'ਤੇਰਾ ਪਤੀ ਤੈਨੂੰ ਮਾਰਨ ਵਾਲਾ ਹੈ, ਤੇਰੇ ਮੁੰਡੇ ਨੂੰ ਭੂਤ ਚਿੰਬੜੀ ਹੈ', ਘਰੇਲੂ ਮਹਿਲਾ ਸਹਾਇਕ ਤੇ ਉਸ ਦੇ ਬੱਚੇ ਨੂੰ 'ਜਾਦੂ ਟੂਣੇ' ਦੇ ਨਾਮ 'ਤੇ ਬੇਹਰਹਿਮੀ ਨਾਲ ਕੁੱਟਣ ਦਾ ਮਾਮਲਾ

ਘਰੇਲੂ ਮਹਿਲਾ ਸਹਾਇਕ ਤੇ ਉਸ ਦੇ ਬੱਚੇ ਨੂੰ ਬੇਹਰਹਿਮੀ ਨਾਲ ਕੁੱਟਿਆ ਗਿਆ

ਤਸਵੀਰ ਸਰੋਤ, UGC

    • ਲੇਖਕ, ਅਲਪੇਸ਼ ਕਰਕਰੇ
    • ਰੋਲ, ਬੀਬੀਸੀ ਮਰਾਠੀ

(ਇਸ ਰਿਪੋਰਟ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)

"ਮੇਰੇ ਢਾਈ ਸਾਲ ਦੇ ਪੁੱਤਰ ਨੂੰ ਭੂਤ ਚਿੰਬੜਿਆ ਦੱਸ ਕੇ ਕੁੱਟਿਆ ਗਿਆ ਅਤੇ ਤਸੀਹੇ ਦਿੱਤੇ ਗਏ..." ਇਹ ਸ਼ਬਦ ਹਨ ਗਾਰਗੀ ਕਦਮ ਦੇ, ਜਿਨ੍ਹਾਂ ਦੇ ਨਿੱਕੇ ਜਿਹੇ ਪੁੱਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ।

ਇਸ ਘਟਨਾ ਸਬੰਧੀ ਮੁੰਬਈ ਵਿੱਚ ਮਹਾਰਾਸ਼ਟਰ ਅਘੋਰੀ ਮਨੁੱਖੀ ਬਲੀਦਾਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਗਾਰਗੀ ਦੀ ਮੰਗ ਹੈ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਘਟਨਾ ਬਹੁਤ ਸਾਰੇ ਅਜਿਹੇ ਲੋਕਾਂ ਦੇ ਉਸ ਵਿਸ਼ਵਾਸ ਦਾ ਵੀ ਖੰਡਨ ਕਰਦੀ ਹੈ ਕਿ ਅੰਧਵਿਸ਼ਵਾਸ ਮੁੱਖ ਤੌਰ 'ਤੇ ਪੇਂਡੂ ਖੇਤਰਾਂ ਵਿੱਚ ਹੁੰਦੇ ਹਨ।

ਇਹ ਮਾਮਲਾ ਦਰਸਾਉਂਦਾ ਹੈ ਕਿ ਅੰਧਵਿਸ਼ਵਾਸ ਕਾਰਨ ਅਜਿਹੀਆਂ ਭਿਆਨਕ ਘਟਨਾਵਾਂ ਮੁੰਬਈ ਵਰਗੇ ਆਧੁਨਿਕ ਤੇ ਵੱਡੇ ਸ਼ਹਿਰਾਂ ਵਿੱਚ ਵੀ ਵਾਪਰਦੀਆਂ ਹਨ ਅਤੇ ਵਾਪਰ ਸਕਦੀਆਂ ਹਨ।

