ਜਦੋਂ 10 ਦਿਨਾਂ ਦੀ ਧੀ ਨੂੰ ਅਗਵਾ ਕਰਕੇ ਘਰ ਦੇ ਨੇੜੇ ਹੀ 6 ਸਾਲਾਂ ਤੱਕ ਰੱਖਿਆ, ਫਿਰ ਖੁਲਾਸਾ ਕਿਵੇਂ ਹੋਇਆ

ਡੇਲੀਮਰ ਵੇਰਾ

ਤਸਵੀਰ ਸਰੋਤ, Wag Entertainment

ਤਸਵੀਰ ਕੈਪਸ਼ਨ, ਡੇਲੀਮਰ ਵੇਰਾ ਨੂੰ 1997 ਵਿੱਚ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਸੀ
    • ਲੇਖਕ, ਬੀਬੀਸੀ ਵਰਲਡ ਸਰਵਿਸ
    • ਰੋਲ, ਬੀਬੀਸੀ ਗਲੋਬਲ ਜਰਨੇਲਿਜ਼ਮ

ਇੱਕ ਮਾਂ ਨੇ ਬਹੁਤ ਉੱਚੀ ਆਵਾਜ਼ ਸੁਣੀ। ਉਹ ਉੱਪਰ ਗਈ ਅਤੇ ਦੇਖਿਆ ਕਿ ਉਹ ਕਮਰਾ ਜਿੱਥੇ ਉਸਦਾ ਬੱਚਾ ਸੁੱਤਾ ਪਿਆ ਸੀ, ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ।

ਬੇਚੈਨ ਹੋ ਕੇ, ਉਸਨੇ ਉਸ ਪੰਘੂੜੇ ਦੀ ਭਾਲ ਕੀਤੀ ਜਿੱਥੇ ਉਸ ਨੇ ਆਪਣੇ ਬੱਚੇ ਨੂੰ ਛੱਡਿਆ ਸੀ ਪਰ ਉਸਨੂੰ ਉਹ ਕਿਤੇ ਨਜ਼ਰ ਨਾ ਆਇਆ।

15 ਦਸੰਬਰ 1997 ਦੀ ਰਾਤ ਪੋਰਟੋ ਰੀਕਨ ਜੋੜੇ, ਲੂਜ਼ ਕੁਏਵਾਸ ਅਤੇ ਪੇਡਰੋ ਵੇਰਾ ਦੇ ਘਰ ਵਿੱਚ ਅੱਗ ਲੱਗ ਗਈ ਸੀ। ਉਸ ਸਮੇਂ ਉਹ ਆਪਣੇ ਦੋ ਛੋਟੇ ਪੁੱਤਾਂ ਅਤੇ ਆਪਣੀ 10 ਦਿਨਾਂ ਦੀ ਧੀ, ਡੇਲੀਮਰ ਨਾਲ ਅਮਰੀਕਾ ਦੇ ਫਿਲਾਡੇਲਫੀਆ ਵਿੱਚ ਰਹਿੰਦੇ ਸਨ।

ਅਧਿਕਾਰੀਆਂ ਨੇ ਮੁੱਢਲੀ ਤਫ਼ਤੀਸ਼ ਤੋਂ ਸਿੱਟਾ ਕੱਢਿਆ ਕਿ ਅੱਗ ਖਰਾਬ ਵਾਇਰਿੰਗ ਕਾਰਨ ਲੱਗੀ ਸੀ।

ਪਰ ਉਸ ਰਾਤ ਤੋਂ ਬਾਅਦ ਬੱਚੀ ਡੇਲੀਮਰ ਦਾ ਕਦੇ ਕੋਈ ਸੁਰਾਗ ਨਹੀਂ ਮਿਲਿਆ ਅਤੇ ਉਸਨੂੰ ਮ੍ਰਿਤਕ ਮੰਨ ਲਿਆ ਗਿਆ। ਮੈਡੀਕਲ ਜਾਂਚਕਰਤਾ ਨੇ ਜੋ ਰਿਪੋਰਟ ਦਿੱਤੀ ਉਸ ਵਿੱਚ ਕਿਹਾ ਗਿਆ, "ਉਹ ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਰਾਖ਼ ਹੋ ਗਈ।"

10 ਦਿਨਾਂ ਦੀ ਧੀ ਦੇ ਮਾਪੇ ਅੱਤ ਦੇ ਦੁਖੀ ਸਨ।

ਪਰ ਇਹ ਤਾਂ ਅਸਲ ਦਰਦ ਭਰੀ ਕਹਾਣੀ ਦੀ ਮਹਿਜ਼ ਸ਼ੁਰੂਆਤ ਸੀ, ਇੱਕ ਅਜਿਹੀ ਕਹਾਣੀ ਦੀ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਸਹਿਣਸ਼ਕਤੀ ਨੂੰ ਹੱਦ ਤੋਂ ਵੱਧ ਪਰਖਿਆ ਗਿਆ।

