JNU 'ਚ ਨਕਾਬਪੋਸ਼ਾਂ ਦਾ ਹਮਲਾ : ਹੁਣ ਤੱਕ ਜੋ ਕੁਝ ਪਤਾ ਲੱਗਿਆ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਐਤਵਾਰ ਸ਼ਾਮ ਨੂੰ ਕੈਂਪਸ ਅਤੇ ਹੋਸਟਲਾਂ ਵਿੱਚ ਨਕਾਬਪੋਸ਼ ਹਮਲਾਵਰਾਂ ਨੇ ਭੰਨਤੋੜ ਕੀਤੀ ਹੈ। ਇਸ ਹਮਲੇ ਵਿੱਚ ਕਈ ਟੀਚਰਾਂ ਅਤੇ ਵਿਦਿਆਰਥਣਾਂ ਨੂੰ ਫੱਟੜ ਕੀਤਾ ਹੈ।

ਇਸ ਹਮਲੇ ਵਿੱਚ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਤੇ ਕਈ ਹੋਰ ਵੀ ਜ਼ਖਮੀ ਹੋਏ ਹਨ।

ਦਿੱਲੀ ਪੁਲਿਸ ਨੇ ਜੇਐੱਨਯੂ ਦੇ ਮੇਨ ਗੇਟ 'ਤੇ ਵੱਡੀ ਗਿਣਤੀ ਪੁਲਿਸ ਕਰਮੀ ਤੈਨਾਤ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਜੇਐੱਨਯੂ ਦੇ ਗੇਟ ਦੇ ਬਾਹਰ ਅਤੇ ਆਈਟੀਓ ਸਥਿਤ ਦਿੱਲੀ ਪੁਲਿਸ ਹੈੱਡਕੁਆਟਰ ਦੇ ਬਾਹਰ ਇਸ ਘਟਨਾ ਨੂੰ ਲੈ ਕੇ ਰੋਸ-ਮੁਜ਼ਾਹਰੇ ਵੀ ਹੋਏ ਹਨ।

ਦਿੱਲੀ ਪੁਲਿਸ ਹੈੱਡਕੁਆਟਰ ਸਾਹਮਣੇ ਰੋਸ-ਮੁਜ਼ਾਹਰੇ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇੱਕ ਸਮੂਹ ਨੇ ਦਿੱਲੀ ਪੁਲਿਸ ਦੇ ਬੁਲਾਰੇ ਐੱਮਐੱਸ ਰੰਧਾਵਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਦੱਸੀਆਂ।

ਇਸ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੰਗ ਹੈ ਕਿ ਜਖ਼ਮੀ ਵਿਦਿਆਰਥੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਵੇ, ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕੈਂਪਸ 'ਚ ਆਮ ਹਾਲਾਤ ਬਹਾਲ ਕੀਤੇ ਜਾਣ।

ਵਿਦਿਆਰਥੀਆਂ ਦੇ ਵਫ਼ਦ ਨੂੰ ਏਮਜ਼ ਟਰੋਮਾ ਸੈਂਟਰ ਅਤੇ ਜਾਣ ਦੀ ਵੀ ਆਗਿਆ ਦਿੱਤੀ ਗਈ ਹੈ, ਜਿੱਥੇ ਹਿੰਸਾ ਦੇ ਜਖ਼ਮੀ ਵਿਦਿਆਰਥੀ ਭਰਤੀ ਹਨ।

ਸੋਸ਼ਲ ਮੀਡੀਆ 'ਤੇ ਇਸ ਹਮਲੇ ਦੇ ਕਈ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ ਜਿਨ੍ਹਾਂ ਤੋਂ ਬਾਅਦ ਵਿਰੋਧ ਵਜੋਂ ਦੇਸ ਦੇ ਕੁਝ ਹੋਰ ਸ਼ਹਿਰਾਂ ਜਿਵੇਂ ਕਿ ਹੈਦਰਾਬਾਦ ਤੇ ਮੁੰਬਈ ਵਿੱਚ ਵਿਦਿਆਰਥੀਆਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਸ ਘਟਨਾ ਦੇ ਗਵਾਹਾਂ ਦਾ ਕਹਿਣਾ ਹੈ ਕਿ JNU ਕੈਂਪਸ 'ਚ 50 ਤੋਂ ਜ਼ਿਆਦਾ ਲੋਕ ਵੜ ਗਏ। ਇਨ੍ਹਾਂ ਦੇ ਹੱਥਾਂ 'ਚ ਡਾਂਗਾਂ ਸਨ। ਬਹੁਤਿਆਂ ਨੇ ਆਪਣੇ ਚਿਹਰਿਆਂ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਕੈਂਪਸ 'ਚ ਦਾਖ਼ਲ ਹੁੰਦੇ ਹੀ ਇਨ੍ਹਾਂ ਨੇ ਵਿਦਿਆਰਥੀਆਂ 'ਤੇ ਹਮਲਾ ਸ਼ੁਰੂ ਕਰ ਦਿੱਤਾ।

