਂ ਵਿਦਿਆਰਥੀਆਂ ਦੇ ਅੰਦੋਲਨ ਵੱਡਾ ਬਦਲਾਅ ਲਿਆਏ

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੀ) ਦੇ ਵਿਦਿਆਰਥੀ ਨਾਰਾਜ਼ ਹਨ। ਸਾਰਿਆਂ ਲਈ ਸਿੱਖਿਆ ਦਾ ਮੁੱਦਾ ਉਨ੍ਹਾਂ ਦੀ ਜ਼ਬਾਨ 'ਤੇ ਹੈ।

ਨਿੱਜੀ ਸੰਸਥਾਵਾਂ 'ਚ ਸਿੱਖਿਆ ਹਾਸਿਲ ਕਰਨਾ ਮਹਿੰਗਾ ਹੈ ਅਤੇ ਸਰਕਾਰੀ ਸੰਸਥਾਵਾਂ ਵਿੱਚ ਸੀਟਾਂ ਦੀ ਗਿਣਤੀ ਸੀਮਤ ਹੈ ਇਸ ਲਈ ਜੇਐੱਨਯੂ 'ਚ ਸਿੱਖਿਆ ਹਾਸਿਲ ਕਰਨਾ ਸੰਭਵ ਨਹੀਂ ਹੈ।

ਗਰੀਬ ਪਰਿਵਾਰਾਂ ਤੋਂ ਆਉਣ ਵਾਲੇ ਕਈ ਵਿਦਿਆਰਥੀ ਜੇਐੱਨਯੂ ਤੋਂ ਨਿਕਲ ਕੇ ਸਮਾਜ ਵਿੱਚ ਆਪਣੀ ਥਾਂ ਬਣਾਉਂਦੇ ਹਨ।

ਭਾਰਤ 'ਚ ਜੇਐੱਨਯੂ ਦੇ ਵਿਦਿਆਰਥੀ ਪੁਲਿਸ, ਨੌਕਰਸ਼ਾਹੀ, ਪੱਤਰਕਾਰਿਤਾ ਸਣੇ ਸਮਾਜ ਦੇ ਹਰੇਕ ਹਿੱਸੇ ਵਿੱਚ ਹਨ।

ਜੇਐੱਨਯੂ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਵਾਈਕੇ ਅਲਘ ਕਹਿੰਦੇ ਹਨ, "ਭਾਰਤੀ ਸਮਾਜ ਦੇ ਬਿਹਤਰ ਵਿਕਾਸ ਲਈ ਜ਼ਰੂਰੀ ਹੈ ਕਿ ਅਸੀਂ ਜੇਐੱਯੂ ਵਰਗੀਆਂ ਹੋਰ ਸੰਸਥਾਵਾਂ ਖੋਲ੍ਹੀਏ।"

ਇਨ੍ਹਾਂ ਕਾਰਨਾਂ ਕਰਕੇ ਜੇਐੱਨਯੂ 'ਚ ਫੀਸ ਅਤੇ ਦੂਜੇ ਖਰਚਿਆਂ ਵਿੱਚ ਹੋਣ ਵਾਲੇ ਵਾਧੇ ਕਾਰਨ ਵਿਦਿਆਰਥੀ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ।

ਇਹ ਵੀ ਪੜ੍ਹੋ-

ਨਗਰ-ਨਿਗਮ ਦੇ ਸਕੂਲਾਂ ਵਿੱਚ ਪੜ੍ਹੇ ਅਤੇ ਕਈ ਯੂਨੀਵਰਸਿਟੀਆਂ ਦੇ ਅਹਿਮ ਅਹੁਦਿਆਂ 'ਤੇ ਕੰਮ ਕਰਨ ਵਾਲੇ ਪ੍ਰੋ. ਅਖ਼ਤਰ-ਅਲ ਵਾਸੇ ਕਹਿੰਦੇ ਹਨ, "ਆਰਥਿਕ ਸੁਧਾਰਾਂ ਦੇ ਬਾਅਦ ਅਸੀਂ ਸਿੱਖਿਆ ਅਤੇ ਸਿਹਤ ਸੈਕਟਰਾਂ ਨੂੰ ਨਿੱਜੀ ਹੱਥਾਂ 'ਚ ਦੇ ਦਿੱਤਾ ਹੈ, ਜਿਸ ਨਾਲ ਗਰੀਬ ਸਿਸਟਮ ਤੋਂ ਬਾਹਰ ਹੋ ਗਿਆ ਹੈ।”

