‘ਕਾਪੀਆਂ ਨੂੰ ਲੈ ਕੇ ਹੋਈ ਬਹਿਸ’ ਕਾਰਨ ਵਿਦਿਆਰਥੀ ਦੇ ਕਤਲ ’ਤੇ ਕਿਵੇਂ ਪੂਰਾ ਸ਼ਹਿਰ ਨਫ਼ਰਤ ਦੀ ਅੱਗ ਵਿੱਚ ਸੜਿਆ

- ਲੇਖਕ, ਜ਼ੋਇਆ ਮਤੀਨ, ਮੋਹਰ ਸਿੰਘ ਮੀਨਾ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਮਹੀਨੇ ਇੱਕ ਸਹਿਪਾਠੀ ਵੱਲੋਂ 15 ਸਾਲ ਦੇ ਲੜਕੇ ਦੀ ਹੱਤਿਆ ਕਰ ਦੇਣ ਨੇ ਦੇਸ਼ ਵਿੱਚ ਧਾਰਮਿਕ ਤਣਾਅ ਨੂੰ ਵਧਾ ਦਿੱਤਾ ਹੈ, ਜਿਸ ਨਾਲ ਇੱਕ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ ਤਾਂ ਦੂਜਾ ਅਪਰਾਧ ਵਿੱਚ ਗ੍ਰਸਿਆ ਹੋਇਆ ਹੈ।
16 ਅਗਸਤ ਨੂੰ ਹਿਨਾ ਨੂੰ ਪਤਾ ਲੱਗਿਆ ਕਿ ਉਸ ਦੇ 15 ਸਾਲਾਂ ਦੇ ਅੱਲ੍ਹੜ ਪੁੱਤਰ ਜ਼ਾਕਿਰ ’ਤੇ ਰਾਜਸਥਾਨ ਦੇ ਉਦੈਪੁਰ ਸਥਿਤ ਸਕੂਲ ਵਿੱਚ ਆਪਣੇ ਇੱਕ ਸਹਿਪਾਠੀ ’ਤੇ ਚਾਕੂ ਨਾਲ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
ਜ਼ਾਕਿਰ ਨੇ ਕਥਿਤ ਤੌਰ 'ਤੇ ਆਪਣੇ ਬੈਗ ਤੋਂ ਚਾਕੂ ਕੱਢਿਆ ਅਤੇ ਇੱਕ ਹਿੰਦੂ ਲੜਕੇ ਦੇਵਰਾਜ ’ਤੇ ਹਮਲਾ ਕਰ ਦਿੱਤਾ, ਜਿਸ ਦੀ ਤਿੰਨ ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ।
ਇਸ ਘਟਨਾ ਨੇ ਸੋਗ ਅਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ, ਨਾਲ ਹੀ ਸਕੂਲਾਂ ਵਿੱਚ ਹਿੰਸਾ ਨਾਲ ਨਜਿੱਠਣ ਦੇ ਤਰੀਕੇ ਬਾਰੇ ਵੀ ਚਰਚਾ ਸ਼ੁਰੂ ਹੋ ਗਈ।
ਸੂਬਾ ਪੁਲਿਸ ਨੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਪਹਿਲੂ ਹੋਣ ਤੋਂ ਇਨਕਾਰ ਕੀਤਾ ਹੈ।
ਜਾਂਚ ਅਧਿਕਾਰੀ ਛਗਨ ਪੁਰੋਹਿਤ ਨੇ ਬੀਬੀਸੀ ਨੂੰ ਦੱਸਿਆ, ‘‘ਵਿਦਿਆਰਥੀਆਂ ਵਿੱਚ ਕਾਪੀਆਂ ਨੂੰ ਲੈ ਕੇ ਬਹਿਸ ਹੋਈ ਸੀ ਜੋ ਬਾਅਦ ਵਿੱਚ ਹਿੰਸਕ ਹੋ ਗਈ।’’
