ਕਿਉਂ ਉੱਬਲ ਰਿਹਾ ਹੈ ਬੀਐੱਚਯੂ?

    • ਲੇਖਕ, ਸਮੀਰਆਤਮਜ ਮਿਸ਼ਰਾ
    • ਰੋਲ, ਬੀਬੀਸੀ ਹਿੰਦੀ ਲਈ

ਬੀਐੱਚਯੂ ਵਿੱਚ ਹੋਈ ਹਿੰਸਾ ਦੀ ਸ਼ੁਰੂਆਤ ਸ਼ੁਕਰਵਾਰ ਨੂੰ ਛੇੜਛਾੜ ਦੇ ਖ਼ਿਲਾਫ਼ ਚਲ ਇੱਕ ਸ਼ਾਂਤ ਅੰਦੋਲਨ ਤੋਂ ਹੋਈ।

ਵਿਦਿਆਰਥਣਾਂ ਯੂਨੀਵਰਸਿਟੀ ਦੇ ਗੇਟ 'ਤੇ ਆਪਣੀ ਸੁਰੱਖਿਆ ਲਈ ਅੰਦੋਲਨ ਕਰ ਰਹੀਆਂ ਸਨ। ਅੰਦੋਲਨ ਦੀ ਦੂਜੀ ਰਾਤ ਸ਼ਾਂਤੀ ਹਿੰਸਾ ਵਿੱਚ ਤਬਦੀਲ ਹੋ ਗਈ।

ਪੁਲਿਸ ਨੇ ਸ਼ਨੀਵਾਰ ਰਾਤ ਲਾਠੀਚਾਰਜ ਕਰ ਵਿਦਿਆਰਥੀਆਂ ਨੂੰ ਹਟਾਇਆ। ਇਸ ਤੋਂ ਬਾਅਦ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਹੋਈਆਂ।

ਲਾਠੀਚਾਰਜ ਤੋਂ ਬਾਅਦ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ। ਇਨ੍ਹਾਂ ਵਿੱਚ ਪੁਲਿਸ ਅਤੇ ਪੱਤਰਕਾਰਾਂ ਦੀਆਂ ਗੱਡੀਆਂ ਵੀ ਸ਼ਾਮਲ ਹਨ।

ਸੁਰੱਖਿਆ ਲਈ ਡਟੀਆਂ ਵਿਦਿਆਰਥਣਾਂ

ਹਾਲਾਤ 'ਤੇ ਕਾਬੂ ਪਾਉਣ ਦੇ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਵਿਦਿਆਰਥਣਾਂ ਨੇ ਦੱਸਿਆ ਕਿ ਉਹ ਸਿਰਫ਼ ਆਪਣੀ ਸੁਰੱਖਿਆ ਲਈ ਅੰਦੋਲਨ ਕਰ ਰਹੀਆਂ ਹਨ, ਪਰ ਕੁਝ ਲੋਕ ਨਹੀਂ ਚਾਹੁੰਦੇ ਕਿ ਉਹਨਾਂ ਦੀ ਗੱਲ ਸੁਣੀ ਜਾਏ।

ਕੁਝ ਵਿਦਿਆਰਥੀਆਂ ਵਿੱਚ ਇਹ ਬਹਿਸ ਵੀ ਹੋ ਰਹੀ ਹੈ ਕਿ ਉਹ ਬੀਐਚਯੂ ਨੂੰ ਜੇਐਨਯੂ ਨਹੀਂ ਬਣਨ ਦੇਣਗੇ।

ਇੱਕ ਵਿਦਿਆਰਥਣ ਨੇ ਦੱਸਿਆ ਕਿ ਛੇੜਛਾੜ ਦੀ ਸਮੱਸਿਆ ਇੱਥੇ ਆਮ ਹੈ ਅਤੇ ਇਸਦੇ ਖਿਲਾਫ਼ ਅਵਾਜ਼ ਚੁੱਕਣਾ ਵਧੀਆ ਗੱਲ ਹੈ। "ਪਰ ਕੁਝ ਲੋਕ ਹਨ ਜੋ ਇਸਦੀ ਆੜ ਵਿੱਚ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹਨ," ਵਿਦਿਆਰਥਣ ਨੇ ਕਿਹਾ।

