ਇਸ ਸਾਲ ਹੱਜ ਦੌਰਾਨ ਹੋਈਆਂ ਸੈਂਕੜੇ ਮੌਤਾਂ ਦੇ ਕਾਰਨ ਕੀ ਰਹੇ

ਇਸ ਸਾਲ ਵਧਦੇ ਤਾਪਮਾਨ ਨੇ ਤਕਰੀਬਨ ਦੁਨੀਆਂ ਦੇ ਹਰ ਸ਼ਹਿਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦਾ ਅਸਰ ਹੱਜ ਦਾ ਫਰਜ਼ ਅਦਾ ਕਰਨ ਸਾਊਦੀ ਅਰਬ ਗਏ ਹਾਜੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਹਰ ਸਾਲ ਸੰਸਾਰ ਦੇ ਵੱਖ-ਵੱਖ ਦੇਸ਼ਾਂ ਤੋਂ ਲੱਖਾਂ ਲੋਕ ਸਾਊਦੀ ਅਰਬ ਹੱਜ ਲਈ ਜਾਂਦੇ ਹਨ।
ਸਾਊਦੀ ਅਰਬ 'ਚ ਅੱਤ ਦੀ ਗਰਮੀ ਅਤੇ ਸਹੂਲਤਾਂ ਦੀ ਘਾਟ ਕਾਰਨ ਸੈਂਕੜੇ ਹਾਜੀਆਂ ਦੀ ਮੌਤ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ।
ਸਾਊਦੀ ਪ੍ਰਸ਼ਾਸਨ ਮੁਤਾਬਕ ਹੱਜ ਦੌਰਾਨ ਹੁਣ ਤੱਕ 1300 ਤੋਂ ਵੱਧ ਸ਼ਰਧਾਲੂਆਂ ਦੀ ਜਾਨ ਜਾ ਚੁੱਕੀ ਹੈ। ਸਾਊਦੀ ਪ੍ਰਸ਼ਾਸਨ ਨੇ ਇਸ ਦਾ ਕਾਰਨ ਭਿਆਨਕ ਗਰਮੀ ਅਤੇ ਗ਼ੈਰ-ਕਾਨੂੰਨੀ ਯਾਤਰਾ ਦੱਸਿਆ ਹੈ।
ਇਸ ਸਾਲ ਹੱਜ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਤਾਪਮਾਨ 52 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਰਿਹਾ ਹੈ।
ਸਾਊਦੀ ਅਰਬ ਦੀ ਸਰਕਾਰੀ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਮਰਨ ਵਾਲੇ ਹਰ ਪੰਜ ਸ਼ਰਧਾਲੂਆਂ ਵਿੱਚੋਂ ਚਾਰ ਕੋਲ ਵੈਧ ਪਰਮਿਟ ਨਹੀਂ ਸੀ ਅਤੇ ਉਹ ਭਿਆਨਕ ਗਰਮੀ ਵਿੱਚ ਬਿਨ੍ਹਾਂ ਕਿਸੇ ਪਨਾਹ ਦੇ ਚੱਲ ਰਹੇ ਸਨ। ਮਰਨ ਵਾਲਿਆਂ ’ਚ ਕੁਝ ਬਜ਼ੁਰਗ ਅਤੇ ਬਿਮਾਰ ਵੀ ਸ਼ਾਮਲ ਸਨ।
ਰਿਪੋਰਟ - ਮੁਨੱਜ਼ਾ ਅਨਵਾਰ, ਐਂਕਰ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ



