JNU Protest: ਉਹ 7 ਕਾਰਨ ਜਿਸ ਕਰਕੇ ਵਿਦਿਆਰਥੀ ਕਰ ਰਹੇ ਅੰਦੋਲਨ

ਸੋਮਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਦੇ ਨਾਲ-ਨਾਲ ਹੀ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਵਿਦਿਆਰਥੀ ਵਧੀ ਫੀਸ ਅਤੇ ਯੂਨੀਵਰਸਿਟੀ 'ਚ ਲਾਗੂ ਹੋਏ ਡਰੈੱਸ ਕੋਡ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਅਖਿਲ ਭਾਰਤ ਤਕਨੀਕੀ ਸਿੱਖਿਆ ਪਰੀਸ਼ਦ (ਏਆਈਸੀਟੀਈ) ਵੱਲ ਵਧ ਰਹੇ ਸਨ ਪਰ ਗੇਟਾਂ 'ਤੇ ਲੱਗੇ ਬੈਰੀਅਰ ਕਰਕੇ ਉਹ ਸਮਾਗਮ ਵਾਲੀ ਥਾਂ 'ਤੇ ਨਹੀਂ ਪਹੁੰਚ ਸਕੇ। ਉੱਪ ਰਾਸ਼ਟਰਪਤੀ ਵੈਕਈਂਆ ਨਾਇਡੂ ਇਸ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਬੀਬੀਸੀ ਪੱਤਰਕਾਰ ਵਿਨੀ ਖਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਵੇਲੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ, ਜਿਨ੍ਹਾਂ ਦੇ ਹੱਥਾਂ 'ਚ ਲਾਠੀਆਂ ਹਨ।

ਇਹ ਵੀ ਪੜ੍ਹੋ-

ਕਿਸ ਕਰਕੇ ਹੈ ਵਿਦਿਆਰਥੀਆਂ ਨੂੰ ਇਤਰਾਜ਼

  • ਯੂਨੀਵਰਸਿਟੀ ਦੇ ਨਵੇਂ ਨਿਯਮਾਂ ਮੁਤਾਬਕ ਹੋਸਟਲ ਦੀ ਫੀਸ 'ਚ ਵੱਡਾ ਇਜ਼ਾਫਾ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿਛਲੇ 14 ਸਾਲਾਂ ਤੋਂ ਹੋਸਟਲ ਦੀ ਫੀਸ ਵਿੱਚ ਬਦਲਾਅ ਨਹੀਂ ਕੀਤਾ ਗਿਆ ਸੀ।
  • ਪਹਿਲਾਂ ਡਬਲ ਸੀਟਰ ਕਮਰੇ ਦਾ ਕਿਰਾਇਆ 10 ਰੁਪਏ ਸੀ ਜਿਸ ਤੋਂ ਵਧਾ ਕੇ 300 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ, ਉੱਥੇ ਸਿੰਗਲ ਸੀਟਰ ਕਮਰੇ ਦਾ ਕਿਰਾਇਆ 20 ਰੁਪਏ ਤੋਂ ਵਧਾ ਕੇ 600 ਰੁਪਏ ਰੱਖਿਆ ਗਿਆ ਹੈ।
  • ਵਨ ਟਾਈਮ (ਇਕੋ ਵੇਲੇ ਭਰੀ ਜਾਣ ਵਾਲੀ) ਮੈਸ ਸਿਕਿਓਰਿਟੀ ਫੀਸ 5500 ਰੁਪਏ ਤੋਂ ਵਧਾ ਕੇ 12000 ਰੁਪਏ ਕਰ ਦਿੱਤੀ ਗਈ ਹੈ।
  • ਰਾਤ 11 ਵਜੇ ਜਾਂ ਵੱਧ ਤੋਂ ਵੱਧ 11.30 ਵਜੇ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਹੋਸਟਲ ਅੰਦਰ ਰਹਿਣਾ ਹੋਵੇਗਾ ਅਤੇ ਉਹ ਬਾਹਰ ਨਹੀਂ ਨਿਕਲ ਸਕਦੇ।
  • ਜੇਕਰ ਕੋਈ ਆਪਣੇ ਹੋਸਟਲ ਤੋਂ ਇਲਾਵਾ ਕਿਸੇ ਹੋਰ ਹੋਸਟਲ ਜਾਂ ਕੈਂਪਸ ਵਿੱਚ ਦੇਖਿਆ ਜਾਂਦਾ ਹੈ ਤਾਂ ਉਸ ਨੂੰ ਹੋਸਟਲ 'ਚੋਂ ਕੱਢ ਦਿੱਤਾ ਜਾਵੇਗਾ।
  • ਇਸ ਤੋਂ ਇਲਾਵਾ ਨਵੇਂ ਮੈਨੂਅਲ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਲੋਕਾਂ ਨੂੰ ਡਾਇਨਿੰਗ ਹਾਲ ਵਿੱਚ 'ਉੱਚਿਤ ਕੱਪੜੇ' ਪਾ ਕੇ ਆਉਣਾ ਹੋਵੇਗਾ।ਵਿਆਰਥੀਆਂ ਦਾ ਸਵਾਲ ਹੈ ਕਿ 'ਉਚਿਤ ਕੱਪੜਿਆਂ' ਦੀ ਪਰਿਭਾਸ਼ਾ ਕੀ ਹੈ।
  • ਉੱਥੇ ਹੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨਿਯਮ ਪਹਿਲਾਂ ਤੋਂ ਜਾਰੀ ਸਨ। ਇਨ੍ਹਾਂ ਨੂੰ ਕੇਵਲ ਦੁਹਰਾਇਆ ਗਿਆ ਹੈ ਬਦਲਾਅ ਨਹੀਂ ਕੀਤਾ ਗਿਆ।

