ਅਭਿਨਵ ਬਿੰਦਰਾ ਤੋਂ ਰਾਹੀ ਤੱਕ: ਕਿਵੇਂ ਬਣਿਆ ਭਾਰਤੀ ਸ਼ੂਟਿੰਗ ਦਾ ਰਾਹ

ਰਾਹੀ ਸਾਰਨੋਬਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਹੀ ਸਾਰਨੋਬਤ ਨੇ 25 ਮੀਟਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ
    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

ਜਕਾਰਤਾ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਚੌਥੇ ਦਿਨ ਰਾਹੀ ਸਾਰਨੋਬਤ ਨੇ 25 ਮੀਟਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ। ਸਾਰਨੋਬਤ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਸ਼ੂਟਰ ਹੈ। ਭਾਰਤੀ ਸ਼ੂਟਰ ਹੁਣ ਤੱਕ ਚਾਰ ਤਗਮੇ ਜਿੱਤ ਚੁੱਕੇ ਹਨ ਅਤੇ ਅਜੇ ਕੁਝ ਹੋਰ ਜਿੱਤਣ ਦੀ ਉਮੀਦ ਹੈ।

ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਪਹਿਲਾ ਵਿਅਕਤੀਗਤ ਸੋਨ ਤਗਮਾ ਜਿੱਤ ਕੇ ਜੋ ਮੁਹਿੰਮ ਸ਼ੁਰੂ ਕੀਤੀ ਸੀ , ਉਹ ਹੁਣ ਕਾਫ਼ਲੇ ਵਿਚ ਬਦਲ ਗਈ ਲੱਗਦੀ ਹੈ।

ਇਸ ਗੱਲ ਨੂੰ ਪੂਰੇ 10 ਸਾਲ ਹੋ ਗਏ ਹਨ ਅਤੇ ਦੇਸ਼ ਵਿਚ ਕੌਮਾਂਤਰੀ ਪੱਧਰ ਦੇ ਸ਼ੂਟਰਾਂ ਦਾ ਵੱਡਾ ਕਾਫ਼ਲਾ ਬਣ ਗਿਆ ਹੈ। ਇਹ ਸਭ ਕੁਝ ਕਿਵੇਂ ਸੰਭਵ ਹੋਇਆ। ਅਭਿਨਵ ਬਿੰਦਰਾ ਦੀ ਖੇਡ ਨੂੰ ਦੇਖ ਕੇ ਦੇਸ਼ ਦੇ ਨੌਜਵਾਨਾਂ ਨੂੰ ਜਿੱਥੇ ਚੰਗਾ ਖਿਡਾਰੀ ਬਣਨ ਦੀ ਪ੍ਰੇਰਣਾ ਮਿਲੀ ਉੱਥੇ ਉਨ੍ਹਾਂ ਵਿੱਚ ਖ਼ਾਸ ਤੌਰ 'ਤੇ ਸ਼ੂਟਰ ਬਣਨ ਦੀ ਲਾਲਸਾ ਵੀ ਦੇਖਣ ਨੂੰ ਮਿਲਦੀ ਰਹੀ ਹੈ।

ਇਹ ਵੀ ਪੜ੍ਹੋ:

ਆਖ਼ਿਰ ਅਭਿਨਵ ਵਰਗੇ ਖ਼ਿਡਾਰੀ ਪੈਦਾ ਕਰਨ ਲਈ ਭਾਰਤ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ 'ਤੇ ਕੰਮ ਕਰਨ ਦੀ ਲੋੜ ਹੈ? ਇਹ ਉਹ ਸਵਾਲ ਨੇ ਜਿਹੜੇ ਖੇਡ ਦੀ ਦੁਨੀਆਂ ਵਿੱਚ ਸਮੇਂ-ਸਮੇਂ 'ਤੇ ਚੁੱਕੇ ਜਾਂਦੇ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨ ਲਈ ਬੀਬੀਸੀ ਨੇ ਸੀਨੀਅਰ ਖ਼ੇਡ ਪੱਤਰਕਾਰ ਨੋਰਿਸ ਪ੍ਰੀਤਮ ਨਾਲ ਗੱਲਬਾਤ ਕੀਤੀ।