“ਜੇਕਰ ਵਿਦਿਆਰਥੀ ਗਰੀਬਾਂ ਦੇ ਹੱਕ ਵਿੱਚ ਮੰਗ ਚੁੱਕ ਰਹੇ ਹਨ ਤਾਂ ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸਿੱਖਿਆ ਕੋਈ ਵਪਾਰ ਨਹੀਂ ਹੈ।"

'ਇਹ ਦੇਖੋ ਕਿ ਵਿਦਿਆਰਥੀ ਕਿਵੇਂ ਰਹਿੰਦੇ ਹਨ'

ਅਖ਼ਤਰ-ਅਲ ਵਾਸੇ ਕਹਿੰਦੇ ਹਨ, "ਮੈਂ ਜੇਐੱਨਯੂ ਵਿੱਚ ਮੁਜ਼ਹਾਰੀਆਂ ਨੂੰ ਕਵਰ ਕਰ ਰਿਹਾ ਹਾਂ। ਯੂਨੀਵਰਸਿਟੀ ਦੇ ਅੰਦਰ ਹੋਸਟਲ 'ਚ ਵਿਦਿਆਰਥੀਆਂ ਨੂੰ ਮਿਲਿਆ। ਉਨ੍ਹਾਂ ਦੇ ਮੁਜ਼ਾਹਰਿਆਂ ਨੂੰ ਨੇੜਿਓਂ ਦੇਖਿਆ।"

"ਦੇਖਿਆ ਕਿ ਕਿਵੇਂ ਸੁਰੱਖਿਆ ਬਲ ਵਿਦਿਆਰਥੀਆਂ ਨੂੰ ਤਾਕਤ ਦੇ ਜ਼ੋਰ 'ਤੇ, ਡੰਡਿਆਂ ਨਾਲ ਪਿੱਛੇ ਧੱਕ ਰਹੇ ਸਨ, ਵਿਦਿਆਰਥੀਆਂ ਨੂੰ ਘਸੀਟ ਕੇ ਲੈ ਕੇ ਜਾ ਰਹੇ ਸਨ, ਕੁਝ ਇਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਦੱਸ ਰਹੇ ਸਨ।"

ਦਿਲਚਸਪ ਗੱਲ ਸੀ ਕਿ ਪੁਲਿਸ ਦੀ ਵਰਦੀ ਪਹਿਨਣ ਵਾਲੇ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਵੀ ਸਨ।

ਜੇਐੱਨਯੂ ਦੇ ਬਾਹਰ ਵਿਦਿਆਰਥੀਆਂ ਨੂੰ ਮੁਫ਼ਤਖੋਰ, ਕੰਮਚੋਰ, ਟੈਕਸ ਧਾਰਕਾਂ ਦੇ ਪੈਸੇ 'ਤੇ ਐਸ਼ ਕਰਨ ਵਾਲੇ ਦੱਸਿਆ ਜਾ ਰਿਹਾ ਹੈ।

ਉਹ ਵਿਦਿਆਰਥੀ ਜਿਨ੍ਹਾਂ ਦੇ ਪਿਤਾ ਕਿਸਾਨ, ਗਾਰਡ ਹਨ ਜਾਂ ਛੋਟੀਆਂ ਦੁਕਾਨਾਂ ਚਲਾ ਰਹੇ ਹਨ, ਕਹਿ ਰਹੇ ਹਨ, “ਇਹ ਲੋਕ ਜ਼ਰਾ ਇੱਥੇ ਆ ਕੇ ਤਾਂ ਦੇਖਣ ਕਿ ਅਸੀਂ ਕੀ ਐਸ਼ ਕਰ ਰਹੇ ਹਾਂ।”

ਇਨ੍ਹਾਂ ਮੁਜ਼ਾਹਰਿਆਂ ਵਿੱਚ ਪੁਲਿਸ ਦੀ ਤਾਕਤ ਦੇ ਜ਼ੋਰ 'ਤੇ ਜ਼ਮੀਨ 'ਤੇ ਪਿਸਦੇ, ਇੱਕ-ਦੂਜੇ 'ਤੇ ਡਿੱਗਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਦੀ ਵਰਤੋਂ ਕਾਰਨ ਸੁੰਨ ਸਨ।