ਪਰ ਇਸ ਘਟਨਾ ਨੇ ਧਾਰਮਿਕ ਹਿੰਸਾ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਵੱਟਸਐਪ ’ਤੇ ਇਹ ਅਫ਼ਵਾਹ ਵਾਇਰਲ ਹੋ ਗਈ ਕਿ ਜ਼ਾਕਿਰ ਨਾਮਕ ਮੁਸਲਮਾਨ ਨੇ ਇੱਕ ਹਿੰਦੂ ਲੜਕੇ ਦੇ ਕਤਲ ਦੀ ਯੋਜਨਾ ਬਣਾਈ ਹੈ, ਜਿਸ ਕਾਰਨ ਉਦੈਪੁਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।
ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਸੱਜੇ-ਪੱਖੀ ਹਿੰਦੂ ਸਮੂਹਾਂ ਨੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਮੁਸਲਿਮ ਵਿਰੋਧੀ ਨਾਅਰੇ ਲਗਾਏ, ਜਿਸ ਕਾਰਨ ਕਰਫਿਊ ਲਾ ਦਿੱਤਾ ਗਿਆ ਅਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ।

ਸਿਆਸਤ ਦੀ ਸ਼ੁਰੂਆਤ
ਜਾਂਚ ਅਧਿਕਾਰੀ ਪੁਰੋਹਿਤ ਨੇ ਦੱਸਿਆ ਕਿ ਜ਼ਾਕਿਰ ਨੂੰ ਹਿਰਾਸਤ ਵਿੱਚ ਲੈ ਕੇ ਜੁਵੇਨਾਇਲ ਹੋਮ (ਬਾਲ ਸੁਧਾਰ ਘਰ) ਭੇਜ ਦਿੱਤਾ ਗਿਆ ਹੈ, ਜਦੋਂ ਕਿ ਉਸ ਦੇ ਪਿਤਾ ਨੂੰ ਕਤਲ ਲਈ ਉਕਸਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਗਲੇ ਦਿਨ ਭਾਰਤੀ ਜਨਤਾ ਪਾਰਟੀ ਸ਼ਾਸਤ ਸੂਬਿਆਂ ਵਿੱਚ ਇੱਕ ਪ੍ਰਚੱਲਿਤ ਪੈਟਰਨ ਦੀ ਪਾਲਣਾ ਕਰਦੇ ਹੋਏ, ਬੁਲਡੋਜ਼ਰਾਂ ਨੇ ਹਿਨਾ ਦੇ ਕਿਰਾਏ ਦੇ ਘਰ ਨੂੰ ਢਾਹ ਦਿੱਤਾ, ਜਿਸ ਨਾਲ ਉਹ ਅਤੇ ਉਸ ਦੀਆਂ ਚਾਰ ਧੀਆਂ ਬੇਘਰ ਹੋ ਗਈਆਂ।
ਹਿਨਾ ਨੇ ਕਿਹਾ, ‘‘ਮੇਰਾ ਬੇਟਾ ਸਜ਼ਾ ਦਾ ਹੱਕਦਾਰ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਇੱਕ ਬਿਹਤਰ ਇਨਸਾਨ ਬਣਨਾ ਸਿੱਖੇਗਾ।’’
‘‘ਉਨ੍ਹਾਂ ਨੇ ਉਸ ਦੇ ਪੂਰੇ ਪਰਿਵਾਰ ਨੂੰ ਸਜ਼ਾ ਕਿਉਂ ਦਿੱਤੀ?’’