ਰਾਹੀ ਸਾਰਨੋਬਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੈਂਪੀਅਨ ਬਣਨ ਵਾਲਿਆਂ ਲਈ ਪ੍ਰੇਰਣਾ ਸਰੋਤ ਹੋਣਾ ਲਾਜ਼ਮੀ

ਨੋਰਿਸ ਪ੍ਰੀਤਮ ਨੇ ਅਭਿਨਵ ਬਿੰਦਰਾ ਦੇ ਖੇਡ ਕਰੀਅਰ ਨੂੰ ਆਧਾਰ ਬਣਾ ਕੇ ਉਹ ਸੱਤ ਗੱਲਾਂ ਦੱਸੀਆਂ ਜਿਸ ਨਾਲ ਭਾਰਤ ਹਰ ਖੇਡ ਵਿਚ ਕੌਮਾਂਤਰੀ ਚੈਂਪੀਅਨ ਪੈਦਾ ਕਰ ਸਕਦਾ ਹੈ। ਇਸ ਆਧਾਰ ਉੱਤੇ ਅਭਿਵਨ ਚੈਂਪੀਅਨ ਬਣਿਆ ਸੀ।

1. ਪ੍ਰੇਰਣਾ ਬੇਹੱਦ ਜ਼ਰੂਰੀ

ਕਿਸੇ ਵੀ ਖਿੱਤੇ ਵੱਲ ਦਿਲਚਸਪੀ ਹੋਣ ਦੇ ਨਾਲ-ਨਾਲ ਬੇਹੱਦ ਜ਼ਰੂਰੀ ਇਹ ਵੀ ਹੈ ਕਿ ਤੁਹਾਡੇ ਪ੍ਰੇਰਣਾ ਸਰੋਤ ਕੌਣ ਹਨ। ਜਦੋਂ ਅਸੀਂ ਆਪਣੇ ਸਾਹਮਣੇ ਪ੍ਰੇਰਣ ਸਰੋਤਾਂ ਨੂੰ ਲੈ ਕੇ ਚੱਲਾਂਗੇ ਤਾਂ ਸਾਡਾ ਚੰਗੇ ਖਿਡਾਰੀ ਬਣਨ ਵੱਲ ਸਭ ਤੋਂ ਪਹਿਲਾ ਕਦਮ ਹੋਵੇਗਾ।

ਇਸ ਸਬੰਧੀ ਨੋਰਿਤ ਪ੍ਰੀਤਮ ਕਹਿੰਦੇ ਹਨ, ''ਜੇ ਅਸੀਂ ਅਭਿਨਵ ਬਿੰਦਰਾ ਵੱਲ ਦੇਖੀਏ ਤਾਂ ਉਸ ਦੇ ਸਾਹਮਣੇ ਤਿੰਨ ਬਹੁਤ ਵੱਡੀਆਂ ਪ੍ਰੇਰਣਾ ਨਾਲ ਲਬਰੇਜ਼ ਉਦਾਹਰਣਾਂ ਸਨ। ਛੋਟੇ ਹੁੰਦਿਆਂ ਅਭਿਨਵ ਲਈ ਲਿਏਂਡਰ ਪੇਸ ਪ੍ਰੇਰਣਾ ਸਰੋਤ ਸਨ, ਜਿਨ੍ਹਾਂ 1996 ਵਿੱਚ ਓਲੰਪਿਕ ਜਿੱਤਿਆ ਸੀ। ਉਨ੍ਹਾਂ ਸੋਚਿਆ ਹੋਵੇਗਾ ਕਿ ਲਿਏਂਡਰ ਬਣਨਾ ਹੈ।''

ਏਸ਼ੀਅਨ ਗੇਮਜ਼ 2014 ਦੌਰਾਨ ਮੈਡਲ ਨਾਲ ਅਭਿਨਵ ਬਿੰਦਰਾ

ਤਸਵੀਰ ਸਰੋਤ, fb/abhinav.bindra

ਤਸਵੀਰ ਕੈਪਸ਼ਨ, ਅਭਿਨਵ ਬਿੰਦਰਾ ਨੂੰ ਹਰ ਉਹ ਸਹੂਲਤ ਮਿਲੀ ਜਿਸ ਨਾਲ ਉਨ੍ਹਾਂ ਨੇ ਆਪਣਾ ਖੇਡ ਨਿਖਾਰਿਆ

''ਜਦੋਂ ਬਿੰਦਰਾ ਥੋੜੇ ਵੱਡੇ ਹੋਏ ਤਾਂ 2000 ਵਿੱਚ ਮਹੇਸ਼ਵਰੀ ਨੇ ਸਿਡਨੀ ਓਲੰਪਿਕ ਵਿੱਚ ਵੇਟ ਲਿਫ਼ਟਿੰਗ ਦਾ ਮੈਡਲ ਜਿੱਤਿਆ, ਉਹ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸਨ।''

''ਜਦੋਂ ਬਿੰਦਰਾ ਸ਼ੂਟਿੰਗ ਕਰ ਰਹੇ ਸਨ ਤਾਂ 2004 ਵਿੱਚ ਰਾਜਿਆ ਵਰਧਨ ਸਿੰਘ ਰਾਠੌਰ ਦਾ ਨਿਸ਼ਾਨੇਬਾਜ਼ੀ ਵਿੱਚ ਮੈਡਲ ਆਇਆ।''

ਨੋਰਿਸ ਪ੍ਰੀਤਮ ਮੁਤਾਬਕ ਇਨ੍ਹਾਂ ਤਿੰਨ ਖਿਡਾਰੀਆਂ ਨੂੰ ਦੇਖ ਕੇ ਅਭਿਨਵ ਬਿੰਦਰਾ ਨੂੰ ਵੀ ਲੱਗਿਆ ਹੋਵੇਗਾ ਕਿ ਜੇ ਇਹ ਤਿੰਨ ਕਰ ਸਕਦੇ ਹਨ ਤਾਂ ਮੈਂ ਕਿਉਂ ਨਹੀਂ।

ਇਹ ਵੀ ਪੜ੍ਹੋ:

ਜਦੋਂ ਰਾਹ ਸਾਫ਼ ਹੋਵੇ ਅਤੇ ਮੰਜ਼ਿਲ ਸਾਹਮਣੇ ਹੋਵੇ ਤਾਂ ਪ੍ਰੇਰਣਾ ਲੈਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ।

2. ਆਰਥਿਕ ਮਜ਼ਬੂਤੀ

ਗੱਲ ਭਾਵੇਂ ਸ਼ੌਕ ਪੂਰਾ ਕਰਨ ਦੀ ਹੋਵੇ ਜਾਂ ਫ਼ਿਰ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ, ਜੋਸ਼-ਜ਼ਜ਼ਬੇ ਦੇ ਨਾਲ-ਨਾਲ ਆਰਥਿਕ ਪੱਖੋਂ ਮਜ਼ਬੂਤ ਹੋਣਾ ਵੀ ਲਾਜ਼ਮੀ ਹੈ।

ਨਿਸ਼ਾਨੇਬਾਜ਼ੀ ਵਰਗੀ ਖੇਡ ਨੂੰ ਮਹਿੰਗੀ ਖੇਡ ਮੰਨਿਆ ਜਾਂਦਾ ਹੈ, ਇਸ ਲਈ ਆਰਥਿਕ ਤੌਰ 'ਤੇ ਵਿਕਸਿਤ ਹੋਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਖੇਡ ਪੱਤਰਕਾਰ ਨੋਰਿਸ ਪ੍ਰੀਤਮ ਮੁਤਾਬਕ, ''ਅਭਿਨਵ ਬਿੰਦਰਾ ਦੇ ਮਾਮਲੇ 'ਚ ਕਦੇ ਪੈਸੇ ਦੀ ਕੋਈ ਕਮੀ ਨਹੀਂ ਰਹੀ। ਪਰਿਵਾਰ ਆਰਥਿਕ ਤੌਰ 'ਤੇ ਸ਼ੁਰੂ ਤੋਂ ਹੀ ਕਾਰੋਬਾਰੀ ਤਬਕੇ ਤੋਂ ਰਿਹਾ ਹੈ।''