ਕਈ ਸਿਆਸੀ ਆਗੂ, ਯੂਨੀਵਰਸਿਟੀ ਦੇ ਟੀਚਰ ਅਤੇ ਹੋ ਗਵਾਹਾਂ ਨੇ ਏਬੀਵੀਪੀ ਅਤੇ ਆਰਐੱਸਐੱਸ ਦੇ ਕਾਰਕੁਨਾਂ 'ਤੇ ਹਮਲੇ ਦਾ ਇਲਜ਼ਾਮ ਲਗਾਇਆ ਹੈ।

ਦੂਜੇ ਪਾਸੇ ਭਾਜਪਾ ਨਾਲ ਸਬੰਧਿਤ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ਜੇਐੱਨਯੂ ਕੈਂਪਸ 'ਚ ਹੋਏ ਹਮਲੇ ਦਾ ਠੀਕਰਾ ਖੱਬੇਪੱਖੀ ਧਿਰ 'ਤੇ ਤੋੜਿਆ ਹੈ।

JNU ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਾਵਰਾਂ ਨੇ ਕੈਂਪਸ ਵਿੱਚ ਖੜ੍ਹੀਆਂ ਕਾਰਾਂ ਵੀ ਤੋੜ ਦਿੱਤੀਆਂ ਹਨ।

ਕਈ ਜ਼ਖਮੀ ਵਿਦਿਆਰਥੀਆਂ ਨੂੰ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਵਰਾਜ ਇੰਡੀਆ ਦੇ ਮੁਖੀ ਅਤੇ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਯੋਗੇਂਦਰ ਯਾਦਵ ਵੀ ਕੈਂਪਸ ਬਾਹਰ ਮੌਜੂਦ ਸਨ। ਉਨ੍ਹਾਂ ਨਾਲ ਵੀ ਧੱਕਾ ਮੁੱਕੀ ਹੋਈ ਹੈ।

ਯੋਗੇਂਦਰ ਯਾਦਵ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਨੇ ਗੇਟ ਬੰਦ ਕੀਤੇ ਹੋਏ ਹਨ ਅਤੇ ਅੰਦਰ ਹੰਗਾਮਾ ਅਤੇ ਕੁੱਟਮਾਰ ਜਾਰੀ ਹੈ, ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

JNU ਵਿਦਿਆਰਥੀਆਂ ਯੂਨੀਅਨ ਦੀ ਪ੍ਰਧਾਨ ਏਸ਼ੀ ਘੋਸ਼ ਦਾ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਿਹਾ ਹੈ, ਉਸ 'ਚ ਉਨ੍ਹਾਂ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ''ਮੇਰੇ ਉੱਤੇ ਬੁਰੀ ਤਰ੍ਹਾਂ ਹਮਲਾ ਹੋਇਆ ਹੈ। ਹਮਲਾਵਰ ਨਕਾਬਪੋਸ਼ ਸਨ। ਦੇਖੋ ਕਿਵੇਂ ਖ਼ੂਨ ਨਿਕਲ ਰਿਹਾ ਹੈ। ਮੈਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਹੈ।''

ਵਿਦਿਆਰਥੀਆਂ ਨੇ ਦਿੱਲੀ ਪੁਲਿਸ ਹੈੱਡਕੁਆਟਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪੰਜਾਹ ਤੋਂ ਵੱਧ ਲੋਕ ਜੇਐੱਨਯੂ ਕੈਂਪਸ ਵਿੱਚ ਦਾਖ਼ਲ ਹੋਏ, ਜਿਨ੍ਹਾਂ ਨੇ ਡੰਡੇ ਅਤੇ ਲਾਠੀਆਂ ਫੜੀਆਂ ਹੋਈਆਂ ਸਨ। ਬਹੁਤੇ ਹਮਲਾਵਰਾਂ ਨੇ ਚਿਹਰਿਆਂ 'ਤੇ ਕਪੜੇ ਪਾਏ ਹੋਏ ਸਨ। ਇਨ੍ਹਾਂ ਲੋਕਾਂ ਨੇ ਕੈਂਪਸ ਵਿੱਚ ਦਾਖ਼ਲ ਹੁੰਦੇ ਹੀ ਵਿਦਿਆਰਥੀਆਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਹਮਲੇ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਜ਼ਖ਼ਮੀ ਵਿਦਿਆਰਥੀਆਂ ਲਈ ਸੱਤ ਐਂਬੂਲੈਂਸਾਂ ਨੂੰ ਜੇਐਨਯੂ ਕੈਂਪਸ ਵਿੱਚ ਭੇਜਿਆ ਗਿਆ ਹੈ। ਨਾਲ ਹੀ, ਲੋੜ ਪੈਣ 'ਤੇ ਦਸ ਹੋਰ ਐਂਬੂਲੈਂਸਾਂ ਭੇਜਣ ਲਈ ਤਿਆਰ ਕੀਤੀਆਂ ਗਈਆਂ ਹਨ।

