ਕਪਿਲ ਸ਼ਰਮਾ ਦੇ ਕੈਨੇਡਾ ਵਿਚਲੇ ਕੈਫੇ 'ਤੇ ਗੋਲ਼ੀਬਾਰੀ ਦੇ ਮਾਮਲੇ ਵਿੱਚ ਹੁਣ ਤੱਕ ਕੀ-ਕੀ ਪਤਾ ਲੱਗਾ

ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਬਣੇ ਕੈਫੇ 'ਤੇ ਗੋਲ਼ੀਬਾਰੀ

ਤਸਵੀਰ ਸਰੋਤ, PTI/Kapil Sharma/FB

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ।

ਸੀਬੀਸੀ ਨਿਊਜ਼ ਨੇ ਸਰੀ ਪੁਲਿਸ ਸਰਵਿਸ (ਐੱਸਪੀਐੱਸ) ਦੇ ਹਵਾਲੇ ਨਾਲ ਕਿਹਾ ਹੈ, ''ਨਿਊਟਨ ਇਲਾਕੇ ਵਿੱਚ 120 ਸਟਰੀਟ 'ਤੇ ਬਣੇ ਕੈਫੇ 'ਤੇ ਵੀਰਵਾਰ ਸਵੇਰੇ ਗੋਲ਼ੀਆਂ ਚਲਾਈਆਂ ਗਈਆਂ। ਇਸ ਦੌਰਾਨ ਸਟਾਫ ਕੈਫੇ ਦੇ ਅੰਦਰ ਮੌਜੂਦ ਸੀ।''

ਪੁਲਿਸ ਨੇ ਕਿਹਾ ਹੈ ਕਿ ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਹਾਲਾਂਕਿ, ਕੈਫੇ ਨੂੰ ਨੁਕਸਾਨ ਪਹੁੰਚਿਆ ਹੈ।

ਕਪਿਲ ਸ਼ਰਮਾ ਦੇ ਕੈਫੇ 'ਤੇ ਹਮਲੇ ਤੋਂ ਬਾਅਦ ਖਿੜਕੀਆਂ ਵਿੱਚ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।

ਕੈਨੇਡਾ ਦੇ ਸਰੀ ਵਿੱਚ ਕਪਿਲ ਸ਼ਰਮਾ ਦਾ ਕੈਫੇ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਕੈਨੇਡਾ ਦੇ ਸਰੀ ਵਿੱਚ ਕਪਿਲ ਸ਼ਰਮਾ ਦਾ ਕੈਫੇ

ਇਸ ਮਾਮਲੇ ਵਿੱਚ ਕਪਿਲ ਸ਼ਰਮਾ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ ਕੈਫੇ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਮਾਮਲੇ ਵਿੱਚ ਮਦਦ ਲਈ ਸਥਾਨਕ ਪੁਲਿਸ ਦਾ ਧੰਨਵਾਦ ਕੀਤਾ ਗਿਆ ਹੈ।

ਸਰੀ ਪੁਲਿਸ ਨੇ ਕਿਹਾ ਹੈ ਕਿ ਹੋਰ ਘਟਨਾਵਾਂ ਨਾਲ ਸਬੰਧ ਅਤੇ ਸੰਭਾਵਿਤ ਉਦੇਸ਼ ਦੀ ਜਾਂਚ ਜਾਰੀ ਹੈ।

ਪੁਲਿਸ ਨੇ ਹੋਰ ਕੀ-ਕੀ ਦੱਸਿਆ

ਕੈਨੇਡਾ ਦੇ ਸਰੀ ਵਿੱਚ ਕਪਿਲ ਸ਼ਰਮਾ ਦਾ ਕੈਫੇ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਕੈਫੇ ਦੀਆਂ ਖਿੜਕੀਆਂ 'ਚ ਨਜ਼ਰ ਆਉਂਦੇ ਗੋਲ਼ੀਆਂ ਦੇ ਨਿਸ਼ਾਨ

ਖਬਰ ਏਜੰਸੀ ਏਐਨਆਈ ਨੇ ਕੈਨੇਡਾ ਦੇ ਅਖਬਾਰ ਵੈਨਕੂਵਰ ਸਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਰੀ ਪੁਲਿਸ ਨੇ ਦੱਸਿਆ ਹੈ ਕਿ ਸਥਾਨਕ ਸਮੇਂ ਅਨੁਸਾਰ 1 ਵੱਜ ਕੇ 50 ਮਿੰਟ 'ਤੇ ਇੱਕ ਕੈਪਸ ਕੈਫੇ 'ਤੇ ਗੋਲ਼ੀਬਾਰੀ ਕੀਤੀ ਗਈ।

ਇਸ ਹਮਲੇ ਦੌਰਾਨ ਕੈਫੇ ਦੇ ਅੰਦਰ ਸਟਾਫ਼ ਵੀ ਮੌਜੂਦ ਸੀ। ਹਾਲਾਂਕਿ ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

