ਉਹ ਮਾਵਾਂ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਹੁਨਰ ਨੂੰ ਨਿਖਾਰਿਆ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
''ਸਾਨੂੰ ਆਪਣੀ ਧੀ ਉੱਤੇ ਮਾਣ ਹੈ''
ਇਹ ਸ਼ਬਦ ਹਨ ਭਾਰਤੀ ਹਵਾਈ ਸੈਨਾ ਦੀ ਇਕੱਲੀ ਜਹਾਜ਼ ਉਡਾਣ ਵਾਲੀ ਪਹਿਲੀ ਮਹਿਲਾ ਪਾਇਲਟ ਹਰਿਤਾ ਕੌਰ ਦਿਉਲ ਦੀ ਮਾਂ ਕਮਲਜੀਤ ਕੌਰ ਦਿਉਲ ਦੇ।
ਬੀਤੇ ਦਿਨੀਂ ਕਮਲਜੀਤ ਕੌਰ ਦਿਉਲ ਨੂੰ 'ਮਦਰ ਆਫ਼ ਦੀ ਈਅਰ' ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।
ਇਸ ਦੌਰਾਨ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ ਕਿ ਜੋ ਕੁਝ ਉਸ ਨੇ ਆਪਣੀ ਮਾਂ ਕੋਲੋਂ ਸਿੱਖਿਆ ਸੀ ਉਹੀ ਸਭ ਉਸ ਨੇ ਆਪਣੀ ਧੀ ਹਰਿਤਾ ਨੂੰ ਸਿਖਾਇਆ।

ਤਸਵੀਰ ਸਰੋਤ, Getty Images
ਧੀ ਹਰਿਤਾ ਨੂੰ ਯਾਦ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ, ''ਮੈਨੂੰ ਆਪਣੀ ਧੀ ਉੱਤੇ ਮਾਣ ਹੈ।''
ਹਰੀਤਾ ਭਾਰਤੀ ਹਵਾਈ ਫੌਜਾਂ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀਆਂ ਸੱਤ ਮਹਿਲਾ ਕੈਡਟਾਂ ਵਿਚੋਂ ਇੱਕ ਸਨ ਜਿਸ ਨੇ ਸ਼ਾਰਟ ਸਰਵਿਸ ਕਮਿਸ਼ਨ ਹਾਸਲ ਕੀਤਾ ਸੀ।
ਹਰਿਤਾ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਸ ਦੀ ਉਮਰ ਮਹਿਜ਼ 24 ਸਾਲਾਂ ਦੀ ਸੀ।
ਕਮਲਜੀਤ ਕੌਰ ਮੁਤਾਬਿਕ ਜਿਸ ਸਮੇਂ ਹਰਿਤਾ ਨੇ ਹਵਾਈ ਸੈਨਾ 'ਚ ਜਾਣ ਦਾ ਫ਼ੈਸਲਾ ਕੀਤਾ ਤਾਂ ਸਾਰੇ ਪਰਿਵਾਰ ਨੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਸੀ ਅਤੇ ਅੱਜ ਵੀ ਪਰਿਵਾਰ ਨੂੰ ਉਸ ਦੇ ਫ਼ੈਸਲੇ ਉੱਤੇ ਕੋਈ ਅਫ਼ਸੋਸ ਨਹੀਂ ਹੈ।
ਧੀ ਨੂੰ ਪੈਰਾਂ ਨਾਲ ਲਿਖਣਾ ਸਿਖਾਇਆ
ਚੰਡੀਗੜ੍ਹ ਲਾਗੇ ਮੌਲੀ ਜੱਗਰਾਂ ਪਿੰਡ ਵਿੱਚ ਰਹਿਣ ਵਾਲੀ ਗੁਲਨਾਜ਼ ਬਾਨੋ ਦੀ ਧੀ ਰੇਹਨੁਮਾ ਬਚਪਨ ਤੋਂ ਹੀ ਦੋਵੇਂ ਹੱਥਾਂ ਅਤੇ ਇੱਕ ਲੱਤ ਤੋਂ ਅਪਾਹਜ ਹੈ।