ਕੁੜੀਆਂ ਦੀ ਆਜ਼ਾਦੀ ਨਹੀਂ ਬਰਦਾਸ਼ਤ

ਬੀਐੱਚਯੂ ਵਿੱਚ ਪੜ੍ਹੇ ਇੱਕ ਪੱਤਰਕਾਰ ਨੇ ਨਾਮ ਨਾ ਛਾਪਣ ਦੀ ਸ਼ਰਤ ਦੇ ਦੱਸਿਆ, 'ਬੀਐੱਚਯੂ ਵਿੱਚ ਸ਼ੁਰੂਆਤ ਤੋਂ ਹੀ ਇੱਕ ਖਾਸ ਵਿਚਾਰਧਾਰਾ ਦਾ ਬੋਲਬਾਲਾ ਰਿਹਾ ਹੈ। ਕੁੜੀਆਂ ਭਾਵੇਂ ਇੱਥੇ ਬਾਹਰੋਂ ਪੜ੍ਹਣ ਆਉਂਦੀਆਂ ਹਨ, ਪਰ ਉਹਨਾਂ ਨੂੰ ਲੈਕੇ ਇੱਥੋਂ ਦੇ ਲੋਕਾਂ ਦੀ ਸੋਚ ਵਿੱਚ ਕੋਈ ਤਬਦੀਲੀ ਨਹੀਂ ਹੈ। ਕੁੜੀਆਂ ਦਾ ਖੁੱਲਾਪਨ ਅਤੇ ਅਜ਼ਾਦੀ ਇੱਥੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਫਿਰ ਉਹ ਮੁੰਡੇ ਹੋਣ, ਪ੍ਰਿੰਸਿਪਲ ਹੋਵੇ, ਕਰਮਚਾਰੀ ਹੋਣ ਜਾਂ ਫਿਰ ਮਹਿਲਾ ਵਾਰਡਨ।'

ਪਿਛਲੇ ਕੁਝ ਦਿਨਾਂ ਤੋਂ ਅੰਦਰ ਹੀ ਅੰਦਰ ਵਿਵਾਦ ਵੱਧ ਗਏ ਸਨ।

ਪ੍ਰਧਾਨ ਮੰਤਰੀ ਦਾ ਇੱਕ ਟਵੀਟ ਨਹੀਂ ਆਇਆ

ਅੰਦੋਲਨ ਕਰ ਰਹੀਆਂ ਵਿਦਿਆਰਥਣਾਂ ਇਸ ਗੱਲ ਨੂੰ ਲੈਕੇ ਵੀ ਨਿਰਾਸ਼ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ 'ਤੇ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਹੈ।

ਜਦਕਿ ਜਿਸ ਦਿਨ ਤੋਂ ਅੰਦੋਲਨ ਸ਼ੁਰੂ ਹੋਇਆ, ਪ੍ਰਧਾਨ ਮੰਤਰੀ ਮੋਦੀ, ਸੂਬੇ ਦੇ ਮੁੱਖ ਮੰਤਰੀ, ਰਾਜਪਾਲ ਅਤੇ ਆਲਾ ਅਫ਼ਸਰ ਇੱਥੇ ਹੀ ਸਨ।

