ਕਾਂਵੜ ਯਾਤਰਾ : ਢਾਬੇ ਵਾਲਿਆਂ ਤੋਂ ਮਾਲਕ ਅਤੇ ਮੁਲਾਜ਼ਮਾਂ ਦੇ ਬੋਰਡ ਲਗਾਉਣ ਦੇ ਫ਼ੈਸਲੇ ਉੱਤੇ ਰੋਕ

- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਕਾਂਵੜ ਯਾਤਰਾ ਦੇ ਮੱਦੇਨਜ਼ਰ ਢਾਬਿਆਂ ਤੇ ਖਾਣ-ਪੀਣ ਦੀਆਂ ਦੁਕਾਨਾਂ ਵਾਲਿਆਂ ਦੇ ਮਾਲਕਾਂ ਤੇ ਮੁਲਜ਼ਮਾਂ ਦੀ ਸੂਚੀ ਦੇ ਬੋਰਡ ਲਗਵਾਉਣ ਦੇ ਮੁਜ਼ੱਫ਼ਨਗਰ ਪੁਲਿਸ ਦੇ ਫੈਸਲੇ ਉੱਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ।
ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਸਰਕਾਰਾਂ ਨੇ ਇਹ ਫੈਸਲਾ ਪੂਰੇ ਸੂਬਿਆਂ ਵਿੱਚ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ।
ਕਾਂਵੜ ਯਾਤਰੀ ਸਾਉਣ ਦੇ ਮਹੀਨੇ ਗੰਗਾ ਤੋਂ ਗੰਗਾਜਲ ਲਿਆ ਕੇ ਸ਼ਿਵ ਨੂੰ ਆਪੋ-ਆਪਣੇ ਇਲਾਕਿਆਂ ਦੇ ਸ਼ਿਵ ਮੰਦਰਾਂ ਵਿੱਚ ਅਰਪਿਤ ਕਰਦੇ ਹਨ।
ਇਹ ਲੋਕ ਪੈਦਲ ਆਉਂਦੇ ਚੱਲਦੇ ਹਨ ਅਤੇ ਸਾਤਵਿਕ ਭੋਜਨ ਕਰਦੇ ਹਨ।
ਸੁਪਰੀਮ ਕੋਰਟ ਦੇ ਜਸਟਿਸ ਹਰੀਕੇਸ਼ ਰੌਏ ਅਤੇ ਐੱਸਵੀਐੱਨ ਭਾਟੀ ਦੀ ਦੋ ਜੱਜਾਂ ਦੀ ਬੈਂਚ ਨੇ ਮੁਜ਼ੱਫਰਨਗਰ ਪੁਲਿਸ ਦੇ ਐੱਸਐੱਸਪੀ ਦੇ ਉਸ ਫੈਸਲੇ ਉੱਤੇ ਰੋਕ ਲਾ ਦਿੱਤੀ ਹੈ।
ਜਿਸ ਵਿੱਚ ਕਾਂਵੜ ਯਾਤਰਾ ਲਈ ਦੁਕਾਨਾਂ ਦੇ ਬਾਹਰ ਮਾਲਕਾਂ ਅਤੇ ਸਟਾਫ ਦੇ ਨਾਵਾਂ ਵਾਲੇ ਬੋਰਡ ਲਾਉਣ ਦਾ ਆਦੇਸ਼ ਦਿੱਤਾ ਗਿਆ ਸੀ।
ਅਦਾਲਤ ਨੇ ਕਿਹਾ,"ਉਪਰੋਕਤ ਵਿਚਾਰ-ਵਟਾਂਦਰੇ ਦੇ ਸਬੰਧ ਵਿੱਚ, ਅਸੀਂ ਉਪਰੋਕਤ ਨਿਰਦੇਸ਼ਾਂ ਨੂੰ ਲਾਗੂ ਕਰਨ 'ਤੇ ਪਾਬੰਦੀ ਲਗਾਉਣ ਵਾਲੇ ਇੱਕ ਅੰਤਰਿਮ ਆਦੇਸ਼ ਨੂੰ ਪਾਸ ਕਰਨਾ ਜ਼ਰੂਰੀ ਸਮਝਦੇ ਹਾਂ। ਖਾਣਾ ਵੇਚਣ ਵਾਲੇ ਜਿਵੇਂ ਢਾਬਾ ਮਾਲਕਾਂ, ਰੈਸਟੋਰੈਂਟ ਮਾਲਕਾਂ, ਦੁਕਾਨਾਂ, ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਇਹ ਦੱਸਣਾ ਤਾਂ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦਾ ਭੋਜਨ ਉਹ ਪੇਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਮਾਲਕ, ਸਟਾਫ ਦੀ ਪਛਾਣ ਪ੍ਰਦਰਸ਼ਿਤ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ"
ਅਦਾਲਤ ਨੇ ਵੱਲੋਂ ਉਨ੍ਹਾਂ ਸੂਬਿਆਂ ਨੂੰ ਨੋਟਿਸ ਭੇਜਿਆ ਹੈ ਜਿੱਥੇ ਇਹ ਹੁਕਮ ਲਾਗੂ ਕੀਤੇ ਗਏ ਸਨ, ਜਿੰਨ੍ਹਾਂ ਵਿੱਚ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਹਨ, ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।
ਅਦਾਲਤ ਨੇ ਕਿਹਾ ਇਹ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ ਹੈ, ਫੂਡ ਸੇਫ਼ਟੀ ਐਂਡ ਸਕਿਊਰਿਟੀ ਐਕਟ ਨਹੀਂ ਹੈ।
ਮੁੱਜ਼ਫਰਨਗਰ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਜਾਣਨ ਲਈ ਬੀਬੀਸੀ ਦੀ ਟੀਮ ਨੇ ਜ਼ਮੀਨ ਉੱਤੇ ਜਾ ਕੇ ਲੋਕਾਂ ਨਾਲ ਗੱਲ ਕੀਤੀ ਸੀ। ਜਿਸ ਉੱਤੇ ਅਧਾਰਿਤ ਗਰਾਊਂਡ ਰਿਪੋਰਟ ਇਸ ਤਰ੍ਹਾਂ ਹੈ :
