ਜੰਗਲੀ ਖੁੰਭਾਂ ਖੁਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਾਰਨ ਵਾਲਾ ਚਰਚਿਤ 'ਮਸ਼ਰੂਮ ਮਰਡਰ ਕੇਸ' ਕੀ ਹੈ, ਜਿਸ ਵਿੱਚ ਇਹ ਮਹਿਲਾ ਦੋਸ਼ੀ ਪਾਈ ਗਈ

ਤਸਵੀਰ ਸਰੋਤ, EPA
- ਲੇਖਕ, ਟਿਫਨੀ ਟਰਨਬੁੱਲ
- ਰੋਲ, ਮੋਰਵੈੱਲ, ਆਸਟ੍ਰੇਲੀਆ
ਏਰਿਨ ਪੈਟਰਸਨ ਦੇ ਡਾਇਨਿੰਗ ਟੇਬਲ 'ਤੇ ਅਸਲ ਵਿੱਚ ਕੀ ਹੋਇਆ ਸੀ, ਪਿਛਲੇ ਦੋ ਸਾਲਾਂ ਵਿੱਚ ਇਸ ਰਹੱਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।
29 ਜੁਲਾਈ, 2023 ਨੂੰ ਆਸਟ੍ਰੇਲੀਆ ਦੇ ਇੱਕ ਪੇਂਡੂ ਇਲਾਕੇ ਵਿੱਚ ਪੰਜ ਲੋਕ ਉਨ੍ਹਾਂ ਦੇ ਘਰ ਦੁਪਹਿਰ ਦਾ ਖਾਣਾ ਖਾਣ ਲਈ ਬੈਠੇ ਸਨ।
ਇੱਕ ਹਫ਼ਤੇ ਦੇ ਅੰਦਰ ਤਿੰਨ ਜਣੇ ਮਰ ਗਏ, ਚੌਥਾ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ ਅਤੇ ਪੰਜਵੇਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਕਿ ਉਸ ਨੇ ਮਹਿਮਾਨਾਂ ਨੂੰ ਜੰਗਲੀ ਮਸ਼ਰੂਮਾਂ ਨਾਲ ਜਾਣਬੁਝ ਕੇ ਜ਼ਹਿਰ ਦਿੱਤਾ ਸੀ।
ਮੋਰਵੈੱਲ ਦੇ ਛੋਟੇ ਜਿਹੇ ਕਸਬੇ ਵਿੱਚ ਇੱਕ ਬਹੁਤ ਹੀ ਚਰਚਿਤ ਮੁਕੱਦਮੇ ਤੋਂ ਬਾਅਦ, ਏਰਿਨ ਨੂੰ ਹੁਣ ਤਿੰਨ ਰਿਸ਼ਤੇਦਾਰਾਂ ਦੇ ਕਤਲ ਅਤੇ ਇੱਕ ਸ਼ਖ਼ਸ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਆਪਣੇ-ਆਪ ਨੂੰ ਮਸ਼ਰੂਮ ਪ੍ਰੇਮੀ ਅਤੇ ਸ਼ੌਕੀਆ ਮਸ਼ਰੂਮ ਭਾਲਣ ਵਾਲੀ ਦੱਸਣ ਵਾਲੀ ਔਰਤ ਨੇ ਅਦਾਲਤ ਨੂੰ ਦੱਸਿਆ ਕਿ ਇਹ ਸਭ ਇੱਕ ਦੁਖਦਾਈ ਹਾਦਸਾ ਸੀ।
ਪਰ ਨੌਂ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਜਿਊਰੀ (ਅਦਾਲਤ) ਨੇ ਗਵਾਹਾਂ ਨੂੰ ਸੁਣਿਆ ਅਤੇ ਸਬੂਤ ਦੇਖੇ, ਜੋ ਦਿਖਾਉਂਦੇ ਹਨ ਕਿ ਉਸ ਨੇ ਨੇੜਲੇ ਕਸਬਿਆਂ ਵਿੱਚ ਦੇਖੇ ਜਾਣ ਵਾਲੇ ਡੈਥ ਕੈਪ ਮਸ਼ਰੂਮਾਂ ਦਾ ਸ਼ਿਕਾਰ ਕੀਤਾ ਸੀ।