ਕੀ ਕਹਿ ਰਿਹਾ ਹੈ ਜੇਐੱਨਯੂ ਪ੍ਰਸ਼ਾਸਨ?

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਹਿੰਸਾ ਦੀ ਜੇਐੱਨਯੂ ਪ੍ਰਸ਼ਾਸਨ ਨੇ ਨਿੰਦਾ ਕੀਤੀ ਹੈ।

ਹਿੰਸਾ ਕਿਵੇਂ ਵਾਪਰੀ ਇਸ 'ਤੇ ਜੇਐੱਨਯੂ ਰਜਿਸਟਰਾਰ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1 ਜਨਵਰੀ 2020 ਤੋਂ ਯੂਨੀਵਰਸਿਟੀ ਦਾ ਸਰਦ ਰੁੱਤ ਸੈਸ਼ਨ ਹੋਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਜਾਰੀ ਸੀ।

ਪਰ 3 ਜਨਵਰੀ ਨੂੰ ਰਜਿਸਟ੍ਰੇਸ਼ ਦਾ ਵਿਰੋਧ ਕਰ ਰਿਹਾ ਇੱਕ ਸਮੂਹ ਕਮਿਊਨੀਕੇਸ਼ ਐਂਡ ਇਨਫਾਰਮੇਸ਼ਨ ਸਰਵਿਸੇਜ਼ ਵਿਭਾਗ ਵਿੱਚ ਆ ਗਿਆ ਅਤੇ ਇੰਟਰਨੈੱਟ ਸਰਵਰ ਨੂੰ ਬੇਕਾਰ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ।

ਇਸ ਤੋਂ ਬਾਅਦ 4 ਜਨਵਰੀ ਨੂੰ ਫਿਰ ਰਜਿਟ੍ਰੇਸ਼ਨ ਸ਼ੁਰੂ ਹੋਇਆ ਪਰ ਇਸ ਤੋਂ ਬਾਅਦ ਫਿਰ ਵਿਦਿਆਰਥੀਆਂ ਨੇ ਇੰਟਰਨੈੱਟ ਦੇ ਨਾਲ-ਨਾਲ ਬਿਜਲੀ ਦੀ ਸਪਲਾਈ ਰੋਕ ਦਿੱਤੀ। ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ਨੇ ਕੁਝ ਸਕੂਲਾਂ ਦੀ ਇਮਾਰਤ ਨੂੰ ਵੀ ਬੰਦ ਕਰ ਦਿੱਤਾ।

ਜੇਐੱਨਯੂ ਪ੍ਰਸ਼ਾਸਨ ਨੇ ਅੱਗੇ ਕਿਹਾ ਹੈ ਕਿ 5 ਜਨਵਰੀ ਨੂੰ ਰਜਿਸਟ੍ਰੇਸ਼ਨ ਕਰਾ ਕੇ ਸਕੂਲ ਵਿੱਚ ਜਾ ਰਹੇ ਵਿਦਿਆਰਥੀਆਂ ਨੂੰ ਰੋਕਿਆ ਗਿਆ। ਇਸ ਤੋਂ ਬਾਅਦ 5 ਜਨਵਰੀ ਦੁਪਹਿਰ ਨੂੰ ਸਕੂਲਾਂ ਦੇ ਨਾਲ-ਨਾਲ ਹੋਸਟਲਾਂ 'ਚ ਵੀ ਰਜਿਸਟ੍ਰੇਸ਼ਨ ਦਾ ਵਿਰੋਧ ਕਰਨ ਵਾਲੇ ਅਤੇ ਰਜਿਟ੍ਰੇਸ਼ਨ ਕਰਵਾ ਚੁੱਕੇ ਵਿਦਿਆਰਥੀਆਂ ਵਿੱਚ ਹੱਥੋਪਾਈ ਹੋਈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਾਮ 4.30 ਵਜੇ ਰਜਿਟ੍ਰੇਸ਼ਨ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ ਕਮਰਿਆਂ ਵਿੱਚ ਵੜ ਕੇ ਵਿਦਿਆਰਥੀਆਂ 'ਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕੀਤਾ।