ਮੁੰਬਈ ਦੇ ਭਾਂਡੁਪ ਵਿੱਚ, ਇੱਕ ਜੋੜੇ ਨੇ ਭੂਤ ਚਿੰਬੜੇ ਹੋਣ ਦਾ ਦਾਅਵਾ ਕਰਦੇ ਹੋਏ ਆਪਣੀ ਘਰੇਲੂ ਸਹਾਇਕ ਦੇ ਢਾਈ ਸਾਲ ਦੇ ਪੁੱਤਰ ਨੂੰ ਬੇਰਹਿਮੀ ਨਾਲ ਛੜੀ ਨਾਲ ਕੁੱਟਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ।

ਭਾਂਡੁਪ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਵਿਰੁੱਧ ਜਾਦੂ-ਟੂਣਾ ਰੋਕਥਾਮ ਕਾਨੂੰਨ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

ਕੀ ਹੈ ਪੂਰਾ ਮਾਮਲਾ?

ਘਰੇਲੂ ਸਹਾਇਕ

ਤਸਵੀਰ ਸਰੋਤ, Getty Images

ਇਹ ਘਟਨਾ ਮੁੰਬਈ ਦੇ ਭਾਂਡੁਪ ਲੋਕਮਾਨਿਆ ਨਗਰ ਇਲਾਕੇ ਦੀ ਹੈ, ਜਿੱਥੇ 32 ਸਾਲਾ ਗਾਰਗੀ ਕਦਮ ਆਪਣੇ ਢਾਈ ਸਾਲਾ ਪੁੱਤਰ ਅਤੇ ਪਤੀ ਨਾਲ ਰਹਿੰਦੇ ਹਨ।

ਜਦੋਂ ਗਾਰਗੀ ਦੇ 42 ਸਾਲਾ ਪਤੀ ਨੂੰ ਅਧਰੰਗ ਹੋ ਗਿਆ ਤਾਂ ਗਾਰਗੀ ਹੀ ਪਰਿਵਾਰ ਲਈ ਇਕਲੌਤੀ ਕਮਾਉਣ ਵਾਲੇ ਬਣ ਗਏ। ਗਾਰਗੀ ਕਦਮ ਇੱਕ ਜਗ੍ਹਾ 'ਤੇ ਘਰੇਲੂ ਸਹਾਇਕ ਵਜੋਂ ਕੰਮ ਕਰਦੇ ਸਨ। ਇਸ ਦੌਰਾਨ, ਉਹ ਵੈਭਵ ਕੋਕਰੇ (35) ਦੇ ਸੰਪਰਕ ਵਿੱਚ ਆਏ।

ਵੈਭਵ ਕੋਕਰੇ ਨੇ ਗਾਰਗੀ ਕਦਮ ਨੂੰ ਜ਼ਿਆਦਾ ਕਮਾਈ ਦਾ ਲਾਲਚ ਦਿੱਤਾ। ਗਾਰਗੀ ਵੀ ਉਸ ਦੀਆਂ ਗੱਲਾਂ 'ਚ ਆ ਗਏ ਅਤੇ ਉਨ੍ਹਾਂ ਦੇ ਘਰ ਕੰਮ ਕਰਨ ਲੱਗੇ। ਇਸ ਦੌਰਾਨ ਗਾਰਗੀ ਖਾਣਾ ਪਕਾਉਣ, ਸਫਾਈ ਆਦਿ ਵਰਗੇ ਘਰੇਲੂ ਕੰਮ ਕਰ ਰਹੇ ਸਨ। ਉਨ੍ਹਾਂ ਨੇ 5 ਮਈ, 2025 ਤੋਂ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਸੀ।