ਮੁਜ਼ੱਫਰਨਗਰ ਦੇ ਨੇੜੇ ਬਜਹੇੜੀ ਬਾਈਪਾਸ, ਜੋ ਹਰਿਦੁਆਰ ਵੱਲ ਜਾਂਦਾ ਹੈ। ਇੱਥੇ ਇੱਕ ਪੰਜਾਬੀ ਤੜਕਾ ਢਾਬਾ ਹੈ, ਜਿਸ ਨੂੰ ਮੁਸਲਮਾਨ ਅਤੇ ਹਿੰਦੂ ਮਾਲਕ ਮਿਲ ਕੇ ਚਲਾਉਂਦੇ ਹਨ।
ਹੁਣ ਇਸ ਢਾਬੇ 'ਤੇ ਮਾਲਕ ਤੋਂ ਇਲਾਵਾ ਇੱਥੇ ਕੰਮ ਕਰਨ ਵਾਲੇ ਲੋਕਾਂ ਦੇ ਨਾਂ ਵੀ ਲਿਖੇ ਹੋਏ ਹਨ।
ਇੱਥੇ ਕੰਮ ਕਰਨ ਵਾਲੇ ਇਕਲੌਤੇ ਮੁਸਲਿਮ ਮੁਲਾਜ਼ਮ ਸ਼ਾਹਰੁਖ ਨੂੰ ਹੁਣ ਹਟਾ ਦਿੱਤਾ ਗਿਆ ਹੈ।
ਢਾਬਾ ਮੈਨੇਜਰ ਪ੍ਰਵੀਨ ਦਾ ਕਹਿਣਾ ਹੈ, “ਹੁਣ ਇੱਥੇ ਸਿਰਫ਼ ਹਿੰਦੂ ਮੁਲਾਜ਼ਮ ਹਨ।
ਜਦੋਂ ਵਿਵਾਦ ਵਧਿਆ ਤਾਂ ਸ਼ਾਹਰੁਖ ਨੇ ਖ਼ੁਦ ਇਹ ਕਹਿ ਕੇ ਕੰਮ ਛੱਡ ਦਿੱਤਾ ਕਿ ਮੇਰੇ ਕਾਰਨ ਹੋਰ ਵਰਕਰਾਂ ਜਾਂ ਢਾਬਾ ਮਾਲਕਾਂ ਨੂੰ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ।''
ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤਾ ਹੈ ਕਿ ਕਾਂਵੜ ਯਾਤਰਾ ਦੌਰਾਨ ਖਾਣ-ਪੀਣ ਦੀਆਂ ਦੁਕਾਨਾਂ (ਜਿਵੇਂ ਕਿ ਢਾਬੇ, ਰੈਸਟੋਰੈਂਟ, ਫ਼ਲ ਅਤੇ ਮਠਿਆਈ ਦੀਆਂ ਦੁਕਾਨਾਂ ਆਦਿ) ਦੇ ਮਾਲਕ ਦੁਕਾਨਾਂ 'ਤੇ ਆਪਣੇ ਅਤੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਨਾਂ ਬੋਰਡ ਉੱਤੇ ਲਿਖ ਕੇ ਲਾਉਣ। ਉਹ ਵੀ ਸਪੱਸ਼ਟ ਅਤੇ ਵੱਡੇ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ।
ਭਾਵੇਂਕਿ ਬਾਅਦ ਵਿੱਚ ਪੁਲਿਸ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ 'ਸਵੈ-ਇੱਛਾ ਯਾਨੀ, ਆਪਣੀ ਮਰਜ਼ੀ ਨਾਲ' ਅਜਿਹਾ ਕਰਨ ਲਈ ਕਿਹਾ ਗਿਆ ਹੈ।
ਪੁਲਿਸ ਮੁਤਾਬਕ ਕਾਂਵੜ ਯਾਤਰਾ ਇੱਕ ਧਾਰਮਿਕ ਸਮਾਗਮ ਹੈ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ‘ਭਰਮ’ ਨਹੀਂ ਹੋਣਾ ਚਾਹੀਦਾ।
ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਇਹ ਨਾ ਲੱਗੇ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪਰ ਇਲਾਕੇ ਦੇ ਦੁਕਾਨਦਾਰਾਂ ਨੂੰ ਲੱਗਦਾ ਹੈ ਕਿ ਇਹ ਹੁਕਮ ਮੁਸਲਮਾਨਾਂ ਨੂੰ 'ਅਲੱਗ-ਥਲੱਗ ਕਰਨ' ਦੀ ਕੋਸ਼ਿਸ਼ ਹੈ।
ਇਸ ਹੁਕਮ ਦਾ ਇੱਕ ਹੋਰ ਪ੍ਰਭਾਵ ਇਹ ਹੈ ਕਿ ਹੁਣ ਸੜਕਾਂ ਦੇ ਕਿਨਾਰੇ ਬਣੇ ਹੋਟਲਾਂ ਅਤੇ ਢਾਬਿਆਂ ਵਿੱਚ ਕੋਈ ਵੀ ਮੁਸਲਮਾਨ ਕੰਮ ਨਹੀਂ ਕਰ ਰਿਹਾ ਹੈ।
ਕਈਆਂ ਨੇ ਨੌਕਰੀ ਛੱਡ ਦਿੱਤੀ ਹੈ, ਕਈਆਂ ਨੂੰ ਹਟਾ ਦਿੱਤਾ ਗਿਆ ਹੈ, ਜਦੋਂ ਕਿ ਕੁਝ ਮਾਲਕਾਂ ਦਾ ਤਰਕ ਹੈ ਕਿ 'ਇਹ ਸਿਰਫ਼ ਸਾਉਣ ਮਹੀਨੇ ਲਈ ਅਹਿਤਿਆਤ ਵਜੋਂ ਕੀਤਾ ਗਿਆ ਹੈ।'
ਪਰ ਪੁਲਿਸ ਦਾਅਵਾ ਕਰ ਰਹੀ ਹੈ ਕਿ ਨਾ ਤਾਂ ਪੁਲਿਸ ਕਿਸੇ ਦੁਕਾਨ 'ਤੇ ਗਈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਦੁਕਾਨਦਾਰ ਨੂੰ ਉਥੇ ਕੰਮ ਕਰਦੇ ਮੁਸਲਿਮ ਮੁਲਾਜ਼ਮ ਨੂੰ ਕੱਢਣ ਲਈ ਮਜਬੂਰ ਕੀਤਾ ਹੈ|

ਕੀ ਹੈ ਪੂਰਾ ਮਾਮਲਾ?