ਹਾਲਾਂਕਿ ਹੁਣ ਹਿੰਸਾ ਸ਼ਾਂਤ ਹੋ ਗਈ ਹੈ, ਪਰ ਉਦੈਪੁਰ ਵਾਸੀ ਇਸ ਗੱਲ ਤੋਂ ਸਦਮੇ ਵਿੱਚ ਹਨ ਕਿ ਕਿਵੇਂ ਇੱਕ ਮਾਮੂਲੀ ਲੜਾਈ ਇੰਨੀ ਵਧ ਗਈ। ਹੁਣ ਕਈ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਹਿੰਦੂ-ਮੁਸਲਿਮ ਇਲਾਕੇ ਨੂੰ ਧਾਰਮਿਕ ਲੀਹਾਂ ’ਤੇ ਤੋੜਿਆ ਜਾ ਰਿਹਾ ਹੈ।
ਹਿਨਾ ਦੇ ਇੱਕ ਗੁਆਂਢੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਸਥਿਤੀ ਬਦਤਰ ਹੁੰਦੀ ਜਾ ਰਹੀ ਹੈ ਅਤੇ ਅਸੀਂ ਇਸ ਨੂੰ ਮਹਿਸੂਸ ਕਰ ਸਕਦੇ ਹਾਂ।’’

ਬੁਲਡੋਜ਼ਰ ਦੀ ਕਾਰਵਾਈ
ਦੇਵਰਾਜ ਦੇ ਪਰਿਵਾਰ ਲਈ ਆਪਣੇ ਪੁੱਤਰ ਨੂੰ ਗੁਆਉਣ ਦੇ ਦਰਦ ਦੇ ਅੱਗੇ ਬਾਕੀ ਸਭ ਕੁਝ ਫਿੱਕਾ ਪੈ ਜਾਂਦਾ ਹੈ।
ਉਸ ਦੇ ਪਿਤਾ ਪੱਪੂ ਲਾਲ ਨੇ ਬੀਬੀਸੀ ਨੂੰ ਦੱਸਿਆ, ‘‘ਇਹ ਅਜਿਹੀ ਖ਼ਬਰ ਹੈ ਜਿਸ ਤੋਂ ਹਰ ਮਾਤਾ-ਪਿਤਾ ਡਰਦੇ ਹਨ।’’
ਕੁਵੈਤ ਵਿੱਚ ਮੋਚੀ ਦੇ ਤੌਰ ’ਤੇ ਕੰਮ ਕਰਨ ਵਾਲੇ ਇਸ ਵਿਅਕਤੀ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੂਰ ਸੀ।
ਜਦੋਂ ਤੱਕ ਉਹ ਘਰ ਪਹੁੰਚਿਆ ਤਾਂ ਉਸ ਦਾ ਬੇਟਾ ਬੇਹੋਸ਼ ਹੋ ਚੁੱਕਾ ਸੀ। ਉਸ ਨੂੰ ਆਪਣੇ ਪਿਤਾ ਨੂੰ ਦੇਖਣ ਜਾਂ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਉਸ ਦੀ ਮੌਤ ਹੋ ਗਈ।
ਪੱਪੂ ਲਾਲ ਨੇ ਕਿਹਾ ਕਿ ਇਸ ਸਦਮੇ ਨਾਲ ਉਸ ਦੀ ਪਤਨੀ ਅਤੇ ਉਸ ਨੂੰ ਬਹੁਤ ਦੁੱਖ ਹੋਇਆ ਅਤੇ ਉਨ੍ਹਾਂ ਦੇ ਅੰਦਰ ਗੁੱਸੇ ਦੀ ਭਾਵਨਾ ਪੈਦਾ ਕਰ ਦਿੱਤੀ ਹੈ।
ਲਾਲ ਨੇ ਕਿਹਾ, ‘‘ਉਨ੍ਹਾਂ ਦਾ ਘਰ ਢਾਹ ਦਿੱਤਾ ਗਿਆ, ਪਰ ਅਸੀਂ ਆਪਣਾ ਪੁੱਤਰ ਗੁਆ ਦਿੱਤਾ। ਘਰ ਤਾਂ ਫਿਰ ਤੋਂ ਬਣ ਸਕਦਾ ਹੈ ਪਰ ਸਾਡਾ ਬੱਚਾ? ਉਹ ਕਦੇ ਵਾਪਿਸ ਨਹੀਂ ਆਵੇਗਾ।’’