ਵਿਦਿਆਰਥਣਾਂ ਨੇ ਕਿਹਾ, 'ਸਾਡੇ ਅੰਦੋਲਨ ਕਰਕੇ ਪ੍ਰਧਾਨ ਮੰਤਰੀ ਦਾ ਰਾਹ ਤੱਕ ਬਦਲ ਦਿੱਤਾ, ਪਰ ਦੋ ਦਿਨਾਂ ਤੱਕ ਇੱਥੇ ਰਹਿਣ ਦੇ ਬਾਵਜੂਦ ਸਾਡਾ ਹਾਲ ਤਾਂ ਕੀ ਪੁੱਛਣਾ, ਉਨ੍ਹਾਂ ਨੇ ਸਾਡੇ ਲਈ ਇੱਕ ਟਵੀਟ ਵੀ ਨਹੀਂ ਕੀਤਾ।'

2 ਅਕਤੂਬਰ ਤੱਕ ਯੂਨੀਵਰਸਿਟੀ ਬੰਦ

ਵਿਦਿਆਰਥੀਆਂ ਦੇ ਅੰਦੋਲਨ ਹਿੰਸਕ ਹੋਣ ਤੋਂ ਬਾਅਦ ਯੂਨੀਰਵਰਸਿਟੀ ਨੂੰ 2 ਅਕਤੂਬਰ ਤੱਕ ਦੇ ਲਈ ਬੰਦ ਕਰ ਦਿੱਤਾ ਗਿਆ ਹੈ।

'ਅਸੀਂ ਬੀਐੱਚਯੂ ਨੂੰ ਜੇਐੱਨਯੂ ਨਹੀਂ ਬਨਣ ਦੇਵਾਂਗੇ' ਕਹਿਣ ਵਾਲਿਆਂ ਦਾ ਇਲਜ਼ਾਮ ਹੈ ਕਿ ਵਿਦਿਆਰਥਣਆਂ ਨੇ ਜਾਨ ਬੁੱਝ ਕੇ ਅੰਦੋਲਨ ਲਈ ਇਸ ਸਮੇਂ ਦੀ ਚੋਣ ਕੀਤੀ ਤਾਕਿ ਉਹ ਚਰਚਾ ਵਿੱਚ ਆ ਸਕਣ।

ਹੁਣ ਵਿਦਿਆਰਥਣਾਂ ਦੀ ਮੰਗ ਹੈ ਕਿ ਕੁਲਪਤੀ ਖੁਦ ਉੱਥੇ ਆਕੇ ਉਨ੍ਹਾਂ ਨਾਲ ਗੱਲ ਕਰਨ, ਪਰ ਕੁਲਪਤੀ ਇਸ ਲਈ ਤਿਆਰ ਨਹੀਂ ਹਨ। ਇਸੇ ਲਈ ਅੰਦੋਲਨ ਇੰਨਾ ਲੰਮਾ ਖਿੱਚ ਰਿਹਾ ਹੈ।

ਕੁੜੀਆਂ ਦਾ ਕਹਿਣਾ ਹੈ, "ਜੇ ਉੱਪ ਕੁਲਪਤੀ ਦਾ ਮਾਣ ਹੈ ਤਾਂ ਸਾਡਾ ਵੀ ਹੈ। ਅਸੀਂ ਉਨ੍ਹਾਂ ਦੇ ਦਫ਼ਤਰ ਚਲੇ ਜਾਵਾਂਗੇ, ਪਰ ਸਾਰੀਆਂ ਵਿਦਿਆਰਥਣਾਂ ਜਾਣਗੀਆਂ ਅਤੇ ਮੀਡੀਆ ਨੂੰ ਵੀ ਉੱਥੇ ਲਿਜਾਇਆ ਜਾਏਗਾ।"

ਸੁਰੱਖਿਆ ਇੰਤਜ਼ਾਮ ਪੁਖ਼ਤਾ ਨਹੀਂ

ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਹਨ ਅਤੇ ਛੇੜਛਾੜ ਆਮ ਗੱਲ ਹੈ।

ਵਿਦਿਆਰਥਣਾਂ ਦਾ ਇਹ ਵੀ ਇਲਜ਼ਾਮ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਛੇੜਛਾੜ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਵਿਦਿਆਰਥਣਾਂ 'ਤੇ ਹੀ ਸਵਾਲ ਚੁੱਕਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)