ਇਸ ਦੇ ਨਾਲ ਹੀ ਉਸ ਨੇ ਖ਼ੁਦ ਨੂੰ ਕੈਂਸਰ ਹੋਣ ਦਾ ਝੂਠਾ ਬਹਾਨਾ ਘੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਘਾਤਕ ਭੋਜਨ ਲਈ ਲੁਭਾਇਆ ਸੀ।
ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਝੂਠ ਬੋਲ ਕੇ ਅਤੇ ਸਬੂਤ ਨਸ਼ਟ ਕਰਕੇ ਆਪਣੇ ਅਪਰਾਧਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।

ਤਸਵੀਰ ਸਰੋਤ, EPA
ਸੰਤਰੀ ਪਲੇਟ
ਗੇਲ ਅਤੇ ਡੌਨ ਪੈਟਰਸਨ ਉਸ ਭਿਆਨਕ ਸ਼ਨੀਵਾਰ ਨੂੰ ਦੁਪਹਿਰ ਤੋਂ ਠੀਕ ਬਾਅਦ ਏਰਿਨ ਦੇ ਦਰਵਾਜ਼ੇ 'ਤੇ ਪਹੁੰਚੇ, ਹੱਥ ਵਿੱਚ ਸੰਤਰੀ ਕੇਕ ਸੀ। ਉਨ੍ਹਾਂ ਦੇ ਨਾਲ ਇਆਨ ਵਿਲਕਿਨਸਨ ਸਨ, ਹੀਥਰ ਵੀ ਨਾਲ ਸੀ ਜੋ ਕਿ ਗੇਲ ਦੀ ਭੈਣ ਸੀ ਅਤੇ ਉਸ ਦਾ ਪਤੀ ਇਆਨ, ਜੋ ਖਾਣੇ ਦੇ ਹਫ਼ਤਿਆਂ ਬਾਅਦ ਕੋਮਾ ਤੋਂ ਬਾਹਰ ਆਇਆ ਅਤੇ ਦੇਖਿਆ ਕਿ ਉਹ ਬਚਿਆ ਹੋਇਆ ਇਕਲੌਤਾ ਮਹਿਮਾਨ ਸੀ।
ਏਰਿਨ ਤੋਂ ਵੱਖ ਹੋ ਚੁੱਕਿਆ ਉਸ ਦਾ ਪਤੀ ਸਾਈਮਨ ਪੈਟਰਸਨ ਇਸ ਮੌਕੇ ਗ਼ੈਰ-ਹਾਜ਼ਰ ਸੀ। ਉਹ ਇੱਕ ਦਿਨ ਪਹਿਲਾਂ ਹੀ ਇਹ ਕਹਿ ਕੇ ਬਾਹਰ ਚਲਾ ਗਿਆ ਸੀ ਕਿ ਉਹ ਉਨ੍ਹਾਂ ਦੇ ਰਿਸ਼ਤੇ ਵਿੱਚ ਆਏ ਤਣਾਅ ਦੇ ਵਿਚਕਾਰ "ਬੇਆਰਾਮ" ਮਹਿਸੂਸ ਕਰ ਰਿਹਾ ਸੀ।
ਆਪਣੇ ਬਿਆਨ ਵਿੱਚ ਇਆਨ ਨੇ ਦੱਸਿਆ ਕਿ ਉਸ ਨੇ ਖਾਣੇ ਦੇ ਪਾਰਸਲਾਂ ਨੂੰ ਚਾਰ ਸਲੇਟੀ ਰੰਗ ਦੀਆਂ ਪਲੇਟਾਂ ਵਿੱਚ ਜਾਂਦੇ ਹੋਏ ਦੇਖਿਆ ਅਤੇ ਏਰਿਨ ਲਈ ਇੱਕ ਸੰਤਰੀ ਪਲੇਟ ਆਈ, ਜਿਸ ਵਿੱਚ ਮੈਸ਼ ਕੀਤੇ ਆਲੂ, ਹਰੇ ਬੀਨਜ਼ ਅਤੇ ਗ੍ਰੇਵੀ ਸੀ।
ਛੇਵੀਂ ਪਲੇਟ, ਕਥਿਤ ਤੌਰ 'ਤੇ ਸਾਈਮਨ ਲਈ ਤਿਆਰ ਕੀਤੀ ਗਈ ਸੀ ਕਿ ਜੇ ਅਚਾਨਕ ਉਸ ਦਾ ਮਨ ਬਦਲ ਜਾਏ ਅਤੇ ਉਹ ਵਾਪਸ ਆ ਜਾਏ।
ਪਰ ਉਹ ਨਹੀਂ ਆਇਆ ਤੇ ਖਾਣਾ ਫਰਿੱਜ ਵਿੱਚ ਰੱਖਿਆ ਗਿਆ।
ਸਾਰਿਆਂ ਨੇ ਖਾਣਾ ਸ਼ੁਰੂ ਕੀਤਾ ਅਤੇ ਹਾਸਾ ਮਜ਼ਾਕ ਕਰਨ ਲੱਗੇ ਕਿ ਕੌਣ ਕਿੰਨਾ ਖਾ ਰਿਹਾ ਹੈ।
