ਇੱਕ ਵੀਡੀਓ ਗੇਮ ਜਿਸ 'ਚ ਔਰਤਾਂ ਨੂੰ ਪੈਸਿਆਂ ਲਈ ਮਰਦਾਂ ਨੂੰ ਫਸਾਉਂਦੇ ਹੋਏ ਪੇਸ਼ ਕੀਤਾ ਗਿਆ, ਉਸ ਨੇ ਕਿਹੜੀ ਬਹਿਸ ਛੇੜੀ

ਤਸਵੀਰ ਸਰੋਤ, Qianfang Studio
"ਉਹ ਕੁੱਤਿਆਂ ਨਾਲੋਂ ਜ਼ਿਆਦਾ ਆਗਿਆਕਾਰੀ ਹਨ...ਕਾਸ਼ ਅਜਿਹੇ ਹੋਰ ਬੇਵਕੂਫ ਮਿਲਣ।" ਇਹ ਗੱਲ ਵੀਡੀਓ ਗੇਮ ਵਿੱਚ ਇੱਕ ਔਰਤ ਕਹਿੰਦੀ ਹੋਈ ਸੁਣਾਈ ਦਿੰਦੀ ਹੈ। ਇਸ ਵੀਡੀਓ ਗੇਮ ਨੇ ਚੀਨ ਵਿੱਚ ਲਿੰਗਕ ਮਸਲਿਆਂ 'ਤੇ ਬਹਿਸ ਛੇੜ ਦਿੱਤੀ ਹੈ।
ਲਾਈਵ-ਐਕਸ਼ਨ ਗੇਮ 'ਰਿਵੇਂਜ ਆਨ ਗੋਲਡ ਡਿਗਰਸ' ਵਿੱਚ ਖਿਡਾਰੀ ਪੁਰਸ਼ ਹੁੰਦੇ ਹਨ, ਜਿਨ੍ਹਾਂ ਨੂੰ ਲਾਲਚੀ ਅਤੇ ਚਲਾਕ ਮਹਿਲਾਵਾਂ ਪੈਸਿਆਂ ਦੇ ਲਈ ਪਿਆਰ ਵਿੱਚ ਫਸਾਉਂਦੀਆਂ ਹਨ। ਪੁਰਸ਼ ਦਾ ਜਵਾਬ ਹੀ ਅੱਗੇ ਦੀ ਕਹਾਣੀ ਤੈਅ ਕਰਦਾ ਹੈ।
ਇਹ ਵੀਡੀਓ ਗੇਮ ਜੂਨ ਵਿੱਚ ਰਿਲੀਜ਼ ਹੋਈ ਸੀ ਅਤੇ ਕੁਝ ਘੰਟਿਆਂ ਦੇ ਅੰਦਰ ਹੀ ਗੇਮਿੰਗ ਪਲੇਟਫਾਰਮ 'ਸਟੀਮ' ਦੀ ਲਿਸਟ ਵਿੱਚ ਸਭ ਤੋਂ ਉਪਰ ਪਹੁੰਚ ਗਈ ਪਰ ਜਲਦ ਹੀ ਇਸ 'ਤੇ ਵਿਵਾਦ ਸ਼ੁਰੂ ਹੋ ਗਿਆ।
ਕੁਝ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਇਹ ਗੇਮ ਔਰਤਾਂ ਨੂੰ ਲੈ ਕੇ ਅਪਮਾਨਜਨਕ ਸੋਚ ਨੂੰ ਵਧਾ ਰਹੀ ਹੈ, ਜਦਕਿ ਇਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਪਿਆਰ ਵਿੱਚ ਧੋਖਾ ਦੇਣ ਵਾਲੇ ਲੋਕਾਂ ਤੋਂ ਸਾਵਧਾਨ ਕਰਦੀ ਹੈ।
ਆਲੋਚਨਾ ਇੰਨੇ ਵੱਡੇ ਪੈਮਾਨੇ 'ਤੇ ਹੋਈ ਕਿ ਅਗਲੇ ਹੀ ਦਿਨ ਗੇਮ ਦੇ ਨਿਰਮਾਤਾਵਾਂ ਨੇ ਇਸ ਦਾ ਨਾਮ ਚੁਪਚਾਪ ਬਦਲ ਕੇ 'ਇਮੋਸ਼ਨਲ ਐਂਟੀ-ਫਰਾਡ ਸਿਮਅੁਲੇਟਰ' ਰੱਖ ਦਿੱਤਾ।