ਇਹ ਘਟਨਾ ਭਾਰਤ ਅਤੇ ਰਾਜਸਥਾਨ ਵਿੱਚ ਸੱਤਾਧਾਰੀ ਭਾਜਪਾ ਲਈ ਰਾਜਨੀਤਕ ਰੂਪ ਨਾਲ ਨਾਸੁਰ ਬਣ ਗਈ ਹੈ, ਕਿਉਂਕਿ ਕੁਝ ਵਿਰੋਧੀ ਨੇਤਾਵਾਂ ਨੇ ਪਾਰਟੀ ’ਤੇ ਸਿਆਸੀ ਲਾਭ ਲਈ ਧਾਰਮਿਕ ਤਣਾਅ ਨੂੰ ਵਧਾਉਣ ਦਾ ਦੋਸ਼ ਲਗਾਇਆ ਹੈ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਜਿਸ ਘਰ ਵਿੱਚ ਹਿਨਾ ਰਹਿੰਦੀ ਸੀ, ਉਸ ਨੂੰ ਇਸ ਲਈ ਢਾਹ ਦਿੱਤਾ ਗਿਆ ਕਿਉਂਕਿ ਇਹ ਗੈਰ ਕਾਨੂੰਨੀ ਤੌਰ ’ਤੇ ਜੰਗਲ ਦੀ ਜ਼ਮੀਨ ’ਤੇ ਬਣਾਇਆ ਗਿਆ ਸੀ। ਕਾਰਵਾਈ ਤੋਂ ਇੱਕ ਦਿਨ ਪਹਿਲਾਂ ਹਿਨਾ ਨੂੰ ਨੋਟਿਸ ਭੇਜਿਆ ਗਿਆ ਸੀ।
ਪਰ ਉਸ ਦੇ ਭਰਾ ਮੁਖਤਾਰ ਆਲਮ ਜੋ ਕਿ ਘਰ ਦਾ ਮਾਲਕ ਹੈ, ਨੇ ਸਵਾਲ ਕੀਤਾ ਕਿ ਜਦੋਂ ਸਿਰਫ਼ ਕਿਰਾਏਦਾਰਾਂ ਨੂੰ ਹੀ ਇਸ ਦੀ ਸੂਚਨਾ ਦਿੱਤੀ ਗਈ ਸੀ ਤਾਂ ਇਸ ਨੂੰ ਢਾਹਿਆ ਕਿਵੇਂ ਜਾ ਸਕਦਾ ਹੈ।
‘‘ਇਹ ਮੇਰਾ ਘਰ ਸੀ ਅਤੇ ਮੈਂ ਇਸ ਨੂੰ ਬਹੁਤ ਮਿਹਨਤ ਨਾਲ ਬਣਾਇਆ ਸੀ। ਉਹ ਬਿਨਾਂ ਮੈਨੂੰ ਦੱਸੇ ਇਸ ਨੂੰ ਕਿਵੇਂ ਢਾਹ ਸਕਦੇ ਹਨ?’’
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਜੇਕਰ ਸਾਰੇ ਮਕਾਨ ਵਣ ਭੂਮੀ ’ਤੇ ਬਣੇ ਹੋਏ ਹਨ ਤਾਂ ਇਲਾਕੇ ਦੇ ਬਾਕੀ ਘਰ ਅਜੇ ਤੱਕ ਕਿਉਂ ਖੜ੍ਹੇ ਹਨ।
ਉਦੈਪੁਰ ਦੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੁਕੇਸ਼ ਸੈਣੀ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਮਕਾਨਾਂ ਵਿਰੁੱਧ ‘ਉਚਿਤ ਸਮੇਂ’ ’ਤੇ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ‘‘ਫਿਲਹਾਲ ਇਸ ਲਈ ਮਾਹੌਲ ਸਹੀ ਨਹੀਂ ਹੈ।’’

ਘਟਨਾਕ੍ਰਮ ਦੀ ਅਲੋਚਣਾ
ਆਲੋਚਕਾਂ ਨੇ ਇਸ ਕਾਰਵਾਈ ਦੇ ਸਮੇਂ ’ਤੇ ਸਵਾਲ ਉਠਾਏ ਹਨ ਅਤੇ ਕਿਹਾ ਹੈ ਕਿ ਕਿਸੇ ਹੋਰ ਲਈ ਬਣੇ ਕਾਨੂੰਨਾਂ ਦੀ ਵਰਤੋਂ ਕਰਕੇ ਕਿਸੇ ਕਥਿਤ ਅਪਰਾਧ ਲਈ ਕਿਸੇ ਨੂੰ ਸਜ਼ਾ ਦੇਣ ਦਾ ਕੋਈ ਮਤਲਬ ਨਹੀਂ ਹੈ।
ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਅਸਾਮ ਵਰਗੇ ਭਾਜਪਾ ਸ਼ਾਸਤ ਰਾਜਾਂ ਵਿੱਚ ਅਕਸਰ ਬੁਲਡੋਜ਼ਰ ਰਾਹੀਂ ਅਪਰਾਧ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਨੂੰ ਤੁਰੰਤ ਢਾਹ ਦਿੱਤਾ ਜਾਂਦਾ ਹੈ ਅਤੇ ਅਧਿਕਾਰੀ ਇਸ ਨੂੰ ਕਾਨੂੰਨ ਅਤੇ ਵਿਵਸਥਾ ’ਤੇ ਉਨ੍ਹਾਂ ਦਾ ਸਖ਼ਤ ਰੁਖ਼ ਦੱਸਦੇ ਹਨ।