ਹਰ ਸਾਲ ਸਾਉਣ ਮਹੀਨੇ 'ਚ ਲੱਖਾਂ ਕਾਂਵੜੀਏ ਹਰਿਦੁਆਰ ਤੋਂ ਪਾਣੀ ਲੈਣ ਲਈ ਵਾਪਸ ਆਉਂਦੇ ਸਮੇਂ ਮੁਜ਼ੱਫਰਨਗਰ ਤੋਂ ਲੰਘਦੇ ਹਨ।
ਪੁਲਿਸ ਦਾ ਤਰਕ ਹੈ ਕਿ ਅਮਨ-ਕਾਨੂੰਨ ਦੀ ਸਥਿਤੀ ਨਾ ਵਿਗੜਨ ਨੂੰ ਯਕੀਨੀ ਬਣਾਉਣ ਲਈ ਦੁਕਾਨਾਂ ਦੇ ਮਾਲਕਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਆਪਣੇ ਅਤੇ ਆਪਣੇ ਮੁਲਾਜ਼ਮਾਂ ਦੇ ਨਾਮ ਲਿਖਣ ਲਈ ਕਿਹਾ ਗਿਆ ਹੈ।
ਪੁਲਿਸ ਦੇ ਇਸ ਹੁਕਮ ਤੋਂ ਬਾਅਦ ਇੱਥੋਂ ਦੇ ਜ਼ਿਆਦਾਤਰ ਮੁਸਲਿਮ ਦੁਕਾਨਦਾਰਾਂ ਨੇ ਦੁਕਾਨਾਂ ਦੇ ਮਾਲਕਾਂ ਅਤੇ ਮਜ਼ਦੂਰਾਂ ਦੇ ਨਾਂ ਵੱਡੇ ਅੱਖਰਾਂ ਵਿੱਚ ਲਿਖ ਦਿੱਤੇ ਹਨ।
ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਜਿਹਾ ਕੀਤਾ ਪਰ ਕਈਆਂ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਸੀ।
ਹਰਿਦੁਆਰ ਤੋਂ ਆਉਣ ਵਾਲੀ ਮੁੱਖ ਸੜਕ ਮਦੀਨਾ ਚੌਕ ਰਾਹੀਂ ਮੁਜ਼ੱਫਰਨਗਰ ਵਿੱਚ ਦਾਖਲ ਹੁੰਦੀ ਹੈ।
ਹੁਣ ਇੱਥੋਂ ਦੀ ਤਕਰੀਬਨ ਹਰ ਦੁਕਾਨ ਦੇ ਬਾਹਰ ਚਿੱਟੇ ਬੋਰਡਾਂ 'ਤੇ ਵੱਡੇ ਲਾਲ ਅੱਖਰਾਂ ਵਿੱਚ ਮੁਸਲਮਾਨ ਦੁਕਾਨਦਾਰਾਂ ਦੇ ਨਾਂ ਲਿਖੇ ਹੋਏ ਹਨ।
ਦਿੱਲੀ ਤੋਂ ਹਰਿਦੁਆਰ ਨੂੰ ਜਾਣ ਵਾਲੇ ਹਾਈਵੇਅ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਅਤੇ ਰਸਤਿਆਂ ਦਾ ਵੀ ਇਹੀ ਹਾਲ ਹੈ।
ਮੁਜ਼ੱਫਰਨਗਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਭਿਸ਼ੇਕ ਸਿੰਘ ਨੇ ਕਿਹਾ ਹੈ ਕਿ ਦੁਕਾਨਦਾਰਾਂ ਨੂੰ ਆਪਣੀ ਮਰਜ਼ੀ ਨਾਲ ਨਾਂ ਦਿਖਾਉਣ ਲਈ ਕਿਹਾ ਗਿਆ ਹੈ।

ਜ਼ਮੀਨੀ ਹਕੀਕਤ
ਪਰ ਜ਼ਮੀਨੀ ਹਕੀਕਤ ਕੁਝ ਵੱਖਰੀ ਜਾਪਦੀ ਹੈ।
ਖਤੌਲੀ ਵਿੱਚ ਪਿਛਲੇ ਦਸ ਸਾਲਾਂ ਤੋਂ ‘ਲਵਰਜ਼ ਟੀ ਪੁਆਇੰਟ’ ਦੇ ਨਾਂ ਹੇਠ ਚੱਲ ਰਹੀ ਚਾਹ ਦੀ ਦੁਕਾਨ ਦਾ ਨਾਂ ਹੁਣ ‘ਵਕੀਲ ਸਾਹਬ ਚਾਹ’ ਹੋ ਗਿਆ ਹੈ।
ਦੁਕਾਨ ਦੇ ਮਾਲਕ ਐਡਵੋਕੇਟ ਅਹਿਮਦ ਦਾ ਦਾਅਵਾ ਹੈ ਕਿ ਇਸ ਦੇ ਬਾਵਜੂਦ ਪੁਲਿਸ ਨੂੰ ਇਤਰਾਜ਼ ਸੀ।
ਉਹ ਕਹਿੰਦੇ ਹਨ, "ਜਦੋਂ ਮੈਂ ਪੁਲਿਸ ਦੇ ਕਹਿਣ 'ਤੇ ਆਪਣੀ ਦੁਕਾਨ ਦਾ ਨਾਮ ਬਦਲ ਕੇ ਵਕੀਲ ਸਾਹਬ ਰੱਖ ਦਿੱਤਾ ਤਾਂ ਪੁਲਿਸ ਵਾਲੇ ਮੇਰੇ ਕੋਲ ਦੁਬਾਰਾ ਆਏ ਅਤੇ ਕਿਹਾ ਕਿ ਇਹ ਨਾਮ ਇਹ ਨਹੀਂ ਦਰਸਾਉਂਦਾ ਕਿ ਤੁਸੀਂ ਮੁਸਲਮਾਨ ਹੋ।”
“ਉਨ੍ਹਾਂ ਨੇ ਮੈਨੂੰ ਵਕੀਲ ਅਹਿਮਦ ਦੇ ਨਾਂ ਵਾਲਾ ਇੱਕ ਹੋਰ ਵੱਡਾ ਸਾਈਨ ਬੋਰਡ ਲਗਾਉਣ ਲਈ ਮਜਬੂਰ ਕੀਤਾ।”
ਵਕੀਲ ਨੂੰ ਆਪਣੀ ਦੁਕਾਨ ਦਾ ਦਸ ਸਾਲ ਪੁਰਾਣਾ ਨਾਂ ਬਦਲਣ ਦਾ ਅਫ਼ਸੋਸ ਹੈ।
ਉਹ ਕਹਿੰਦੇ ਹਨ, "ਇਹ ਸਪੱਸ਼ਟ ਤੌਰ 'ਤੇ ਮੁਸਲਮਾਨਾਂ ਨੂੰ ਅਲੱਗ-ਥਲੱਗ ਕਰਨ ਅਤੇ ਧਾਰਮਿਕ ਵਿਤਕਰੇ ਨੂੰ ਵਧਾਉਣ ਦੀ ਕੋਸ਼ਿਸ਼ ਹੈ। ਪਰ ਅਸੀਂ ਕਾਰੋਬਾਰ ਕਰਨਾ ਹੈ, ਅਸੀਂ ਪ੍ਰਸ਼ਾਸਨ ਦੇ ਸਾਹਮਣੇ ਕੀ ਕਰ ਸਕਦੇ ਹਾਂ।"
