ਪਾਕਿਸਤਾਨ ਦੀ ਇਹ ਅਦਾਕਾਰਾ ਕੌਣ ਹੈ ਜਿਸਦੀ ਫਲੈਟ ਵਿੱਚੋਂ ਮਿਲੀ ਲਾਸ਼, ਇੱਕ ਮਹੀਨੇ ਤੋਂ ਮ੍ਰਿਤਕ ਪਈ ਅਦਾਕਾਰਾ ਦਾ ਪਤਾ ਕਿਉਂ ਨਹੀਂ ਲੱਗ ਸਕਿਆ

ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੁਮੈਰਾ ਅਸਗਰ

ਤਸਵੀਰ ਸਰੋਤ, Humaira Asghar Instagram

ਤਸਵੀਰ ਕੈਪਸ਼ਨ, ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੁਮੈਰਾ ਅਸਗਰ
    • ਲੇਖਕ, ਰਿਆਜ਼ ਸੋਹੇਲ
    • ਰੋਲ, ਬੀਬੀਸੀ ਪੱਤਰਕਾਰ, ਕਰਾਚੀ ਤੋਂ

ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੁਮੈਰਾ ਅਸਗਰ ਅਲੀ ਮੰਗਲਵਾਰ ਰਾਤ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਆਪਣੇ ਫਲੈਟ ਵਿੱਚ ਮ੍ਰਿਤਕ ਪਾਏ ਗਏ।

ਕਰਾਚੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਕਾਰਾ ਹੁਮੈਰਾ ਅਸਗਰ ਦੀ ਲਾਸ਼ ਡਿਫੈਂਸ ਹਾਊਸਿੰਗ ਅਥਾਰਿਟੀ ਇਲਾਕੇ ਦੇ ਉਨ੍ਹਾਂ ਦੇ ਫਲੈਟ ਤੋਂ ਮਿਲੀ ਹੈ ਅਤੇ ਹੁਮੈਰਾ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਹੁਮੈਰਾ ਦੀ ਲਾਸ਼ ਉਸ ਵੇਲੇ ਬਰਾਮਦ ਹੋਈ ਜਦੋਂ ਅਦਾਲਤ ਦੇ ਹੁਕਮਾਂ 'ਤੇ ਪੁਲਿਸ ਫਲੈਟ ਖਾਲੀ ਕਰਨ ਲਈ ਉਨ੍ਹਾਂ ਘਰ ਪਹੁੰਚੀ।

ਪੁਲਿਸ ਅਨੁਸਾਰ, ਅਦਾਕਾਰਾ ਦੀ ਮੌਤ ਕਈ ਦਿਨ ਪਹਿਲਾਂ ਹੋ ਚੁੱਕੀ ਸੀ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਕੀ ਸੀ।

ਹੁਮੈਰਾ ਇਸੇ ਬਿਲਡਿੰਗ ਵਿੱਚ ਰਹਿੰਦੇ ਸਨ

ਤਸਵੀਰ ਸਰੋਤ, Habib Jamali

ਤਸਵੀਰ ਕੈਪਸ਼ਨ, ਹੁਮੈਰਾ ਇਸੇ ਬਿਲਡਿੰਗ ਵਿੱਚ ਰਹਿੰਦੇ ਸਨ

ਐੱਸਐੱਸਪੀ ਸਾਊਥ ਮਹਿਰੋਜ਼ ਅਲੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ "ਅਦਾਕਾਰਾ ਹੁਮੈਰਾ ਅਲੀ ਲਾਹੌਰ ਦੇ ਰਹਿਣ ਵਾਲੇ ਸਨ ਅਤੇ 2018 ਤੋਂ ਇੱਤੇਹਾਦ ਕਮਰਸ਼ੀਅਲ ਇਲਾਕੇ ਵਿੱਚ ਇੱਕ ਫਲੈਟ ਵਿੱਚ ਰਹਿ ਰਹੇ ਸਨ।"

ਉਨ੍ਹਾਂ ਨੇ ਦੱਸਿਆ ਕਿ ਸਾਲ 2024 ਤੋਂ ਉਨ੍ਹਾਂ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮਕਾਨ ਮਾਲਕ ਨੇ ਅਦਾਲਤ ਵਿੱਚ ਪਹੁੰਚ ਕੀਤੀ ਸੀ।

