ਐਂਟਾਰਕਟਿਕਾ ਪਹੁੰਚੀ ਪੰਜਾਬਣ ਨੇ ਬੀਬੀਸੀ ਨਾਲ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ

- ਲੇਖਕ, ਸੁਨੀਲ ਕਟਾਰੀਆ/ਅਰਚਨਾ ਪੁਸ਼ਪੇਂਦਰ
- ਰੋਲ, ਬੀਬੀਸੀ ਪੱਤਰਕਾਰ
'ਵਿਆਹ ਜ਼ਰੂਰੀ ਹੈ ਪਰ ਇਹ ਸਭ ਤੋਂ ਜ਼ਰੂਰੀ ਚੀਜ਼ ਨਹੀਂ, ਪਹਿਲਾਂ ਆਪਣੇ ਸੁਪਨਿਆਂ ਨੂੰ ਪੂਰਾ ਕਰੋ'
ਇਹ ਕਹਿਣਾ ਹੈ ਪੰਜਾਬੀ ਮੂਲ ਦੀ ਬ੍ਰਿਟਿਸ਼ ਨਾਗਰਿਕ ਮੀਨਾ ਰਾਜਪੂਤ ਦਾ।
ਇਹ ਪੰਜਾਬਣ ਕੌਮਾਂਤਰੀ ਸੰਗਠਨ ਗ੍ਰੀਨਪੀਸ ਨਾਲ ਇੱਕ ਜਹਾਜ਼ 'ਤੇ ਸਵਾਰ ਹੈ ਅਤੇ ਐਂਟਾਰਕਟਿਕਾ ਸਮੁੰਦਰ ਦੀ ਸੁਰੱਖਿਆ ਖ਼ਾਤਰ ਸਰਗਰਮ ਹੈ।
ਇਸ ਸਮੁੰਦਰ ਨੂੰ ਤਬਾਹੀ ਤੋਂ ਬਚਾਉਣ ਲਈ ਮੀਨਾ ਗ੍ਰੀਨਪੀਸ ਸੰਗਠਨ ਨਾਲ ਜੁੜੀ ਹੈ ਅਤੇ ਬ੍ਰਿਟਿਸ਼-ਭਾਰਤੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਇਸ ਮੁਟਿਆਰ ਦੇ ਮਾਪੇ ਪੰਜਾਬੀ ਹਨ।

ਮੀਨਾ ਰਾਜਪੂਤ ਨਾਲ ਸਪੈਸ਼ਲ ਫੇਸਬੁੱਕ ਲਾਈਵ ਦੌਰਾਨ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਤੇ ਅਰਚਨਾ ਪੁਸ਼ਪੇਂਦਰ ਨੇ ਗੱਲਬਾਤ ਕੀਤੀ।
ਸਮੁੰਦਰ ਵਿਚਾਲੇ ਰਹਿਣ ਦਾ ਮਕਸਦ?
ਐਂਟਾਰਕਟਿਕਾ ਸਮੁੰਦਰ 'ਚ ਆਪਣੀ ਮੌਜੂਦਗੀ ਅਤੇ ਮਕਸਦ ਬਾਰੇ ਮੀਨਾ ਕਹਿੰਦੇ ਹਨ, ''ਸਾਨੂੰ ਸਭ ਨੂੰ ਐਂਟਾਰਕਟਿਕਾ ਸਮੁੰਦਰ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ, ਇਸ ਕਰਕੇ ਹੀ ਮੈਂ ਸਮੁੰਦਰ ਵਿਚਾਲੇ ਹਾਂ।''