ਪਰ ਇਸ ਕਦਮ ਨਾਲ ਨੁਕਸਾਨ ਦੀ ਭਰਪਾਈ ਨਹੀਂ ਹੋ ਸਕੀ। ਗੇਮ ਦੇ ਮੁੱਖ ਨਿਰਦੇਸ਼ਕ, ਹਾਂਗਕਾਂਗ ਦੇ ਫਿਲਮਮੇਕਰ ਮਾਰਕ ਹੂ ਨੂੰ ਹੁਣ ਚੀਨ ਦੇ ਕਈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬੈਨ ਕਰ ਦਿੱਤਾ ਗਿਆ ਹੈ।
ਗੇਮ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ 'ਉਨ੍ਹਾਂ ਦਾ ਇਰਾਦਾ ਕਦੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਦਾ ਨਹੀਂ ਸੀ। ਉਹ ਬਸ ਨਵੇਂ ਦੌਰ ਦੇ ਰਿਸ਼ਤਿਆਂ ਵਿੱਚ ਭਾਵਨਾਤਮਕ ਸੀਮਾਵਾਂ ਅਤੇ ਵਹਿਮ ਦੀ ਸਥਿਤੀ 'ਤੇ ਖੁੱਲ੍ਹੀ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਸਨ।'
ਆਰਟਿਸਟ ਸ਼ੂ ਯੀਕੁਨ ਨੇ ਇਸ ਗੇਮ ਨੂੰ ਬੇਹੱਦ ਅਪਨਾਮਜਨਕ ਦੱਸਿਆ ਹੈ। ਉਨ੍ਹਾਂ ਦਾ ਇਲਜ਼ਾਮ ਹੈ, "ਇਹ ਇੱਕ ਅਜਿਹਾ ਬਿਜ਼ਨਸ ਮਾਡਲ ਹੈ, ਜੋ ਜਾਣਬੁਝ ਕੇ ਵਿਵਾਦ ਅਤੇ ਬਹਿਸ ਪੈਦਾ ਕਰਨ ਵਾਲੇ ਕੰਟੈਂਟ 'ਤੇ ਟਿਕਿਆ ਹੈ।"
ਸ਼ੂ ਵਰਗੇ ਆਲੋਚਕਾਂ ਦਾ ਕਹਿਣਾ ਹੈ ਕਿ 'ਗੋਲਡ ਡਿੱਗਰ' ਵਰਗੇ ਸ਼ਬਦਾਂ ਵਿੱਚ ਹੀ ਔਰਤਾਂ ਪ੍ਰਤੀ ਨਫ਼ਰਤ ਝਲਕਦੀ ਹੈ।
ਸ਼ੂ ਕਹਿੰਦੇ ਹਨ, "ਇਹ ਇੱਕ ਅਜਿਹਾ ਲੇਬਲ ਹੈ, ਜੋ ਅਕਸਰ ਔਰਤਾਂ 'ਤੇ ਲਗਾਇਆ ਜਾਂਦਾ ਹੈ। ਲਿੰਗ ਅਧਾਰਿਤ ਚੁਟਕਲੇ ਅਤੇ ਅਜਿਹੇ ਅਪਮਾਨਜਨਕ ਸ਼ਬਦ ਸਾਡੀ ਰੋਜ਼ਮਰਾ ਦੀ ਭਾਸ਼ਾ ਵਿੱਚ ਸ਼ਾਮਲ ਹੋ ਗਏ ਹਨ।"
ਉਨ੍ਹਾਂ ਦਾ ਕਹਿਣਾ ਹੈ, "ਜੇ ਤੁਹਾਡਾ ਬੁਆਏਫਰੈਂਡ ਅਮੀਰ ਹੈ ਤਾਂ ਤੁਹਾਨੂੰ ਗੋਲਡ ਡਿਗਰ ਕਿਹਾ ਜਾਂਦਾ ਹੈ। ਜੇ ਤੁਸੀਂ ਖੁਦ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਗੋਲਡ ਡਿਗਰ ਕਿਹਾ ਜਾਂਦਾ ਹੈ। ਕਦੇ-ਕਦੇ ਤਾਂ ਸਿਰਫ ਕਿਸੇ ਤੋਂ ਡਰਿੰਕ ਲੈਣ 'ਤੇ ਹੀ ਤੁਹਾਨੂੰ ਇਹ ਨਾਮ ਦੇ ਦਿੱਤਾ ਜਾਂਦਾ ਹੈ।"
ਚੀਨੀ ਮੀਡੀਆ ਅਤੇ ਨੌਜਵਾਨਾਂ ਵਿੱਚ ਕਿਹੋ ਜਿਹੀ ਚਰਚਾ?