ਟ੍ਰਾਇਲ ਦੌਰਾਨ ਇਹ ਵੀ ਪਤਾ ਲੱਗਾ ਕਿ ਜਦੋਂ ਮਹਿਮਾਨ ਮਿਠਾਈ ਖਾ ਰਹੇ ਸਨ ਤਾਂ ਏਰਿਨ ਨੇ ਉਨ੍ਹਾਂ ਨੂੰ ਇਹ ਦੱਸ ਦਿੱਤਾ ਕਿ ਉਸ ਨੂੰ ਕੈਂਸਰ ਹੈ।

ਹਾਲਾਂਕਿ, ਬਚਾਅ ਪੱਖ ਨੇ ਵੀ ਇਹ ਕਿਹਾ ਕਿ ਇਹ ਸੱਚ ਨਹੀਂ ਸੀ। ਪਰ ਉਸ ਦਿਨ, ਦੋ ਬਜ਼ੁਰਗ ਜੋੜਿਆਂ ਨੇ ਏਰਿਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਦੱਸੇ, ਖਾਣਾ ਉਸੇ ਤਰ੍ਹਾਂ ਖ਼ਤਮ ਕਰਨ, ਜਿਵੇਂ ਸ਼ੁਰੂ ਕੀਤਾ ਸੀ ਯਾਨਿ ਕਿ ਪ੍ਰਾਰਥਨਾ ਨਾਲ।
ਇਆਨ ਨੇ ਅਦਾਲਤ ਨੂੰ ਦੱਸਿਆ ਕਿ ਉਹ ਮੇਜ਼ਬਾਨ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ, ਪਰ 'ਮਾਹੌਲ ਦੋਸਤਾਨਾ' ਸੀ।
ਉਸ ਨੇ ਕਿਹਾ, "ਉਹ ਮੈਨੂੰ ਇੱਕ ਆਮ ਵਿਅਕਤੀ ਵਾਂਗ ਲੱਗ ਰਹੀ ਸੀ।"
ਉਸ ਰਾਤ ਤੱਕ, ਸਾਰੇ ਮਹਿਮਾਨ ਬਹੁਤ ਬਿਮਾਰ ਸਨ ਅਤੇ ਅਗਲੇ ਦਿਨ ਚਾਰੇ ਗੰਭੀਰ ਲੱਛਣਾਂ ਨਾਲ ਹਸਪਤਾਲ ਪਹੁੰਚ ਗਏ।
ਆਪਣਾ ਅਤੇ ਆਪਣੀ ਪਤਨੀ ਦਾ ਲਗਭਗ ਅੱਧਾ ਖਾਣਾ ਖਾਣ ਵਾਲੇ ਡੌਨ ਨੇ ਇੱਕ ਡਾਕਟਰ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੁਝ ਘੰਟਿਆਂ ਵਿੱਚ 30 ਵਾਰ ਉਲਟੀਆਂ ਆਈਆਂ।
ਇਸ ਨਾਲ ਜਲਦੀ ਹੀ ਸ਼ੱਕ ਵਧਣ ਲੱਗਾ।
ਸਾਈਮਨ ਨੇ ਕਿਹਾ ਕਿ ਉਨ੍ਹਾਂ ਦੀ ਵੱਖ ਹੋਈ ਪਤਨੀ ਅਜਿਹਾ ਪ੍ਰੋਗਰਾਮ ਘੱਟ ਹੀ ਰੱਖਦੀ ਹੁੰਦੀ ਸੀ ਅਤੇ ਇਆਨ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਪਹਿਲਾਂ ਕਦੇ ਵੀ ਏਰਿਨ ਦੇ ਘਰ ਨਹੀਂ ਗਏ ਸਨ।
ਪਿੱਛੇ ਵੇਖਦਿਆਂ, ਇੱਕ ਮਹਿਮਾਨ ਨੇ ਹੈਰਾਨ ਹੁੰਦਿਆ ਸੋਚਿਆ ਕਿ ਏਰਿਨ, ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵੱਖਰੀ ਪਲੇਟ ਵਿੱਚ ਖਾਣਾ ਕਿਉਂ ਖਾ ਰਹੀ ਹੈ।
ਬਾਅਦ ਵਿੱਚ, ਲਿਓਂਗਾਥਾ ਦੇ ਹਸਪਤਾਲ ਵਿੱਚ, ਏਰਿਨ ਦੇ ਬਿਮਾਰ ਮਹਿਮਾਨਾਂ ਨੇ ਪੁੱਛਿਆ ਕਿ ਕੀ ਉਨ੍ਹਾਂ ਦਾ ਮੇਜ਼ਬਾਨ ਵੀ ਬਿਮਾਰ ਹੈ। ਉਨ੍ਹਾਂ ਸਾਰਿਆਂ ਨੇ ਇੱਕੋ ਜਿਹਾ ਖਾਣਾ ਖਾਧਾ ਸੀ, ਹੈ ਨਾ?