ਹਾਲਾਂਕਿ, ਪੀੜਤਾਂ ਵਿੱਚ ਹਿੰਦੂ ਪਰਿਵਾਰ ਵੀ ਸ਼ਾਮਲ ਹਨ, ਪਰ ਵਿਰੋਧੀ ਨੇਤਾਵਾਂ ਅਤੇ ਕਾਰਕੁਨਾਂ ਦਾ ਤਰਕ ਹੈ ਕਿ ਵਿਸ਼ੇਸ਼ ਰੂਪ ਨਾਲ ਧਾਰਮਿਕ ਹਿੰਸਾ ਜਾਂ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਘਰ ਢਾਹੇ ਜਾਂਦੇ ਹਨ।
ਰਾਜਨੀਤਕ ਵਿਗਿਆਨੀ ਅਸੀਮ ਅਲੀ ਨੇ ਕਿਹਾ, ‘‘ਫਿਰਕੂ ਦਲੀਲ ਤਹਿਤ ਸਮੂਹਿਕ ਸਜ਼ਾ ਅਤੇ ਅਥਾਰਿਟੀ ਦੀ ਸਿਰਫ਼ ਲੋਕਾਂ ਨੂੰ ਖੁਸ਼ ਕਰਨ ਲਈ ਕੀਤੀ ਗਈ ਸਖ਼ਤੀ ਤੋਂ ਬਿਨਾਂ ਇਸ ਦੀ ਕੋਈ ਤੁਕ ਨਹੀਂ ਬਣਦੀ।’’
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਅਪਰਾਧਾਂ ਦੇ ਦੋਸ਼ੀ ਲੋਕਾਂ ਨਾਲ ਜੁੜੀਆਂ ਸੰਪਤੀਆਂ ਨੂੰ ਢਾਹੁਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।
ਭਾਜਪਾ ਦੇ ਉਦੈਪੁਰ ਦੇ ਸੰਸਦ ਮੈਂਬਰ ਮੰਨਾ ਲਾਲ ਰਾਵਤ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਮਕਾਨ ਢਾਹੁਣ ਦਾ ਸਬੰਧ ਬੱਚੇ ਨੂੰ ਚਾਕੂ ਮਾਰਨ ਨਾਲ ਨਹੀਂ ਹੈ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਚਾਕੂ ਮਾਰਨ ਦੀ ਘਟਨਾ ਇਸ ਲਈ ਹੋਈ ਕਿਉਂਕਿ ਮੁਲਜ਼ਮ ਵਿਦਿਆਰਥੀ ‘ਕੱਟੜਪੰਥੀਆਂ ਤੋਂ ਪ੍ਰਭਾਵਿਤ’ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਇਹ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਸੀ ਕਿ ਇਹ ਕਤਲ ਕਿਸੇ ‘ਵੱਡੇ ਪੈਟਰਨ’ ਦਾ ਹਿੱਸਾ ਨਾ ਹੋਵੇ।

ਪਹਿਲਾਂ ਵੀ ਰਹਿ ਚੁੱਕਿਆ ਵਿਵਾਦ
ਸਾਲ 2022 ਵਿੱਚ ਦੋ ਮੁਸਲਿਮ ਵਿਅਕਤੀਆਂ ਵੱਲੋਂ ਇੱਕ ਹਿੰਦੂ ਵਿਅਕਤੀ ਦਾ ਸਿਰ ਕਲਮ ਕਰਨ, ਹਮਲੇ ਦੀ ਵੀਡਿਓ ਬਣਾਉਣ ਅਤੇ ਉਸ ਨੂੰ ਆਨਲਾਈਨ ਪੋਸਟ ਕਰਨ ਦੇ ਬਾਅਦ ਤੋਂ ਉਦੈਪੁਰ ਵਿੱਚ ਅਸ਼ਾਂਤੀ ਬਣੀ ਹੋਈ ਹੈ।