ਉਸ ਦਿਨ ਕੀ ਵਾਪਰਿਆ

ਲੂਜ਼ ਕੁਏਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੂਜ਼ ਕੁਏਵਾਸ ਆਪਣੀ ਦਸ ਦਿਨਾਂ ਦੀ ਧੀ, ਡੇਲੀਮਰ ਦੇ ਗੁਆਚ ਜਾਣ ਨਾਲ ਬਹੁਤ ਦੁਖੀ ਸੀ

ਅੱਗ ਲੱਗਣ ਤੋਂ ਥੋੜ੍ਹੀ ਦੇਰ ਪਹਿਲਾਂ, ਕਿਸੇ ਨੇ ਦਰਵਾਜ਼ਾ ਖੜਕਾਇਆ ਸੀ।

ਲੂਜ਼ ਦਰਵਾਜ਼ਾ ਖੋਲ੍ਹਣ ਗਈ ਸੀ, ਬੂਹੇ 'ਤੇ ਪੇਡਰੋ ਦੀ ਦੂਰ ਦੀ ਚਚੇਰੀ ਭੈਣ ਕੈਰੋਲਿਨ ਸੀ। (ਪੇਡਰੋ ਦੇ ਚਾਚੇ ਦਾ ਵਿਆਹ ਕੈਰੋਲਿਨ ਦੀ ਮਾਂ ਨਾਲ ਹੋਇਆ ਸੀ)।

ਕੈਰੋਲਿਨ ਨੇ ਲੂਜ਼ ਨੂੰ ਦੱਸਿਆ ਕਿ ਉਹ ਪੇਡਰੋ ਨਾਲ ਗੱਲ ਕਰਨਾ ਚਾਹੁੰਦੀ ਹੈ ਕਿਉਂਕਿ ਉਸ ਕੋਲ ਉਸ ਲਈ ਇੱਕ ਕੰਮ ਸੀ।

ਓਨੀਂ ਦਿਨੀਂ ਪੇਡਰੋ ਬੇਰੁਜ਼ਗਾਰ ਸੀ ਅਤੇ ਨੌਕਰੀ ਸਬੰਧੀ ਗੱਲਬਾਤ ਕਰਨ ਲਈ ਕੁਝ ਸਾਂਝੇ ਜਾਣਕਾਰਾਂ ਨੂੰ ਮਿਲਣ ਲਈ ਕੈਰੋਲਿਨ ਨਾਲ ਘਰੋਂ ਨਿਕਲ ਗਿਆ।

ਪਰ ਜਿਵੇਂ ਹੀ ਪੇਡਰੋ ਘਰੋਂ ਬਾਹਰ ਗਿਆ, ਕੈਰੋਲਿਨ ਨੇ ਦਾਅਵਾ ਕੀਤਾ ਕਿ ਉਹ ਆਪਣਾ ਬਟੂਆ ਪੇਡਰੋ ਦੇ ਘਰ ਭੁੱਲ ਗਈ ਸੀ। ਬਟੂਆ ਲੈਣ ਉਹ ਮੁੜ ਇਕੱਲਿਆਂ ਪੇਡਰੋ ਦੇ ਘਰ ਆਈ, ਜਿੱਥੇ ਉਸਨੂੰ ਦੁਬਾਰਾ ਲੂਜ਼ ਮਿਲੀ।

ਘਰ ਪਹੁੰਚਣ 'ਤੇ, ਕੈਰੋਲਿਨ ਨੇ ਉੱਪਰਲੇ ਕਮਰੇ ਦੇ ਬਾਥਰੂਮ ਦੀ ਵਰਤੋਂ ਕਰਨ ਲਈ ਕਿਹਾ।

ਕੁਝ ਮਿੰਟਾਂ ਬਾਅਦ, ਲੂਜ਼ ਧੀ ਡੇਲੀਮਰ ਨੂੰ ਦੇਖਣ ਲਈ ਉੱਪਰ ਗਈ।

ਉਸ ਨੂੰ ਬਹੁਤ ਹੈਰਾਨੀ ਹੋਈ ਕਿ ਬੱਚਾ ਬਿਸਤਰੇ ਵਿੱਚ ਨਹੀਂ ਸੀ ਜਿੱਥੇ ਉਹ ਉਸਨੂੰ ਛੱਡ ਗਈ ਸੀ, ਸਗੋਂ ਖਿੜਕੀ ਦੇ ਕੋਲ ਇੱਕ ਪੰਘੂੜੇ ਵਿੱਚ ਸੀ।