ਇੱਕ ਆਡੀਟੋਰੀਅਮ ਦੇ ਬਾਹਰ ਮੁਜ਼ਾਹਰੇ 'ਚ ਇੱਕ ਵਿਦਿਆਰਥਣ ਨੇ ਗੁੱਸੇ 'ਚ ਕਿਹਾ, "ਕਿਸੀ ਲੋਕਤੰਤਰ ਦੀ ਰਾਜਧਾਨੀ 'ਚ ਕੀ ਵਿਦਿਆਰਥੀਆਂ ਦੇ ਨਾਲ ਅਜਿਹਾ ਹੁੰਦਾ ਹੈ? ਵਾਈਸ ਚਾਂਸਲਰ ਗੱਲ ਨਹੀਂ ਕਰਨਾ ਚਾਹੁੰਦੇ।"

ਜੇਐੱਨਯੂ ਵਾਈਸ ਚਾਂਸਲਰ ਨੂੰ ਇੱਕ ਇੰਟਰਵਿਊ ਲਈ ਭੇਜੀ ਗਈ ਈਮੇਲ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।

ਵਿਦਿਆਰਥੀਆਂ 'ਤੇ ਤਾਕਤ ਦੇ ਇਸਤੇਮਾਲ ਦਾ ਅਸਰ ਕਈ ਵਾਰ ਆਸ ਤੋਂ ਉਲਟ ਹੁੰਦਾ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ।

'ਤਾਕਤ ਦੀ ਵਰਤੋਂ ਨਹੀਂ ਕਰ ਸਕਦੇ'

ਡਾਕਟਰ ਅਲਘ ਕਹਿੰਦੇ ਹਨ, "ਜਵਾਨ ਲੋਕ ਆਦਰਸ਼ਵਾਦੀ ਹੁੰਦੇ ਹਨ। ਸਾਨੂੰ ਉਨ੍ਹਾਂ ਦੇ ਆਦਰਸ਼ਵਾਦ ਨੂੰ ਸਮਝਣਾ ਚਾਹੀਦਾ ਹੈ। ਜੇਕਰ ਅਸੀਂ ਉਨ੍ਹਾਂ ਨਾਲ ਕੁੱਟਮਾਰ ਕਰਾਂਗੇ, ਉਹ ਵਾਪਸ ਤੁਹਾਡੇ 'ਤੇ ਵਾਰ ਕਰਨਗੇ। ਜਿਸ ਦੇਸ ਵਿੱਚ ਨੌਜਵਾਨ ਆਬਾਦੀ ਦਾ ਇੰਨਾ ਮਜ਼ਬੂਤ ਹਿੱਸਾ ਹੋਵੇ, ਇਹ ਕਰਨਾ ਬੇਵਕੂਫ਼ੀ ਹੋਵੇਗਾ....ਸਾਨੂੰ ਸਿੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਵੇਂ ਸਾਂਭਿਆ ਜਾਵੇ।"

"ਜਦੋਂ ਮੈਂ ਵਾਈਸ ਚਾਂਸਲਰ ਸੀ ਤਾਂ ਮੈਨੂੰ ਸਲਾਹ ਦਿੱਤੀ ਜਾਂਦੀ ਸੀ ਕਿ ਮੈਂ ਪੁਲਿਸ ਬੁਲਾ ਲਵਾਂ। ਮੈਂ ਕਹਿੰਦੀ ਸੀ ਜੇਕਰ ਕੈਂਪਸ ਵਿੱਚ ਪੁਲਿਸ ਆ ਗਈ ਤਾਂ ਮੇਰੀ ਥਾਂ ਉਹ ਪੁਲਿਸ ਵਾਲਾ ਵਾਈਸ ਚਾਂਸਲਰ ਬਣ ਜਾਵੇਗਾ। ਤੁਸੀਂ ਤਾਕਤ ਦੀ ਵਰਤੋਂ ਨਹੀਂ ਕਰ ਸਕਦੇ।"