ਐੱਸਐੱਸਪੀ ਦੇ ਅਨੁਸਾਰ, ਜਦੋਂ ਪੁਲਿਸ ਮੰਗਲਵਾਰ ਨੂੰ ਅਦਾਲਤ ਦੇ 'ਬੇਲਿਫ' (ਮਾਲ ਕੁਰਕ ਕਰਨ ਵਾਲਾ ਕਰਮਚਾਰੀ) ਦੇ ਨਾਲ ਸਬੰਧਤ ਫਲੈਟ 'ਤੇ ਪਹੁੰਚੀ, ਤਾਂ ਦਰਵਾਜ਼ਾ ਅੰਦਰੋਂ ਬੰਦ ਮਿਲਿਆ।

"ਜਦੋਂ ਪੁਲਿਸ ਲੋਹੇ ਦਾ ਗੇਟ ਅਤੇ ਲੱਕੜ ਦਾ ਦਰਵਾਜ਼ਾ ਤੋੜ ਕੇ ਅੰਦਰ ਗਈ, ਤਾਂ ਹੁਮੈਰਾ ਅਲੀ ਦੀ ਲਾਸ਼ ਜ਼ਮੀਨ 'ਤੇ ਪਈ ਮਿਲੀ, ਜੋ ਕਿ ਕਈ ਦਿਨ ਪੁਰਾਣੀ ਸੀ।"

ਜਦੋਂ ਬੀਬੀਸੀ ਨੇ ਪੁਲਿਸ ਸਰਜਨ ਡਾਕਟਰ ਸੁਮੱਈਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 'ਲਾਸ਼ ਦੀ ਹਾਲਤ ਖਰਾਬ ਸੀ' ਪਰ ਮੌਤ ਦਾ ਕਾਰਨ ਬਾਅਦ ਵਿੱਚ ਦੱਸਿਆ ਜਾਵੇਗਾ।

ਉਨ੍ਹਾਂ ਕਿਹਾ, ''ਲਾਸ਼ ਤੋਂ ਨਮੂਨੇ ਲਏ ਗਏ ਹਨ ਅਤੇ ਮਹਿਲਾ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਵੇਗਾ।''

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਜਾਂਚਕਰਤਾਵਾਂ ਨੇ ਫਲੈਟ ਤੋਂ ਫੋਰੈਂਸਿਕ ਸਬੂਤ ਇਕੱਠੇ ਕਰ ਲਏ ਹਨ।

'ਲਾਸ਼ ਘੱਟੋ-ਘੱਟ ਇੱਕ ਮਹੀਨਾ ਪੁਰਾਣੀ ਹੋਵੇਗੀ'

ਕਰਾਚੀ ਵਿੱਚ ਛੀਪਾ ਵੈਲਫੇਅਰ ਐਸੋਸੀਏਸ਼ਨ ਦੇ ਵਲੰਟੀਅਰ ਹੁਮੈਰਾ ਦੀ ਲਾਸ਼ ਲੈ ਕੇ ਗਏ। ਐਂਬੂਲੈਂਸ ਡਰਾਈਵਰ ਜ਼ੁਬੈਰ ਬਲੋਚ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਹ ਫਲੈਟ ਪਹੁੰਚੇ ਤਾਂ ਉਸ ਸਮੇਂ ਤੱਕ ਪੁਲਿਸ ਪਹਿਲਾਂ ਹੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਚੁੱਕੀ ਸੀ।

ਜ਼ੁਬੈਰ ਬਲੋਚ ਕਹਿੰਦੇ ਹਨ ਕਿ ਉਨ੍ਹਾਂ ਨੇ ਦੇਖਿਆ ਕਿ "ਇੱਕ ਸਟੋਰ ਰੂਮ ਵਰਗੇ ਕਮਰੇ ਵਿੱਚ ਫਰਸ਼ 'ਤੇ ਕਾਰਪੇਟ 'ਤੇ ਇੱਕ ਮਹਿਲਾ ਦੀ ਲਾਸ਼ ਪਈ ਸੀ। ਜਿਸ ਨੇ ਨੀਲੀ ਪੈਂਟ ਅਤੇ ਗੁਲਾਬੀ ਟੀ-ਸ਼ਰਟ ਪਾਈ ਹੋਈ ਸੀ।"