ਕਿਉਂਕਿ ਘਰ ਵਿੱਚ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ, ਇਸ ਲਈ ਉਹ ਆਪਣੇ ਬੱਚੇ ਨੂੰ ਵੀ ਵੈਭਵ ਕੋਕਰੇ ਦੇ ਘਰ ਆਪਣੇ ਨਾਲ ਕੰਮ 'ਤੇ ਲੈ ਜਾਂਦੇ ਸਨ। ਇਸ ਦੌਰਾਨ, ਇੱਕ ਦਿਨ ਵੈਭਵ ਕੋਕਰੇ ਨੇ ਗਾਰਗੀ ਕਦਮ ਨੂੰ ਆਪਣੀ ਪਤਨੀ ਹਰਸ਼ਦਾ ਗੁਰਵ ਨਾਲ ਮਿਲਾਇਆ। ਬਾਅਦ ਵਿੱਚ, ਗਾਰਗੀ ਅਤੇ ਹਰਸ਼ਦਾ ਦਰਮਿਆਨ ਵੀ ਚੰਗਾ ਮੇਲ-ਜੋਲ ਹੋ ਗਿਆ।

ਹਾਲਾਂਕਿ, ਇੱਕ ਦਿਨ ਜਦੋਂ ਗਾਰਗੀ ਕਦਮ ਵੈਭਵ ਕੋਕਰੇ ਦੇ ਘਰ ਕੰਮ ਕਰ ਰਹੇ ਸਨ, ਵੈਭਵ ਨੇ ਅਜੀਬ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਗਾਰਗੀ ਕਦਮ ਨਾਲ ਗੱਲਾਂ ਕਰਨ ਲੱਗ ਪਿਆ।

ਉਸ ਸਮੇਂ, ਵੈਭਵ ਨੇ ਕਿਹਾ, "ਕੀ ਤੁਹਾਨੂੰ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੀਦਾ? ਆਪਣਾ ਵਜੂਦ ਬਣਾਓ। ਆਪਣੇ ਬੱਚੇ ਨੂੰ ਪਿਤਾ ਦੇ ਨਾਮ ਦੀ ਬਜਾਏ ਆਪਣਾ ਨਾਮ ਦਿਓ। ਮੈਂ ਆਪਣੇ ਸੰਗਠਨ ਰਾਹੀਂ ਤੁਹਾਡੇ ਪਤੀ ਦਾ ਇਲਾਜ ਕਰਾਂਗਾ।"

ਗਾਰਗੀ ਨੇ ਉਨ੍ਹਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕੀਤਾ ਅਤੇ ਜੋੜੇ ਦੇ ਕਹਿਣ ਅਨੁਸਾਰ ਸਭ ਕਰਨ ਲੱਗ ਪਏ।

ਗਾਰਗੀ, ਜੋ ਕਿ ਵੈਭਵ ਕੋਕਰੇ ਦੇ ਰਿਸ਼ਤੇਦਾਰ ਵੀ ਸਨ, ਘਰੇਲੂ ਕੰਮ ਕਰਦੇ ਸਮੇਂ ਆਪਣੇ ਪੁੱਤਰ ਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ।

ਉਸ ਸਮੇਂ, ਉਨ੍ਹਾਂ ਦਾ ਪੁੱਤਰ ਉੱਚੀ-ਉੱਚੀ ਰੋਂਦਾ ਸੀ ਅਤੇ ਜ਼ਿੱਦੀ ਹੋ ਜਾਂਦਾ ਸੀ। ਇਹ ਦੇਖ ਕੇ, ਇੱਕ ਦਿਨ, ਕੋਕਰੇ ਜੋੜੇ ਨੇ ਗਾਰਗੀ ਨੂੰ ਕਿਹਾ ਕਿ ਤੇਰੇ 'ਪੁੱਤਰ ਨੂੰ ਭੂਤ ਚਿੰਬੜਿਆ ਹੋਇਆ ਹੈ, ਇਸ ਨਾਲ ਕੁਝ ਗੜਬੜ ਹੈ।'

ਗਾਰਗੀ ਨੇ ਪੁੱਛਿਆ, "ਸਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ?" ਉਸ ਸਮੇਂ, ਦੋਵਾਂ ਨੇ ਕਿਹਾ ਕਿ ਉਹ ਜਲਦੀ ਹੀ ਸਮੱਸਿਆ ਦਾ ਹੱਲ ਕਰ ਦੇਣਗੇ।