''ਜਿਹੜੀ ਸ਼ੂਟਿੰਗ ਰੇਂਜ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲਦੀ, ਉਹ ਚੰਡੀਗੜ੍ਹ 'ਚ ਉਨ੍ਹਾਂ ਦੇ ਘਰ ਬਣੀ ਹੋਈ ਹੈ। ਰੇਂਜ ਸੀ ਤਾਂ ਉਹ ਟਕਾ ਟਕ ਆਪਣੀ ਪ੍ਰੈਕਟਿਸ ਕਰਦੇ ਰਹੇ।''

3. ਚੰਗਾ ਕੋਚ

ਜ਼ਿੰਦਗੀ ਵਿੱਚ ਚੰਗੀ ਸੇਧ ਲਈ ਸਾਨੂੰ ਸਮੇਂ-ਸਮੇਂ 'ਤੇ ਆਪਣੇ ਤੋਂ ਵੱਡੇ ਅਤੇ ਤਜ਼ਰਬੇਕਾਰ ਲੋਕਾਂ ਦੀ ਲੋੜ ਰਹਿੰਦੀ ਹੈ। ਇਸ ਤਰ੍ਹਾਂ ਹੀ ਖੇਡਾਂ ਵਿੱਚ ਵੀ ਚੰਗੇ ਕੋਚ ਦੀ ਆਪਣੀ ਅਹਿਮੀਅਤ ਹੈ।

ਸ਼ੂਟਿੰਗ ਰੇਂਜ ਵਿੱਚ ਨਿਸ਼ਾਨੇਬਾਜ਼ੀ ਕਰਦੇ ਹੋਏ ਅਭਿਨਵ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਖੇਡ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਦੇ ਨਾਲ-ਨਾਲ ਆਰਥਿਕ ਪੱਖੋਂ ਮਜ਼ਬੂਤ ਵੀ ਹੋਣਾ ਚਾਹੀਦਾ ਹੈ

ਚੰਗਾ ਕੋਚ ਨਾ ਸਿਰਫ਼ ਖਿਡਾਰੀ ਨੂੰ ਕਿਸੇ ਇੱਕ ਖੇਡ ਪ੍ਰਤੀ ਤਿਆਰ ਕਰਦਾ ਹੈ, ਸਗੋਂ ਉਹ ਕੋਚ ਤੋਂ ਵੀ ਵਧ ਹੋ ਨਿਬੜਦਾ ਹੈ।

ਨੋਰਿਸ ਦਸਦੇ ਹਨ, ''ਅਭਿਨਵ ਦੀ ਜ਼ਿੰਦਗੀ ਵਿੱਚ ਜਰਮਨ ਤੋਂ ਇੱਕ ਲੇਡੀ ਕੋਚ ਗੈਬੀ ਆਈ। ਗੈਬੀ ਨੇ ਉਨ੍ਹਾਂ ਨੂੰ ਆਪਣੇ ਬੱਚੇ ਵਾਂਗ ਰੱਖਿਆ ਅਤੇ ਉਨ੍ਹਾਂ ਨੂੰ ਓਲੰਪਿਕ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ।''

''ਗੈਬੀ ਨਾ ਸਿਰਫ਼ ਅਭਿਨਵ ਦੀ ਕੋਚ ਸੀ, ਸਗੋਂ ਗਾਈਡ, ਮੈਨੇਜਰ ਆਦਿ ਸਭ ਕੁਝ ਸੀ। ਕਹਿਣ ਤੋਂ ਭਾਵ ਇਹ ਹੈ ਕਿ ਅਭਿਨਵ ਬਿੰਦਰਾ ਦੇ ਜੀਵਨ ਦਾ ਆਧਾਰ ਗੈਬੀ ਸੀ।''

4. ਜਿੱਤਣ ਦੀ ਲਾਲਸਾ ਤੇ ਟੀਚਾ

ਜ਼ਿੰਦਗੀ ਦੇ ਕਿਸੇ ਵੀ ਪਹਿਲੂ ਨੂੰ ਬਾਖ਼ੂਬੀ ਨਿਭਾਉਣ ਲਈ ਤੁਹਾਡੇ ਅੰਦਰ ਜਿੱਤਣ ਲਈ ਲਾਲਸਾ ਦਾ ਹੋਣਾ ਉਸ ਤਰ੍ਹਾਂ ਹੀ ਲਾਜ਼ਮੀ ਹੈ ਜਿਵੇਂ ਸਾਹ ਲੈਣਾ।

ਕੁਝ ਵੱਖਰਾ ਕਰਨ ਲਈ ਦਿਲ ਵਿੱਚ ਉਹ ਤਾਂਘ ਵੀ ਹੋਣੀ ਚਾਹੀਦੀ ਹੈ। ਚੰਗਾ ਖਿਡਾਰੀ ਬਣਨ ਲਈ ਵੀ ਜਿੱਤਣ ਦੀ ਲਾਲਸਾ ਦੇ ਨਾਲ-ਨਾਲ ਟੀਚਾ ਮਿੱਥਣਾ ਜ਼ਰੂਰੀ ਹੈ।

ਨੋਰਿਸ ਕਹਿੰਦੇ ਹਨ, ''ਅਭਿਨਵ ਬਿੰਦਰਾ ਕੋਲ ਕੋਚ, ਪੈਸਾ, ਇੱਛਾ ਸ਼ਕਤੀ ਤੇ ਨਾਲ-ਨਾਲ ਜਿੱਤਣ ਦੀ ਲਾਲਸਾ ਤੇ ਕੁਝ ਕਰਨ ਦਾ ਜਜ਼ਬਾ ਸੀ।''

''ਅਭਿਨਵ ਬੜੇ ਮਜ਼ਬੂਤ ਇਰਾਦੇ ਵਾਲੇ ਵਿਅਕਤੀ ਹਨ, ਜੇ ਉਹ ਸੋਚ ਲੈਣ ਕਿ ਪੱਥਰ ਤੋਂ ਪਾਣੀ ਕੱਢਣਾ ਹੈ ਤਾਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ। ਸੋ ਦਿਮਾਗ ਵਿੱਚ ਇੱਕ ਟੀਚਾ ਹੋਣਾ ਬਹੁਤ ਜ਼ਰੂਰੀ ਹੈ।''

5. ਪਰਿਵਾਰ ਦਾ ਸਾਥ

ਤੁਹਾਡਾ ਟੀਚਾ ਅਤੇ ਜਿੱਤਣ ਦੀ ਲਾਲਸਾ ਤਾਂ ਹੀ ਕਾਇਮ ਰਹਿੰਦੀ ਹੈ ਜੇ ਤੁਹਾਨੂੰ ਤੁਹਾਡੇ ਪਰਿਵਾਰ ਦਾ ਮੁਕੰਮਲ ਸਾਥ ਵੀ ਮਿਲੇ।

ਇਹ ਸਾਥ ਸਿਰਫ਼ ਆਰਥਿਕ ਤੌਰ 'ਤੇ ਹੀ ਨਹੀਂ ਸਗੋਂ ਮਾਨਸਿਕ ਅਤੇ ਦਿਲੀ ਤੌਰ 'ਤੇ ਹੋਣਾ ਚਾਹੀਦਾ ਹੈ।

ਪਿਤਾ ਅਪਜੀਤ ਬਿੰਦਰਾ ਨਾਲ ਅਭਿਨਵ

ਤਸਵੀਰ ਸਰੋਤ, fb/abhinav.bindra

ਤਸਵੀਰ ਕੈਪਸ਼ਨ, ਇੱਕ ਖਿਡਾਰੀ ਦੀ ਸਫ਼ਲਤਾ ਵਿੱਚ ਉਸਦੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾ ਹੈ

ਪਰਿਵਾਰ ਦਾ ਆਪਣੇ ਬੱਚੇ ਨੂੰ ਖੇਡ ਲਈ ਸ਼ਾਬਾਸ਼ੀ ਦੇਣਾ ਅਭਿਨਵ ਬਿੰਦਰਾ ਵਰਗੇ ਖਿਡਾਰੀਆਂ ਲਈ ਊਰਜਾ ਵਾਂਗ ਹੈ।