ਉਨ੍ਹਾਂ ਦੇ ਅਨੁਸਾਰ, "ਇਹ ਫਲੈਟ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਸੀ ਜਿਸ ਵਿੱਚ ਦੋ ਤੋਂ ਤਿੰਨ ਕਮਰੇ ਸਨ। ਇੱਕ ਬੈੱਡਰੂਮ ਸੀ, ਘਰ ਵਿੱਚ ਬਿਜਲੀ ਨਹੀਂ ਸੀ।"

ਉਨ੍ਹਾਂ ਦੱਸਿਆ ਕਿ "ਪਤਾ ਲੱਗਾ ਕਿ ਮਕਾਨ ਮਾਲਕ ਨੇ ਬਿਜਲੀ ਕੱਟ ਦਿੱਤੀ ਸੀ। ਮੇਰੇ ਅੰਦਾਜ਼ੇ ਅਨੁਸਾਰ, ਲਾਸ਼ ਘੱਟੋ-ਘੱਟ ਇੱਕ ਮਹੀਨਾ ਪੁਰਾਣੀ ਹੋਣੀ ਚਾਹੀਦੀ ਹੈ।"

ਡੀਆਈਜੀ ਸਾਊਥ ਅਸਦ ਰਜ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਪੁਲਿਸ ਨੇ ਹੁਮੈਰਾ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ 'ਉਹ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਸੀ, ਉਹ ਇਕੱਲੀ ਰਹਿੰਦੀ ਸੀ।'

ਪਿਤਾ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ

ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੁਮੈਰਾ ਅਸਗਰ

ਤਸਵੀਰ ਸਰੋਤ, Humaira Asghar Instagram

ਤਸਵੀਰ ਕੈਪਸ਼ਨ, ਹੁਮੈਰਾ ਦੇ ਘਰਦਿਆਂ ਨੇ ਉਨ੍ਹਾਂ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ

ਡੀਆਈਜੀ ਨੇ ਇਹ ਵੀ ਕਿਹਾ ਕਿ ਜਦੋਂ ਹੁਮੈਰਾ ਦੇ ਪਰਿਵਾਰ ਨਾਲ ਉਨ੍ਹਾਂ ਦੀ ਮੌਤ ਤੋਂ ਬਾਅਦ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦੇ ਪਿਤਾ ਨੇ ਆਪਣੀ ਧੀ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ।

ਹੁਮੈਰਾ ਅਸਗਰ ਦੀ ਲਾਸ਼ ਉਨ੍ਹਾਂ ਦੇ ਘਰੋਂ ਮਿਲਣ ਦੀ ਖ਼ਬਰ ਤੋਂ ਬਾਅਦ, ਸੂਬੇ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸਈਦ ਜ਼ੁਲਫਿਕਾਰ ਅਲੀ ਸ਼ਾਹ ਨੇ ਡੀਆਈਜੀ ਸਾਊਥ ਅਸਦ ਰਜ਼ਾ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ।

ਨੈਸ਼ਨਲ ਕਾਲਜ ਆਫ਼ ਆਰਟਸ ਤੋਂ ਗ੍ਰੈਜੂਏਟ ਹੁਮੈਰਾ ਅਸਗਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ, ''ਉਨ੍ਹਾਂ ਨੇ 'ਆਪਣੇ ਕਾਲਜ ਦੇ ਦਿਨਾਂ ਤੋਂ ਹੀ ਰਫੀ ਪੀਰ ਥੀਏਟਰ ਵਿੱਚ ਕੰਮ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆਂ ਵਿੱਚ ਕਦਮ ਰੱਖਿਆ ਅਤੇ ਕਈ ਬ੍ਰਾਂਡਾਂ ਲਈ ਮਾਡਲਿੰਗ ਕੀਤੀ।''

ਉਨਾਂ ਨੇ ਕੁਝ ਸਾਲ ਪਹਿਲਾਂ ਨਿੱਜੀ ਟੀਵੀ ਚੈਨਲ ਏਆਰਵਾਈ ਦੇ ਰਿਐਲਿਟੀ ਸ਼ੋਅ 'ਤਮਾਸ਼ਾ ਘਰ' ਤੋਂ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਕਈ ਟੀਵੀ ਡਰਾਮਿਆਂ ਅਤੇ ਕੁਝ ਫਿਲਮਾਂ ਵਿੱਚ ਦਿਖਾਈ ਦਿੱਤੇ।