ਤਸਵੀਰ ਸਰੋਤ, Qianfang Studio
ਹਾਲਾਂਕਿ ਕੁਝ ਯੂਜ਼ਰਸ ਨੂੰ ਇਹ ਆਲੋਚਨਾ ਜ਼ਰੂਰਤ ਤੋਂ ਜ਼ਿਆਦਾ ਲੱਗਦੀ ਹੈ।
ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ 31 ਸਾਲ ਦੇ ਝੁਆਂਗ ਮੇਂਗਸ਼ੇਂਗ (ਬਦਲਿਆ ਹੋਇਆ ਨਾਮ) ਕਹਿੰਦੇ ਹਨ, "ਗੇਮ ਇਹ ਨਹੀਂ ਕਹਿੰਦਾ ਕਿ ਸਾਰੀਆਂ ਔਰਤਾਂ ਗੋਲਡ ਡਿਗਰ ਹਨ। ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਇੱਕ ਜੇਂਡਰ ਨੂੰ ਟਾਰਗੇਟ ਕਰਦਾ ਹੈ। ਔਰਤ ਅਤੇ ਪੁਰਸ਼, ਦੋਵੇਂ ਹੀ ਗੋਲਡ ਡਿਗਰ ਹੋ ਸਕਦੇ ਹਨ।"
ਪਰ ਫਿਰ ਵੀ ਗੇਮ ਵਿੱਚ ਸਾਰੀਆਂ ਔਰਤਾਂ ਹੀ 'ਗੋਲਡ ਡਿਗਰ' ਹਨ। ਇੱਕ ਨਵੀਂ ਔਨਲਾਈਨ ਇਨਫਲੂਐਂਸਰ ਤੋਂ ਲੈ ਕੇ ਇੱਕ ਉਭਰਦੀ ਕਾਰੋਬਾਰੀ ਔਰਤ ਤੱਕ, ਹਰ ਕਿਸੇ ਨੂੰ ਮਰਦਾਂ ਤੋਂ ਪੈਸੇ ਅਤੇ ਮਹਿੰਗੇ ਤੋਹਫ਼ੇ ਪ੍ਰਾਪਤ ਕਰਨ ਲਈ ਉਨ੍ਹਾਂ 'ਤੇ ਚਾਲਾਂ ਖੇਡਦੇ ਦਿਖਾਇਆ ਗਿਆ ਹੈ।
ਇਨ੍ਹਾਂ ਮਹਿਲਾ ਕਿਰਦਾਰਾਂ ਵਿੱਚੋਂ ਇੱਕ ਔਰਤ ਕਹਿੰਦੀ ਹੈ, "ਪਤਾ ਕਰਨਾ ਹੈ ਕਿ ਕੋਈ ਪੁਰਸ਼ ਤੁਹਾਡੇ ਨਾਲ ਪਿਆਰ ਕਰਦਾ ਹੈ ਜਾਂ ਨਹੀਂ? ਤਾਂ ਇਹ ਦੇਖੋ ਕਿ ਉਹ ਤੁਹਾਡੇ 'ਤੇ ਕਿੰਨਾ ਖਰਚ ਕਰਦਾ ਹੈ।"
ਗੇਮ ਨੂੰ ਲੈ ਕੇ ਸਥਾਨਕ ਮੀਡੀਆ ਵਿੱਚ ਵੀ ਮਤਭੇਦ ਹਨ। ਚੀਨ ਦੇ ਹੁਬੇਈ ਸੂਬੇ ਦੇ ਇੱਕ ਅਖਬਾਰ ਨੇ ਕਿਹਾ ਕਿ ਇਹ ਗੇਮ "ਪੂਰੇ ਜੇਂਡਰ ਨੂੰ ਠੱਗ ਦੱਸ ਰਿਹਾ ਹੈ।"
ਪਰ ਬੀਜਿੰਗ ਯੂਥ ਡੇਲੀ ਨੇ ਇਸ ਦੀ 'ਕ੍ਰਿਏਟਿਵਿਟੀ' ਦੀ ਤਾਰੀਫ ਕੀਤੀ ਅਤੇ ਪਿਆਰ ਵਿੱਚ ਹੋਣ ਵਾਲੀ ਠੱਗੀ ਦੇ ਆਰਥਿਕ ਅਸਰ ਦਾ ਹਵਾਲਾ ਦਿੱਤਾ।

ਤਸਵੀਰ ਸਰੋਤ, Getty Images
ਨੈਸ਼ਨਲ ਐਂਟੀ ਫਰਾਡ ਸੈਂਟਰ ਦੇ ਅੰਕੜਿਆਂ ਦੇ ਮੁਤਾਬਕ 2023 ਵਿੱਚ ਅਜਿਹੇ ਮਾਮਲਿਆਂ ਵਿੱਚ ਕਰੀਬ 2 ਅਰਬ ਯੁਆਨ (279 ਮਿਲੀਅਨ ਡਾਲਰ) ਦਾ ਨੁਕਸਾਨ ਹੋਇਆ।