"ਜੇਕਰ ਨੌਜਵਾਨ ਬਦਲਾਅ ਨਹੀਂ ਚਾਹੁੰਦੇ ਅਤੇ ਉਨ੍ਹਾਂ ਨੇ ਅੱਗ ਦੀ ਕਾਢ ਨਾ ਕੱਢੀ ਹੁੰਦੀ ਤਾਂ ਅਸੀਂ ਅੱਜ ਵੀ ਸਟੋਨ ਏਜ਼ 'ਚ ਰਹਿੰਦੇ। ਤੁਸੀਂ ਇਹ ਨਹੀਂ ਕਹਿ ਸਕਦੇ ਹੋ ਕਿ ਜਿਸ ਵਿਦਿਆਰਥੀ ਦਾ ਪਿਤਾ ਕਿਸਾਨ ਹੈ ਅਤੇ ਉਸ ਕੋਲ ਜ਼ਮੀਨ ਵੀ ਨਹੀਂ ਹੈ, ਉਹ ਹੋਸਟਲ 'ਚ ਰੈਸਟੋਰੈਂਟ ਦੇ ਪੱਧਰ ਵਾਲਾ ਖਰਚ ਦੇਵੇ।”

“ਸਾਨੂੰ ਸਮਝਣਾ ਹੋਵੇਗਾ ਕਿ ਅਸੀਂ ਜਦੋਂ ਉਨ੍ਹਾਂ ਦੀ ਉਮਰ ਵਿੱਚ ਸੀ ਤਾਂ ਅਸੀਂ ਵੀ ਵਿਦਰੋਹ ਕੀਤਾ ਸੀ, ਨਹੀਂ ਤਾਂ ਅਸੀਂ ਅਜੇ ਤੱਕ ਬਰਤਾਨਵੀ ਸਮਰਾਜ ਦਾ ਹਿੱਸਾ ਹੁੰਦੇ। ਸਾਨੂੰ ਬਦਲਾਅ ਦਾ ਪ੍ਰਬੰਧ ਕਰਨਾ ਹੋਵੇਗਾ।"

ਸਾਲਾਂ ਤੋਂ ਜੇਐੱਨਯੀ 'ਚ 'ਗਰੀਬੀ', 'ਭ੍ਰਿਸ਼ਟਾਚਾਰ', 'ਵੰਡਣ ਵਾਲੀ ਸਿਆਸਤ' ਆਦਿ ਤੋਂ 'ਆਜ਼ਾਦੀ' ਦੀ ਮੰਗ ਹੁੰਦੀ ਰਹੀ ਹੈ, ਇੱਥੋਂ ਦੇ ਕੈਂਪਸ, 'ਫਰੀਡਮ ਸੁਕੇਅਰ' ਤੱਕ ਸੀਮਤ ਨਹੀਂ।

ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਫ਼ੀਸ ਦੇ ਵਾਧੇ, ਬਿਹਤਰ ਸਿੱਖਿਆ, 'ਕੈਂਪਸ 'ਚ ਗ੍ਰਿਫ਼ਤਾਰੀ', ਕਥਿਤ ਸੋਸ਼ਣ ਆਦਿ ਮੰਗਾਂ ਨੂੰ ਲੈ ਕੇ ਵਿਦਿਆਰਥੀ ਲਾਮਬੰਦ ਹੋ ਰਹੇ ਹਨ।

ਇੱਕ ਵਾਈਰਲ ਵੀਡੀਓ ਵਿੱਚ ਵਿਦਿਆਰਥੀ 'ਨਵਾਜ਼ ਵੀ ਸੁਣ ਲੈਣ...', 'ਸ਼ਾਹਬਾਜ਼ ਵੀ ਸੁਣ ਲੈਣ...' 'ਇਮਰਾਨ ਵੀ ਸੁਣ ਲੈਣ...' ਆਜ਼ਾਦੀ ਦੇ ਨਾਅਰੇ ਲਗਾਉਂਦੇ ਦਿਖੇ ਹਨ। ਉਨ੍ਹਾਂ ਦੇ ਚਾਰੇ ਪਾਸੇ ਦੇਖ ਕੇ ਇੰਝ ਲਗਦਾ ਹੈ ਕਿ ਇਹ ਨਾਅਰੇ ਜੇਐੱਨਯੂ ਵਿਦਿਆਰਥੀ ਲਗਾ ਰਹੇ ਹਨ।

