ਹਰਿਆਣਾ 'ਚ ਬੀਫ਼ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ 'ਕੁੱਟ-ਕੁੱਟ ਕੇ ਮਾਰਿਆ', ਪੂਰਾ ਪਰਿਵਾਰ ਸਦਮੇ 'ਚ, ਜਾਣੋ ਪੂਰਾ ਮਾਮਲਾ ਹੈ ਕੀ

ਤਸਵੀਰ ਸਰੋਤ, Sat Singh/BBC
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਲਈ
ਹਰਿਆਣਾ ਵਿੱਚ ਕੁਝ ਕਥਿਤ ਗਊ ਰੱਖਿਅਕ ਨੇ ਇੱਕ ਪੱਛਮੀ ਬੰਗਾਲ ਨਾਲ ਸਬੰਧਤ ਮਜ਼ਦੂਰ ਨੂੰ ਗਊ ਦਾ ਮਾਸ ਪਕਾਉਣ ਦੇ ਇਲਜ਼ਾਮ ਵਿੱਚ ਕਥਿਤ ਤੌਰ ਉੱਤੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਘਟਨਾ ਦਿੱਲੀ ਤੋਂ ਕਰੀਬ 150 ਕਿੱਲੋਮੀਟਰ ਦੂਰ ਚਰਖੀ ਦਾਦਰੀ ਦੇ ਬਾਢੜਾ ਵਿੱਚ 27 ਅਗਸਤ ਨੂੰ ਵਾਪਰੀ।
ਪੀੜਤ ਆਪਣੇ ਪਰਿਵਾਰ ਦੇ ਨਾਲ ਚਰਖੀ ਦਾਦਰੀ ਵਿੱਚ ਝੁੱਗੀ ਝੌਂਪੜੀ ਵਿੱਚ ਰਹਿੰਦਾ ਸੀ ਅਤੇ ਉਨ੍ਹਾਂ ਦਾ ਨਾਮ ਸਾਬਰ ਮਲਿਕ ਸੀ। ਉਨ੍ਹਾਂ ਦਾ ਸਬੰਧ ਪੱਛਮੀ ਬੰਗਾਲ ਦੇ ਪਗਰਨਾ ਜ਼ਿਲ੍ਹੇ ਨਾਲ ਸੀ।
29 ਤਰੀਕ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ।
ਡੰਡੇ ਸੋਟੀਆਂ ਨਾਲ ਕੁੱਟਣ ਦੀ ਘਟਨਾ ਦਾ ਇੱਕ ਵੀਡੀਓ 31 ਅਗਸਤ ਨੂੰ ਵਾਇਰਲ ਹੋਇਆ, ਜਿਸ ਵਿੱਚ ਕੁਝ ਨੌਜਵਾਨ ਸਾਬਰ ਮਲਿਕ (24) ਨੂੰ ਕੁੱਟ ਰਹੇ ਸਨ। ਜਦਕਿ ਕੁਝ ਸਥਾਨਕ ਲੋਕ ਉਸ ਨੂੰ ਬਚਾਉਂਦੇ ਵੀ ਨਜ਼ਰ ਆ ਰਹੇ ਹਨ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚਰਖੀ ਦਾਦਰੀ ਵਾਲੀ ਹਜ਼ੂਮੀ ਹੱਤਿਆ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਪਾਰਟੀ ਆਗੂਆਂ ਨੂੰ ਪੀੜਤ ਪਰਿਵਾਰ ਨੂੰ ਮਿਲ ਕੇ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ।

ਦੂਜੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਘਟਨਾ ਨੂੰ ਮੰਦਭਾਗੀ ਦੱਸਿਆ ਹੈ।