''ਐਂਟਾਰਕਟਿਕਾ ਸਮੁੰਦਰ ਨੂੰ ਸਾਫ਼ ਤੇ ਸੁਰੱਖਿਅਤ ਰੱਖਣਾ ਬੇਹੱਦ ਲਾਜ਼ਮੀ ਹੈ, ਇਹ ਬਹੁਤ ਸੋਹਣਾ ਹੈ।''
''ਬਹੁਤ ਸਾਰੇ ਉਦਯੋਗ ਇੱਥੇ ਆ ਕੇ ਇਸ ਨੂੰ ਪ੍ਰਦੂਸ਼ਿਤ ਕਰਦੇ ਹਨ ਤੇ ਖ਼ਰਾਬ ਕਰਦੇ ਹਨ, ਜੋ ਕਿ ਬਹੁਤ ਗ਼ਲਤ ਗੱਲ ਹੈ।''
''ਵਿਆਹ, ਰੋਟੀ ਬਣਾਉਣਾ ਤੇ ਬੱਚੇ ਪੈਦਾ ਕਰਨਾ ਹੀ ਜ਼ਿੰਦਗੀ ਨਹੀਂ ਹੈ''
ਵਿਆਹ ਬਾਰੇ ਪੁੱਛਣ ਤੇ ਉਹ ਕਹਿੰਦੇ ਹਨ, ''ਮੈਂ ਵਿਆਹ ਤੋਂ ਨਹੀਂ ਘਬਰਾਉਂਦੀ ਸਗੋਂ ਮੈਂ ਵਿਆਹ ਕਰਵਾਉਣਾ ਚਾਹੁੰਦੀ ਹਾਂ।''

ਉਹ ਕਹਿੰਦੇ ਹਨ, ''ਲੱਭ ਲਓ ਮੇਰੇ ਲਈ ਪੰਜਾਬੀ ਮੁੰਡਾ, ਮੈਨੂੰ ਤਾਂ ਹਾਲੇ ਤੱਕ ਮਿਲਿਆ ਨਹੀਂ, ਪਰ ਮੈਂ ਘਬਰਾਉਂਦੀ ਬਿਲਕੁਲ ਨਹੀਂ''
''ਵਿਆਹ ਨੂੰ ਲੈ ਕੇ ਡਰ ਨਹੀਂ ਹੈ, ਦਰਅਸਲ ਜਦੋਂ ਮੈਂ ਨਿੱਕੀ ਹੁੰਦੀ ਸੀ ਤਾਂ ਮੈਨੂੰ ਲੱਗਿਆ ਕਿ ਬਹੁਤ ਕੁਝ ਕਰਨਾ ਹੈ।''
''ਮੈਂ ਖ਼ੁਦ ਨੂੰ ਕਹਿੰਦੀ ਸੀ ਕਿ ਜਾ ਕੇ ਕੁਝ ਕਰੋ, ਦੁਨੀਆਂ ਵਿੱਚ ਕੋਈ ਚੰਗਾ ਕੰਮ ਕਰੋ।''
''ਵਿਆਹ ਹੀ ਸਭ ਕੁਝ ਨਹੀਂ ਹੁੰਦਾ, ਰੋਟੀ ਬਣਾਉਣਾ ਤੇ ਬੱਚੇ ਪੈਦਾ ਕਰਨਾ।''
''ਵਿਆਹ, ਰੋਟੀ ਬਣਾਉਣਾ ਤੇ ਬੱਚੇ ਪੈਦਾ ਕਰਨਾ ਹੀ ਜ਼ਿੰਦਗੀ ਨਹੀਂ ਹੈ।''
''ਜਦੋਂ ਮੈਂ ਜਵਾਨ ਹੋਈ ਤਾਂ ਮੇਰਾ ਸੁਪਨਾ ਸੀ ਘਰੋਂ ਬਾਹਰ ਜਾ ਕੇ ਦੁਨੀਆਂ ਦੀ ਰੱਖਿਆ ਕਰਨਾ।''
''ਸੋ ਮੈਂ ਇਹ ਕਰਨਾ ਚਾਹੁੰਦੀ ਸੀ, ਸਿਰਫ਼ ਵਿਆਹ ਹੀ ਜ਼ਰੂਰੀ ਨਹੀਂ ਹੈ।''
ਸਮੁੰਦਰ ਵਿਚਾਲੇ ਅਸਲ 'ਚ ਤੁਸੀਂ ਕਰਦੇ ਕੀ ਹੋ?