ਜਦੋਂ ਕੈਰੋਲਿਨ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਉਸਨੇ ਉਸਨੂੰ ਬੱਚੇ ਦੀ ਥਾਂ ਬਦਲਣ ਬਾਰੇ ਪੁੱਛਿਆ।

ਕੈਰੋਲਿਨ ਨੇ ਕਿਹਾ, "ਮੈਂ ਨਹੀਂ ਚਾਹੁੰਦੀ ਸੀ ਕਿ ਉਹ ਡਿੱਗੇ ਤੇ...ਮੈਂ ਨਹੀਂ ਚਾਹੁੰਦੀ ਸੀ ਕਿ ਉਸਨੂੰ ਸੱਟ ਲੱਗੇ।"

ਇੰਨਾ ਕਹਿ ਉਹ ਇੱਕ ਵਾਰ ਫਿਰ ਘਰੋਂ ਬਾਹਰ ਚਲੀ ਗਈ।

ਤਕਰੀਬਨ ਉਸੇ ਸਮੇਂ ਲੂਜ਼ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ। ਉਹ ਉੱਪਰ ਬੈੱਡਰੂਮ ਵਿੱਚ ਗਈ ਅਤੇ ਬੈੱਡਰੂਮ ਨੂੰ ਭਿਆਨਕ ਅੱਗ ਲੱਗੀ ਹੋਈ ਸੀ।

ਅੱਗ ਅਤੇ ਧੂੰਏਂ ਵਿੱਚੋਂ ਬੇਬੀ ਡੇਲੀਮਰ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ। ਪਰ ਉਸ ਨੇ ਦੇਖਿਆ ਕਿ ਠੰਡੀ ਸਰਦ ਰਾਤ ਹੋਣ ਦੇ ਬਾਵਜੂਦ ਖਿੜਕੀ ਖੁੱਲ੍ਹੀ ਸੀ।

ਲੂਜ਼ ਬੇਚੈਨ ਸੀ, ਉਸ ਦੇ ਮੱਥੇ 'ਤੇ ਸਾੜ ਪੈਣ ਲੱਗਿਆ, ਦਰਵਾਜ਼ੇ ਦੇ ਹੈਂਡਲ ਇੰਨੇ ਤਪੇ ਹੋਏ ਸਨ ਕਿ ਛੂਹੇ ਨਹੀਂ ਸਨ ਜਾ ਰਹੇ।

ਕੁਝ ਮਿੰਟਾਂ ਬਾਅਦ, ਅੱਗ ਬੁਝਾਉਣ ਵਾਲੇ ਪਹੁੰਚੇ। ਅੱਗ ਬੁਝਾ ਦਿੱਤੀ ਗਈ ਉਹ ਗੱਦੇ ਦਾ ਇੱਕ ਟੁਕੜਾ ਪੌੜੀਆਂ ਤੋਂ ਹੇਠਾਂ ਲੈ ਆਏ।

ਉਨ੍ਹਾਂ ਨੇ ਇਸਨੂੰ ਲਪੇਟਿਆ ਅਤੇ ਡੇਲੀਮਰ ਦੇ ਇੱਕੋ-ਇੱਕ ਅਵਸ਼ੇਸ਼ ਵਜੋਂ ਲੂਜ਼ ਨੂੰ ਦੇ ਦਿੱਤਾ।

ਇਸੇ ਦੌਰਾਨ ਘਬਰਾਹਟ ਵਿੱਚ ਆਇਆ ਪੇਡਰੋ ਘਰ ਵਾਪਸ ਭੱਜਿਆ ਅਤੇ ਕੈਰੋਲਿਨ ਨੂੰ ਮਿਲਿਆ, ਜੋ ਉਸ ਸਮੇਂ ਫੁੱਟਪਾਥ 'ਤੇ ਖੜੀ ਸੀ।

ਧੀ ਦੀ ਪਛਾਣ ਕਰਨਾ

ਡੇਲੀਮਰ ਅਤੇ ਲੂਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੇਲੀਮਰ ਆਪਣੀ ਮਾਂ ਲੂਜ਼ ਨਾਲ ਸਾਲ 2007 ਦੀ ਤਸਵੀਰ

ਉਨ੍ਹਾਂ ਦਿਨਾਂ ਵਿੱਚ ਹੀ ਕੈਰੋਲਿਨ ਖ਼ੁਦ ਇੱਕ ਬੱਚੇ ਦੀ ਉਮੀਦ ਕਰ ਰਹੀ ਸੀ।

ਉਹ ਖੁਸ਼ ਲੱਗ ਰਹੀ ਸੀ।

ਉਸਦੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਨੇ ਉਸਦੇ ਚੌਥੇ ਬੱਚੇ ਦੇ ਗਰਭਵਤੀ ਹੋਣ ਬਾਰੇ ਉਸਦੀ ਗੱਲਬਾਤ ਸੁਣੀ।