ਏਐਨਆਈ ਦੀ ਰਿਪੋਰਟ ਮੁਤਾਬਕ, ਕੈਫੇ ਦੀ ਇੱਕ ਖਿੜਕੀ ਵਿੱਚ ਘੱਟੋ-ਘੱਟ 10 ਗੋਲ਼ੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ, ਜਦਕਿ ਇੱਕ ਹੋਰ ਖਿੜਕੀ ਦਾ ਕੱਚ ਟੁੱਟ ਗਿਆ ਹੈ।

ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਗਵਾਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

'ਧੱਕਾ ਲੱਗਿਆ ਹੈ ਪਰ ਅਸੀਂ ਹਾਰ ਨਹੀਂ ਮੰਨਾਂਗੇ'

ਕੈਪਸ ਕੈਫੇ ਦੁਆਰਾ ਸ਼ੇਅਰ ਕੀਤੀ ਗਈ ਪੋਸਟ

ਤਸਵੀਰ ਸਰੋਤ, TheKapsCafe/Insta

ਤਸਵੀਰ ਕੈਪਸ਼ਨ, ਕੈਪਸ ਕੈਫੇ ਵੱਲੋਂ ਸ਼ੇਅਰ ਕੀਤੀ ਗਈ ਪੋਸਟ

ਇਸ ਮਾਮਲੇ ਉੱਤੇ ਕੈਫੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ।

ਕੈਪਸ ਕੈਫੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਸਟੋਰੀ 'ਚ ਕੈਫੇ ਵੱਲੋਂ ਲਿਖਿਆ ਗਿਆ ਹੈ, ''ਅਸੀਂ ਇਸ ਘਟਨਾ ਨਾਲ ਸਦਮੇ ਵਿੱਚ ਹਾਂ ਪਰ ਅਸੀਂ ਹਾਰ ਨਹੀਂ ਮੰਨੀ ਹੈ।''

ਪੋਸਟ ਵਿੱਚ ਲਿਖਿਆ ਗਿਆ ਹੈ, ''ਅਸੀਂ ਇਹ ਕੈਫੇ ਇਸ ਉਮੀਦ ਨਾਲ ਖੋਲ੍ਹਿਆ ਸੀ ਕਿ ਮਜ਼ੇਦਾਰ ਕਾਫ਼ੀ ਅਤੇ ਦੋਸਤਾਨਾ ਗਪਸ਼ਪ ਨਾਲ ਪ੍ਰੇਮ ਤੇ ਭਾਈਚਾਰਾ ਵਧੇਗਾ। ਇਸ ਸੁਪਨੇ ਨਾਲ ਹਿੰਸਾ, ਦਿਲ ਤੋੜਨ ਵਾਲੀ ਗੱਲ ਹੈ।''

ਕੈਪਸ ਕੈਫੇ ਦੁਆਰਾ ਸ਼ੇਅਰ ਕੀਤੀ ਗਈ ਪੋਸਟ

ਤਸਵੀਰ ਸਰੋਤ, TheKapsCafe/Insta

ਨਾਲ ਹੀ ਇਸ ਪੋਸਟ ਵਿੱਚ, ਮੁਸ਼ਕਿਲ ਸਮੇਂ ਦੌਰਾਨ ਮਦਦ ਅਤੇ ਸੁਰੱਖਿਆ ਲਈ ਸਰੀ ਪੁਲਿਸ ਅਤੇ ਡੈਲਟਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਹੈ।

ਹਫ਼ਤਾ ਭਰ ਪਹਿਲਾਂ ਹੀ ਖੁੱਲ੍ਹਿਆ ਹੈ ਕੈਫੇ

ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿਨੀ ਚਤਰਥ ਨੇ ਹਫ਼ਤਾ ਭਰ ਪਹਿਲਾਂ ਹੀ ਆਪਣਾ ਇਹ ਕੈਫ਼ੇ ਖੋਲ੍ਹਿਆ ਹੈ।

ਹਾਲ ਹੀ ਵਿੱਚ ਕਪਿਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੇ ਨਵੇਂ ਖੁੱਲ੍ਹੇ ਇਸ ਕੈਫੇ 'ਤੇ ਕਾਫੀ ਭੀੜ ਨਜ਼ਰ ਆ ਰਹੀ ਸੀ।

ਨਿਵਾਸੀ ਚਿੰਤਤ

ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿਨੀ ਚਤਰਥ ਨੇ ਹਫ਼ਤਾ ਭਰ ਪਹਿਲਾਂ ਹੀ ਆਪਣਾ ਇਹ ਕੈਫ਼ੇ ਖੋਲ੍ਹਿਆ ਹੈ