ਆਪਣੇ ਕੰਮ ਬਾਰੇ ਮੀਨਾ ਕਹਿੰਦੇ ਹਨ, ''ਮੈਂ ਗਰੀਨਪੀਸ ਸੰਗਠਨ ਨਾਲ ਕੰਮ ਕਰਦੀ ਹਾਂ, ਅਸੀਂ ਸਵੇਰੇ ਜਲਦੀ ਉੱਠ ਕੇ ਨਾਸ਼ਤਾ ਕਰਦੇ ਹਾਂ ਫਿਰ ਜਹਾਜ਼ ਦੀ ਸਫ਼ਾਈ ਕਰਦੇ ਹਾਂ।''

''9 ਵਜੇ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਾਂ, ਜਿਸ 'ਚ ਖੋਜ ਤੇ ਸੰਚਾਰ ਦੇ ਕੰਮ ਸ਼ਾਮਿਲ ਹਨ।''
''ਅੰਗਰੇਜ਼ਾਂ 'ਚ ਵੱਡੀ ਹੋਈ ਪਰ ਦਿਲ ਹਮੇਸ਼ਾ ਪੰਜਾਬੀ ਰਿਹਾ''
ਇੰਗਲੈਂਡ ਵਿੱਚ ਜਨਮੀ ਤੇ ਵੱਡੀ ਹੋਈ ਮੀਨਾ ਦੱਸਦੇ ਹਨ, ''ਮੈਂ ਇੰਗਲੈਂਡ ਦੇ ਇੱਕ ਨਿੱਕੇ ਜਿਹੇ ਪਿੰਡ 'ਚ ਵੱਡੀ ਹੋਈ ਹਾਂ, ਸਾਡੇ ਆਲੇ-ਦੁਆਲੇ ਸਾਰੇ ਅੰਗਰੇਜ਼ ਹੀ ਸਨ ਤੇ ਸਾਡਾ ਇੱਕਲਾ ਪੰਜਾਬੀ ਪਰਿਵਾਰ ਸੀ।''
''ਮੈਂ ਅੰਗਰੇਜ਼ਾਂ ਵਿਚਾਲੇ ਹੀ ਵੱਡੀ ਹੋਈ ਹਾਂ ਪਰ ਮੇਰਾ ਦਿਲ ਹਮੇਸ਼ਾ ਪੰਜਾਬੀ ਰਿਹਾ।''
''ਮੇਰੀ ਮਾਂ ਦਿੱਲੀ ਰਹੀ ਤੇ ਪਿਤਾ ਕੀਨੀਆ ਰਹੇ ਤੇ ਫਿਰ ਉਹ ਇੰਗਲੈਂਡ ਆ ਗਏ।''
ਉਹ ਕਹਿੰਦੇ ਹਨ ਕਿ ਇੰਗਲੈਂਡ ਰਹਿਣ ਕਰਕੇ ਉਨ੍ਹਾਂ 'ਤੇ ਅੰਗਰੇਜ਼ਾਂ ਦਾ ਪ੍ਰਭਾਵ ਹੋ ਗਿਆ।
ਮੀਨਾ ਅਨੁਸਾਰ ਉਨ੍ਹਾਂ ਦਾ ਪਰਿਵਾਰ ਕਹਿੰਦਾ ਸੀ ਕਿ ਡਾਕਟਰ, ਅਕਾਊਂਟੈਂਟ ਜਾਂ ਵਕੀਲ ਬਣ ਜਾਓ ਤੇ ਵਿਆਹ ਕਰ ਲਓ, ਰੋਟੀ-ਸਬਜ਼ੀ ਬਣਾਓ।
ਖਾਣੇ ਪ੍ਰਤੀ ਆਪਣੇ ਚਾਅ ਨੂੰ ਲੈ ਕੇ ਮੀਨਾ ਕਹਿੰਦੇ ਹਨ, ''ਜਦੋਂ ਮੈਂ ਵਾਪਿਸ ਲੰਡਨ ਆਵਾਂਗੀ ਤਾਂ ਮੇਰੀ ਮਾਂ ਮੇਰੇ ਲਈ ਛੋਲੇ ਤੇ ਰਾਜਮਾਂ ਦੀ ਸਬਜ਼ੀ ਬਣਾਉਣਗੇ।''
ਮਾਂ ਦੀ ਯਾਦ
ਘਰ ਤੇ ਮਾਂ ਤੋਂ ਦੂਰ ਮੀਨਾ ਰਾਜਪੂਤ ਕਹਿੰਦੇ ਹਨ, ''ਹਰ ਦਿਨ ਮੈਨੂੰ ਮਾਂ ਦੀ ਯਾਦ ਆਉਂਦੀ ਹੈ, ਉਹ ਮੈਨੂੰ ਬਹੁਤ ਹੱਲਾਸ਼ੇਰੀ ਦਿੰਦੇ ਹਨ ਤੇ ਸਾਥ ਦਿੰਦੇ ਹਨ।''

''ਉਨ੍ਹਾਂ ਨੂੰ ਮੇਰੇ 'ਤੇ ਮਾਣ ਹੈ ਅਤੇ ਮੈਨੂੰ ਬਹੁਤ ਪਿਆਰ ਕਰਦੇ ਹਨ।''
''ਮੈਂ ਉਨ੍ਹਾਂ ਦੇ ਪਿਆਰ ਨੂੰ ਆਪਣੇ ਨਾਲ ਲੈ ਕੇ ਚੱਲਦੀ ਹਾਂ, ਮਾਂ ਦੀ ਬਹੁਤ ਯਾਦ ਆਉਂਦੀ ਹਾਂ।''
''ਬਹਾਦਰੀ ਤੇ ਹਿੰਮਤ ਰੱਖੋ''
ਆਪਣੇ ਕੰਮ ਪ੍ਰਤੀ ਖ਼ਤਰਿਆਂ ਬਾਬਤ ਉਹ ਕਹਿੰਦੇ ਹਨ, ''ਕੰਮ ਇਨਾਂ ਖ਼ਤਰਨਾਕ ਨਹੀਂ ਹੈ, ਅਸੀਂ ਸਮੁੰਦਰ ਦੀ ਰੱਖਿਆ ਕਰਦੇ ਹਾਂ ਤੇ ਲੋਕਾਂ ਨੂੰ ਲੱਗਦਾ ਹੈ ਕਿ ਸਮੁੰਦਰ ਵਿੱਚ ਖ਼ਤਰਾ ਹੈ।''
''ਗ੍ਰੀਨਪੀਸ ਦੀ ਸਾਡੀ ਟੀਮ ਆਪਣੀ ਸੁਰੱਖਿਆ ਪ੍ਰਤੀ ਬੜੀ ਸੰਜੀਦਾ ਹੈ।''
''ਕੋਈ ਡਰ ਨਹੀਂ ਹੈ ਤੇ ਨਾ ਹੀ ਕੋਈ ਖ਼ਤਰਾ ਹੈ, ਅਸੀਂ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹਾਂ।''

''ਇਸ ਤਰ੍ਹਾਂ ਦੇ ਕੰਮ ਲਈ ਤੁਹਾਨੂੰ ਬਹਾਦਰ ਬਣਨਾ ਪਵੇਗਾ ਤੇ ਹਿੰਮਤ ਰੱਖਣੀ ਪਵੇਗੀ।''
''ਪੰਜਾਬੀਆਂ ਦੀ ਸ਼ਾਨ ਵੱਖਰੀ''
ਸਮੁੰਦਰ ਵਿਚਾਲੇ ਜਹਾਜ਼ 'ਤੇ ਸਵਾਰ ਇਹ ਪੰਜਾਬਣ ਆਪਣੇ ਪਰਿਵਾਰ ਦੇ ਵਿਆਹ ਸਮਾਗਮਾਂ 'ਚ ਅਕਸਰ ਪੰਜਾਬੀ ਗੀਤਾਂ 'ਤੇ ਨੱਚਦੀ ਹੈ।
ਉਹ ਕਹਿੰਦੇ ਹਨ, ''ਮੈਂ ਜਹਾਜ਼ 'ਤੇ ਆਪਣੇ ਟੀਮ ਮੈਂਬਰਾਂ ਨੂੰ ਬੱਲੇ-ਬੱਲੇ ਸਿਖਾਉਂਗੀ।''
''ਮੈਨੂੰ ਹਿੰਦੀ ਫ਼ਿਲਮਾਂ ਦੇਖਣਾ ਬਹੁਤ ਪੰਸਦ ਹੈ, ਬਾਲੀਵੁੱਡ ਫ਼ਿਲਮਾਂ ਆਪਣੀ ਮਾਂ ਨਾਲ ਦੇਖਦੀ ਹਾਂ।''
ਜਦੋਂ ਮਾਂ ਨੂੰ ਲੱਗਿਆ ਡਰ...
ਗ੍ਰੀਨਪੀਸ ਸੰਗਠਨ ਨਾਲ ਸਮੁੰਦਰ ਦੀ ਰੱਖਿਆ ਲਈ ਚੋਣ ਹੋਣ ਬਾਰੇ ਜਦੋਂ ਮੀਨਾ ਦੀ ਮਾਂ ਆਸ਼ਾ ਨੂੰ ਪਤਾ ਲੱਗਿਆ ਤਾਂ ਇਸ ਬਾਰੇ ਮੀਨਾ ਦੱਸਦੇ ਹਨ, ''ਮਾਂ ਨੂੰ ਜਦੋਂ ਪਤਾ ਚੱਲਿਆ ਕਿ ਮੈਂ ਸਮੁੰਦਰ 'ਚ ਜਾ ਰਹੀ ਹਾਂ ਤਾਂ ਉਨ੍ਹਾਂ ਨੂੰ ਬਹੁਤ ਡਰ ਲੱਗਿਆ, ਕਿਉਂਕਿ ਮੈਂ ਉਨ੍ਹਾਂ ਤੋਂ ਦੂਰ ਜਾ ਰਹੀਂ ਸੀ।''
''ਦਰਅਸਲ ਮੇਰੀ ਮਾਂ ਨੂੰ ਹੀ ਜ਼ਿਆਦਾ ਡਰ ਸੀ, ਪਰ ਹੁਣ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਜੋ ਕਰ ਰਹੀ ਹਾਂ ਉਹ ਚੰਗਾ ਕੰਮ ਹੈ।''

ਉਹ ਅੱਗੇ ਦੱਸਦੇ ਹਨ, ''ਮੇਰੇ ਭਰਾ ਨੇ ਵੀ ਮੇਰੀ ਮਾਂ ਨੂੰ ਸਮਝਾਇਆ ਸੀ ਕਿ ਚਿੰਤਾ ਨਾ ਕਰੋ, ਸਭ ਕੁਝ ਠੀਕ ਹੋਵੇਗਾ।''
ਜਦੋਂ ਮਾਸੀ ਨੇ ਕਿਹਾ ਹੁਣ ਬਸ 'ਸੈੱਟ' ਹੋ ਜਾ...
ਆਪਣੇ ਰਿਸ਼ਤੇਦਾਰਾਂ ਦੇ ਉਨ੍ਹਾਂ ਪ੍ਰਤੀ ਪ੍ਰਤੀਕਰਮ ਨੂੰ ਲੈ ਕੇ ਮੀਨਾ ਕਹਿੰਦੇ ਹਨ, ''ਹੁਣ ਮੇਰੀ ਮਾਸੀ, ਭੂਆ-ਫੁੱਫੜ ਤੇ ਹੋਰ ਰਿਸ਼ਤੇਦਾਰ ਮੇਰੇ 'ਤੇ ਮਾਣ ਮਹਿਸੂਸ ਕਰਦੇ ਹਨ।''
''ਮੇਰੀ ਮਾਸੀ ਵੀ ਕਹਿੰਦੇ ਸਨ ਕਿ ਜੋ ਤੂੰ ਕੰਮ ਕਰਦੀ ਹੈ ਉਹ ਬਹੁਤ ਵਧੀਆ ਕੰਮ ਹੈ, ਪਰ ਨਾਲ ਦੀ ਨਾਲ ਹੁਣ 'ਸੈੱਟ' ਹੋ ਜਾ।''
''ਹੁਣ ਮੈਨੂੰ ਲੈ ਕੇ ਉਨ੍ਹਾਂ ਦਾ ਧਿਆਨ ਸਿਰਫ਼ ਦੋ ਗੱਲਾਂ 'ਤੇ ਹੈ - ਇੱਕ ਤਾਂ ਮੇਰੀ ਨੌਕਰੀ ਅਤੇ ਦੂਜਾ ਮੇਰੇ ਵਿਆਹ 'ਤੇ।''
ਮੀਨਾ ਨੌਜਵਾਨਾਂ ਦੇ ਵਿਆਹ ਪ੍ਰਤੀ ਨਜ਼ਰੀਏ ਬਾਬਤ ਕਹਿੰਦੇ ਹਨ, ''ਭਾਰਤ ਤੇ ਇੰਗਲੈਂਡ 'ਚ ਹੁਣ ਇੱਕੋ ਤਰ੍ਹਾਂ ਦਾ ਨਜ਼ਰੀਆ ਹੈ।''
''ਹੁਣ ਸਾਰੇ ਅਗਾਂਹ ਵਧੂ ਸੋਚ ਵਾਲੇ ਹਨ, ਹੁਣ ਨੌਜਵਾਨ ਆਪਣਾ ਸਾਥੀ ਆਪ ਲੱਭਦੇ ਹਨ।''
ਮੀਨਾ ਰਾਜਪੂਤ ਅੱਗੇ ਕਹਿੰਦੇ ਹਨ, ''ਵਿਆਹ ਜ਼ਰੂਰੀ ਹੈ ਪਰ ਇਹ ਸਭ ਤੋਂ ਜ਼ਰੂਰੀ ਚੀਜ਼ ਨਹੀਂ।''
''ਪਹਿਲਾਂ ਆਪਣੇ ਸੁਪਨਿਆਂ ਨੂੰ ਪੂਰਾ ਕਰੋ, ਜੋ ਵੀ ਕਰਨਾ ਹੈ ਦਿਲ ਨਾਲ ਕਰੋ ਤੇ ਸਭ ਕੁਝ ਠੀਕ ਹੋ ਜਾਵੇਗਾ।''