ਮੁਜ਼ੱਫਰਨਗਰ ਦੇ ਭੰਗੋਲਾ ਪਿੰਡ 'ਚ ਹਾਈਵੇਅ 'ਤੇ ਚਾਹ ਦਾ ਸਟਾਲ ਚਲਾਉਣ ਵਾਲੇ ਆਸਿਫ਼ ਦਾ ਦਾਅਵਾ ਹੈ ਕਿ ਜਦੋਂ ਉਸ ਨੇ ਸਾਈਨ ਬੋਰਡ ਨਾ ਲਾਇਆ ਤਾਂ ਪੁਲਿਸ ਉਸ ਨੂੰ ਜ਼ਬਰਦਸਤੀ ਥਾਣੇ ਲੈ ਗਈ ਅਤੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ।
ਆਸਿਫ਼ ਕਹਿੰਦੇ ਹਨ, “ਸਥਾਨਕ ਸੰਸਦ ਮੈਂਬਰ ਹਰਿੰਦਰ ਮਲਿਕ ਦੇ ਦਖ਼ਲ ਤੋਂ ਬਾਅਦ ਮੈਨੂੰ ਥਾਣੇ ਤੋਂ ਛੁਡਵਾਇਆ ਗਿਆ। ਪਰ ਜਾਣ ਤੋਂ ਪਹਿਲਾਂ, ਪੁਲਿਸ ਨੇ ਮੇਰੀ ਦੁਕਾਨ 'ਤੇ ਮੇਰੇ ਨਾਮ ਦਾ ਇੱਕ ਵੱਡਾ ਬੈਨਰ ਵੀ ਲਗਵਾ ਦਿੱਤਾ।”

'ਮੁਸਲਿਮ ਮੁਲਾਜ਼ਮਾਂ ਨੂੰ ਹਟਾਉਣ ਦੇ ਹੁਕਮ'
ਕਈ ਹੋਰ ਢਾਬਿਆਂ ਦੇ ਮਾਲਕਾਂ ਦਾ ਦਾਅਵਾ ਹੈ ਕਿ ਪੁਲਿਸ ਦੀਆਂ ਟੀਮਾਂ ਉਨ੍ਹਾਂ ਦੇ ਢਾਬਿਆਂ 'ਤੇ ਆਈਆਂ ਸਨ ਅਤੇ ਉਨ੍ਹਾਂ ਨੂੰ ਮੁਸਲਿਮ ਮੁਲਾਜ਼ਮਾਂ ਨੂੰ ਹਟਾਉਣ ਲਈ ਕਿਹਾ ਸੀ।
ਇਸ ਢਾਬੇ ਦੇ ਨੇੜੇ ਸਥਿਤ ਇੱਕ ਹੋਰ ਢਾਬੇ ਦੇ ਹਿੰਦੂ ਮਾਲਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ, “ਕੁਝ ਦਿਨ ਪਹਿਲਾਂ ਪੁਲਿਸ ਨੇ ਆ ਕੇ ਪੁੱਛਿਆ ਕਿ ਕੋਈ ਮੁਸਲਮਾਨ ਕੰਮ ਕਰ ਰਿਹਾ ਹੈ।”
“ਮੈਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਹੈ, ਇਸ ਲਈ ਪੁਲਿਸ ਕਿਸੇ ਮੁਸਲਮਾਨ ਨੂੰ ਨੌਕਰੀ 'ਤੇ ਨਾ ਰੱਖਣ ਦੀ ਹਦਾਇਤ ਦੇ ਕੇ ਚਲੀ ਗਈ।”
ਇਸ ਢਾਬੇ ਦਾ ਪਹਿਲਾ ਸੰਚਾਲਕ ਮੁਸਲਮਾਨ ਸੀ। ਪਰ ਪਿਛਲੇ ਸਾਲ ਹੋਏ ਵਿਵਾਦ ਤੋਂ ਬਾਅਦ ਉਸ ਨੇ ਆਪਣਾ ਢਾਬਾ ਬੰਦ ਕਰ ਦਿੱਤਾ ਸੀ। ਹੁਣ ਇੱਕ ਹਿੰਦੂ ਮਾਲਕ ਇਸਨੂੰ ਚਲਾ ਰਿਹਾ ਹੈ।
ਹੁਣ ਨਵਾਂ ਹਿੰਦੂ ਮਾਲਕ ਕਹਿੰਦਾ ਹੈ, ''ਜੋ ਮੁਸਲਮਾਨ ਹਨ, ਉਨ੍ਹਾਂ ਦੇ ਕੰਮ ਵਿਚ ਫ਼ਰਕ ਆ ਗਿਆ ਹੈ। ਜਿਹੜੇ ਸਾਡੇ ਵਰਗੇ ਹਿੰਦੂ ਮਾਲਕ ਹਨ, ਉਨ੍ਹਾਂ ਦਾ ਕੰਮ ਚੱਲ ਰਿਹਾ ਹੈ।”
ਇੱਕ ਮਾਲਕ ਜਿਸ ਨੇ ਮੈਨੇਜਰ ਸਣੇ ਚਾਰ ਮੁਸਲਿਮ ਮੁਲਾਜ਼ਮਾਂ ਨੂੰ ਆਪਣੇ ਢਾਬੇ ਦੀ ਨੌਕਰੀ ਤੋਂ ਕੱਢਿਆ ਸੀ, ਕਹਿੰਦੇ ਹਨ, “ਤੁਸੀਂ ਸਾਡੀ ਸਥਿਤੀ ਨੂੰ ਸਮਝਦੇ ਹੋ। ਅਸੀਂ ਕੋਈ ਵਿਵਾਦ ਨਹੀਂ ਚਾਹੁੰਦੇ।"

ਪੁਲਿਸ ਕੀ ਕਹਿ ਰਹੀ ਹੈ
ਮੁਜ਼ੱਫਰਨਗਰ ਦੇ ਐੱਸਐੱਸਪੀ ਅਭਿਸ਼ੇਕ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਉਨ੍ਹਾਂ ਕਿਹਾ, "ਪੁਲਿਸ ਨੇ ਬਿਆਨ ਜਾਰੀ ਕਰ ਦਿੱਤਾ ਹੈ, ਇਸ ਤੋਂ ਇਲਾਵਾ ਸਾਡੇ ਕੋਲ ਕਹਿਣ ਲਈ ਕੁਝ ਨਹੀਂ ਹੈ।"
ਇਸ ਦੇ ਨਾਲ ਹੀ ਸ਼ਹਿਰ ਦੇ ਖਤੌਲੀ ਇਲਾਕੇ, ਜਿੱਥੇ ਕਈ ਦੁਕਾਨਦਾਰਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਿਮ ਮੁਲਾਜ਼ਮਾਂ ਨੂੰ ਆਪਣੀਆਂ ਦੁਕਾਨਾਂ ਤੋਂ ਹਟਾਉਣ ਲਈ ਕਿਹਾ ਗਿਆ ਹੈ, ਦੇ ਐੱਸਐੱਚਓ ਨੇ ਕਿਹਾ ਕਿ ਪੁਲਿਸ ਕਿਸੇ ਵੀ ਦੁਕਾਨ ਜਾਂ ਢਾਬੇ 'ਤੇ ਨਹੀਂ ਗਈ ਅਤੇ ਨਾ ਹੀ ਕਿਸੇ ਨੂੰ ਮੁਸਲਮਾਨ ਮੁਲਾਜ਼ਮਾਂ ਨੂੰ ਹਟਾਉਣ ਲਈ ਮਜਬੂਰ ਕੀਤਾ ਗਿਆ ਸੀ।

ਇਹ ਵਿਵਾਦ ਕਿਵੇਂ ਸ਼ੁਰੂ ਹੋਇਆ?