ਤਸਵੀਰ ਸਰੋਤ, Paul Tyquin
ਇੱਕ ਸੰਤਰੀ ਕੇਕ
ਪਹਿਲੀ ਵਾਰ ਜਨਤਕ ਤੌਰ 'ਤੇ ਦੁਪਹਿਰ ਦੇ ਖਾਣੇ ਦਾ ਵੇਰਵਾ ਦਿੰਦੇ ਹੋਏ ਕਠਹਿਰੇ ਵਿੱਚ ਏਰਿਨ ਪੈਟਰਸਨ ਨੇ ਇੱਕ ਸਪੱਸ਼ਟੀਕਰਨ ਪੇਸ਼ ਕੀਤਾ।
ਉਸਨੇ ਅਦਾਲਤ ਨੂੰ ਦੱਸਿਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਵਿਦਾ ਕਰਨ ਤੋਂ ਬਾਅਦ ਉਸਨੇ ਰਸੋਈ ਸਾਫ਼ ਕੀਤੀ ਸੀ।
ਉਸ ਤੋਂ ਬਾਅਦ ਉਸ ਨੇ ਗੇਲ ਦੁਆਰਾ ਲਿਆਂਦੇ ਗਏ ਸੰਤਰੀ ਕੇਕ ਦਾ ਇੱਕ ਪੀਸ ਖਾਧਾ ਸੀ।
ਉਸ ਨੇ ਕਿਹਾ, "(ਮੈਂ) ਕੇਕ ਦਾ ਇੱਕ ਹੋਰ ਟੁੱਕੜਾ ਖਾਧਾ ਅਤੇ ਫਿਰ ਇੱਕ ਹੋਰ ਟੁਕੜਾ।"
ਇਸ ਤਰ੍ਹਾਂ ਕੇਕ ਦਾ ਟੁਕੜਾ ਖ਼ਤਮ ਹੋ ਗਿਆ ਅਤੇ ਲੱਗਾ ਕਿ ਖਾਣਾ ਜ਼ਿਆਦਾ ਹੋ ਗਿਆ ਹੈ।
ਏਰਿਨ ਨੇ ਮੁਕੱਦਮੇ ਦੌਰਾਨ ਦੱਸਿਆ, "ਇਸ ਲਈ ਮੈਂ ਟਾਇਲਟ ਗਈ ਅਤੇ ਇਸ ਨੂੰ ਦੁਬਾਰਾ ਵਾਪਸ ਲੈ ਆਈ। ਮੈਂ ਅਜਿਹਾ ਕਰਨ ਤੋਂ ਬਾਅਦ, ਬਿਹਤਰ ਮਹਿਸੂਸ ਕੀਤਾ।"
ਇਸ ਤਰ੍ਹਾਂ ਉਸ ਨੇ ਜਿਊਰੀ ਲਈ ਬੁਲੀਮੀਆ ਨਾਲ ਇੱਕ ਗੁਪਤ ਸੰਘਰਸ਼ ਦੀ ਰੂਪਰੇਖਾ ਦਿੱਤੀ। ਇਹ ਸ਼ਾਇਦ ਉਸਦੀ ਬਚਾਅ ਟੀਮ ਨੇ ਸੁਝਾਅ ਦਿੱਤਾ ਸੀ।
ਏਰਿਨ ਦੁਪਹਿਰ ਦੇ ਖਾਣੇ ਤੋਂ ਦੋ ਦਿਨ ਬਾਅਦ ਹਸਪਤਾਲ ਪਹੁੰਚੀ ਸੀ ਅਤੇ ਬਿਮਾਰ ਹੋਣ ਦੀ ਗੱਲ ਦੱਸੀ ਸੀ।
ਪਰ ਉਸ ਨੇ ਸ਼ੁਰੂ ਵਿੱਚ ਸਟਾਫ ਦੀਆਂ ਜ਼ਰੂਰੀ ਬੇਨਤੀਆਂ ਨੂੰ ਠੁਕਰਾ ਦਿੱਤਾ ਜੋ ਚਾਹੁੰਦੇ ਸਨ ਕਿ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਤੁਰੰਤ ਇਲਾਜ ਲਈ ਦਾਖ਼ਲ ਕਰਵਾਇਆ ਜਾਵੇ।
ਦਰਅਸਲ, ਬੱਚਿਆਂ ਬਾਰੇ ਉਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਬਚਿਆ ਹੋਇਆ ਖਾਣਾ ਖਾਧਾ ਸੀ।