'ਤੇਰੇ ਨਾਲ ਜ਼ਰੂਰ ਕੁਝ ਨਾ ਕੁਝ ਹੋਣ ਵਾਲਾ ਹੈ'

ਜਾਦੂ-ਟੂਣਾ

ਤਸਵੀਰ ਸਰੋਤ, Getty Images

22 ਜੂਨ, 2025 ਨੂੰ ਸਵੇਰੇ 3:15 ਵਜੇ, ਗਾਰਗੀ ਆਪਣੇ ਘਰ ਸੌਂ ਰਹੇ ਸਨ ਜਦੋਂ ਉਨ੍ਹਾਂ ਨੂੰ ਵੈਭਵ ਕੋਕਰੇ ਦਾ ਫ਼ੋਨ ਆਇਆ।

ਉਸਨੇ ਫੋਨ 'ਤੇ ਕਿਹਾ, "ਤੇਰਾ ਪਤੀ ਤੈਨੂੰ ਮਾਰਨ ਵਾਲਾ ਹੈ। ਆਪਣੇ ਬੱਚੇ ਨੂੰ ਲੈ ਕੇ ਤੁਰੰਤ ਮੇਰੇ ਕੋਲ ਆ ਜਾ। ਹਾਲਾਂਕਿ, ਗਾਰਗੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਕੁਝ ਸਮੇਂ ਬਾਅਦ, ਗਾਰਗੀ ਨੂੰ ਵੈਭਵ ਕੋਕਰੇ ਦੀ ਪਤਨੀ ਹਰਸ਼ਦਾ ਗੁਰਵ ਦਾ ਫ਼ੋਨ ਆਇਆ, ਉਹ ਫੋਨ 'ਤੇ ਰੋ ਰਹੀ ਸੀ।

ਉਸਨੇ ਕਿਹਾ, "ਵੈਭਵ ਕੁਝ ਕਹਿ ਰਿਹਾ ਹੈ, ਜਿਸਦਾ ਮਤਲਬ ਹੈ ਕਿ ਤੇਰੇ ਨਾਲ ਜ਼ਰੂਰ ਕੁਝ ਹੋਣ ਵਾਲਾ ਹੈ।''

ਇਹ ਸੁਣ ਕੇ, ਗਾਰਗੀ ਨੇ ਹਰਸ਼ਦਾ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲਿਆ ਅਤੇ ਉਨ੍ਹਾਂ ਦੇ ਘਰ ਜਾਣ ਲਈ ਚਲੀ ਗਏ।

ਜਦੋਂ ਗਾਰਗੀ ਸਵੇਰੇ 3:30 ਵਜੇ ਬੱਚੇ ਨੂੰ ਆਪਣੇ ਘਰੋਂ ਲੈ ਕੇ ਨਿਕਲ ਰਹੇ ਸਨ, ਤਾਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ।

ਇਸ ਬਹਿਸ ਦੌਰਾਨ, ਉਨ੍ਹਾਂ ਦੇ ਘਰ ਨੇੜੇ ਰਹਿੰਦੀਆਂ ਉਨ੍ਹਾਂ ਦੀਆਂ ਦੋਵੇਂ ਨਣਦਾਂ ਵੀ ਉਨ੍ਹਾਂ ਨੂੰ ਰੋਕਣ ਲਈ ਆਈਆਂ। ਹਾਲਾਂਕਿ, ਗਾਰਗੀ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਸਿੱਧੇ ਆਪਣੇ ਪੁੱਤਰ ਨਾਲ ਕੋਕਰੇ ਦੇ ਘਰ ਚਲੇ ਗਏ।

ਇਹ ਵੀ ਪੜ੍ਹੋ-

ਸ਼ਾਮ 6 ਵਜੇ ਦੇ ਕਰੀਬ, ਵੈਭਵ ਨੇ ਗਾਰਗੀ ਨੂੰ ਕਿਹਾ ਕਿ ਉਨ੍ਹਾਂ ਦੇ ਬੱਚੇ ਅੰਦਰੋਂ ਕਥਿਤ ਭੂਤ ਨੂੰ ਕੱਢਣ ਲਈ ਮੁੰਡੇ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਭਗਵਾਨ ਦੇ ਕੋਲ ਰੱਖਣੀ ਪਵੇਗੀ।