ਜੇਐੱਨਯੂ ਪ੍ਰਸ਼ਾਸਨ ਨੇ ਅੱਗੇ ਘਟਨਾ ਦੀ ਨਿੰਦਾ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਇਸ ਹਰੇਕ ਵਿਦਿਆਰਥੀ ਨਾਲ ਖੜਾ ਹੈ ਜੋ ਸ਼ਾਂਤਮਈ ਢੰਗ ਨਾਲ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਹੈ।

ਜੇਐੱਨਯੂ ਨੇ ਕਿਹਾ ਹੈ ਕਿ ਨਿਯਮਾਂ ਦਾ ਉਲੰਘਣ ਕਰਦਿਆਂ ਹੋਇਆ ਕੈਂਪਸ ਦੇ ਸ਼ਾਂਤਮਈ ਸਿੱਖਿਆ ਮਾਹੌਲ ' ਰੁਕਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਜੇਐੱਨਯੂ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਫੜ੍ਹਨ ਲਈ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹਮਲਾਵਰਾਂ ਦੀ ਵੀਡਿਓ ਹੋ ਰਹੀ ਵਾਇਰਲ

ਇਸ ਦੌਰਾਨ ਨਿਯੂਜ਼ ਏਜੰਸੀ ਏਐੱਨਆਈ ਨੇ ਹਮਲਾਵਰਾਂ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਏਜੰਸੀ ਦੇ ਅਨੁਸਾਰ, ਜਦੋਂ ਇਹ ਭੀੜ ਇੱਕ ਹੋਸਟਲ ਵਿੱਚ ਦਾਖ਼ਲ ਹੋਈ, ਤਾਂ ਵਿਦਿਆਰਥੀਆਂ ਨੂੰ ਇਹ ਕਹਿੰਦੇ ਸੁਣਿਆ ਗਿਆ, 'ਕੀ ਹੋ ਰਿਹਾ ਹੈ? ਤੁਸੀਂ ਕੌਣ ਹੋ ਐਗਜ਼ਿਟ ਹੋਸਟਲ? ਕੀ ਤੁਸੀਂ ਸਾਨੂੰ ਧਮਕਾਉਣ ਆਏ ਹੋ? ਇਸ ਵੀਡੀਓ ਵਿੱਚ, ਵਿਦਿਆਰਥੀਆਂ ਨੂੰ ਨਾਅਰੇਬਾਜ਼ੀ ਕਰਦਿਆਂ ਸੁਣਿਆ ਜਾ ਸਕਦਾ ਹੈ: 'ਏਬੀਵੀਪੀ ਗੋ ਬੈਕ'।

ਗ੍ਰਹਿ ਮੰਤਰੀ, ਖ਼ਜ਼ਾਨਾ ਮੰਤਰੀ ਅਤੇ ਵਿਦੇਸ਼ ਮੰਤਰੀ ਕੀ ਬੋਲੇ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਜੇਐੱਯੂ ਹਿੰਸਾ ਬਾਰੇ ਗੱਲਬਾਤ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਜੁਆਇੰਟ ਸੀਪੀ ਪੱਧਰ ਦੇ ਅਫਸਰ ਤੋਂ ਕਰਵਾਉਣ ਆਖਿਆ ਹੈ।

ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਵੀ ਟਵੀਟ ਕਰਕੇ ਯੂਨੀਵਰਸਿਟੀ ਅੰਦਰ ਹੋਈ ਹਿੰਸਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੇ ਸੱਭਿਆਚਾਰ ਅਤੇ ਰਵਾਇਤ ਦੇ ਖਿਲਾਫ਼ ਹੈ।

ਭਾਰਤ ਦੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਨੇ ਟਵੀਟ ਕਰਕੇ ਕਿਹਾ, ''ਜੇਐੱਨਯੂ ਤੋਂ ਡਰਾਉਣ ਵਾਲੀਆਂ ਤਸਵੀਰਾਂ ਆ ਰਹੀਆਂ ਹਨ। ਉਹ ਯੂਨੀਵਰਸਿਟੀ ਜਿਸ ਨੂੰ ਮੈਂ ਬਹਿਸ ਤੇ ਵਿਚਾਰ ਲਈ ਜਾਣਦੀ ਸੀ ਨਾ ਕਿ ਹਿੰਸਾ ਲਈ।''