ਇਹ ਇੱਕ ਕੁੜੀ ਸੀ, ਜਿਸਦਾ ਨਾਮ ਉਸਨੇ ਆਲੀਆ ਰੱਖਿਆ।

ਕੈਰੋਲਿਨ ਨੇ ਕਿਹਾ ਕਿ ਉਸਨੇ ਇੱਕ ਦੋਸਤ ਦੀ ਮਦਦ ਨਾਲ ਘਰ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ ਸੀ।

ਉਹ ਲੂਜ਼ ਅਤੇ ਪੇਡਰੋ ਦੇ ਘਰ ਤੋਂ 20 ਕਿਲੋਮੀਟਰ ਦੂਰ ਰਹਿੰਦੀ ਸੀ, ਇਸ ਲਈ ਉਹ ਇੱਕ ਦੂਜੇ ਨੂੰ ਬਹੁਤ ਘੱਟ ਮਿਲਦੇ ਸਨ ਅਤੇ ਕੁਝ ਸਾਲਾਂ ਬਾਅਦ ਲੂਜ਼ ਅਤੇ ਪੇਡਰੋ ਵੱਖ ਹੋ ਗਏ।

ਫ਼ਿਰ ਜਨਵਰੀ 2004 ਵਿੱਚ ਪੇਡਰੋ ਦੀ ਭੈਣ ਦੇ ਘਰ ਇੱਕ ਜਨਮਦਿਨ ਦੀ ਪਾਰਟੀ ਰੱਖੀ ਗਈ।

ਭਾਵੇਂ ਉਹ ਹੁਣ ਇਕੱਠੇ ਨਹੀਂ ਸਨ, ਪਰ ਲੂਜ਼ ਦੇ ਅਜੇ ਵੀ ਵੇਰਾ ਪਰਿਵਾਰ ਨਾਲ ਚੰਗੇ ਸਬੰਧ ਸਨ ਅਤੇ ਉਨ੍ਹਾਂ ਨੇ ਉਸਨੂੰ ਇਸ ਜਸ਼ਨ ਲਈ ਸੱਦਾ ਭੇਜਿਆ।

ਜਦੋਂ ਉਹ ਪਾਰਟੀ ਵਿੱਚ ਪਹੁੰਚੀ, ਉਸਨੇ ਕੈਰੋਲਿਨ ਨੂੰ ਇੱਕ ਛੋਟੀ ਕੁੜੀ ਨਾਲ ਦੇਖਿਆ ਅਤੇ ਕਿਸੇ ਚੀਜ਼ ਨੇ ਉਸਦਾ ਧਿਆਨ ਖਿੱਚਿਆ, ਬੱਚੇ ਦੇ ਡਿੰਪਲ।

ਲੂਜ਼ ਨੇ ਉਸੇ ਸਮੇਂ ਆਪਣੀ ਭੈਣ ਨੂੰ ਦੱਸਿਆ ਕਿ ਛੋਟੀ ਕੁੜੀ ਡੇਲੀਮਰ ਸੀ।

ਜਦੋਂ ਕੁੜੀ ਦੂਜੇ ਬੱਚਿਆਂ ਨਾਲ ਖੇਡਣ ਲਈ ਉੱਪਰ ਗਈ, ਤਾਂ ਲੂਜ਼ ਉਸਦੇ ਪਿੱਛੇ-ਪਿੱਛੇ ਗਈ ਅਤੇ ਕਿਹਾ, "ਤੇਰੇ ਵਾਲਾਂ ਵਿੱਚ ਕੁਝ ਲੱਗਿਆ ਹੈ।"

ਲੂਜ਼ ਨੇ ਆਲੀਆ ਦੇ ਵਾਲਾਂ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਕਿ ਇੱਕ ਲਟ ਬਾਹਰ ਨਿਕਲ ਆਈ।

ਆਲੀਆ ਪੌੜੀਆਂ ਤੋਂ ਹੇਠਾਂ ਉਤਰੀ ਅਤੇ ਕੈਰੋਲਿਨ ਕੋਲ ਗਈ। ਉਸੇ ਸਮੇਂ ਕੈਰੋਲਿਨ ਨੇ ਆਲੀਆ ਨੂੰ ਕਿਹਾ ਕਿ ਉਨ੍ਹਾਂ ਨੂੰ ਹੁਣ ਉੱਥੋ ਜਾਣਾ ਚਾਹੀਦਾ ਹੈ।

ਜਦੋਂ ਆਲੀਆ ਨੇ ਪੁੱਛਿਆ ਕਿ ਕਿਉਂ ਤਾਂ ਕੈਰੋਲਿਨ ਨੇ ਜਵਾਬ ਦਿੱਤਾ, "ਇੱਥੇ ਇੱਕ ਬੁਰੀ ਔਰਤ ਹੈ ਜੋ ਤੇਰੇ ਨਾਲ ਰਹਿਣਾ ਚਾਹੁੰਦੀ ਹੈ।"