ਪਰ ਜਦੋਂ ਡਾਕਟਰਾਂ ਨੇ ਅੰਤ ਵਿੱਚ ਏਰਿਨ ਨੂੰ ਜਾਂਚ ਲਈ ਬੁਲਾਇਆ, ਤਾਂ ਨਾ ਤਾਂ ਉਸ ਵਿੱਚ ਅਤੇ ਨਾ ਹੀ ਉਸ ਦੇ ਬੱਚਿਆਂ ਵਿੱਚ ਡੈਥ ਕੈਪ ਮਸ਼ਰੂਮ ਜ਼ਹਿਰ ਦੇ ਕੋਈ ਨਿਸ਼ਾਨ ਦਿਖਾਈ ਦਿੱਤੇ।
24 ਘੰਟਿਆਂ ਬਾਅਦ, ਏਰਿਨ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ।

ਤਸਵੀਰ ਸਰੋਤ, EPA
ਖ਼ਤਰੇ ਦੇ ਸੰਕੇਤ
ਹਾਲਾਂਕਿ ਉਹ ਮਹਿਮਾਨ, ਜਿਨ੍ਹਾਂ ਨੇ ਖਾਣਾ ਖਾਧਾ ਸੀ ਉਹ ਹਾਲੇ ਵੀ ਹਸਪਤਾਲ ਵਿੱਚ ਸਨ। ਉਨ੍ਹਾਂ ਨੂੰ ਲਗਾਤਾਰ ਦਸਤ ਅਤੇ ਉਲਟੀਆਂ ਆਉਣ ਕਾਰਨ ਅੰਗ ਫੇਲ੍ਹ ਹੋ ਰਹੇ ਸਨ।
ਉੱਧਰ ਸਰਕਾਰੀ ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਏਰਿਨ ਆਪਣੀਆਂ ਗ਼ਲਤੀਆਂ ਨੂੰ ਲੁਕਾ ਰਹੀ ਸੀ।
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਅਗਲੇ ਦਿਨ, ਸੀਸੀਟੀਵੀ ਫੁਟੇਜ ਵਿੱਚ ਏਰਿਨ ਨੂੰ ਇੱਕ ਸਥਾਨਕ ਕੂੜੇ ਦੇ ਢੇਰ ਵੱਲ ਜਾਂਦੇ ਹੋਏ ਅਤੇ ਇੱਕ ਫੂਡ ਡੀਹਾਈਡ੍ਰੇਟਰ ਦਾ ਨਿਪਟਾਰਾ ਕਰਦੇ ਹੋਏ ਦੇਖਿਆ ਗਿਆ, ਜਿਸ ਵਿੱਚ ਬਾਅਦ ਵਿੱਚ ਜ਼ਹਿਰੀਲੇ ਮਸ਼ਰੂਮ ਦੇ ਨਿਸ਼ਾਨ ਪਾਏ ਗਏ।
ਉਹ ਦੁਪਹਿਰ ਦੇ ਖਾਣੇ ਵੇਲੇ ਤਿੰਨ ਫੋਨਾਂ ਦੀ ਵਰਤੋਂ ਵੀ ਕਰ ਰਹੀ ਸੀ, ਜਿਨ੍ਹਾਂ ਵਿੱਚੋਂ ਦੋ ਕੁਝ ਹੀ ਦੇਰ ਬਾਅਦ ਗਾਇਬ ਹੋ ਗਏ। ਉਸ ਨੇ ਜੋ ਫੋਨ ਪੁਲਿਸ ਨੂੰ ਸੌਂਪਿਆ ਸੀ, ਉਸ ਨੂੰ ਵਾਰ-ਵਾਰ ਸਾਫ ਕੀਤਾ ਗਿਆ ਸੀ।
ਖੋਜਕਾਰਾਂ ਲਈ ਖ਼ਤਰੇ ਦੇ ਸੰਕੇਤ ਤੇਜ਼ੀ ਨਾਲ ਵਧਣ ਲੱਗੇ।