ਇਹ ਵੀ ਪੜ੍ਹੋ-

ਨੌਜਵਾਨਾਂ ਦੇ ਤੈਅ ਕੀਤੀ ਦਿਸ਼ਾ

ਸਾਲ 2016 ਵਿੱਚ ਜਦੋਂ ਜੇਐੱਨਯੂ ਵਿੱਚ ਆਜ਼ਾਦੀ ਦੇ ਨਾਅਰੇ ਲੱਗੇ, ਮੁਜ਼ਾਹਰੇ ਹੋਏ ਤਾਂ ਵਿਦਿਆਰਥੀਆਂ ਦੇ ਖ਼ਿਲਾਫ਼ ਦੇਸਧ੍ਰੋਹ ਦੇ ਮਾਮਲੇ ਦਰਜ ਹੋਏ।

ਤਾਜ਼ਾ ਮੁਜ਼ਾਹਰਿਆਂ 'ਤੇ ਪਾਕਿਸਤਾਨ ਵਿੱਚ ਵੀ ਵਿਦਿਆਰਥੀਆਂ ਦੇ ਖ਼ਿਲਾਫ਼ ਦੇਸਧ੍ਰੋਹ ਦੇ ਕੇਸ ਦਰਜ ਹੋਣ ਦੀਆਂ ਰਿਪੋਰਟਾਂ ਹਨ।

ਭਾਵੇਂ ਅੰਗਰੇਜ਼ਾਂ ਦੇ ਖ਼ਿਲਾਫ਼ ਆਜ਼ਾਦੀ ਦੀ ਲੜਾਈ ਹੋਵੇ, ਐਮਰਜੈਂਸੀ ਦੇ ਖ਼ਿਲਾਫ਼ ਅੰਦੋਲਨ ਜਾਂ ਫਿਰ ਮੰਡਲ ਦੇ ਦਿਨਾਂ ਦੇ ਮੁਜ਼ਾਹਰੇ ਵਿਦਿਆਰਥੀਆਂ ਨੇ ਭਾਰਤ ਦੀ ਦਸ਼ਾ ਅਤੇ ਦਿਸ਼ਾ ਤੈਅ ਕੀਤੀ ਹੈ।

ਭਾਰਤ ਵਿੱਚ ਜੈਪ੍ਰਕਾਸ਼ ਨਰਾਇਣ ਦੀ ਆਗਵਾਈ ਵਿੱਚ ਜੇਪੀ ਅੰਦੋਲਨ ਇੰਨੀ ਮਜ਼ਬੂਤੀ ਨਾਲ ਉਭਰਿਆ ਆਖ਼ਿਰਕਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੱਤਾ ਤੋਂ ਹਟਾ ਕੇ ਦੇਸ ਦੀ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਵਜੂਦ 'ਚ ਆਈ।

ਲਾਲੂ ਪ੍ਰਸਾਦ ਯਾਦਵ, ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ ਵਰਗੇ ਨੇਤਾ ਜੇਪੀ ਅੰਦੋਲਨ ਵਿੱਚ ਵਿਦਿਆਰਥੀ ਨੇਤਾਵਾਂ ਵਜੋਂ ਉਭਰੇ।

ਭਾਵੇਂ ਪੱਛਮੀ ਬੰਗਾਲ ਵਿੱਚ #Hokkolorob ਹੋਵੇ, ਹੈਦਰਾਬਾਦ 'ਚ #JusticeforRohith ਜਾਂ ਫਿਰ ਤਾਜ਼ਾ #Standwithjnu, ਵਿਦਿਆਰਥੀ ਆਪਣੇ ਅਧਿਕਾਰਾਂ ਦਾ ਮੰਗ ਦੇ ਸਮਰਥ ਵਿੱਚ ਇੱਕਜੁਟ ਹੋ ਰਹੇ ਹਨ।

#Hokkolorob ਦਾ ਅਰਥ ਹੈ, 'ਕਲਰਵ' ਜਾਂ 'ਸ਼ੋਰ' ਅਤੇ ਇਹ ਸ਼ੁਰੂ ਹੋਇਆ ਸੀ ਸਤੰਬਰ 2014 'ਚ ਜਦੋਂ ਕੋਲਕਾਤਾ ਦੇ ਜਾਧਵਪੁਰ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਔਰਤ ਦੇ ਕਥਿਤ ਜਿਣਸੀ ਸ਼ੋਸ਼ਣ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਜ਼ਾਰਾਂ ਵਿਦਿਆਰਥੀ ਪ੍ਰਸ਼ਾਸਨ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ।