"ਤੂੰ ਉਸ ਨੂੰ ਮੈਨੂੰ ਆਪਣੇ-ਆਪ ਤੋਂ ਦੂਰ ਨਾ ਕਰਨ ਦੇਵੀਂ।"

ਮੈਡੀਕਲ ਕਲੀਨਿਕ

ਲੂਜ਼ ਕੁਏਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੂਜ਼ ਕੁਏਵਾਸ ਨੇ ਆਪਣੀ ਧੀ ਨੂੰ ਉਸਦੀ 'ਮੌਤ' ਤੋਂ ਕਈ ਸਾਲਾਂ ਬਾਅਦ ਪਛਾਣ ਲਿਆ ਅਤੇ ਉਸਦੀ ਅਧਿਕਾਰਤ ਪਛਾਣ ਕਰਵਾਉਣ ਲਈ ਲੜਾਈ ਲੜੀ

ਕੁਝ ਹਫ਼ਤੇ ਬਾਅਦ ਕੈਰੋਲਿਨ ਆਲੀਆ ਅਤੇ ਉਸਦੀ ਇੱਕ ਹੋਰ ਧੀ, ਐਂਜਲਿਕਾ ਨੂੰ ਡਾਕਟਰ ਕੋਲ ਲੈ ਗਈ।

ਜਦੋਂ ਉਹ ਵੇਟਿੰਗ ਰੂਮ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ, ਕੈਰੋਲਿਨ ਉਨ੍ਹਾਂ ਨੂੰ ਬਾਥਰੂਮ ਵੱਲ ਲੈ ਗਈ।

ਉਸਨੇ ਐਂਜਲਿਕਾ ਨੂੰ ਦਰਵਾਜ਼ੇ 'ਤੇ ਨਜ਼ਰ ਰੱਖਣ ਲਈ ਕਿਹਾ ਅਤੇ ਇੱਕ ਛੋਟੀ ਜਿਹੀ ਸਪਰੇਅ ਬੋਤਲ ਕੱਢੀ ਜਿਸ ਵਿੱਚ ਇੱਕ ਸਾਫ਼ ਤਰਲ ਸੀ।

ਫਿਰ ਆਲੀਆ ਨੂੰ ਆਪਣਾ ਮੂੰਹ ਖੋਲ੍ਹਣ ਲਈ ਕਿਹਾ ਗਿਆ ਅਤੇ ਕੈਰੋਲਿਨ ਨੇ ਉਸਦੀ ਜੀਭ 'ਤੇ ਤਰਲ ਛਿੜਕਿਆ।

ਉਸ ਨੇ ਕਿਹਾ, "ਨਿਗਲੀ ਨਾ"

ਇਹ ਸਾਰਾ ਕੁਝ ਦੋ-ਤਿੰਨ ਵਾਰ ਦੁਹਰਾਇਆ ਗਿਆ, ਜਦੋਂ ਤੱਕ ਆਲੀਆ ਨੂੰ ਡਾਕਟਰ ਦੇ ਦਫ਼ਤਰ ਵਿੱਚ ਨਹੀਂ ਲਿਜਾਇਆ ਗਿਆ ਅਤੇ ਉਸਦੀ ਜੀਭ ਇੱਕ ਦਮ ਸਾਫ਼ ਨਹੀਂ ਹੋ ਗਈ।

ਇਹ ਸਾਫ਼ ਤਰਲ ਅਸਲ ਵਿੱਚ ਕੈਰੋਲਿਨ ਦੀ ਆਪਣੀ ਲਾਰ ਸੀ ਅਤੇ ਉਹ ਆਲੀਆ ਨੂੰ ਇੱਕ ਡੀਐੱਨਏ ਟੈਸਟ ਲਈ ਤਿਆਰ ਕਰ ਰਹੀ ਸੀ।

ਹਾਲਾਂਕਿ, ਆਲੀਆ ਦੇ ਵਾਲਾਂ ਦੀ ਲਟ ਦੇ ਅਧਾਰ ਉੱਤੇ ਲੂਜ਼, ਆਖਰਕਾਰ ਪੁਲਿਸ ਤੋਂ ਆਪਣਾ ਡੀਐੱਨਏ ਟੈਸਟ ਕਰਵਾਉਣ ਵਿੱਚ ਕਾਮਯਾਬ ਹੋ ਗਈ ਸੀ।