ਮਸ਼ਰੂਮਾਂ ਦੇ ਸਰੋਤ ਬਾਰੇ ਸਵਾਲਾਂ ਦੇ ਵੀ ਅਜੀਬ ਜਵਾਬ ਮਿਲੇ। ਪੈਟਰਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿੱਚੋਂ ਕੁਝ ਮੈਲਬੌਰਨ ਵਿੱਚ ਇੱਕ ਏਸ਼ੀਆਈ ਕਰਿਆਨੇ ਤੋਂ ਸੁੱਕੀਆਂ ਮਸ਼ਰੂਮਾਂ ਖਰੀਦੀਆਂ ਗਈਆਂ ਸਨ ਪਰ ਉਸ ਨੂੰ ਯਾਦ ਨਹੀਂ ਸੀ ਕਿ ਕਿਹੜਾ ਉਪਨਗਰ ਸੀ।
ਜਦੋਂ ਬ੍ਰਾਂਡ ਬਾਰੇ ਪੁੱਛਿਆ ਗਿਆ ਜਾਂ ਲੈਣ-ਦੇਣ ਦੇ ਰਿਕਾਰਡਾਂ ਲਈ, ਤਾਂ ਉਸ ਨੇ ਕਿਹਾ ਕਿ ਉਹ ਸਾਦੇ ਪੈਕਿੰਗ ਵਿੱਚ ਸਨ ਅਤੇ ਉਸ ਨੇ ਜ਼ਰੂਰ ਨਕਦ ਭੁਗਤਾਨ ਕੀਤਾ ਹੋਵੇਗਾ।
ਇਸ ਦੌਰਾਨ ਜਾਸੂਸਾਂ ਨੂੰ ਪਤਾ ਲੱਗਾ ਕਿ ਖਾਣੇ ਤੋਂ ਕੁਝ ਹਫ਼ਤੇ ਪਹਿਲਾਂ ਨੇੜਲੇ ਦੋ ਕਸਬਿਆਂ ਵਿੱਚ ਡੈਥ ਕੈਪ ਮਸ਼ਰੂਮ ਦੇਖੇ ਗਏ ਸਨ, ਜਿਸ ਨਾਲ ਸਬੰਧਤ ਸਥਾਨਕ ਲੋਕਾਂ ਨੇ ਔਨਲਾਈਨ ਪਲਾਂਟ ਡੇਟਾਬੇਸ ਆਈਨੈਚੁਰਲਿਸਟ (iNaturalist) ਨੂੰ ਤਸਵੀਰਾਂ ਅਤੇ ਸਥਾਨ ਪੋਸਟ ਕੀਤੇ ਸਨ।
ਏਰਿਨ ਦੇ ਇੰਟਰਨੈੱਟ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਘੱਟੋ-ਘੱਟ ਇੱਕ ਵਾਰ ਡੈਥ ਕੈਪ ਮਸ਼ਰੂਮ ਦੇ ਦ੍ਰਿਸ਼ ਦੇਖਣ ਲਈ ਵੈੱਬਸਾਈਟ ਦੀ ਵਰਤੋਂ ਕੀਤੀ ਸੀ। ਉਸ ਦੇ ਮੋਬਾਈਲ ਫੋਨ ਦੇ ਡਾਟਾ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਦੋਵਾਂ ਇਲਾਕਿਆਂ ਦੀ ਯਾਤਰਾ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਯਾਤਰਾ ਤੋਂ ਵਾਪਸੀ ਵੇਲੇ ਉਹ ਬਦਨਾਮ ਫੂਡ ਡੀਹਾਈਡ੍ਰੇਟਰ (ਇੱਕ ਉਪਕਰਨ) ਖਰੀਦ ਰਹੀ ਹੈ।
ਪਰ ਏਰਿਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਕਦੇ ਅਜਿਹਾ ਕੋਈ ਉਪਕਰਨ ਨਹੀਂ ਸੀ ਬਾਵਜੂਦ ਇਸ ਦੇ ਉਸ ਦੀ ਰਸੋਈ ਦੇ ਦਰਾਜ਼ ਵਿੱਚ ਇੱਕ ਨਿਰਦੇਸ਼ਿਤ ਪੁਸਤਿਕਾ ਸੀ।