ਹੋਟਲ ਸੰਚਾਲਕਾਂ ਦਾ ਨਾਮ ਰੱਖਣ ਨੂੰ ਲੈ ਕੇ ਇਹ ਵਿਵਾਦ ਪਿਛਲੇ ਸਾਲ ਉਦੋਂ ਸ਼ੁਰੂ ਹੋਇਆ ਸੀ ਜਦੋਂ ਸਥਾਨਕ ਹਿੰਦੂ ਧਾਰਮਿਕ ਆਗੂ ਸਵਾਮੀ ਯਸ਼ਵੀਰ ਨੇ ਹਿੰਦੂ ਦੇਵੀ-ਦੇਵਤਿਆਂ ਦੇ ਨਾਂ 'ਤੇ ਚੱਲ ਰਹੇ ਮੁਸਲਿਮ ਮਾਲਕਾਂ ਦੇ ਢਾਬਿਆਂ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਮੁਹਿੰਮ ਸ਼ੁਰੂ ਕੀਤੀ ਸੀ।
ਸਵਾਮੀ ਯਸ਼ਵੀਰ ਦੇ ਪ੍ਰਚਾਰ ਤੋਂ ਬਾਅਦ ਪ੍ਰਸ਼ਾਸਨ ਨੇ ਕਈ ਹੋਟਲਾਂ 'ਤੇ ਸਖ਼ਤੀ ਕੀਤੀ, ਜਿਨ੍ਹਾਂ ਦੇ ਨਾਂ ਹਿੰਦੂ ਸਨ ਪਰ ਜਿਨ੍ਹਾਂ ਦੇ ਮਾਲਕ ਮੁਸਲਮਾਨ ਸਨ।
ਇਸ ਮੁਹਿੰਮ ਨੂੰ ਚਲਾ ਰਹੇ ਸਵਾਮੀ ਯਸ਼ਵੀਰ ਦਾ ਕਹਿਣਾ ਹੈ, ''ਮੁਸਲਮਾਨ ਹਿੰਦੂਆਂ ਦੇ ਵਿਸ਼ਵਾਸ ਨਾਲ ਛੇੜਛਾੜ ਕਰਨ ਲਈ ਭੋਜਨ ਨੂੰ ਅਸ਼ੁੱਧ ਅਤੇ ਅਪਵਿੱਤਰ ਬਣਾਉਂਦੇ ਹਨ।”
ਉਹ ਕਹਿੰਦੇ ਹਨ, “ਜਦੋਂ ਅਸੀਂ ਪਿਛਲੇ ਸਾਲ ਆਪਣੀ ਆਵਾਜ਼ ਉਠਾਈ ਸੀ ਤਾਂ ਮੁਸਲਮਾਨਾਂ ਦੇ ਖਾਣ-ਪੀਣ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਵਾਰ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਮੁਸਲਮਾਨਾਂ ਨਾਲ ਕੋਈ ਸਮੱਸਿਆ ਨਹੀਂ ਹੈ।”
“ਬੱਸ ਉਨ੍ਹਾਂ ਦੇ ਨਾਮ ਮੋਟੇ ਅੱਖਰਾਂ ਵਿੱਚ ਲਿਖੋ ਤਾਂ ਜੋ ਹਿੰਦੂ ਯਾਤਰੀ ਸਮਝਦਾਰੀ ਨਾਲ ਆਪਣੇ ਅਦਾਰਿਆਂ 'ਤੇ ਰੁਕਣ।”
ਇਸ ਸਵਾਲ 'ਤੇ ਕਿ ਇਸ ਮੁਹਿੰਮ ਨਾਲ ਸਮਾਜ 'ਚ ਭੇਦਭਾਵ ਵੀ ਪੈਦਾ ਹੋ ਸਕਦਾ ਹੈ, ਯਸ਼ਵੀਰ ਦਾ ਕਹਿਣਾ ਹੈ, ''ਇਹ ਹਿੰਦੂਆਂ ਦਾ ਅਧਿਕਾਰ ਹੈ ਕਿ ਉਹ ਜਿੱਥੇ ਖਾਣਾ ਖਾਣ ਜਾ ਰਹੇ ਹਨ, ਉਨ੍ਹਾਂ ਨੂੰ ਇਸਦੇ ਮਾਲਕ ਦਾ ਨਾਮ ਪਤਾ ਹੋਵੇ। ਪ੍ਰਸ਼ਾਸਨ ਨੇ ਸਾਡੀ ਮੰਗ ’ਤੇ ਇਹ ਪੱਕਾ ਕਰ ਦਿੱਤਾ ਹੈ।"
“ਅਸੀਂ ਚਾਹੁੰਦੇ ਹਾਂ ਕਿ ਇਹ ਪੂਰੇ ਉੱਤਰ ਪ੍ਰਦੇਸ਼ ਅਤੇ ਭਾਰਤ ਵਿੱਚ ਕੀਤਾ ਜਾਵੇ ਤਾਂ ਜੋ ਖਾਣ ਪੀਣ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਦੇ ਨਾਮ ਜਨਤਕ ਹੋ ਸਕਣ।"
ਯਸ਼ਵੀਰ ਦਾ ਦਾਅਵਾ ਹੈ ਕਿ ਉਹ ਮੁਸਲਿਮ ਕਾਰੋਬਾਰੀਆਂ ਦੇ ਖ਼ਿਲਾਫ਼ ਨਹੀਂ ਹੈ।
ਉਹ ਕਹਿੰਦੇ ਹਨ, "ਕਾਂਵੜ ਯਾਤਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਤੋਂ ਸਾਮਾਨ ਖਰੀਦ ਰਹੇ ਹਨ।"
ਯਸ਼ਵੀਰ ਦਾ ਕਹਿਣਾ ਹੈ, ''ਜੇਕਰ ਹਿੰਦੂਆਂ ਦਾ ਰੁਜ਼ਗਾਰ ਮੁਸਲਮਾਨਾਂ ਦੀਆਂ ਦੁਕਾਨਾਂ 'ਤੇ ਨਾ ਜਾਣ ਕਾਰਨ ਪ੍ਰਭਾਵਿਤ ਹੋ ਰਿਹਾ ਹੈ, ਤਾਂ ਅਜਿਹਾ ਹੋਵੇ।”
''ਅਸੀਂ ਉਨ੍ਹਾਂ ਦਾ ਰੁਜ਼ਗਾਰ ਨਹੀਂ ਦੇਖਣਾ, ਸਾਨੂੰ ਆਪਣੇ ਧਰਮ ਦੀ ਪਵਿੱਤਰਤਾ ਦੇਖਣੀ ਪਵੇਗੀ।"

ਤਸਵੀਰ ਸਰੋਤ, Getty Images
ਪਿੰਡ ਬਝੇੜੀ ਦੇ ਰਹਿਣ ਵਾਲੇ ਵਸੀ ਅਹਿਮਦ ਪਿਛਲੇ ਨੌਂ ਸਾਲਾਂ ਤੋਂ ਗਣਪਤੀ ਢਾਬਾ ਚਲਾ ਰਹੇ ਸਨ।
ਪਰ ਪਿਛਲੇ ਸਾਲ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਆਪਣਾ ਢਾਬਾ ਵੇਚ ਦਿੱਤਾ।
ਉਹ ਕਹਿੰਦੇ ਹਨ, “ਮੇਰਾ ਨਾਮ ਵਸੀ ਅਹਿਮਦ ਹੈ। ਅੱਜ-ਕੱਲ੍ਹ ਕੁਝ ਲੋਕ ਆਪਣੀ ਸਿਆਸਤ ਅਤੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਸੁਰਖੀਆਂ ਵਿੱਚ ਆਉਣ ਲਈ ਸਾਡੇ ਵਰਗੇ ਲੋਕਾਂ ਵਿਰੁੱਧ ਪ੍ਰਚਾਰ ਕਰ ਰਹੇ ਹਨ।”
“ਮੈਂ 2014 ਤੋਂ ਗਣਪਤੀ ਢਾਬਾ ਚਲਾ ਰਿਹਾ ਸੀ। ਪਿਛਲੇ ਸਾਲ ਪੁਲਿਸ ਟੀਮ ਮੇਰੇ ਕੋਲ ਆਈ ਸੀ। ਮੇਰਾ ਨਾਮ ਪੁੱਛਣ ਤੋਂ ਬਾਅਦ ਉਸਨੇ ਕਿਹਾ - ਤੁਹਾਨੂੰ ਢਾਬੇ ਦਾ ਨਾਮ ਗਣਪਤੀ ਰੱਖਣ ਦਾ ਅਧਿਕਾਰ ਕਿਸਨੇ ਦਿੱਤਾ?”
“ਮੈਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੇ ਮੈਨੂੰ ਕਾਰੋਬਾਰ ਕਰਨ ਦਾ ਅਧਿਕਾਰ ਦਿੱਤਾ ਹੈ।”
ਵਸੀ ਅਹਿਮਦ ਦਾ ਦਾਅਵਾ ਹੈ ਕਿ ਉਸ ਦੇ ਢਾਬੇ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਗਈ, ਜਿਸ ਤੋਂ ਬਾਅਦ ਮਜਬੂਰ ਹੋ ਕੇ ਉਸ ਨੂੰ ਆਪਣਾ ਢਾਬਾ ਵੇਚਣਾ ਪਿਆ।
ਹਿੰਦੂ ਭਾਈਵਾਲਾਂ ਨਾਲ ਢਾਬੇ ਚਲਾ ਰਹੇ ਮੁਸਲਮਾਨ ਢਾਬਾ ਮਾਲਕਾਂ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਪੰਜਾਬ ਤੜਕਾ ਢਾਬੇ ਦੇ ਮਾਲਕ ਨਾਜ਼ਿਮ ਤਿਆਗੀ ਦਾ ਕਹਿਣਾ ਹੈ, ''ਪਿਛਲੇ ਸਾਲ ਹੋਏ ਵਿਵਾਦ ਤੋਂ ਬਾਅਦ ਬਹੁਤ ਨੁਕਸਾਨ ਹੋਇਆ, ਮੈਂ ਸੋਚਿਆ, ਅਸੀਂ ਇਸਨੂੰ ਰਿਕਵਰ ਕਰ ਲਵਾਂਗੇ, ਹੁਣ ਇਹ ਨਵਾਂ ਹੁਕਮ ਆ ਗਿਆ ਹੈ।"
ਨਾਜ਼ਿਮ ਤਿਆਗੀ ਦਾ ਕਹਿਣਾ ਹੈ, ''ਸਾਡੇ ਢਾਬੇ 'ਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਹੈ। ਪਰ ਕਈ ਵਾਰ ਜਦੋਂ ਗਾਹਕਾਂ ਨੂੰ ਪਤਾ ਲੱਗਦਾ ਹੈ ਕਿ ਇੱਕ ਮਾਲਕ ਮੁਸਲਮਾਨ ਵੀ ਹੈ। ਤਾਂ ਮੇਜ਼ 'ਤੇ ਬੈਠਣ ਤੋਂ ਬਾਅਦ ਉਹ ਉੱਠ ਕੇ ਚਲੇ ਜਾਂਦੇ ਹਨ।”
“ਪਹਿਲਾਂ ਮੈਨੂੰ ਬੁਰਾ ਲੱਗਦਾ ਸੀ ਪਰ ਹੁਣ ਇਸ ਬਾਰੇ ਸੋਚ ਕੇ ਮੈਂ ਸਬਰ ਕਰ ਲਿਆ ਹੈ। ਜਿਸ ਨੇ ਜਿੱਥੇ ਖਾਣਾ ਹੈ, ਉਹ ਇੱਥੇ ਹੀ ਖਾਵੇਗਾ ਅਤੇ ਸਾਨੂੰ ਉਹੀ ਮਿਲੇਗਾ ਜੋ ਸਾਡੇ ਹਿੱਸੇ ਦਾ ਹੈ।”

ਕੀ ਕਹਿ ਰਹੇ ਹਨ ਕਾਂਵੜੀਏ?