ਡੇਲੀਮਰ ਵੇਰਾ
ਇਹ ਵੀ ਪੜ੍ਹੋ-

ਲੂਜ਼ ਇੱਕ ਵਿਧਾਇਕ ਨੂੰ ਵੀ ਮਿਲੀ ਜਿਸ ਨੇ ਉਸ ਦੀ ਗੱਲ ਸੁਣੀ ਅਤੇ ਉਸ ਨੂੰ ਇੱਕ ਸਰਕਾਰੀ ਵਕੀਲ ਮਿਲਵਾਇਆ ਜਿਸਨੇ ਉਸਦਾ ਕੇਸ ਲੜਿਆ।

ਅਤੇ ਫ਼ਰਵਰੀ 2004 ਵਿੱਚ ਟੈਸਟਾਂ ਨੇ ਲੂਜ਼ ਦੇ ਵਿਸ਼ਵਾਸ ਦੀ ਪੁਸ਼ਟੀ ਕੀਤੀ ਕਿ ਛੇ ਸਾਲਾ ਆਲੀਆ ਹਰਨਾਂਡੇਜ਼ ਅਸਲ ਵਿੱਚ ਡੇਲੀਮਰ ਵੇਰਾ ਸੀ।

ਕੈਰੋਲਿਨ ਨੇ ਆਪਣੀ ਗਰਭ ਅਵਸਥਾ ਦਾ ਝੂਠਾ ਦਿਖਾਵਾ ਕੀਤਾ ਸੀ ਅਤੇ ਬੱਚਾ ਉਸ ਤੋਂ ਪਹਿਲਾਂ ਹੀ ਚੋਰੀ ਕਰ ਲਿਆ ਸੀ।

ਥੋੜ੍ਹੀ ਦੇਰ ਬਾਅਦ ਕੈਰੋਲਿਨ ਨੇ ਸੱਚਾਈ ਕਬੂਲ ਕਰ ਲਈ ਅਤੇ ਉਸਨੂੰ ਅਗਵਾ ਦੇ ਦੋਸ਼ਾਂ ਹੇਠ ਜੇਲ੍ਹ ਭੇਜ ਦਿੱਤਾ ਗਿਆ।

ਦੋ ਮਾਵਾਂ ਹੋਣ ਦਾ ਵਿਚਾਰ

ਡੇਲੀਮਰ

ਤਸਵੀਰ ਸਰੋਤ, Delimar Vera

ਤਸਵੀਰ ਕੈਪਸ਼ਨ, ਜਦੋਂ ਡੇਲੀਮਰ ਨੂੰ ਪਹਿਲੀ ਵਾਰ ਸੱਚਾਈ ਦਾ ਪਤਾ ਲੱਗਿਆ ਤਾਂ ਉਹ ਵਿਸ਼ਵਾਸ ਨਾ ਕਰ ਸਕੀ ਕਿ ਉਸ ਦੀਆਂ ਦੋ ਮਾਵਾਂ ਹੋ ਸਕਦੀਆਂ ਹਨ।

ਹੁਣ ਛੋਟੀ ਬੱਚੀ ਡੇਲੀਮਰ ਦੀ ਜ਼ਿੰਦਗੀ ਅਸਲ ਵਿੱਚ ਉਲਟ-ਪੁਲਟ ਹੋ ਗਈ ਸੀ।

ਉਹ ਲੂਜ਼ ਨੂੰ ਪੁੱਛਣਾ ਚਾਹੁੰਦੀ ਸੀ, "ਤੁਸੀਂ ਮੈਨੂੰ ਮੇਰੀ ਮਾਂ ਤੋਂ ਕਿਉਂ ਦੂਰ ਕਰ ਰਹੇ ਹੋ?"

ਹੁਣ ਉਹ ਯਾਦ ਕਰਦੀ ਹੈ, "ਪਰ ਫ਼ਿਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਅਤੇ ਮੈਂ ਖ਼ਬਰਾਂ ਦੇਖੀਆਂ, ਮੈਂ ਦੇਖਿਆ ਕਿ ਕੈਰੋਲਿਨ ਨੂੰ ਇੱਕ ਅਪਰਾਧੀ ਵਜੋਂ ਦਰਸਾਇਆ ਜਾ ਰਿਹਾ ਸੀ।"

ਉਸਨੂੰ ਆਪਣਾ ਨਵਾਂ ਨਾਮ ਵੀ ਪਸੰਦ ਨਹੀਂ ਆਇਆ ਸੀ।

ਡੇਲੀਮਰ ਕਹਿੰਦੀ ਹੈ, "ਮੈਨੂੰ ਪਹਿਲਾਂ ਤਾਂ ਇਹ ਬਹੁਤ ਪਸੰਦ ਨਹੀਂ ਸੀ, ਕਈ ਵਾਰ ਜਦੋਂ ਲੋਕ ਮੈਨੂੰ ਡੇਲੀਮਰ ਕਹਿੰਦੇ ਸਨ ਅਤੇ ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਸੀ।"