ਜਦੋਂ ਡਿਜੀਟਲ ਫੋਰੈਂਸਿਕ ਮਾਹਰ ਉਸਦੇ ਡਿਵਾਈਸਾਂ 'ਤੇ ਕੁਝ ਸਮੱਗਰੀ ਹਾਸਿਲ ਕਰਨ ਵਿੱਚ ਸਫ਼ਲ ਰਹੇ ਤਾਂ ਉਨ੍ਹਾਂ ਨੂੰ ਰਸੋਈ ਦੇ ਸੈੱਟ 'ਤੇ ਡੈਥ ਕੈਪ ਮਸ਼ਰੂਮ ਦੇ ਰੂਪ ਵਿੱਚ ਦਿਖਾਈ ਦੇਣ ਵਾਲੀਆਂ ਫੋਟੋਆਂ ਮਿਲੀਆਂ।

ਤਸਵੀਰ ਸਰੋਤ, EPA
ਕੋਈ ਸਪੱਸ਼ਟ ਇਰਾਦਾ ਨਹੀਂ
ਪਰ ਪੁਲਿਸ ਨੂੰ ਜਿਸ ਗੱਲ ਨੇ ਹੈਰਾਨ ਕਰ ਦਿੱਤਾ, ਉਹ ਸੀ ਇਰਾਦੇ ਬਾਰੇ ਸਵਾਲ।
ਸਾਈਮਨ ਨੇ ਅਦਾਲਤ ਵਿੱਚ ਦੱਸਿਆ ਕਿ ਉਹ ਅਤੇ ਏਰਿਨ 2015 ਵਿੱਚ ਵੱਖ ਹੋਣ ਤੋਂ ਬਾਅਦ ਸ਼ੁਰੂ ਵਿੱਚ ਦੋਸਤਾਨਾ ਰਹੇ। ਉਸ ਨੇ ਕਿਹਾ ਕਿ 2022 ਵਿੱਚ ਜਦੋਂ ਜੋੜੇ ਵਿੱਚ ਵਿੱਤ, ਬੱਚਿਆਂ ਦੀ ਸਹਾਇਤਾ, ਸਕੂਲ ਅਤੇ ਜਾਇਦਾਦਾਂ ਨੂੰ ਲੈ ਕੇ ਮਤਭੇਦ ਹੋਣੇ ਸ਼ੁਰੂ ਹੋ ਗਏ ਤਾਂ ਇਹ ਬਦਲ ਗਿਆ।
ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਪ੍ਰਤੀ ਕੋਈ ਮਾੜੀ ਇੱਛਾ ਨਹੀਂ ਸੀ। "ਉਹ ਖਾਸ ਤੌਰ 'ਤੇ ਪਿਤਾ ਨਾਲ ਮਿਲਦੀ ਸੀ। ਉਨ੍ਹਾਂ ਦਾ ਗਿਆਨ ਅਤੇ ਸਬਕ ਸਾਂਝਾ ਕਰਦੇ ਸਨ।"
ਪਰ ਏਰਿਨ ਨੇ ਖੁਦ ਅਦਾਲਤ ਨੂੰ ਦੱਸਿਆ ਕਿ ਉਹ ਪੈਟਰਸਨ ਪਰਿਵਾਰ ਤੋਂ ਤੇਜ਼ੀ ਨਾਲ ਅਲੱਗ-ਥਲੱਗ ਮਹਿਸੂਸ ਕਰ ਰਹੀ ਸੀ - ਅਤੇ ਉਸ ਨੇ ਮੰਦੀ ਸ਼ਬਦਾਵਲੀ ਨਾਲ ਭਰੇ ਫੇਸਬੁੱਕ ਸੁਨੇਹਿਆਂ ਵਿੱਚ ਸਾਈਮਨ ਦੇ ਮਾਪਿਆਂ ਨੂੰ "ਗੁੰਮਿਆ ਹੋਇਆ ਕਾਰਨ" ਕਿਹਾ ਸੀ।
ਹਾਲਾਂਕਿ, ਇਸਤਗਾਸਾ ਪੱਖ ਨੇ ਕੋਈ ਖ਼ਾਸ ਮਕਸਦ ਪੇਸ਼ ਨਹੀਂ ਕੀਤਾ, ਇਹ ਕਹਿੰਦੇ ਹੋਏ ਕਿ ਜਿਊਰੀ ਅਜੇ ਵੀ ਮੁਕੱਦਮਾ ਖ਼ਤਮ ਹੋਣ ਤੋਂ ਬਾਅਦ ਵੀ ਸੋਚ ਰਹੀ ਹੋਵੇਗੀ ਕਿ ਏਰਿਨ ਨੇ ਕਤਲ ਕਿਉਂ ਕੀਤੇ।