ਬੰਗਾਲ 'ਚ ਪ੍ਰੇਸੀਡੈਂਸੀ ਅਤੇ ਸ਼ਾਂਤੀ ਨਿਕੇਤਨ ਵਿੱਚ ਵੀ ਵਿਦਿਆਰਥੀ ਮੁਜ਼ਾਹਰੇ ਹੋਏ ਹਨ।

ਰੋਹਿਤ ਵੇਮੁਲਾ ਦੀ ਮੌਤ 'ਤੇ ਹੈਦਰਾਬਾਦ ਯੂਨੀਵਰਸਿਟੀ ਦੇ ਇਲਾਵਾ ਦੂਜੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਸੜਕਾਂ 'ਤੇ ਉਤਰੇ ਸਨ।

ਹਾਂਗਕਾਂਗ ਦੇ ਮੁਜ਼ਾਹਰੇ

ਅੱਜਕੱਲ੍ਹ ਦੁਨੀਆਂ ਦਾ ਧਿਆਨ ਹਾਂਗਕਾਂਗ ਵਿੱਚ ਹਫ਼ਤਿਆਂ ਤੋਂ ਜਾਰੀ ਪ੍ਰਦਰਸ਼ਨ 'ਤੇ ਵੀ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਹੈ।

ਇਹ ਮੁਜ਼ਾਹਰੇ ਵਿਵਾਦਤ ਹਵਾਲਗੀ ਬਿੱਲ ਦੇ ਵਿਰੋਧ ਵਿੱਚ ਸ਼ੁਰੂ ਹੋਏ ਸਨ ਪਰ ਇਸ ਬਿੱਲ ਦੇ ਵਾਪਸ ਲਏ ਜਾਣ ਦੇ ਬਾਵਜੂਦ ਇਹ ਮੁਜ਼ਾਹਰੇ ਜਾਰੀ ਹਨ।

ਮੁਜ਼ਾਹਰਾਕਾਰੀਆਂ ਨੂੰ ਲਗਦਾ ਹੈ ਕਿ ਹਾਂਗਕਾਂਗ ਦੀ ਵਿਸ਼ੇਸ਼ ਪਛਾਣ ਨੂੰ ਚੀਨ ਦੀ ਸਿਆਸੀ ਪ੍ਰਣਾਲੀ ਤੋਂ ਖ਼ਤਰਾ ਹੈ।

ਚੀਨ ਨੇ ਕਈ ਤਰੀਕਿਆਂ ਨਾਲ ਇਸ ਮੁਜ਼ਾਹਰੇ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਸੂਚਨਾ ਨੂੰ ਹਥਿਆਰ ਵਾਂਗ ਇਸਤੇਮਾਲ ਕੀਤਾ ਗਿਆ ਹੈ ਪਰ ਇਹ ਮੁਜ਼ਾਹਰੇ ਜਾਰੀ ਹਨ।

ਅਮਰੀਕਾ ਵਿੱਚ ਸਿਰਾਕਿਊਜ਼ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੈਂਪਸ ਵਿੱਚ ਅਫ਼ਰੀਕੀ ਅਤੇ ਏਸ਼ੀਆਈ ਮੂਲ ਦੇ ਵਿਦਿਆਰਥੀਆਂ ਖ਼ਿਲਾਫ਼ ਕਥਿਤ ਨਸਲਵਾਦੀ ਘਟਨਾਵਾਂ ਦੇ ਬਾਵਜੂਦ ਸੁਧਾਰਾਂ ਦੀ ਮੰਗ ਦੀ ਹਮਾਇਤ ਵਿੱਚ ਮੁਜ਼ਾਹਰੇ ਹੋ ਰਹੇ ਹਨ।