ਅਖਬਾਰ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ, "ਸਾਨੂੰ ਭਾਵਨਾਤਮਕ ਠੱਗੀ ਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ।"
ਵਿਵਾਦ ਦੇ ਬਾਵਜੂਦ ਇਸ ਗੇਮ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ। ਇਹ ਹੁਣ ਚੀਨ ਦੇ ਟੌਪ ਦਸ ਪੀਸੀ ਗੇਮਜ਼ ਵਿੱਚ ਸ਼ਾਮਲ ਹੋ ਗਿਆ ਹੈ।
ਇਥੋਂ ਤੱਕ ਕਿ ਇਸ ਨੇ 'ਬਲੈਕ ਮਿਥ: ਬੁਕੋਂਗ' ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਸ ਨੂੰ ਹੁਣ ਤੱਕ ਦਾ ਸਭ ਤੋਂ ਸਫ਼ਲ ਚੀਨੀ ਗੇਮ ਮੰਨਿਆ ਜਾਂਦਾ ਹੈ।
28 ਸਾਲ ਦੇ ਇੱਕ ਨੌਜਵਾਨ ਦਾ ਕਹਿਣਾ ਹੈ, "ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਇਸ ਤੋਂ ਇੰਨਾ ਨਾਰਾਜ਼ ਕਿਉਂ ਹਨ। ਜੇ ਤੁਸੀਂ ਖੁਦ ਗੋਲਡ ਡਿਗਰ ਨਹੀਂ ਹੋ ਤਾਂ ਫਿਰ ਤੁਹਾਨੂੰ ਇਸ ਗੇਮ ਤੋਂ ਕੀ ਦਿੱਕਤ? ਮੈਨੂੰ ਲੱਗਦਾ ਹੈ ਕਿ ਗੇਮ ਦੇ ਨਿਰਮਾਤਾ ਬਹੁਤ ਦਲੇਰ ਸਨ। ਚੀਨ ਵਿੱਚ ਅਜਿਹੇ ਮੁੱਦਿਆਂ (ਜਿਵੇਂ ਭਾਵਨਾਤਮਕ ਠੱਗੀ) 'ਤੇ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ।"
ਔਰਤਾਂ ਦਾ ਡਰ

ਤਸਵੀਰ ਸਰੋਤ, Getty Images
ਕੁਝ ਲੋਕਾਂ ਨੇ ਆਨਲਾਈਨ ਸੁਝਾਅ ਦਿੱਤਾ ਹੈ ਕਿ ਇਹ ਗੇਮ ਇੱਕ ਚੀਨੀ ਆਦਮੀ ਦੀ ਸੱਚੀ ਘਟਨਾ ਤੋਂ ਪ੍ਰੇਰਿਤ ਹੋ ਸਕਦਾ ਹੈ। ਇਸ ਘਟਨਾ ਨੂੰ ਇੰਟਰਨੈੱਟ 'ਤੇ 'ਫੈਟ ਕੈਟ' ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਵਿੱਚ ਇੱਕ ਵਿਅਕਤੀ ਨੇ ਪਿਛਲੇ ਸਾਲ ਬ੍ਰੇਕਅਪ ਤੋਂ ਬਾਅਦ ਜਾਨ ਦੇ ਦਿੱਤੀ ਸੀ।
ਉਸ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਮੁੱਦੇ 'ਤੇ ਜਬਰਦਸਤ ਬਹਿਸ ਸ਼ੁਰੂ ਹੋ ਗਈ, ਜਿਸ ਵਿੱਚ 'ਗੋਲਡ ਡਿਗਰ' ਸ਼ਬਦ ਦਾ ਵਾਰ-ਵਾਰ ਇਸਤੇਮਾਲ ਹੋਇਆ।