ਏਰਿਨ ਦੇ ਬਚਾਅ ਲਈ ਸਪੱਸ਼ਟ ਉਦੇਸ਼ ਦੀ ਘਾਟ ਮੁੱਖ ਸੀ।
ਉਨ੍ਹਾਂ ਨੇ ਤਰਕ ਦਿੱਤਾ ਕਿ ਫੋਨ ਟ੍ਰੈਕਿੰਗ ਡਾਟਾ ਬਹੁਤ ਸਟੀਕ ਨਹੀਂ ਸੀ, ਇਸ ਲਈ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਨੇ ਅਸਲ ਵਿੱਚ ਉਨ੍ਹਾਂ ਕਸਬਿਆਂ ਦਾ ਦੌਰਾ ਕੀਤਾ ਜਿੱਥੇ ਡੈਥ ਕੈਪ ਮਸ਼ਰੂਮ ਦੇਖੇ ਗਏ ਸਨ।
ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਏਰਿਨ ਖਾਣੇ ਤੋਂ ਬਾਅਦ ਬਿਮਾਰ ਸੀ, ਬਾਕੀਆਂ ਵਾਂਗ ਬਿਮਾਰ ਨਹੀਂ ਸੀ ਕਿਉਂਕਿ ਉਸ ਨੇ ਇਹ ਸਭ ਕੁਝ ਬਾਹਰ ਕੱਢ ਦਿੱਤਾ ਸੀ। ਉਸ ਨੂੰ ਹਸਪਤਾਲ ਪਸੰਦ ਨਹੀਂ ਸਨ, ਇਸੇ ਕਰਕੇ ਉਹ ਡਾਕਟਰੀ ਸਲਾਹ ਦੇ ਨਾਲ ਉੱਥੋਂ ਨਿਕਲ ਆਈ ਸੀ।
ਪਰ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਏਰਿਨ ਨੇ ਇੰਨੇ ਝੂਠ ਬੋਲੇ ਸਨ ਕਿ ਉਨ੍ਹਾਂ ʼਤੇ ਨਜ਼ਰ ਰੱਖਣਾ ਮੁਸ਼ਕਲ ਸੀ।
ਸਰਕਾਰੀ ਵਕੀਲ ਨੈਨੇਟ ਰੋਜਰਸ ਨੇ ਕਿਹਾ ਕਿ ਜਿਊਰੀ ਨੂੰ ਇਸ ਦਲੀਲ ਨੂੰ ਰੱਦ ਕਰਨ ਵਿੱਚ "ਕੋਈ ਮੁਸ਼ਕਲ" ਨਹੀਂ ਹੋਣੀ ਚਾਹੀਦੀ ਕਿ "ਇਹ ਸਭ ਇੱਕ ਭਿਆਨਕ ਦੁਰਘਟਨਾ ਸੀ"।
ਅੰਤ ਵਿੱਚ, ਜਿਊਰੀ ਨੇ ਇਸਤਗਾਸਾ ਪੱਖ ਦਾ ਪੱਖ ਲਿਆ, ਅਤੇ ਇੱਕ ਫ਼ੈਸਲਾ ਸੁਣਾਇਆ ਜਿਸ ਵਿੱਚ ਏਰਿਨ ਪੈਟਰਸਨ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣੀ ਪੈ ਸਕਦੀ ਹੈ।
ਪੈਟਰਸਨ ਕੋਲ ਹੁਣ ਆਪਣੀ ਸਜ਼ਾ ਦੇ ਵਿਰੁੱਧ ਅਪੀਲ ਕਰਨ ਲਈ 28 ਦਿਨ ਹਨ।
ਪੈਟਰਸਨ ਅਤੇ ਵਿਲਕਿਨਸਨ ਪਰਿਵਾਰਾਂ ਨੇ ਨਿੱਜਤਾ ਦੀ ਮੰਗ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