ਉਹ ਆਪਣੀ ਮਾਂ ਅਤੇ ਉਨ੍ਹਾਂ ਭੈਣ-ਭਰਾਵਾਂ ਨਾਲ ਵੀ ਰਹਿ ਰਹੀ ਸੀ, ਜਿਨ੍ਹਾਂ ਨੂੰ ਉਹ ਜਾਣਦੀ ਨਹੀਂ ਸੀ।

ਅਖੀਰ ਉਹ ਆਪਣੀ ਜ਼ਿੰਦਗੀ ਵਿੱਚ ਆਏ ਨਾਟਕੀ ਬਦਲਾਅ ਨਾਲ ਸਹਿਜ ਹੋ ਗਈ।

ਉਹ ਕਹਿੰਦੀ ਹੈ, "ਮੈਂ ਸੋਚਿਆ ਕਿ ਮੈਂ ਦੋਵਾਂ ਜਹਾਨਾਂ ਦਾ ਸਭ ਤੋਂ ਵਧੀਆ ਲੈ ਸਕਦੀ ਹਾਂ।"

"ਮੈਨੂੰ ਸੱਚਮੁੱਚ ਇੰਝ ਮਹਿਸੂਸ ਹੋਇਆ ਜਿਵੇਂ ਮੇਰੀਆਂ ਦੋ ਮਾਵਾਂ ਹੋਣ। ਮੇਰੀ ਇੱਕ ਮਾਂ ਹੈ ਕੈਰੋਲਿਨ ਅਤੇ ਇੱਕ ਹੋਰ ਮਾਂ ਹੈ ਲੂਜ਼।"

"ਮੈਂ ਸੋਚਿਆ ਕਿ ਮੈਂ ਆਪਣੀ ਮਾਂ ਨਾਲ ਇੱਕ ਸ਼ਾਨਦਾਰ ਜ਼ਿੰਦਗੀ ਜੀ ਸਕਦੀ ਹਾਂ।"

ਮੈਂ ਸੋਚਦੀ ਸੀ ਕਿ ਕਿ ਸ਼ਾਇਦ ਮੈਂ ਕੈਰੋਲਿਨ ਨਾਲ ਇੱਕ ਹੋਰ ਜ਼ਿੰਦਗੀ ਵੀ ਜੀ ਸਕਾਂ।

ਡੇਲੀਮਰ

ਤਸਵੀਰ ਸਰੋਤ, Delimar Vera

ਤਸਵੀਰ ਕੈਪਸ਼ਨ, ਡੇਲੀਮਰ ਅਜੇ ਵੀ ਸੋਚਦੀ ਹੈ ਕਿ ਕੈਰੋਲਿਨ ਦੇ ਅਗਵਾ ਨੂੰ ਅੰਜਾਮ ਦੇਣ ਵਿੱਚ ਕਿਸਨੇ ਸਹਿਯੋਗ ਕੀਤਾ ਹੋਵੇਗਾ

ਉਹ ਤਕਰੀਬਨ 30 ਸਾਲ ਬਾਅਦ ਵੀ ਯਾਦ ਕਰਦੀ ਹੈ, "ਮੈਂ ਸੋਚਦੀ ਸੀ ਕੀ ਸ਼ਾਇਦ ਮੈਂ ਕੈਰੋਲਿਨ ਨਾਲ ਇੱਕ ਹੋਰ ਜ਼ਿੰਦਗੀ ਵੀ ਜੀ ਸਕਾਂ। ਇੱਕ ਦੋ ਮਹੀਨਿਆਂ ਵਿੱਚ ਜਾਂ ਸ਼ਾਇਦ ਇੱਕ ਦੋ ਸਾਲਾਂ ਬਾਅਦ, ਪਰ ਅਸੀਂ ਆਖਰਕਾਰ ਫਿਰ ਇਕੱਠੇ ਹੋਵਾਂਗੇ।"

ਪਰ ਡੇਲੀਮਰ ਅਜੇ ਵੀ ਗੁੱਸੇ ਵਿੱਚ ਸੀ। ਉਹ ਜੇਲ੍ਹ ਵਿੱਚ ਕੈਰੋਲਿਨ ਨੂੰ ਮਿਲਣ ਗਈ ਅਤੇ ਉਸ 'ਤੇ ਆਪਣੀ ਖਿੱਝ ਕੱਢੀ।

"ਇਹ ਔਖਾ ਸੀ।"

ਮੈਂ ਕਿਹਾ, "ਤੁਹਾਨੂੰ ਮੈਨੂੰ ਅਗਵਾ ਕਿਉਂ ਕਰਨਾ ਪਿਆ? ਤੁਹਾਡੇ ਤਿੰਨ ਹੋਰ ਬੱਚੇ ਸਨ। ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ?"