ਵਿਦਿਆਰਥੀ ਸੰਘ ਇਸ ਡਰਾਫਟ ਨੂੰ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ।

ਇੱਕ ਪ੍ਰਦਰਸ਼ਨਕਾਰੀ ਵਿਦਿਆਰਥੀ ਨੇ ਕਿਹਾ ਕਿ ਅਸੀਂ ਪਿਛਲੇ 15 ਦਿਨਾਂ ਤੋਂ ਫੀਸ 'ਚ ਵਾਧੇ ਦਾ ਵਿਰੋਧ ਕਰ ਰਹੇ ਹਾਂ, ਘੱਟੋ-ਘੱਟ 40 ਫੀਸਦ ਵਿਦਿਆਰਥੀ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ, ਉਹ ਵਿਦਿਾਰਥੀ ਇੱਥੇ ਕਿਵੇਂ ਪੜ੍ਹਨਗੇ?

ਇੱਕ ਕੁੜੀ ਨੇ ਕਿਹਾ, "ਅਸੀਂ ਆਪਣੇ ਗਰੀਬ ਵਿਦਿਆਰਥੀਆਂ ਲਈ ਲੜ ਰਹੇ ਹਾਂ। ਵੀਸੀ ਅਤੇ ਰੈਕਟਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਉਹ ਗੱਲ ਹੀ ਨਹੀਂ ਕਰ ਰਹੇ। ਤਿੰਨਾਂ ਸਾਲਾਂ ਤੋਂ ਉਨ੍ਹਾਂ ਵਿਦਿਆਰਥੀ ਸੰਘ ਨਾਲ ਗੱਲ ਨਹੀਂ ਕੀਤੀ ਹੈ।"

ਇੱਕ ਹੋਰ ਵਿਦਿਆਰਥੀ ਨੇ ਕਿਹਾ, "ਇੱਥੇ ਬੇਰਹਿਮੀ ਨਾਲ ਵਿਦਿਆਰਥੀਆਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਸਾਡੇ ਸਰੀਰਾਂ 'ਤੇ ਖਰੋਚਾਂ ਹਨ। ਸਾਡੇ ਵੀਸੀ ਸਾਨੂੰ ਕੈਂਪਸ 'ਚ ਤਾਂ ਮਿਲਦੇ ਨਹੀਂ ਹਨ ਪਰ ਇੱਥੇ ਡਿਗਰੀ ਵੰਡ ਸਮਾਗਮ ਵਿੱਚ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇਐੱਨਯੂ 'ਚ ਸਭ ਕੁਝ ਬਹੁਤ ਵਧੀਆ ਹੈ।"

"ਅਸੀਂ ਇਸ ਲਈ ਉਨ੍ਹਾਂ ਨੂੰ ਇੱਥੇ ਮਿਲ ਕੇ ਆਪਣੀ ਗੱਲ ਉਨ੍ਹਾਂ ਅੱਗੇ ਰੱਖਣ ਆਏ ਹਾਂ। ਸਾਡੀਆਂ ਸੌਖੀਆਂ ਜਿਹੀਆਂ ਮੰਗਾਂ ਹਨ, ਤੁਸੀਂ ਯੂਨੀਵਰਸਿਟੀ 'ਚ ਨਹੀਂ ਮਿਲਦੇ ਤਾਂ ਜਿੱਥੇ ਮਿਲੋਗੇ ਉੱਥੇ ਹੀ ਆਪਣੀ ਗੱਲ ਕਹਿਣ ਆਏ ਹਾਂ।"

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)