ਗਾਰਗੀ ਨੇ ਉਸਦੀ ਗੱਲ ਮੰਨ ਲਈ ਅਤੇ 13 ਗ੍ਰਾਮ ਸੋਨੇ ਦੀ ਚੇਨ ਨੂੰ ਭਗਵਾਨ ਦੀ ਮੂਰਤੀ ਕੋਲ ਰੱਖ ਦਿੱਤਾ। ਅਗਲੇ ਦਿਨ, ਜਦੋਂ ਗਾਰਗੀ ਨੇ ਚੇਨ ਬਾਰੇ ਪੁੱਛਿਆ, ਤਾਂ ਵੈਭਵ ਨੇ ਕਿਹਾ ਕਿ ਉਸਨੇ ਉਹ ਗਿਰਵੀ ਰੱਖ ਦਿੱਤੀ ਹੈ।

23 ਜੂਨ, 2025 ਨੂੰ, ਗਾਰਗੀ ਨੇ ਕੋਕਰੇ ਜੋੜੇ ਨੂੰ ਕਿਹਾ ਕਿ ਉਹ ਆਪਣੇ ਪਤੀ ਦੇ ਘਰ ਜਾਣਾ ਚਾਹੁੰਦੇ ਹਨ। ਹਾਲਾਂਕਿ, ਦੋਵਾਂ ਨੇ ਗਾਰਗੀ ਨੂੰ ਰੋਕਿਆ ਅਤੇ ਉਨ੍ਹਾਂ ਦਾ ਮੋਬਾਈਲ ਵੀ ਖੋਹ ਲਿਆ। ਉਨ੍ਹਾਂ ਨੇ ਗਾਰਗੀ ਨੂੰ ਕਿਹਾ ਕਿ ਉਹ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਏ।

ਜਦੋਂ ਗਾਰਗੀ ਨੇ ਉਨ੍ਹਾਂ ਦਾ ਵਿਰੋਧ ਕੀਤਾ, ਤਾਂ ਵੈਭਵ ਨੇ ਉਨ੍ਹਾਂ ਨੂੰ ਕੁੱਟਿਆ। ਉਸ ਰਾਤ, ਗਾਰਗੀ ਦਾ ਮੁੰਡਾ ਬਹੁਤ ਰੋ ਰਿਹਾ ਸੀ, ਇਸ ਲਈ ਗਾਰਗੀ ਨੇ ਵੈਭਵ ਅਤੇ ਉਸਦੀ ਪਤਨੀ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇਲਾਜ ਦੀ ਲੋੜ ਹੈ।

ਬੱਚੇ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ

ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ

ਤਸਵੀਰ ਸਰੋਤ, Getty Images

ਇਸ ਅਨੁਸਾਰ, 24 ਜੂਨ, 2025 ਨੂੰ ਸਵੇਰੇ 10 ਵਜੇ ਵੈਭਵ ਕੋਕਰੇ ਅਤੇ ਹਰਸ਼ਦਾ ਗੁਰਵ ਨੇ ਛੋਟੇ ਮੁੰਡੇ ਨੂੰ ਕੱਸ ਕੇ ਫੜ ਲਿਆ।

ਬੱਚੇ ਨੂੰ ਲੱਤਾਂ ਤੋਂ ਫੜ ਕੇ, ਉਸਦੇ ਵਾਲ ਖਿੱਚ ਕੇ, ਅਤੇ ਇੱਕ ਜਲੀ ਹੋਈ ਮਾਚਿਸ ਦੀ ਤੀਲ੍ਹੀ ਨਾਲ ਉਸਦੇ ਚਿਹਰੇ 'ਤੇ ਮਾਰਦੇ ਹੋਏ ਹਰਸ਼ਦਾ ਨੇ ਕਿਹਾ, "ਦੁਸ਼ਟ ਤਾਕਤਾਂ ਤੁਹਾਡੇ ਬੱਚੇ ਨੂੰ ਖਿੱਚ ਰਹੀਆਂ ਹਨ।"