ਹੁਮੈਰਾ ਅਸਗਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ, ਜਿੱਥੇ ਮਨੋਰੰਜਨ ਜਗਤ ਦੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕਰ ਰਹੇ ਹਨ, ਉੱਥੇ ਹੀ ਬਹੁਤ ਸਾਰੇ ਲੋਕ ਹੈਰਾਨੀ ਅਤੇ ਅਫ਼ਸੋਸ ਪ੍ਰਗਟ ਕਰ ਰਹੇ ਹਨ ਕਿ ਇੰਨੇ ਦਿਨਾਂ ਤੱਕ ਕਿਸੇ ਨੂੰ ਇਸ ਬਾਰੇ ਪਤਾ ਕਿਉਂ ਨਹੀਂ ਲੱਗਾ।

ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੁਮੈਰਾ ਅਸਗਰ

ਕਸ਼ਫ਼ ਨੇ ਐਕਸ ਪਲੇਟਫਾਰਮ 'ਤੇ ਲਿਖਿਆ, "ਇੰਨੇ ਦਿਨਾਂ ਤੱਕ? ਮਾਪੇ? ਭੈਣ-ਭਰਾ? ਪਰਿਵਾਰ? ਹੋਰ ਲੋਕ ਜਾਂ ਦੋਸਤ? ਸਹਿਕਰਮੀ? ਉਹ ਤਮਾਸ਼ਾ ਵਿੱਚ ਸਨ ਅਤੇ ਸ਼ਾਇਦ ਉੱਥੇ ਕੁਝ ਦੋਸਤ ਬਣਾਏ ਹੋਣਗੇ ਪਰ ਕਿਸੇ ਨੇ ਜਾ ਕੇ ਉਨ੍ਹਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ?"

ਨੁਦਰਤ ਫਾਤਿਮਾ ਨੇ ਲਿਖਿਆ, "ਅੱਜ ਕਰਾਚੀ ਇੱਕ ਹੋਰ ਆਵਾਜ਼ ਦੇ ਚੁੱਪ ਹੋਣ ਦੀ ਖ਼ਬਰ ਸੁਣ ਕੇ ਜਾਗਿਆ।"

ਉਨ੍ਹਾਂ ਲਿਖਿਆ ਕਿ ਕਿਸੇ ਨੇ ਧਿਆਨ ਨਹੀਂ ਦਿੱਤਾ, ਕਿਸੇ ਨੇ ਉਨ੍ਹਾਂ ਦਾ ਦਰਵਾਜ਼ਾ ਨਹੀਂ ਖੜਕਾਇਆ।

"ਇਹ ਸਿਰਫ਼ ਇੱਕ ਦੁਖਾਂਤ ਹੀ ਨਹੀਂ ਹੈ ਸਗੋਂ ਸਾਡੀ ਸਮੂਹਿਕ ਇਕੱਲਤਾ ਅਤੇ ਬੇਖ਼ਬਰੀ ਨੂੰ ਹਿਲਾ ਦੇਣ ਲਈ ਕਾਫ਼ੀ ਹੈ।"

ਅਦਾਕਾਰਾ ਸਾਹਿਫਾ ਜੱਬਾਰ ਖਟਕ ਕਹਿੰਦੇ ਹਨ ਕਿ (ਸ਼ੋਅਬਿਜ਼) ਇੰਡਸਟਰੀ ਬਾਹਰੋਂ ਬਹੁਤ ਗਲੈਮਰਸ ਦਿਖਾਈ ਦਿੰਦੀ ਹੈ, ਪਰ ਇਸ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ।

ਅਦਾਕਾਰਾ ਹਿਨਾ ਅਲਤਾਫ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹੁਮੈਰਾ ਇਕੱਲੇ ਰਹਿੰਦੇ ਸਨ ਅਤੇ ਇਕੱਲਤਾ ਵਿੱਚ ਹੀ ਚਲੇ ਗਏ ਅਤੇ ਕਈ ਦਿਨਾਂ ਤੱਕ ਕਿਸੇ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ।