ਸਰੀਰਿਕ ਔਕੜਾਂ ਦੇ ਬਾਵਜੂਦ ਰੇਹਨੁਮਾ ਪੜ੍ਹਾਈ ਪੱਖੋਂ ਬਾਕੀ ਵਿਦਿਆਰਥੀਆਂ ਤੋਂ ਮੋਹਰੀ ਹੈ।
ਰੇਹਨੁਮਾ ਦੇ ਪੜ੍ਹਾਈ 'ਚ ਮੋਹਰੀ ਰਹਿਣ ਦਾ ਕਾਰਨ ਹੈ ਉਸ ਦੀ ਮਾਂ ਗੁਲਨਾਜ਼ ਦੀ ਮਿਹਨਤ ਹੈ ਜਿਹੜੀ ਰੋਜ਼ਾਨਾ ਉਸ ਨੂੰ ਸਕੂਲ ਲੈ ਕੇ ਜਾਂਦੀ ਅਤੇ ਫ਼ਿਰ ਵਾਪਸ ਲੈ ਕੇ ਆਉਂਦੀ ਹੈ।
ਗੁਲਨਾਜ਼ ਨੇ ਦੱਸਿਆ, ''ਜਦੋਂ ਉਸ ਦੀ ਧੀ ਤਿੰਨ ਸਾਲਾਂ ਦੀ ਹੋਈ ਤਾਂ ਉਸ ਨੇ ਰੇਹਨੁਮਾ ਨੂੰ ਪੈਰਾਂ ਨਾਲ ਲਿਖਣਾ ਸਿਖਾਉਣਾ ਸ਼ੁਰੂ ਕਰ ਦਿੱਤਾ।''
''ਅੱਜ ਰੇਹਨੁਮਾ ਨਾ ਸਿਰਫ਼ ਕਾਪੀ ਉੱਤੇ ਲਿਖਦੀ ਹੈ ਸਗੋਂ ਚੰਗੀ ਡਰਾਇੰਗ ਵੀ ਕਰਦੀ ਹੈ।''
ਗੁਲਨਾਜ਼ ਅਤੇ ਉਸ ਦੇ ਪਤੀ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।
ਦੋਵਾਂ ਦੀ ਇੱਛਾ ਆਪਣੀ ਧੀ ਨੂੰ ਚੰਗੀ ਸਿੱਖਿਆ ਦੇਣ ਦੀ ਹੈ।
ਲੋਕਾਂ ਨੇ ਤਾਅਨੇ ਦਿੱਤੇ...
''ਮੇਰੀ ਮਾਂ ਨੇ ਸਮਾਜ ਦੇ ਤਾਅਨਿਆਂ ਦੀ ਪਰਵਾਹ ਕੀਤੇ ਬਿਨ੍ਹਾਂ ਮਿਹਨਤ ਮਜ਼ਦੂਰੀ ਕਰ ਕੇ ਸਾਨੂੰ ਤਿੰਨ ਭੈਣਾਂ ਨੂੰ ਪੜ੍ਹਾਇਆ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ।''
ਇਹ ਸ਼ਬਦ ਹਨ ਕੌਮਾਂਤਰੀ ਹਾਕੀ ਖਿਡਾਰਨ ਨੇਹਾ ਗੋਇਲ ਦੀ ਭੈਣ ਮੋਨਿਕਾ ਗੋਇਲ ਦੇ।
ਨੇਹਾ ਗੋਇਲ ਇਸ ਸਮੇਂ ਹਾਕੀ ਦੀ ਕੌਮਾਂਤਰੀ ਪੱਧਰ ਦੀ ਖਿਡਾਰਨ ਹੈ, ਪਰ ਉਸ ਦੀ ਕਾਮਯਾਬੀ ਪਿੱਛੇ ਉਸ ਦੀ ਮਾਂ ਸਵਿੱਤਰੀ ਦੇਵੀ ਦਾ ਸੰਘਰਸ਼ ਹੈ।

ਨੇਹਾ ਗੋਇਲ ਦੀ ਵੱਡੀ ਭੈਣ ਮੋਨਿਕਾ ਗੋਇਲ ਨੇ ਦੱਸਿਆ ਕਿ ਉਸ ਦੇ ਪਿਤਾ ਬਚਪਨ ਵਿੱਚ ਮਾਂ ਅਤੇ ਤਿੰਨ ਧੀਆਂ ਨੂੰ ਅਚਾਨਕ ਛੱਡ ਕੇ ਲਾਪਤਾ ਹੋ ਗਏ, ਇਸ ਤੋਂ ਬਾਅਦ ਮਾਂ ਨੇ ਸੰਘਰਸ਼ ਕੀਤਾ ਅਤੇ ਸਾਡਾ ਪਾਲਣ ਪੋਸ਼ਣ ਕੀਤਾ।
ਉਨ੍ਹਾਂ ਅੱਗੇ ਕਿਹਾ, ''ਮਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਅਤੇ ਪੈਸੇ ਜੋੜ ਕੇ ਸਾਡੀ ਪੜ੍ਹਾਈ ਕਰਵਾਈ।''
ਸੋਨੀਪਤ ਦੇ ਆਰਿਆ ਨਗਰ 'ਚ ਰਹਿਣ ਵਾਲੀ ਸਵਿੱਤਰੀ ਦੇਵੀ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਨੇਹਾ ਨੂੰ ਹਾਕੀ ਦੀ ਖੇਡ ਨਾਲ ਜੋੜਿਆ ਅਤੇ ਕੌਮਾਂਤਰੀ ਪੱਧਰ ਦੀ ਖਿਡਾਰਨ ਬਣਾਇਆ।
ਸਵਿੱਤਰੀ ਦੇਵੀ ਨੇ ਦੱਸਿਆ ਕਿ ਸ਼ੁਰੂ ਵਿੱਚ ਲੋਕਾਂ ਨੇ ਤਾਅਨੇ ਦਿੱਤੇ ਕਿ ਕੁੜੀਆਂ ਨੂੰ ਇੰਨੀ ਖੁੱਲ੍ਹ ਨਾ ਦਿਓ, ਪਰ ਮੈਨੂੰ ਆਪਣੀਆਂ ਧੀਆਂ ਉੱਤੇ ਵਿਸ਼ਵਾਸ ਸੀ ਜਿਸ ਉੱਤੇ ਉਹ ਖਰੀਆਂ ਵੀ ਉੱਤਰੀਆਂ ਹਨ।