ਕੁਝ ਲੋਕਾਂ ਨੇ ਉਸ ਦੀ ਸਾਬਕਾ ਪ੍ਰੇਮਿਕਾ 'ਤੇ ਇਸ ਨੂੰ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ, ਜਿਸ ਕਾਰਨ ਉਸ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕੀਤੀ। ਹਾਲਾਂਕਿ ਪੁਲਿਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ।
ਬੀਬੀਸੀ ਨਾਲ ਗੱਲ ਕਰਨ ਵਾਲੀਆਂ ਔਰਤਾਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਹ ਵੀਡੀਓ ਗੇਮ ਚੀਨ ਵਿੱਚ ਪਹਿਲਾਂ ਤੋਂ ਮੌਜੂਦ ਉਸ ਲਿੰਗਕ ਸੋਚ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿੱਥੇ ਸਮਾਜ ਮੰਨਦਾ ਹੈ ਕਿ ਔਰਤਾਂ ਦੀ ਥਾਂ ਘਰ ਵਿੱਚ ਹੈ ਅਤੇ ਪੁਰਸ਼ਾਂ ਨੂੰ ਹੀ ਕਮਾਉਣ ਵਾਲਾ ਹੋਣਾ ਚਾਹੀਦਾ।
ਇਸ ਸੋਚ ਦੇ ਕਾਰਨ ਔਰਤਾਂ ਦੇ ਲਈ ਚੰਗੇ ਵਿਆਹ ਨੂੰ ਅਕਸਰ ਕਰੀਅਰ ਤੋਂ ਜ਼ਿਆਦਾ ਅਹਿਮ ਮੰਨਿਆ ਗਿਆ ਹੈ।
ਪੁਰਸ਼ ਪ੍ਰਧਾਨ ਚੀਨੀ ਕਮਿਊਨਿਸਟ ਪਾਰਟੀ ਦੀ ਅਧਿਕਾਰਿਕ ਸੋਚ ਵੀ ਇਸ ਨੂੰ ਅੱਗੇ ਵਧਾਉਂਦੀ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਈ ਵਾਰ ਔਰਤਾਂ ਤੋਂ 'ਚੰਗੀਆਂ ਪਤਨੀਆਂ ਅਤੇ ਮਾਂ' ਬਣਨ ਦੀ ਅਪੀਲ ਕੀਤੀ ਹੈ।
ਸਰਕਾਰ ਲਿੰਗ ਸਮਾਨਤਾ ਦੀ ਮੰਗ ਕਰਨ ਵਾਲੇ ਕਾਰਕੁਨਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰ ਰਹੀ ਹੈ।
ਇੱਕ ਔਰਤ ਜਿਸ ਨੂੰ ਆਨਲਾਈਨ ਨਫ਼ਰਤ ਦਾ ਸ਼ਿਕਾਰ ਹੋਣ ਦਾ ਡਰ ਹੈ, ਪਛਾਣ ਜ਼ਾਹਿਰ ਨਾ ਕਰਦੇ ਹੋਏ ਕਹਿੰਦੇ ਹਨ,"ਮੈਨੂੰ ਲੱਗਦਾ ਹੈ ਕਿ ਇਹ ਗੇਮ ਸਿਰਫ ਪੁਰਸ਼ਾਂ ਅਤੇ ਮਹਿਲਾਵਾਂ ਵਿੱਚ ਦੁਸ਼ਮਨੀ ਵਧਾਉਂਦਾ ਹੈ।"
"ਇਸ ਵਿੱਚ ਇਕ ਵਾਰ ਫਿਰ ਔਰਤਾਂ ਨੂੰ ਅਜਿਹਾ ਦਿਖਾਇਆ ਗਿਆ ਹੈ, ਜਿਵੇਂ ਉਹ ਪੁਰਸ਼ਾਂ ਨੂੰ ਖੁਸ਼ ਕਰਕੇ ਹੀ ਆਪਣਾ ਗੁਜ਼ਾਰਾ ਕਰ ਸਕਦੀਆਂ ਹਨ ਅਤੇ ਸਮਾਜ ਵਿੱਚ ਪੁਰਸ਼ਾਂ ਤੋਂ ਹੇਠਾਂ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