ਫਿਰ ਉਸਨੇ ਬੱਚੇ 'ਤੇ ਚੀਕਣਾ ਸ਼ੁਰੂ ਕਰ ਦਿੱਤਾ, "ਤੂੰ ਵੈਭਵ ਦਾ ਪਿੱਛਾ ਕਿਉਂ ਕਰ ਰਹੀ ਹੈਂ? ਤੂੰ ਮੇਰਾ ਪਿੱਛਾ ਕਿਉਂ ਨਹੀਂ ਛੱਡਦੀ?" ਦੂਜੇ ਪਾਸੇ, ਵੈਭਵ ਕੋਕਰੇ ਬੱਚੇ ਨੂੰ ਡੰਡੇ ਅਤੇ ਝਾੜੂ ਨਾਲ ਮਾਰ ਰਿਹਾ ਸੀ। ਇਸ ਸਭ ਦੇ ਵਿਚਕਾਰ ਗਾਰਗੀ ਨੇ ਕੁਝ ਵੀ ਨਹੀਂ ਕੀਤਾ।

ਰਾਤ 8 ਵਜੇ ਦੇ ਕਰੀਬ, ਗਾਰਗੀ ਉਨ੍ਹਾਂ ਦੋਵਾਂ ਪਤੀ-ਪਤਨੀ ਦਾ ਧਿਆਨ ਭਟਕਾਉਂਦੇ ਹੋਏ, ਡਾਕਟਰ ਨੂੰ ਆਪਣੀਆਂ ਸੱਟਾਂ ਦਿਖਾਉਣ ਘਰੋਂ ਹੇਠਾਂ ਚਲੇ ਗਏ। ਇਸ ਤੋਂ ਬਾਅਦ, ਗਾਰਗੀ ਨੇ ਆਪਣੇ ਭਰਾ ਨੂੰ ਫੋਨ ਕੀਤਾ ਅਤੇ ਉਸਨੂੰ ਸਾਰੀ ਸੱਚਾਈ ਦੱਸੀ।

ਉਨ੍ਹਾਂ ਦਾ ਭਰਾ ਉੱਥੇ ਪਹੁੰਚਿਆ ਅਤੇ ਉਸ ਨੇ ਗਾਰਗੀ ਤੇ ਬੱਚੇ ਨੂੰ ਬਚਾਇਆ। ਉਹ ਉਨ੍ਹਾਂ ਨੂੰ ਭਾਂਡੁਪ ਪੁਲਿਸ ਸਟੇਸ਼ਨ ਵੀ ਲੈ ਗਿਆ। ਪੁਲਿਸ ਨੇ ਬੱਚੇ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਗਾਰਗੀ ਤੋਂ ਸ਼ਿਕਾਇਤ ਦਰਜ ਕਰਵਾਈ। ਜਿਸ ਮਗਰੋਂ ਪੂਰਾ ਮਾਮਲਾ ਸਾਹਮਣੇ ਆਇਆ। ਇਸ ਪੂਰੀ ਘਟਨਾ ਦਾ ਜ਼ਿਕਰ ਪੀੜਤ ਗਾਰਗੀ ਕਦਮ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕੀਤਾ ਗਿਆ ਹੈ।

'ਸਾਡੇ ਪਰਿਵਾਰ ਨੂੰ ਬਹੁਤ ਦੁੱਖ ਝੱਲਣਾ ਪਿਆ'