ਉਨ੍ਹਾਂ ਕਿਹਾ "ਇਹ ਸਿਰਫ਼ ਇੱਕ ਨੁਕਸਾਨ ਨਹੀਂ ਹੈ ਸਗੋਂ ਬੇਖ਼ਬਰੀ ਤੋਂ ਇੱਕ ਚੇਤਾਵਨੀ ਹੈ ਕਿ ਆਪਣੇ ਦੋਸਤਾਂ ਅਤੇ ਉਨ੍ਹਾਂ ਲੋਕਾਂ ਦਾ ਧਿਆਨ ਰੱਖੋ ਜੋ ਕਦੇ ਇਸਦੀ ਮੰਗ ਨਹੀਂ ਕਰਦੇ।"

ਕਰਾਚੀ ਵਿੱਚ ਦੂਜੀ ਅਜਿਹੀ ਘਟਨਾ

ਮਸ਼ਹੂਰ ਪਾਕਿਸਤਾਨੀ ਅਦਾਕਾਰਾ ਆਇਸ਼ਾ ਖਾਨ

ਤਸਵੀਰ ਸਰੋਤ, PTV

ਤਸਵੀਰ ਕੈਪਸ਼ਨ, ਮਸ਼ਹੂਰ ਪਾਕਿਸਤਾਨੀ ਅਦਾਕਾਰਾ ਆਇਸ਼ਾ ਖਾਨ

ਹਾਲ ਹੀ ਵਿੱਚ ਕਰਾਚੀ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ ਜਿੱਥੇ ਇੱਕਲੇ ਰਹਿੰਦੇ ਅਦਾਕਾਰਾ ਦੀ ਲਾਸ਼ ਮਿਲੀ ਹੈ। ਇਸ ਤੋਂ ਪਹਿਲਾਂ, ਆਇਸ਼ਾ ਖਾਨ ਨਾਮ ਦੇ ਇੱਕ ਸੀਨੀਅਰ ਅਦਾਕਾਰਾ ਦੀ ਮੌਤ 'ਤੇ ਵੀ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ ਸਨ।

ਇਸ ਸਾਲ ਜੂਨ ਵਿੱਚ, ਮਸ਼ਹੂਰ ਪਾਕਿਸਤਾਨੀ ਅਦਾਕਾਰਾ ਆਇਸ਼ਾ ਖਾਨ ਦੀ ਸੱਤ ਦਿਨ ਪੁਰਾਣੀ ਲਾਸ਼ ਉਨ੍ਹਾਂ ਦੇ ਘਰ ਵਿੱਚ ਮਿਲੀ ਸੀ। ਉਹ 76 ਸਾਲ ਦੇ ਸਨ।

ਪੁਲਿਸ ਦੇ ਅਨੁਸਾਰ, ਆਇਸ਼ਾ ਖਾਨ ਦੀ ਮੌਤ ਕੁਦਰਤੀ ਸੀ। ਅਦਾਕਾਰਾ ਆਇਸ਼ਾ ਖਾਨ ਗੁਲਸ਼ਨ ਇਕਬਾਲ ਬਲਾਕ 7 ਨਜੀਬ ਪਲਾਜ਼ਾ ਵਿੱਚ ਆਪਣੇ ਫਲੈਟ ਵਿੱਚ ਇਕੱਲੇ ਰਹਿੰਦੇ ਸਨ। ਜਦੋਂ ਇਸ ਫਲੈਟ ਵਿੱਚੋਂ ਬਦਬੂ ਆਈ ਤਾਂ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ। ਜਦੋਂ ਲੋਕ ਉਨ੍ਹਾਂ ਦੇ ਫਲੈਟ ਦਾ ਦਰਵਾਜ਼ਾ ਤੋੜ ਕੇ ਅੰਦਰ ਗਏ, ਤਾਂ ਅਦਾਕਾਰਾ ਘਰ ਵਿੱਚ ਮ੍ਰਿਤਕ ਪਾਏ ਗਏ।

ਆਇਸ਼ਾ ਖਾਨ ਦਾ ਜਨਮ 22 ਅਗਸਤ 1948 ਨੂੰ ਕਰਾਚੀ ਵਿੱਚ ਹੋਇਆ ਸੀ। ਉਨ੍ਹਾਂ ਨੇ 1964 ਵਿੱਚ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਅਤੇ ਪੀਟੀਵੀ ਦੇ ਕਈ ਮਸ਼ਹੂਰ ਨਾਟਕਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)