6. ਸਿਸਟਮ ਦੀ ਇੱਛਾ ਸ਼ਕਤੀ

ਸਾਡੇ ਦੇਸ਼ ਵਿੱਚ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਭ੍ਰਿਸ਼ਟਾਚਾਰ ਕਾਰਨ ਖਿਡਾਰੀਆਂ ਨੂੰ ਸਹੂਲਤਾਂ ਤੋਂ ਵਾਂਝਾ ਹੋਣਾ ਪਿਆ।

ਸਿਸਟਮ ਦੀ ਇੱਛਾ ਸ਼ਕਤੀ ਦੀਆਂ ਖ਼ਬਰਾਂ ਸੁਰਖ਼ੀਆਂ ਵਿੱਚ ਰਹਿੰਦੀਆਂ ਹਨ।

ਨੋਰਿਸ ਇਸ ਬਾਰੇ ਕਹਿੰਦੇ ਹਨ, ''ਸਾਡੇ ਸਿਸਟਮ ਵਿੱਚ ਕਮੀਆਂ ਤਾਂ ਹਨ। ਅਸੀਂ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਹਾਂ ਪਰ ਜਦੋਂ ਉਹ ਚੜ੍ਹ ਰਿਹਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਨਹੀਂ ਪੁੱਛਦੇ।''

ਇਹ ਵੀ ਪੜ੍ਹੋ:

''ਲੁਕੇ ਹੋਏ ਹੁਨਰ ਪਿੱਛੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦੀ ਹੈ। ਜਦੋਂ ਤੱਕ ਸਰਕਾਰਾਂ ਧਿਆਨ ਦਿੰਦੀਆਂ ਹਨ ਬਹੁਤ ਦੇਰ ਹੋ ਜਾਂਦੀ ਹੈ।''

ਉਹ ਅੱਗੇ ਕਹਿੰਦੇ ਹਨ, ''ਸਾਡੇ ਸਕੂਲਾਂ ਦੇ ਸਿਸਟਮ ਵਿੱਚ ਖੇਡ ਸੱਭਿਆਚਾਰ ਉਸ ਤਰ੍ਹਾਂ ਦਾ ਨਹੀਂ ਹੈ, ਜਿਸ ਤਰ੍ਹਾਂ ਦਾ ਵਿਦੇਸ਼ਾਂ ਵਿੱਚ ਹੈ।''

''ਸਮਰੱਥਾ ਅਤੇ ਸ਼ਕਤੀ ਤਾਂ ਹੈ ਪਰ ਸਿਸਟਮ 'ਚ ਕਮੀ ਹੈ।''

7. ਸਹੂਲਤਾਂ ਦੀ ਘਾਟ

ਸਾਡੇ ਦੇਸ਼ ਵਿੱਚ ਖੇਡਾਂ ਨੂੰ ਲੈ ਕੇ ਸਮਰੱਥਾ ਤੇ ਸ਼ਕਤੀ ਦੀ ਕੋਈ ਕਮੀ ਭਾਵੇਂ ਨਾ ਹੋਵੇ ਪਰ ਸਹੂਲਤਾਂ ਦੀ ਕਮੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

ਨੋਰਿਸ ਪ੍ਰੀਤਮ ਦਸਦੇ ਹਨ, ''ਸਾਡੇ ਕੋਲ ਮੈਦਾਨ ਤਾਂ ਹਨ ਪਰ ਉਹ ਖਾਲੀ ਰਹਿੰਦੇ ਹਨ। ਸਾਨੂੰ ਵੱਡੇ ਖੇਡ ਮੈਦਾਨਾਂ ਦੀ ਥਾਂ ਆਮ ਖੇਡ ਮੈਦਾਨ ਚਾਹੀਦੇ ਹਨ, ਤਾਂ ਜੋ ਖਿਡਾਰੀਆਂ ਨੂੰ ਹੌਂਸਲਾ ਮਿਲੇ।''