60ਵਿਆਂ ਵਿੱਚ ਪੈਰਿਸ ਅਤੇ ਬਰਕਲੇ ਤੇ ਹਾਲ ਹੀ ਵਿੱਚ ਚਿਲੀ ਵਿੱਚ ਵਿਦਿਆਰਥੀਆਂ ਦੇ ਮੁਜ਼ਾਹਰਿਆਂ ਦੀ ਯਾਦ ਅਜੇ ਵੀ ਤਾਜ਼ਾ ਹੈ।

1968 ਵਿੱਚ ਕਰੀਬ 8 ਲੱਖ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਪੈਰਿਸ ਦੀਆਂ ਸੜਕਾਂ 'ਤੇ ਚਾਰਲਸ ਡੀ ਗਾਲ ਦੀ ਸਰਕਾਰ ਦੇ ਵਿਰੋਧ 'ਚ ਸਨ ਅਤੇ ਪੁਲਿਸ ਤੇ ਅੱਤਿਆਚਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਸਨ।

ਇਸੇ ਦਹਾਕੇ ਵਿੱਚ ਬਰਕਲੇ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਵੀਅਤਨਾਮ ਜੰਗ ਦੇ ਖ਼ਿਲਾਫ਼ ਵਿਦਿਆਰਥੀਆਂ ਨੇ ਮੁਜ਼ਾਹਰੇ ਕੀਤੇ। ਉਹ ਦੌਰ ਸੀ ਜਦੋਂ ਬਰਕਲੇ 'ਫ੍ਰੀ ਸਪੀਚ ਮੂਵਮੈਂਟ' ਦਾ ਗੜ੍ਹ ਸਨ।

ਕਰੀਬ 30 ਸਾਲ ਪਹਿਲਾਂ ਬੀਜਿੰਗ ਦੇ ਤਿਆਤਨਮਨ ਸੁਕੇਅਰ 'ਤੇ ਲੱਖਾਂ ਵਿਦਿਆਰਥੀ ਲੋਕਤੰਤਰ ਦੇ ਸਮਰਥਨ ਵਿੱਚ ਸੜਕਾਂ 'ਤੇ ਉਤਰੇ ਪਰ ਚੀਨ ਦੀ ਕਮਿਊਨਿਸਟ ਸਰਕਾਰ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਤਾਕਤ ਦੇ ਜ਼ੋਰ 'ਤੇ ਕੁਚਲ ਦਿੱਤਾ।

ਇੱਕ ਆਰਮੀ ਟੈਂਕ ਦੇ ਸਾਹਮਣੇ ਇੱਕ ਮੁਜ਼ਹਰਾਕਾਰੀ ਦੀ ਤਸਵੀਰ ਨੂੰ 20ਵੀਂ ਸਦੀ ਦੀ ਸਭ ਤੋਂ ਬਿਹਤਰੀਨ ਫੋਟੋ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।

ਪੰਜਾਬ ਵਿੱਚ ਸਾਬਕਾ ਵਿਦਿਆਰਥੀ ਨੇਤਾ ਅਤੇ ਹੁਣ ਇੱਕ ਯੂਨੀਵਰਸਿਟੀ ਵਿੱਚ ਅਧਿਆਪਕ ਅਮਨਦੀਪ ਕੌਰ ਕਹਿੰਦੀ ਹੈ, "ਵਿਦਿਆਰਥੀ ਏਕਤਾ ਉਨ੍ਹਾਂ ਨੂੰ ਅਧਿਕਾਰ, ਬਿਹਤਰੀਨ ਮੌਕੇ, ਸੁਵਿਧਾਵਾਂ ਮੁਹੱਈਆ ਕਰਵਾਉਂਦੀ ਹੈ। ਜਿੱਥੇ ਵਿਦਿਆਰਥੀ ਇਕੱਠੇ ਨਹੀਂ ਹੁੰਦੇ, ਜਿਵੇਂ ਜਿੱਥੇ ਮੈਂ ਕੰਮ ਕਰ ਰਹੀ ਹਾਂ, ਤਾਂ ਉੱਥੇ ਵਿਦਿਆਰਥੀ ਅਧਿਕਾਰਾਂ ਤੋਂ ਵਾਂਝੇ ਰਹਿ ਜਾਂਦੇ ਹਨ। ਵਿਦਿਆਰਥੀ ਮੁਜ਼ਾਹਰੇ ਸਮਾਜ ਵਿੱਚ ਬਦਲਾਅ ਲਿਆਉਂਦੇ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)