ਕੀ ਕਹਿ ਰਹੇ ਹਨ ਦਿੱਲੀ ਦੇ ਮੁੱਖ ਮੰਤਰੀ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ, "ਜੇਐਨਯੂ ਵਿੱਚ ਹਿੰਸਾ ਦੀ ਖ਼ਬਰ ਸੁਣ ਕੇ ਮੈਂ ਹੈਰਾਨ ਹਾਂ। ਵਿਦਿਆਰਥੀਆਂ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਪੁਲਿਸ ਨੂੰ ਇਸ ਹਿੰਸਾ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਅਤੇ ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ। ਇਹ ਦੇਸ਼ ਕਿਵੇਂ ਤਰੱਕੀ ਕਰੇਗਾ ਜੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਯੂਨੀਵਰਸਿਟੀ ਕੈਂਪਸ ਵਿੱਚ ਵੀ ਸੁਰੱਖਿਅਤ ਨਹੀਂ ਰੱਖਿਆ ਜਾਂਦਾ ਹੈ।"

ਰਾਹੁਲ ਗਾਂਧੀ ਨੇ ਕੀ ਕਿਹਾ?

ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਲੋਕ ਬਹਾਦਰ ਵਿਦਿਆਰਥੀਆਂ ਦੀ ਤਾਕਤ ਤੋਂ ਡਰ ਰਹੇ ਹਨ। ਜੇਐੱਨਯੂ ਕੈਂਪਸ ’ਤੇ ਹਮਲਾ ਇਸ ਗੱਲ ਦਾ ਹੀ ਸਬੂਤ ਹੈ।

ABVP ਦਾ ਖੱਬੇਪੱਖੀ ਧਿਰ 'ਤੇ ਇਲਜ਼ਾਮ

ਭਾਜਪਾ ਨਾਲ ਸਬੰਧਿਤ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ਜੇਐੱਨਯੂ ਕੈਂਪਸ 'ਚ ਹੋਏ ਹਮਲੇ ਦਾ ਠੀਕਰਾ ਖੱਬੇਪੱਖੀ ਧਿਰ 'ਤੇ ਫੋੜਿਆ ਹੈ।

ਏਬੀਵੀਪੀ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਕਿ ਖੱਬੇਪੱਖੀ ਏਕਤਾ ਦੇ ਮੈਂਬਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਵੇਂ ਸੈਸ਼ਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪਿਛਲੇ ਦੋ ਦਿਨਾਂ ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਕੇਂਦਰਾਂ ਵਿੱਚ ਤਾਲਾਬੰਦੀ ਕਰਨ ਲਈ ਮਜਬੂਰ ਕੀਤਾ। ਏਬੀਵੀਪੀ ਦੇ ਮੈਂਬਰ ਵਿਦਿਆਰਥੀਆਂ ਨੇ ਅੱਜ ਉਨ੍ਹਾਂ ਵਲੋਂ ਇੰਟਰਨੈਟ ਰੋਕਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਖੱਬੇਪੱਖੀ ਏਕਤਾ ਦੇ ਮੈਂਬਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਖੱਬੇਪੱਖੀ ਏਕਤਾ ਦੇ ਇਸ ਹਮਲੇ ਵਿੱਚ ਏਬੀਵੀਪੀ ਦੇ ਬਹੁਤ ਸਾਰੇ ਮੈਂਬਰ ਜ਼ਖ਼ਮੀ ਹੋ ਗਏ ਹਨ।

ਏਬੀਵੀਪੀ ਜੇਐਨਯੂ ਇਕਾਈ ਦੇ ਪ੍ਰਧਾਨ ਦੁਰਗੇਸ਼ ਕੁਮਾਰ ਨੇ ਕਿਹਾ, "ਜੇਐਨਯੂਐਸਯੂ ਅਤੇ ਖੱਬੇਪੱਖੀ ਵਿਦਿਆਰਥੀ ਸੰਗਠਨ ਨਿਯਮਿਤ ਤੌਰ 'ਤੇ ਹਿੰਸਾ ਦਾ ਸਹਾਰਾ ਲੈ ਰਹੇ ਹਨ ਅਤੇ ਯੂਨੀਵਰਸਿਟੀ ਦੇ ਆਮ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।"

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)