ਉਨ੍ਹਾਂ ਨੇ ਕਿਹਾ ਸੀ ਕਿ ਇਹ ਕਾਰਵਾਈ ਇੱਕ ਸਿਆਸਤਦਾਨ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਟਿੱਪਣੀ ’ਤੇ ਪ੍ਰਤੀਕਿਰਿਆ ਵਜੋਂ ਕੀਤੀ ਗਈ ਸੀ।
ਇਸ ਕਤਲ ਕਾਰਨ ਸ਼ਹਿਰ ਵਿੱਚ ਕਈ ਦਿਨਾਂ ਤੱਕ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਭੜਕ ਰਹੀ ਸੀ।
ਰਾਜਸਥਾਨ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੀਬੀਸੀ ਨੂੰ ਦੱਸਿਆ, ‘‘ਉਸ ਕਤਲ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਜ਼ਿੰਦਾ ਹਨ।’’
‘‘ਇਸ ਲਈ ਦੋ ਬੱਚਿਆਂ ਦੀ ਲੜਾਈ ਦੰਗਿਆਂ ਵਿੱਚ ਬਦਲ ਗਈ। ਰਾਜਨੀਤੀ ਕਾਰਨ ਸ਼ਹਿਰ ਦੀ ਸ਼ਾਂਤੀ ਭੰਗ ਹੋਈ ਹੈ।’’
ਪਰ ਲਾਲ ਇਹ ਨਹੀਂ ਸਮਝ ਪਾ ਰਹੇ ਕਿ ਆਖਿਰ ਝਗੜੇ ਦੀ ਸ਼ੁਰੂਆਤ ਕਿਵੇਂ ਹੋਈ।
ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਬੇਟਾ ਇੱਕ ਚੰਗਾ ਲੜਕਾ ਸੀ। ਉਹ 15 ਸਾਲ ਦੇ ਬੱਚੇ ਜਿੰਨਾ ਸ਼ਰਾਰਤੀ ਸੀ, ਪਰ ਨਾਲ ਹੀ ਪਿਆਰਾ ਅਤੇ ਮਾਸੂਮ ਵੀ।
ਉਨ੍ਹਾਂ ਨੇ ਲਿਵਿੰਗ ਰੂਮ ਦੇ ਕੋਨੇ ਵਿੱਚ ਲੱਗੀ ਦੇਵਰਾਜ ਦੀ ਤਸਵੀਰ ਵੱਲ ਦੇਖਦਿਆਂ ਕਿਹਾ, ‘‘ਉਸ ਨੇ ਸਕੂਲ ਵਿੱਚ ਕਦੇ ਕਿਸੇ ਨਾਲ ਝਗੜਾ ਨਹੀਂ ਕੀਤਾ। ਉਹ ਵੱਡਾ ਹੋ ਕੇ ਪੁਲਿਸ ਵਾਲਾ ਬਣਨਾ ਚਾਹੁੰਦਾ ਸੀ, ਇਨਸਾਫ਼ ਦੀ ਆਵਾਜ਼ ਬਣਨਾ ਚਾਹੁੰਦਾ ਸੀ।’’

ਦੇਵਰਾਜ ਦਾ ਪਰਿਵਾਰ ਗ਼ਮਗੀਨ ਹੈ
ਦੇਵਰਾਜ ਦੀ ਮੌਤ ਤੋਂ ਬਾਅਦ ਸੈਂਕੜੇ ਲੋਕ ਪਰਿਵਾਰ ਦੇ ਛੋਟੇ ਜਿਹੇ ਘਰ ਵਿੱਚ ਅਫ਼ਸੋਸ ਕਰਨ ਆ ਰਹੇ ਹਨ, ਜੋ ਕਿ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸਥਿਤ ਹੈ, ਜਿੱਥੇ ਹਿੰਦੂ ਅਤੇ ਮੁਸਲਮਾਨ ਸਾਲਾਂ ਤੋਂ ਇਕੱਠੇ ਸ਼ਾਂਤੀਪੂਰਵਕ ਰਹਿ ਰਹੇ ਹਨ।
ਪਰ ਲਾਲ ਅਤੇ ਉਨ੍ਹਾਂ ਦੀ ਦੁਖੀ ਪਤਨੀ ਨੂੰ ਸਾਰੀਆਂ ਸੰਵੇਦਨਾਵਾਂ ਅਰਥਹੀਣ ਲੱਗਦੀਆਂ ਹਨ।