ਸੈਣੀ ਨੇ ਕਿਹਾ ਹੈ ਕਿ ਲੋਕਾਂ ਦੀ ਗਊ ਪ੍ਰਤੀ ਸ਼ਰਧਾ ਹੈ। ਇਸ ਬਾਰੇ ਸੂਬੇ ਵਿੱਚ ਸਖ਼ਤ ਕਾਨੂੰਨ ਹੈ ਅਤੇ ਇਸ ਨਾਲ ਸਮਝੌਤਾ ਨਹੀਂ ਹੋ ਸਕਦਾ।
ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਗਊ ਮਾਤਾ ਪ੍ਰਤੀ ਭਾਵਨਾਵਾਂ ਹਨ ਅਤੇ ਇਸਦਾ ਸਨਮਾਨ ਹੋਣਾ ਚਾਹੀਦਾ ਹੈ।
ਨੂੰਹ ਤੋਂ ਕਾਂਗਰਸ ਵਿਧਾਇਕ ਆਫ਼ਤਾਬ ਅਹਿਮਦ ਨੇ ਵੀ ਘਟਨਾ ਉੱਤੇ ਫਿਕਰਮੰਦੀ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਹਰਿਆਣੇ ਵਿੱਚ ਅਮਨ ਕਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ।
ਗ਼ਰੀਬ ਕੂੜਾ ਚੁਗਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਸ਼ਿਕਾਰ ਬਣਾਇਆ ਗਿਆ ਜੋ ਚਿੰਤਾਜਨਕ ਹੈ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਇਹ ਘਟਨਾ ਚਾਰ-ਪੰਜ ਦਿਨ ਪਹਿਲਾਂ ਦੀ ਹੈ ਅਤੇ ਇਸਦਾ ਪਤਾ ਲੱਗਣ ਵਿੱਚ ਇੰਨਾ ਸਮਾਂ ਕਿਉਂ ਲੱਗਿਆ।
ਜਾਣਕਾਰੀ ਮੁਤਾਬਕ ਕਥਿਤ ਗਊ ਰੱਖਿਆ ਦਲ ਨਾਲ ਜੁੜੇ ਲੋਕਾਂ ਨੂੰ ਸ਼ੱਕ ਹੋਇਆ ਕਿ ਬਾਢੜਾ ਬਸ ਅੱਡੇ ਦੇ ਸਾਹਮਣੇ ਵਾਲੀ ਬਸਤੀ ਵਿੱਚ ਰਹਿਣ ਵਾਲੇ ਮੁਸਲਮਾਨ ਲੋਕ ਗਊ ਮਾਸ ਖਾਂਦੇ ਹਨ।
27 ਅਗਸਤ ਨੂੰ ਉਹ ਝੁੱਗੀ-ਝੋਂਪੜੀ ਵਾਲੇ ਲੋਕਾਂ ਤੋਂ ਪੁੱਛ-ਗਿੱਛ ਕਰਨ ਲੱਗੇ।

ਤਸਵੀਰ ਸਰੋਤ, Sat Singh/BBC
ਐੱਫ.ਆਈ.ਆਰ. ਵਿੱਚ ਕੀ ਲਿਖਿਆ
ਹਰਿਆਣਾ ਪੁਲਿਸ ਨੇੋ ਇਸ ਮਾਮਲੇ ਵਿੱਚ ਸਜਾਊਦੀਨ ਸਰਦਰ ਦੀ ਸ਼ਿਕਾਇਤ ਉੱਤੇ ਐੱਫਆਈਆਰ ਦਰਜ ਕੀਤੀ ਹੈ।
ਉਨ੍ਹਾਂ ਇਲਜ਼ਾਮ ਲਾਇਆ, '' ਮੈਂ ਅਤੇ ਮੇਰਾ ਰਿਸ਼ਤੇਦਾਰ ਸਾਬਿਰ ਮਲਿਕ, ਜਿਸ ਦਾ ਵਿਆਹ ਮੇਰੀ ਭੈਣ ਸ਼ਕੀਨਾ ਦੇ ਨਾਲ ਹੋਇਆ ਹੈ, ਉਹ ਬਾਢੜਾ ਦੇ ਜੂਈ ਰੋਡ ਉੱਤੇ ਝੁੱਗੀ-ਝੋਂਪੜੀ ਵਿੱਚ ਰਹਿੰਦੇ ਹਨ, ਅਤੇ ਕੂੜਾ ਚੁਗਣ ਦਾ ਕੰਮ ਕਰਦੇ ਹਨ।''