''ਜੇ ਸਾਡੇ ਦੇਸ਼ ਵਿੱਚ ਸਕੂਲ ਦਾ ਲੈਵਲ ਠੀਕ ਕਰ ਲਈਏ ਤਾਂ ਅਸੀਂ ਇੱਕ ਨਹੀਂ ਪੰਜਾਹ ਬਿੰਦਰਾ ਕੱਢ ਸਕਦੇ ਹਾਂ।''

''ਹੁਣ ਤਾਂ ਸਰਕਾਰ ਪੈਸਾ ਵੀ ਦੇ ਰਹੀ ਹੈ, ਕਰੋੜਾਂ ਰੁਪਏ ਖ਼ਰਚ ਰਹੀ ਹੈ। ਉਹ ਗੱਲ ਵੱਖਰੀ ਹੈ ਕਿ ਵਿੱਚੋਂ ਕੁਝ ਘਪਲੇ ਵੀ ਹੋ ਜਾਂਦੇ ਹਨ।''

ਖੇਲੋ ਇੰਡੀਆ ਮੁਹਿੰਮ ਵੀ ਭਾਰਤ ਵਿੱਚ ਨਵੇਂ ਖਿਡਾਰੀ ਨਹੀਂ ਲਿਆ ਸਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੇਲੋ ਇੰਡੀਆ ਮੁਹਿੰਮ ਵੀ ਭਾਰਤ ਵਿੱਚ ਨਵੇਂ ਖਿਡਾਰੀ ਨਹੀਂ ਲਿਆ ਸਕੀ

ਨਿਸ਼ਾਨੇਬਾਜ਼ੀ ਦੀ ਗੱਲ ਆਉਂਦੇ ਹੀ ਇਹ ਗੱਲ ਆਪ ਮੁਹਾਰੇ ਹੀ ਸਾਹਮਣੇ ਆ ਜਾਂਦੀ ਹੈ ਕਿ ਇਹ ਮਹਿੰਗੀ ਖੇਡ ਹੈ।

ਇਸ ਬਾਰੇ ਨੋਰਿਸ ਪ੍ਰੀਤਮ ਕਹਿੰਦੇ ਹਨ, ''ਖੇਡ ਕੋਈ ਵੀ ਹੋਵੇ, ਸਾਰੀਆਂ ਹੀ ਮਹਿੰਗੀਆਂ ਹਨ। ਕਿਉਂਕਿ ਨਿਸ਼ਾਨੇਬਾਜ਼ੀ ਵਿੱਚ ਸਾਨੂੰ ਹੱਥ ਵਿੱਚ ਲੱਖ ਰੁਪਏ ਵਾਲੀ ਰਾਇਫ਼ਲ ਦਿੱਸਦੀ ਹੈ ਤਾਂ ਸੋਚਦੇ ਹਾਂ ਕਿ ਮਹਿੰਗੀ ਖੇਡ ਹੈ।''

''ਦੌੜਨ ਲਈ ਸਪਾਇਕਸ (ਜੁੱਤੇ) ਵੀ 10 ਹਜ਼ਾਰ ਰੁਪਏ ਦੀ ਕੀਮਤ ਦੇ ਹਨ, ਸੋ ਇੱਕ ਹੁਨਰਮੰਦ ਖਿਡਾਰੀ ਲਈ ਤਾਂ ਦੌੜਨਾ ਵੀ ਮਹਿੰਗੀ ਖੇਡ ਹੈ।''

ਨੋਰਿਸ ਅੱਗੇ ਕਹਿੰਦੇ ਹਨ, ''ਇੱਕ ਲੈਵਲ 'ਤੇ ਸਾਰੀਆਂ ਹੀ ਗੇਮਜ਼ ਮਹਿੰਗੀਆਂ ਹਨ, ਹਾਕੀ ਸਟਿੱਕ ਕਿਸੇ ਵੇਲੇ 200 ਤੋਂ 500 ਰੁਪਏ ਦੀ ਆਉਂਦੀ ਸੀ ਤੇ ਹੁਣ ਕਾਰਬਨ ਹਾਕੀ ਸਟਿੱਕ 30 ਤੋਂ 40 ਹਜ਼ਾਰ ਰੁਪਏ ਦੀ ਹੈ। ਖਿਡਾਰੀ ਰੋਟੀ ਖਾਵੇਗਾ ਜਾਂ 30 ਹਜ਼ਾਰ ਦੀ ਹਾਕੀ ਸਟਿੱਕ ਲਵੇਗਾ।''