ਤਸਵੀਰ ਸਰੋਤ, TheKapsCafe/Insta

ਤਸਵੀਰ ਕੈਪਸ਼ਨ, ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿਨੀ ਚਤਰਥ ਨੇ ਹਫ਼ਤਾ ਭਰ ਪਹਿਲਾਂ ਹੀ ਆਪਣਾ ਇਹ ਕੈਫ਼ੇ ਖੋਲ੍ਹਿਆ ਹੈ

ਸਰੀ ਦੇ ਨਿਵਾਸੀਆਂ ਨੇ ਗੋਲੀਬਾਰੀ ਦੀ ਘਟਨਾ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ।

ਸੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਇੱਕ ਵਸਨੀਕ ਮਨਿੰਦਰਦੀਪ ਕੌਰ ਨੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਚਿੰਤਤ ਕਰ ਦਿੱਤਾ।

ਉਨ੍ਹਾਂ ਕਿਹਾ, "ਇਹ ਬਹੁਤ ਡਰਾਉਣਾ ਅਹਿਸਾਸ ਸੀ, ਤੁਹਾਨੂੰ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ। ਸਰੀ ਵਰਗੇ ਸ਼ਹਿਰ ਵਿੱਚ, ਇਹ ਬਹੁਤ ਨਿਰਾਸ਼ਾਜਨਕ ਹੈ।"

ਸ਼ੈਰਿਨ ਵਿੱਟੀ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ ਗਿਆ।

ਉਨ੍ਹਾਂ ਕਿਹਾ, "ਅਸੀਂ ਸਾਰੇ ਇਸ ਕੈਫੇ ਦੇ ਖੁੱਲ੍ਹਣ ਬਾਰੇ ਉਤਸ਼ਾਹਿਤ ਸੀ। ਕਪਿਲ ਸਾਡੇ ਭਾਈਚਾਰੇ ਅਤੇ ਖਾਸ ਤੌਰ 'ਤੇ ਸਾਡੇ ਪੰਜਾਬੀ ਭਾਈਚਾਰੇ ਲਈ ਇੱਕ ਵਾਕਈ ਇੱਕ ਵੱਡੇ ਕਲਾਕਾਰ ਹਨ।"

ਉਨ੍ਹਾਂ ਕਿਹਾ ਕਿ ਉਹ ਕੈਨੇਡੀਅਨ ਸਰਕਾਰ ਤੋਂ ਜਾਣਨਾ ਚਾਹੁੰਦੇ ਹਨ ਕਿ ਨਿਵਾਸੀਆਂ ਦੀ ਸੁਰੱਖਿਆ ਲਈ ਕੀ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਅੱਗੇ ਇਹ ਵੀ ਕਿਹਾ ਉਨ੍ਹਾਂ ਨੂੰ ਮਾਣ ਹੈ ਕਿ ਉਹ ਸਰੀ ਨਿਵਾਸੀ ਹਨ।

"ਮੈਨੂੰ ਲੱਗਦਾ ਹੈ ਕਿ ਸਰੀ ਇੱਕ ਸੁੰਦਰ ਭਾਈਚਾਰਾ ਹੈ, ਮੈਂ ਇੱਥੇ ਰਹਿ ਕੇ ਖੁਸ਼ ਹਾਂ ਅਤੇ ... ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਹੋਰ ਕਾਰੋਬਾਰ ਦੀ ਲੋੜ ਹੈ।"

'ਕਪਿਲ ਸਾਡੇ ਸਟਾਰ ਹਨ, ਬੜੀ ਮੰਦਭਾਗੀ ਘਟਨਾ'

ਲਾਲਜੀਤ ਸਿੰਘ ਭੁੱਲਰ

ਤਸਵੀਰ ਸਰੋਤ, Laljit singh bhullar/FB

ਤਸਵੀਰ ਕੈਪਸ਼ਨ, ਲਾਲਜੀਤ ਸਿੰਘ ਭੁੱਲਰ

ਆਮ ਆਦਮੀ ਪਾਰਟੀ ਦੇ ਆਗੂ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਖਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ''ਅਜਿਹੀਆਂ ਘਟਨਾਵਾਂ ਕਿਤੇ ਵੀ ਨਹੀਂ ਹੋਣੀਆਂ ਚਾਹੀਦੀਆਂ।''

ਉਨ੍ਹਾਂ ਕਿਹਾ, ''ਕਪਿਲ ਸ਼ਰਮਾ ਸਾਡੇ ਸਟਾਰ ਹਨ। ਦੁਨੀਆਂ ਉਨ੍ਹਾਂ ਨੂੰ ਚਾਹੁੰਦੀ ਹੈ, ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਇਹ ਬੜੀ ਮੰਦਭਾਗੀ ਘਟਨਾ ਹੋਈ ਹੈ।''

''ਅਜਿਹੀਆਂ ਘਟਨਾਵਾਂ ਭਵਿੱਖ 'ਚ ਨਾ ਹੋਣ, ਕੈਨੇਡਾ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਸ਼਼ਖਸੀਅਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)