“27 ਅਗਸਤ ਨੂੰ ਦਿਨ ਵਿੱਚ ਕੁਝ ਲੋਕ ਮੈਨੂੰ ਅਤੇ ਮੇਰੇ ਨਾਲ ਕੂੜਾ ਚੁਗਣ ਵਾਲੇ ਕੁਝ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਮੰਗਲਵਾਰ ਨੂੰ ਮਾਸ ਖਾਂਦੇ ਹੋ, ਜਾਂ ਹੋ ਸਕਦਾ ਹੈ ਕਿ ਇਹ ਗਊ ਦਾ ਮਾਸ ਹੋਵੇ ਅਤੇ ਉਹ ਲੋਕ ਸਾਥੋਂ ਪੁੱਛ-ਗਿੱਛ ਕਰਨ ਲੱਗੇ ਅਤੇ ਬਾਢੜਾ ਥਾਣੇ ਬੁਲਾ ਕੇ ਲੈ ਗਏ। ਇਸ ਪਿੱਛੋਂ ਕੁਝ ਮੁੰਡੇ ਮੇਰੇ ਜੀਜਾ ਸਾਬਿਰ ਮਲਿਕ ਨੂੰ ਬਸ ਅੱਡੇ ਬੁਲਾ ਕੇ ਲੈ ਗਏ ਕਿ ਕੁਝ ਕਬਾੜ ਦਾ ਸਮਾਨ ਦੇਣਾ ਹੈ।”
ਸਰਦਰ ਨੇ ਪੁਲਿਸ ਨੂੰ ਦੱਸਿਆ, “ਉੱਥੇ ਬੁਲਾਉਣ ਤੋਂ ਬਾਅਦ ਇੱਕ ਹੋਰ ਜਾਣਕਾਰ ਅਸੀਰ-ਉਦ-ਦੀਨ ਨੂੰ ਵੀ ਬੁਲਾ ਲਿਆਏ। ਫਿਰ ਉਨ੍ਹਾਂ ਚਾਰ-ਪੰਜ ਮੁੰਡਿਆਂ ਨੇ ਉਨ੍ਹਾਂ ਨਾਲ ਮਾਰ-ਕੁਟਾਈ ਸ਼ੁਰੂ ਕਰ ਦਿੱਤੀ। ਲੋਕਾਂ ਦੇ ਸਾਹਮਣੇ ਹੀ ਉਨ੍ਹਾਂ ਨੂੰ ਮੋਟਰ ਸਾਈਕਲ ਉੱਤੇ ਚੁੱਕ ਕੇ ਲੈ ਗਏ। ਮੇਰੇ ਜੀਜਾ ਅਤੇ ਅਸੀਰ-ਉਦ-ਦੀਨ ਨੂੰ ਉਨ੍ਹਾਂ ਲੋਕਾਂ ਨੇ ਡੰਡਿਆਂ ਨਾਲ ਕੁੱਟਿਆ ਹੈ, ਜਿਸਦਾ ਵੀਡੀਓ ਵੀ ਮੈਂ ਦੇਖਿਆ ਹੈ।”
''ਇੱਕ ਪਾਸੇ ਜਿੱਥੇ ਪੁਲਿਸ ਦੇ ਨਾਲ ਗਊ ਰਾਖੇ ਪੁਲਿਸ ਸਟੇਸ਼ਨ ਜਾ ਕੇ ਝੁੱਗੀ-ਝੌਂਪੜੀ ਵਿੱਚ ਰਹਿ ਰਹੇ ਲੋਕਾਂ ਉੱਤੇ ਮਾਮਲਾ ਦਰਜ ਕਰਨ ਦਾ ਦਬਾਅ ਬਣਾਉਣ ਦੀ ਗੱਲ ਕਰਨ ਲੱਗੇ।ਦੂਜੇ ਪਾਸੇ ਕਬਾੜ ਦੇਣ ਦੇ ਬਹਾਨੇ ਪੀੜਤ ਸਾਬਿਰ ਮਲਿਕ ਨੂੰ ਬਾਢੜਾ ਬੱਸ ਅੱਡੇ ਕੋਲ ਬੁਲਾ ਕੇ ਅਤੇ ਉੱਥੇ ਉਸਦੀ ਡੰਡਿਆਂ ਨਾਲ ਕੁੱਟ-ਮਾਰ ਕੀਤੀ ਗਈ।''

ਤਸਵੀਰ ਸਰੋਤ, Sat Singh/BBC
ਕੁਝ ਸਥਾਨਕ ਲੋਕਾਂ ਦੇ ਵਿਚਕਾਰ ਆ ਜਾਣ ਕਾਰਨ ਨੌਜਵਾਨ ਉਸ ਨੂੰ ਮੋਟਰ ਸਾਈਕਲ ਉੱਤੇ ਬਿਠਾ ਕੇ ਨਾਲ ਲੈ ਗਏ। 27 ਅਗਸਤ ਨੂੰ ਹੀ ਸਾਬਿਰ ਦੀ ਲਾਸ਼ ਬਾਢੜਾ ਪਿੰਡ ਦੇ ਕੋਲ ਮਿਲੀ।
ਬਾਢੜਾ ਪੁਲਿਸ ਨੇ 28 ਅਗਸਤ ਨੂੰ ਮਰਹੂਮ ਸਾਬਿਰ ਮਲਿਕ ਦੇ ਸਾਲੇ ਸਜਾਉਦੀਨ ਸਰਦਰ ਦੀ ਸ਼ਿਕਾਇਤ ਉੱਤੇ ਸੱਤ ਜਣਿਆਂ ਦੇ ਖਿਲਾਫ਼ ਜਿਸ ਵਿੱਚ ਦੋ ਨਾਬਾਲਗ ਵੀ ਸਨ, ਕਤਲ ਦਾ ਮਾਮਲਾ (190, 191(3), 115(2), 140(1), 103(1), 61(2) ਦਰਜ ਕਰ ਲਿਆ।
ਜਿਹੜੇ ਮੁਲਜ਼ਮਾਂ ਨੂੰ ਫੜਿਆ ਗਿਆ ਹੈ, ਉਨ੍ਹਾਂ ਦੇ ਨਾਮ— ਅਭਿਸ਼ੇਖ ਉਰਫ਼ ਸ਼ਾਕਾ, ਰਵਿੰਦਰ ਉਰਫ਼ ਕਾਲੀਆ, ਮੋਹਿਤ, ਕਮਜੀਤ ਅਤੇ ਸਾਹਿਲ ਹਨ। ਨਾਬਾਲਗ ਸੁਧਾਰ ਘਰ ਭੇਜੇ ਗਏ ਹਨ ਜਦਕਿ ਬਾਕੀ ਪੁਲਿਸ ਰਿਮਾਂਡ ਵਿੱਚ ਹਨ।
ਡਰ ਦਾ ਮਾਹੌਲ

ਤਸਵੀਰ ਸਰੋਤ, Sat Singh/BBC
ਝੁੱਗੀ-ਝੋਂਪੜੀ ਵਿੱਚ ਰਹਿਣ ਵਾਲੇ ਲੋਕਾਂ ਨਾਲ ਜਦੋਂ ਮੀਡੀਆ ਨੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਘਟਨਾ ਤੋਂ ਡਰੇ ਹੋਏ ਹਨ ਅਤੇ ਇੱਥੋਂ ਕਿਤੇ ਹੋਰ ਜਾਣ ਦੀ ਸੋਚ ਰਹੇ ਹਨ।
ਨਾਮ ਜਨਤਕ ਨਾਲ ਕਰਨ ਦੀ ਸ਼ਰਤ ਉੱਤੇ ਇਨ੍ਹਾਂ ਦੱਸਿਆ ਕਿ ਪੁਲਿਸ ਨੇ ਪੂਰੀ ਸੁਰੱਖਿਆ ਦਿੱਤੀ ਹੈ, ''ਪਰ ਡਰ ਦੇ ਕਾਰਨ ਨਾ ਕਿਸੇ ਤੋਂ ਸੁੱਤਾ ਜਾ ਰਿਹਾ ਹੈ ਅਤੇ ਨਾ ਹੀ ਖਾਧਾ ਜਾ ਰਿਹਾ ਹੈ।''
30 ਤਰੀਕ ਨੂੰ ਸਾਰੇ ਜਦ ਦਾਦਰੀ ਛੱਡ ਕੇ ਬੰਗਾਲ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਪੁਲਿਸ ਨੇ ਜਾਨ-ਮਾਲ ਦੀ ਸੁਰੱਖਿਆ ਮੁਹਈਆ ਕਰਵਾ ਦਿੱਤੀ।
ਪੁਲਿਸ ਨੇ ਕੀ ਕਿਹਾ

ਤਸਵੀਰ ਸਰੋਤ, Sat Singh/BBC
ਚਰਖੀ ਦਾਦਰੀ ਦੇ ਬਾਢੜਾ ਇਲਾਕੇ ਦੇ ਡੀਐੱਸਪੀ ਭਾਰਤ ਭੂਸ਼ਣ ਦਾ ਕਹਿਣਾ ਹੈ ਕਿ ਘਟਨਾ 27 ਅਗਸਤ ਦੀ ਰਾਤ ਦੀ ਹੈ। ਪੁਲਿਸ ਨੇ ਅਗਲੇ ਹੀ ਦਿਨ ਮਾਮਲਾ ਦਰਜ ਕਰਕੇ ਸੱਤ ਜਣੇ ਫੜ ਲਏ ਸਨ, ਜਿਨ੍ਹਾਂ ਵਿੱਚੋਂ ਦੋ ਨਾਬਾਲਗਾਂ ਨੂੰ ਛੱਡ ਕੇ ਬਾਕੀ ਦਾਦਰੀ ਪੁਲਿਸ ਰਿਮਾਂਡ ਉੱਤੇ ਹਨ।
ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਦੇ ਖਿਲਾਫ਼ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਾਦਰੀ ਪੁਲਿਸ ਦੀ ਐੱਸਪੀ ਪੂਜਾ ਵਿਸ਼ਿਸ਼ਠ ਮੌਕੇ ਦਾ ਦੌਰਾ ਕਰ ਚੁੱਕੇ ਹਨ ਅਤੇ ਝੁੱਗੀ-ਝੋਂਪੜੀ ਵਿੱਚ ਪੁਲਿਸ ਸੁਰੱਖਿਆ ਲਗਾ ਦਿੱਤੀ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