ਆਖ਼ਿਰ ਵਿੱਚ ਉਹ ਕਹਿੰਦੇ ਹਨ ਕਿ ਇੰਨਾ ਸਭ ਕੁਝ ਹੋਣ ਨਾਲ ਕਿਸੇ ਲਈ ਮੈਡਲ ਜਿੱਤਣਾ ਸੌਖਾ ਤਾਂ ਨਹੀਂ ਹੋ ਜਾਂਦਾ, ਪਰ ਘੱਟ ਮੁਸ਼ਕਿਲ ਜ਼ਰੂਰ ਹੋ ਜਾਂਦਾ ਹੈ।

ਅਭਿਨਵ ਬਿੰਦਰਾ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ ਕਿ ਬਿੰਦਰਾ ਸਾਹਮਣੇ ਵੱਡੇ ਨਾਂ ਸਨ ਜਿਸ ਤੋਂ ਉਨ੍ਹਾਂ ਨੂੰ ਪ੍ਰੇਰਣਾ ਮਿਲੀ ਤਾਂ ਆਉਣ ਵਾਲੇ ਹੁਨਰਮੰਦ ਖਿਡਾਰੀਆਂ ਸਾਹਮਣੇ ਵੀ ਬਿੰਦਰਾ ਵਰਗੇ ਖਿਡਾਰੀ ਸਨ।

ਇਹ ਵੀ ਪੜ੍ਹੋ:

ਭਾਰਤ ਸਰਕਾਰ ਦੀ ਖੇਲੋ ਇੰਡੀਆ ਮੁਹਿੰਮ ਬਾਰੇ ਵੀ ਉਨ੍ਹਾਂ ਆਪਣੇ ਵਿਚਾਰ ਰੱਖੇ।

ਉਨ੍ਹਾਂ ਮੁਤਾਬਕ, ''ਖੇਲੋ ਇੰਡੀਆ ਦਾ ਮਕਸਦ ਸੀ ਕਿ ਅਸੀਂ ਨਵੇਂ ਬੱਚਿਆਂ ਨੂੰ ਉੱਤੇ ਲੈ ਕੇ ਆਵਾਂਗੇ। ਸਕੂਲਾਂ ਦਾ ਲੈਵਲ ਅਪਗ੍ਰੇਡ ਕਰਾਂਗੇ ਤੇ ਪੈਸਾ ਵੀ ਲੱਗਿਆ। ਪਰ ਇਸ 'ਚ ਉਹ ਖਿਡਾਰੀ ਖੇਡੇ ਜਿਹੜੇ ਪਹਿਲਾਂ ਤੋਂ ਹੀ ਸਟੇਟ ਜਾਂ ਨੈਸ਼ਨਲ ਚੈਂਪੀਅਨ ਸਨ, ਇਸ ਲਈ ਜੋ ਮਕਸਦ ਸੀ ਉਹ ਤਾਂ ਅਧੂਰਾ ਹੀ ਰਹਿ ਗਿਆ।''

''ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਬੱਚੇ ਖੇਡਦੇ ਜਿਨ੍ਹਾਂ ਕਦੇ ਨੈਸ਼ਨਲ 'ਚ ਹਿੱਸਾ ਹੀ ਨਾ ਲਿਆ ਹੁੰਦਾ।''

''ਜਿਹੜਾ ਮਕਸਦ ਹੁਨਰਮੰਦ ਬੱਚਿਆਂ ਨੂੰ ਲਿਆਉਣ ਦਾ ਸੀ ਉਹ ਤਾਂ ਕਿਤੇ ਹੋਰ ਹੀ ਰਹਿ ਗਿਆ। ਪੈਸਾ ਜ਼ਰੂਰ ਖ਼ਰਚ ਹੋਇਆ, ਪਰ ਗ਼ਲਤ ਥਾਂ 'ਤੇ ਹੋਇਆ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)