ਕਾਂਵੜ ਯਾਤਰਾ 22 ਜੁਲਾਈ ਤੋਂ ਸ਼ੁਰੂ ਹੋਵੇਗੀ। ਪਰ ਲੰਮੀ ਦੂਰੀ ਤੱਕ ਕਾਂਵੜ ਲਿਜਾਣ ਵਾਲੇ ਜਾਂ ਭਾਰੀ ਕਾਂਵੜ ਲੈ ਕੇ ਜਾਣ ਵਾਲੇ ਕਾਂਵੜ ਯਾਤਰੀਆਂ ਨੇ ਤੁਰਨਾ ਸ਼ੁਰੂ ਕਰ ਦਿੱਤਾ ਹੈ।
ਆਕਾਸ਼ ਭੋਲਾ ਦੋ ਸੌ ਕਿੱਲੋ ਵਜ਼ਨ ਵਾਲਾ ਕਾਂਵੜ ਚੁੱਕ ਰਹੇ ਹਨ। ਉਨ੍ਹਾਂ ਦੇ ਨਾਲ ਚੱਲ ਰਹੇ ਵਿਸ਼ਾਲ 100 ਕਿਲੋ ਦਾ ਕਾਂਵੜ ਚੁੱਕ ਰਹੇ ਸਨ। ਉਹ ਕੁਝ ਕਦਮ ਚੱਲ ਕੇ ਰੁਕ ਜਾਂਦੇ ਹਨ।
ਆਕਾਸ਼ ਕਹਿੰਦੇ ਹਨ, "ਅਸੀਂ ਪਰਿਵਾਰ ਵਿੱਚ ਸ਼ਾਂਤੀ ਅਤੇ ਖੁਸ਼ੀ ਲਈ ਇੰਨਾ ਭਾਰੀ ਬੋਝ ਚੁੱਕ ਰਹੇ ਹਾਂ।"
ਨਾਮ ਨੂੰ ਲੈ ਕੇ ਹੋਏ ਵਿਵਾਦ 'ਤੇ ਵਿਸ਼ਾਲ ਕਹਿੰਦੇ ਹਨ, ''ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦੁਕਾਨ ਹਿੰਦੂ ਦੀ ਹੈ ਜਾਂ ਮੁਸਲਮਾਨ ਦੀ। ਅਸੀਂ ਸਭ ਭੋਲੇ ਦੀ ਇੱਜ਼ਤ ਕਰਦੇ ਹਾਂ। ਅਸੀਂ ਸਾਮਾਨ ਖਰੀਦਦੇ ਸਮੇਂ ਕਿਸੇ ਦਾ ਨਾਂ ਨਹੀਂ ਦੇਖਾਂਗੇ।”
“ਹਿੰਦੂ-ਮੁਸਲਿਮ ਦੀ ਇਹ ਗੱਲ ਸਿਰਫ਼ ਸਿਆਸਤ ਲਈ ਹੈ। ਕੀ ਕੋਈ ਦੱਸ ਸਕਦਾ ਹੈ ਕਿ ਕਿਹੜਾ ਲਹੂ ਹਿੰਦੂ ਦਾ ਹੈ ਤੇ ਕਿਹੜਾ ਮੁਸਲਮਾਨ ਦਾ?”
ਹਿਮਾਂਸ਼ੂ ਪਿਛਲੇ 18 ਸਾਲਾਂ ਤੋਂ ਕਾਂਵੜ ਚੁੱਕ ਕੇ ਜਾਣ ਵਾਲੇ 47 ਕਿਲੋ ਵਜ਼ਨ ਵਾਲਾ ਕਾਂਵੜ ਚੁੱਕ ਰਹੇ ਹਨ।
ਉਹ ‘ਬੋਲ ਬਮ’ ਕਹਿ ਕੇ ਅੱਗੇ ਵਧ ਰਹੇ ਹਨ।
ਹਿਮਾਂਸ਼ੂ ਕਹਿੰਦੇ ਹਨ, “ਮੈਂ 18 ਸਾਲਾਂ ਤੋਂ ਕਾਂਵੜ ਨੂੰ ਚੁੱਕ ਰਿਹਾ ਹਾਂ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਤੱਕ ਅਜਿਹਾ ਕਰਦਾ ਰਹਾਂਗਾ। ਜਦੋਂ ਮੈਂ ਕਾਂਵੜ ਨਾਲ ਘਰ ਪਹੁੰਚਦਾ ਹਾਂ, ਤਾਂ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ।"
ਨਾਂ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਹਿਮਾਂਸ਼ੂ ਦਾ ਕਹਿਣਾ ਹੈ ਕਿ, “ਕਾਂਵੜ ਸਾਡੇ ਲਈ ਬਹੁਤ ਪਵਿੱਤਰ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਸ਼ਵਾਸ ਨਾਲ ਛੇੜਛਾੜ ਨਾ ਕੀਤੀ ਜਾਵੇ। ਬਸ ਸਾਫ਼- ਸਫ਼ਾਈ ਹੋਣੀ ਚਾਹੀਦੀ ਹੈ। ਮੈਨੂੰ ਕਿਸੇ ਮੁਸਲਮਾਨ ਨਾਲ ਕੋਈ ਸਮੱਸਿਆ ਨਹੀਂ ਹੈ।”
“ਜੇ ਮੈਨੂੰ ਮੁਸਲਮਾਨਾਂ ਦੀ ਦੁਕਾਨ ਤੋਂ ਸਾਮਾਨ ਚੰਗਾ ਲੱਗੇ ਤਾਂ ਮੈਂ ਖਰੀਦ ਲਵਾਂਗਾ, ਅਜਿਹਾ ਕਰਨ ਨਾਲ ਮੇਰਾ ਕਾਂਵੜ ਖੰਡਿਤ ਨਹੀਂ ਹੋਵੇਗਾ।”
“ਰਾਹ ਵਿੱਚ ਮਿਲਣ ਵਾਲੇ ਕਈ ਮੁਸਲਮਾਨ ਜੈ ਸ਼ੰਕਰ ਦਾ ਜਾਪ ਕਰਦੇ ਹਨ ਤਾਂ ਚੰਗਾ ਲੱਗਦਾ ਹੈ।"

ਕਾਂਵੜ ਮਾਰਗ 'ਤੇ ਇੱਕ ਜਥੇ ਦੇ ਨਾਲ ਆਏ ਕਾਂਵੜ ਸ਼ਰਧਾਲੂ ਸੋਨੂੰ ਸ਼ਰਮਾ ਦਾ ਕਹਿਣਾ ਹੈ, ''ਨਾ ਤਾਂ ਕਿਸੇ ਨੂੰ ਸਾਡੇ ਨਾਲ ਕੋਈ ਸਮੱਸਿਆ ਹੈ ਅਤੇ ਨਾ ਹੀ ਸਾਨੂੰ ਕਿਸੇ ਨਾਲ ਕੋਈ ਪਰੇਸ਼ਾਨੀ ਹੈ।”
“ਅਸੀਂ ਪਵਿੱਤਰ ਭਾਵਨਾ ਨਾਲ ਕਾਂਵੜ ਲੈ ਕੇ ਨਿਕਲਦੇ ਹਾਂ। ਜੋ ਵੀ ਹੋ ਰਿਹਾ ਹੈ, ਉਸ ਦੇ ਪਿੱਛੇ ਸਿਆਸਤ ਹੈ, ਮੇਰਾ ਮੰਨਣਾ ਹੈ ਕਿ ਆਮ ਲੋਕਾਂ ਨੂੰ ਇਸ ਸਭ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।”