ਪੀੜਿਤਾ ਗਾਰਗੀ ਦੁਆਰਾ ਦਰਜ ਸ਼ਿਕਾਇਤ

ਇਸ ਸਬੰਧ ਵਿੱਚ, ਪੀੜਤ ਗਾਰਗੀ ਕਦਮ ਨੇ ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਕਿਹਾ, "ਇਸ ਨਾਲ ਸਾਡੇ ਪਰਿਵਾਰ ਲਈ ਬਹੁਤ ਮੁਸੀਬਤ ਆਈ ਹੈ। ਮੈਂ ਉਸ ਸਥਿਤੀ ਵਿੱਚ ਫਸ ਗਈ ਸੀ ਜੋ ਉਨ੍ਹਾਂ ਨੇ ਰੋਜ਼ੀ-ਰੋਟੀ ਲਈ ਅਤੇ ਮੇਰੇ ਬੱਚੇ ਦੀ ਖ਼ਾਤਰ ਮੇਰੇ 'ਤੇ ਥੋਪ ਦਿੱਤੀ ਸੀ। ਉਨ੍ਹਾਂ ਨੇ ਘਿਨਾਉਣੇ ਕੰਮ ਕੀਤੇ ਹਨ ਅਤੇ ਮੈਨੂੰ ਅਤੇ ਮੇਰੇ ਬੱਚੇ ਨੂੰ ਪਰੇਸ਼ਾਨ ਕੀਤਾ ਹੈ।"

"ਮੇਰੇ ਪਰਿਵਾਰ ਨੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕੋਕਰੇ ਅਤੇ ਗੁਰਵ ਮੇਰਾ ਫ਼ੋਨ ਬੰਦ ਕਰ ਦਿੰਦੇ ਸਨ। ਪਰ ਜਿਵੇਂ ਹੀ ਮੈਨੂੰ ਮੌਕਾ ਮਿਲਿਆ, ਮੈਂ ਆਪਣੇ ਘਰ ਸੰਪਰਕ ਕੀਤਾ ਅਤੇ ਮਦਦ ਮੰਗੀ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।''

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮਾਮਲੇ ਵਿੱਚ, ਭਾਂਡੁਪ ਪੁਲਿਸ ਨੇ ਮਹਾਰਾਸ਼ਟਰ ਮਨੁੱਖੀ ਬਲੀਦਾਨ ਅਘੋਰੀ ਐਕਟ ਦੀ ਧਾਰਾ 3(2), ਭਾਰਤੀ ਦੰਡ ਸੰਹਿਤਾ 2023 ਦੀ ਧਾਰਾ 126 (2), 115 (2), 118 (2), 316 (2) ਅਤੇ ਬਾਲ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੀ ਧਾਰਾ 75 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਵੈਭਵ ਕੋਕਰੇ (35) ਅਤੇ ਉਸਦੀ ਪਤਨੀ ਹਰਸ਼ਦਾ ਗੁਰਵ (32) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ। ਅਦਾਲਤ ਨੇ ਉਨ੍ਹਾਂ ਦੋਵਾਂ ਨੂੰ 30 ਜੂਨ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਮੁਲਜ਼ਮ ਜੋੜਾ, ਭਾਂਡੁਪ ਜੰਗਲ ਮੰਗਲ ਰੋਡ ਇਲਾਕੇ ਵਿੱਚ ਰਹਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੋੜੇ ਦਾ ਵਿਆਹ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦੀ ਇੱਕ ਬੋਤਲਬੰਦ ਪਾਣੀ ਡਿਸਟ੍ਰੀਬਿਊਸ਼ਨ ਏਜੰਸੀ ਹੈ ਅਤੇ 37 ਸਾਲਾ ਸ਼ਿਕਾਇਤਕਰਤਾ ਗਾਰਗੀ ਉਨ੍ਹਾਂ ਦੇ ਘਰ ਅਤੇ ਦੁਕਾਨ ਵਿੱਚ ਕੰਮ ਕਰਦੇ ਸਨ। ਪਤਾ ਲੱਗਾ ਹੈ ਕਿ ਪਤੀ-ਪਤਨੀ ਮੂਲ ਰੂਪ ਵਿੱਚ ਦੇਵਗੜ੍ਹ ਦੇ ਰਹਿਣ ਵਾਲੇ ਹਨ।