ਉਨ੍ਹਾਂ ਨੇ ਹਿੰਸਾ ਜਾਂ ਇਸ ਦੇ ਕਾਰਨਾਂ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਦਾ ਜਵਾਬ ਪ੍ਰਸ਼ਾਸਨ ਕੋਲ ਹੈ। ਮੈਂ ਬਸ ਆਪਣੇ ਬੇਟੇ ਲਈ ਇਨਸਾਫ਼ ਚਾਹੁੰਦਾ ਹਾਂ।’’
ਇਸ ਮਾਮਲੇ ਨੂੰ ਲੈ ਕੇ ਸਕੂਲ ਦੀ ਕਾਰਵਾਈ 'ਤੇ ਵੀ ਸਵਾਲ ਉਠਾਏ ਗਏ ਹਨ।
ਲਾਲ ਨੇ ਦੋਸ਼ ਲਾਇਆ ਕਿ ਦੇਵਰਾਜ ਦੇ ਨਾਲ ਕੋਈ ਵੀ ਅਧਿਆਪਕ ਹਸਪਤਾਲ ਨਹੀਂ ਗਿਆ ਅਤੇ ਉਸ ਨੂੰ ਉਸ ਦੇ ਦੋ ਸਹਿਪਾਠੀ ਮੋਟਰਸਾਈਕਲ ’ਤੇ ਹਸਪਤਾਲ ਲੈ ਕੇ ਗਏ ਸਨ।
ਸਕੂਲ ਦੀ ਪ੍ਰਿੰਸੀਪਲ ਈਸ਼ਾ ਧਰਮਾਵਤ, ਜਿਸ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ’ਤੇ ਮੁਅੱਤਲ ਕੀਤਾ ਗਿਆ ਹੈ, ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਸ ਨੇ ਵਿਦਿਆਰਥੀਆਂ ਨੂੰ ਦੇਵਰਾਜ ਨੂੰ ਆਪਣੇ ਮੋਟਰਸਾਈਕਲ 'ਤੇ ਲੈ ਕੇ ਜਾਣ ਲਈ ਕਿਹਾ ਸੀ ਤਾਂ ਕਿ ਇਲਾਜ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ। ਇਸ ਦੇ ਨਾਲ ਹੀ ਉਹ ਅਤੇ ਚਾਰ ਹੋਰ ਅਧਿਆਪਕ ਵੀ ਤੁਰੰਤ ਹਸਪਤਾਲ ਗਏ ਸਨ।
ਜਿਵੇਂ ਕਿ ਸ਼ਹਿਰ ਹੁਣ ਆਮ ਵਾਂਗ ਹੋ ਰਿਹਾ ਹੈ, ਪਰ ਇਸ ਘਟਨਾ ਦਾ ਪ੍ਰਭਾਵ ਉਸ ਸਕੂਲ ’ਤੇ ਸਭ ਤੋਂ ਵੱਧ ਦਿਖਾਈ ਦਿੰਦਾ ਹੈ, ਜਿੱਥੇ ਬੱਚੇ ਪੜ੍ਹਦੇ ਸਨ।
ਘਟਨਾ ਤੋਂ ਬਾਅਦ ਸਕੂਲ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਅਤੇ ਸਿਰਫ਼ ਇੱਕ ਵਿਦਿਆਰਥੀ ਦੀ ਹਾਜ਼ਰੀ ਨਾਲ ਇਸ ਨੂੰ ਦੁਬਾਰਾ ਖੋਲ੍ਹਿਆ ਗਿਆ।
ਦੇਵਰਾਜ ਦੇ ਨਾਲ ਹਸਪਤਾਲ ਗਏ ਦੋ ਵਿਦਿਆਰਥੀਆਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਅਤੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਉਹ ਸ਼ਹਿਰ ਛੱਡ ਕੇ ਕਿਧਰੇ ਚਲੇ ਗਏ ਹਨ।

ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ
ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜ ਰਹੇ ਹਨ, ਉਹ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਇੱਕ ਬੱਚੇ ਦੇ ਮਾਪਿਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਬੱਚਿਆਂ ਨੂੰ ਉਦੋਂ ਤੱਕ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਉਹ ਦੁਨੀਆ ਦਾ ਸਾਹਮਣਾ ਕਰਨ ਲਈ ਤਿਆਰ ਨਾ ਹੋ ਜਾਣ। ਇਸ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।’’
ਇਸ ਦੌਰਾਨ, ਹਿਨਾ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਲੀਹ ’ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ, ‘‘ਮੇਰਾ ਅੱਧਾ ਸਮਾਨ ਅਜੇ ਵੀ [ਢਾਹੇ ਗਏ ਘਰ ਦੇ ਮਲਬੇ ਹੇਠ] ਦੱਬਿਆ ਹੋਇਆ ਹੈ। ਘਰ ਢਾਹੇ ਜਾਣ ਤੋਂ ਬਾਅਦ, ਕੋਈ ਵੀ ਮੈਨੂੰ ਕਿਰਾਏ ’ਤੇ ਮਕਾਨ ਨਹੀਂ ਦੇਣਾ ਚਾਹੁੰਦਾ।’’
ਹੁਣ ਵੀ, ਉਹ ਹੈਰਾਨ ਹੈ ਕਿ ਉਸ ਦੇ ਬੇਟੇ ਨੂੰ ਚਾਕੂ ਕਿਵੇਂ ਮਿਲਿਆ ਜਾਂ ਉਸ ਨੇ ਕਥਿਤ ਤੌਰ ’ਤੇ ਆਪਣੇ ਦੋਸਤ ਨੂੰ ਇਹ ਕਿਉਂ ਮਾਰਿਆ। ਕੀ ਇਹ ਉਸ ਦੀ ਮਾਨਸਿਕ ਸਿਹਤ ਵਿੱਚ ਕਿਸੇ ਤਰ੍ਹਾਂ ਦੀ ਗਿਰਾਵਟ ਆਉਣ ਕਾਰਨ ਹੋਇਆ, ਇਹ ਬਚਕਾਨਾ ਦੁਸ਼ਮਣੀ ਸੀ ਜਾਂ ਕੁਝ ਹੋਰ? ਉਹ ਇਹ ਕੁਝ ਨਹੀਂ ਜਾਣਦੀ।
ਪਰ ਉਹ ਜਾਣਦੀ ਹੈ ਕਿ ਉਸ ਨੂੰ ਹਮੇਸ਼ਾ ਹਿੰਸਾ ਅਤੇ ਇਸ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੀ ਨਫ਼ਰਤ ਨੂੰ ਪ੍ਰੋਤਸਾਹਨ ਦੇਣ ਵਾਲੀ ਅਤੇ ਇੱਕ ਖਤਰਨਾਕ ਮਾਂ ਵਜੋਂ ਦੇਖਿਆ ਜਾਵੇਗਾ।
‘‘ਮੇਰਾ ਤਾਂ ਸਭ ਕੁਝ ਖੋਹ ਲਿਆ ਗਿਆ ਹੈ। ਹੁਣ ਜੇਕਰ ਲੋਕ ਮੇਰੇ ਬੱਚੇ ਨੂੰ ਫਾਂਸੀ ’ਤੇ ਲਟਕਾਉਣਾ ਚਾਹੁੰਦੇ ਹਨ ਤਾਂ ਲਟਕਾ ਦੇਣ, ਮੈਂ ਹੋਰ ਕੀ ਕਹਿ ਸਕਦੀ ਹਾਂ?’’
* ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਬਦਲ ਦਿੱਤੇ ਗਏ ਹਨ ਕਿਉਂਕਿ ਭਾਰਤੀ ਕਾਨੂੰਨ ਵਿੱਚ ਨਾਬਾਲਗ ਅਪਰਾਧੀਆਂ ਦੀ ਪਛਾਣ ਉਜਾਗਰ ਕਰਨ ਦੀ ਇਜਾਜ਼ਤ ਨਹੀਂ ਹੈ।