ਰਸ਼ੀਦ ਬਜਹੇੜੀ ਬਾਈਪਾਸ 'ਤੇ ਇਕ ਝੌਂਪੜੀ 'ਚ ਚਾਹ ਦੀ ਦੁਕਾਨ ਚਲਾਉਂਦੇ ਹਨ।
ਉਨ੍ਹਾਂ ਕੋਲ ਬੈਨਰ ਬਣਾਉਣ ਲਈ ਪੈਸੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਚਿੱਟੇ ਚਾਰਟ 'ਤੇ ਹੱਥਾਂ ਨਾਲ ਵੱਡੇ-ਵੱਡੇ ਅੱਖਰਾਂ ਵਿੱਚ ਆਪਣਾ ਨਾਮ ਲਿਖ ਲਿਆ ਹੈ।
ਰਾਸ਼ਿਦ ਆਪਣੇ ਪਰਿਵਾਰ ਨਾਲ ਇਸ ਝੌਂਪੜੀ ਵਿੱਚ ਰਹਿੰਦੇ ਹਨ।
ਇੱਕ ਦਰਜਨ ਕਾਂਵੜ ਸ਼ਰਧਾਲੂ ਉਨ੍ਹਾਂ ਦੀ ਦੁਕਾਨ 'ਤੇ ਰੁਕ ਕੇ ਚਾਹ ਪੀ ਰਹੇ ਹਨ।
ਰਾਸ਼ਿਦ ਨੇ ਕਿਹਾ, ''ਮੈਂ 12 ਸਾਲ ਦੀ ਉਮਰ ਤੋਂ ਹੀ ਭੋਲੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਮੈਨੂੰ ਇਹ ਪਸੰਦ ਹੈ। ਮੇਰੇ ਨਾਲ ਰਹਿਣ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ।"
ਦੀਪਕ ਸ਼ਰਮਾ ਜੋ ਕਿ ਕਾਂਵੜ ਨੂੰ ਸੋਨੀਪਤ ਲੈ ਕੇ ਜਾ ਰਹੇ ਸਨ, ਇੱਥੇ ਆਪਣੇ ਗਰੁੱਪ ਨਾਲ ਰੁਕੇ ਹਨ।
ਉਹ ਕਹਿੰਦੇ ਹਨ, “ਅਸੀਂ ਧਾਰਮਿਕ ਕੰਮ ਵਿੱਚ ਲੱਗੇ ਹੋਏ ਹਾਂ। ਸਾਡੇ ਮਨ ਵਿੱਚ ਕੋਈ ਵਿਤਕਰਾ ਨਹੀਂ ਹੈ। ਸਮਾਜ ਵਿੱਚ ਵਿਤਕਰੇ ਨੂੰ ਖ਼ਤਮ ਕਰਨਾ ਹੀ ਧਰਮ ਹੈ।”
“ਜੇਕਰ ਅਸੀਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫ਼ਰਕ ਕਰੀਏ ਤਾਂ ਸਾਡੇ ਧਰਮ ਵਿੱਚ ਕੀ ਬਚੇਗਾ?”

'ਮਾਹੌਲ ਖਰਾਬ ਕਰਨ ਦੀ ਕੋਸ਼ਿਸ਼'
ਮੁਜ਼ੱਫਰਨਗਰ 'ਚ ਹਰ ਸਾਲ ਕਾਂਵੜ ਸ਼ਰਧਾਲੂਆਂ ਲਈ ਕੈਂਪ ਲਗਾਉਣ ਵਾਲੀ 'ਪੈਗਾਮ-ਏ-ਇਨਸਾਨੀਅਤ' ਸੰਸਥਾ ਇਸ ਵਾਰ ਕੈਂਪ ਨਹੀਂ ਲਗਾਏਗੀ।
ਸੰਸਥਾ ਦੇ ਪ੍ਰਧਾਨ ਆਸਿਫ਼ ਰਾਹੀ ਦਾ ਕਹਿਣਾ ਹੈ, ''ਅਸੀਂ ਹਰ ਸਾਲ ਕੈਂਪ ਲਗਾ ਕੇ ਕਾਂਵੜੀਆਂ ਦੀ ਸੇਵਾ ਕਰਦੇ ਸੀ। ਪਰ ਇਸ ਵਾਰ ਅਸੀਂ ਸਾਵਧਾਨੀ ਦੇ ਤੌਰ 'ਤੇ ਕੈਂਪ ਨਹੀਂ ਲਗਾ ਰਹੇ ਹਾਂ।”
“ਦੂਰ-ਦੁਰਾਡੇ ਤੋਂ ਆਉਣ ਵਾਲੇ ਕਾਂਵੜ ਸ਼ਰਧਾਲੂ ਸਾਡੇ ਡੇਰੇ ਵਿੱਚ ਠਹਿਰਦੇ ਸਨ।
ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਮੁਸਲਮਾਨ ਹਾਂ, ਫਿਰ ਵੀ ਉਹ ਸਾਡੇ ਨਾਲ ਰਹਿੰਦੇ ਸਨ ਅਤੇ ਸਾਡੀ ਆਪਸੀ ਮੁਹੱਬਤ ਦਾ ਪੈਗਾਮ ਫੈਲਾਉਂਦੇ ਸਨ, ਪਰ ਇਸ ਵਾਰ ਮਾਹੌਲ ਵੱਖਰਾ ਹੈ। ਸਾਡੇ ਮਨ ਵਿੱਚ ਬਹੁਤ ਸਾਰੇ ਸ਼ੰਕੇ ਹਨ।"
ਰਾਹੀ ਨੇ ਅੱਗੇ ਕਿਹਾ, ''ਇਹ ਮੁਜ਼ੱਫਰਨਗਰ ਦੀ ਬਦਕਿਸਮਤੀ ਹੈ, ਜਿਸ ਨੇ ਇਨ੍ਹਾਂ ਦੰਗਿਆਂ ਦਾ ਸਾਹਮਣਾ ਕੀਤਾ ਹੈ ਕਿ ਸਮਾਜ ਨੂੰ ਵੰਡਣ ਦੀ ਇਹ ਨਵੀਂ ਸ਼ੁਰੂਆਤ ਇੱਥੋਂ ਸ਼ੁਰੂ ਹੋਈ ਹੈ। ਇਸ ਸਭ ਗੰਗਾ ਜਾਮੁਨੀ ਸੱਭਿਆਚਾਰ ਨੂੰ ਤਬਾਹ ਕੀਤਾ ਜਾ ਰਿਹਾ ਹੈ।”
“ਰਾਮ ਚਾਟ ਭੰਡਾਰ ਤੋਂ ਚਾਟ ਖਾਣਾ ਅਤੇ ਆਰਿਫ ਤੋਂ ਫ਼ਲ ਖਰੀਦਣਾ ਖਰੀਦਦਾਰ ਦੀ ਪਸੰਦ ਹੈ, ਪਰ ਲੱਗਦਾ ਹੈ ਕਿ ਕੁਝ ਤਾਕਤਾਂ ਹੁਣ ਲੋਕਾਂ ਦੀ ਇਸ ਪਸੰਦ ਨੂੰ ਠੇਸ ਪਹੁੰਚਾਉਣਾ ਚਾਹੁੰਦੀਆਂ ਹਨ।”
“ਇਸ ਨਵੀਂ ਪਰੰਪਰਾ ਦੇ ਨਤੀਜੇ ਸਮਾਜ ਲਈ ਚੰਗੇ ਨਹੀਂ ਹੋਣਗੇ।''
(ਮੁਜ਼ੱਫਰਨਗਰ ਤੋਂ ਅਮਿਤ ਸੈਣੀ ਨੇ ਇਸ ਰਿਪੋਰਟ ਵਿੱਚ ਸਹਿਯੋਗ ਦਿੱਤਾ ਹੈ।)