"ਤੁਸੀਂ ਮੈਨੂੰ ਇਸ ਸਥਿਤੀ ਵਿੱਚ ਕਿਉਂ ਪਾਇਆ ਜਿੱਥੇ ਮੈਂ ਬਹੁਤ ਉਲਝਣ ਵਿੱਚ ਹਾਂ ਅਤੇ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ?"

ਆਲੀਆ ਕਹਿੰਦੀ ਹੈ, "ਮੈਨੂੰ ਉਸ ਨਾਲ ਬਹੁਤ ਗੁੱਸਾ ਸੀ। ਪਰ ਉਸਨੇ ਮੁਆਫ਼ੀ ਨਹੀਂ ਮੰਗੀ।"

ਉਸਨੇ ਕਿਹਾ, "ਅਸੀਂ ਇੱਕ ਦੂਜੇ ਨੂੰ ਦੁਬਾਰਾ ਮਿਲਾਂਗੇ।"

ਡੇਲੀਮਰ ਨੇ ਕੈਰੋਲਿਨ ਨੂੰ ਦੁਬਾਰਾ ਕਦੇ ਨਹੀਂ ਦੇਖਿਆ। ਪਰ ਉਸਦੇ ਦਿਮਾਗ ਵਿੱਚ ਅਜੇ ਵੀ ਬਹੁਤ ਸਾਰੇ ਸਵਾਲ ਹਨ।

ਜੇ ਕੈਰੋਲਿਨ ਅੱਗ ਲੱਗਣ ਤੋਂ ਤੁਰੰਤ ਬਾਅਦ ਉਸਦੇ ਪਿਤਾ ਪੇਡਰੋ (ਡੇਲੀਮਰ ਦੇ ਪਿਤਾ) ਨਾਲ ਫੁੱਟਪਾਥ 'ਤੇ ਸੀ, ਤਾਂ ਉਹ ਬੱਚੇ ਨੂੰ ਚੋਰੀ ਕਰਨ ਵਿੱਚ ਕਿਵੇਂ ਕਾਮਯਾਬ ਹੋ ਗਈ?

ਜ਼ਰੂਰ ਕੋਈ ਸਾਥੀ ਹੋਵੇਗਾ ਜੋ ਖਿੜਕੀ ਰਾਹੀਂ ਅੰਦਰ ਆਇਆ ਅਤੇ ਉਸਨੂੰ ਚੁੱਕ ਕੇ ਲੈ ਗਿਆ।

ਉਹ ਕੌਣ ਸੀ? ਉਸ ਸਮੇਂ ਕੈਰੋਲਿਨ ਨੇ ਪੇਡਰੋ ਨੂੰ ਫਸਾਇਆ ਸੀ। ਕੀ ਉਸਦੇ ਪਿਤਾ ਦਾ ਇਸ ਅਗਵਾ ਨਾਲ ਕੋਈ ਸਬੰਧ ਸੀ?

ਪੇਡਰੋ ਨੇ ਇਸਦਾ ਖੰਡਨ ਕੀਤਾ ਹੈ ਅਤੇ ਡੇਲੀਮਰ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਕਹੇ 'ਤੇ ਵਿਸ਼ਵਾਸ ਕਰਦੀ ਹੈ।

ਡੇਲੀਮਰ ਕਹਿੰਦੀ ਹੈ, "ਪਰ ਅਸੀਂ ਜਾਣਦੇ ਹਾਂ ਕਿ ਕੈਰੋਲਿਨ ਦਾ ਇੱਕ ਸਾਥੀ ਸੀ ਅਤੇ ਇਹ ਉਹ ਵਿਅਕਤੀ ਸੀ ਜੋ ਆਪਣੀ ਜਾਨ ਦੇ ਕੇ ਵੀ ਉਸਦੀ ਰੱਖਿਆ ਕਰਦਾ ਸੀ।"

"ਜਿਸਨੇ ਮੈਨੂੰ ਮੇਰੇ ਪੰਘੂੜੇ ਤੋਂ ਚੁੱਕ ਕੇ ਖਿੜਕੀ ਤੋਂ ਬਾਹਰ ਸੁੱਟ ਦਿੱਤਾ, ਉਹ ਰਾਤ ਦੇ ਹਨੇਰੇ ਵਿੱਚ ਕਿਤੇ ਗੁੰਮ ਹੋ ਗਿਆ। ਬਦਕਿਸਮਤੀ ਨਾਲ, ਸਾਨੂੰ ਨਹੀਂ ਪਤਾ ਕਿ ਉਹ ਵਿਅਕਤੀ ਕੌਣ ਹੈ।"

"ਬਸ ਇੰਨੀ ਗੱਲ ਹੋਈ ਸੀ ਅਤੇ ਇਹ ਅਲਵਿਦਾ ਵਰਗਾ ਮਹਿਸੂਸ ਹੋ ਰਿਹਾ ਸੀ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)