ਇਸ ਸਬੰਧ ਵਿੱਚ ਜਲਦੀ ਹੀ ਅਦਾਲਤ ਵਿੱਚ ਚਾਰਜ ਲਗਾਏ ਜਾਣਗੇ।

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਭਾਂਡੁਪ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਬਾਲਾਸਾਹਿਬ ਪਵਾਰ ਨੇ ਕਿਹਾ, "ਪੀੜਤ ਨੂੰ ਵਾਡੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਂ ਅਤੇ ਬੇਟੇ ਦੀ ਹਾਲਤ ਸਥਿਰ ਹੈ। ਇਸ ਸਬੰਧ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਅਸੀਂ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਾਂ।"

ਸਹਾਇਕ ਪੁਲਿਸ ਕਮਿਸ਼ਨਰ ਜਤਿੰਦਰ ਅਗਰਕਰ, ਪੁਲਿਸ ਇੰਸਪੈਕਟਰ ਨਿਤਿਨ ਚਵਹਾਨ, ਮਹੇਸ਼ ਮਹਾਜਨ, ਏਸੀਪੀ ਜਤਿੰਦਰ ਅਗਰਕਰ, ਮਹਿਲਾ ਸਬ-ਇੰਸਪੈਕਟਰ ਕੇਤਕੀ ਜਗਤਾਪ, ਸਹਾਇਕ ਪੁਲਿਸ ਇੰਸਪੈਕਟਰ ਅਵਿਨਾਸ਼ ਨਾਦਵਿੰਕਾਰੀ ਦੀ ਅਗਵਾਈ ਹੇਠ, ਸਾਰੇ ਸਬੂਤ ਪ੍ਰਾਪਤ ਕਰ ਲਏ ਗਏ ਹਨ।

'ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ'

ਜਾਦੂ-ਟੂਣਾ

ਤਸਵੀਰ ਸਰੋਤ, Getty Images

ਮਹਾਰਾਸ਼ਟਰ ਅੰਧਸ਼੍ਰਧਾ ਨਿਰਮੂਲਨ ਸਮਿਤੀ ਦੇ ਰਾਜ ਕਾਰਜਕਾਰੀ ਮੈਂਬਰ ਮਿਲਿੰਦ ਦੇਸ਼ਮੁਖ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਮਹਾਰਾਸ਼ਟਰ ਵਿੱਚ ਜਾਦੂ-ਟੂਣਾ ਵਿਰੋਧੀ ਕਾਨੂੰਨ ਲਾਗੂ ਹੋਏ ਲਗਭਗ 13 ਸਾਲ ਹੋ ਗਏ ਹਨ। ਹੁਣ ਵੀ, ਮੁੰਬਈ ਵਰਗੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀ ਜਾਦੂ-ਟੂਣਾ ਵਾਲੀ ਗਤੀਵਿਧੀ ਕੀਤੀ ਜਾ ਰਹੀ ਹੈ।"

"ਅਸੀਂ ਮੇਲਘਾਟਾ ਦਾ ਦੌਰਾ ਕੀਤਾ। ਇਹ ਸਾਹਮਣੇ ਆਇਆ ਕਿ ਬਿਮਾਰ ਬੱਚਿਆਂ ਨੂੰ ਇਸ ਤਰ੍ਹਾਂ ਕੋਰੜੇ ਮਾਰੇ ਜਾ ਰਹੇ ਸਨ। ਇਸ ਤੋਂ ਬਾਅਦ, ਅਸੀਂ ਉੱਥੇ ਇੱਕ ਮੁਹਿੰਮ ਚਲਾਈ। ਹਾਲਾਂਕਿ, ਮੁੰਬਈ ਵਰਗੇ ਸ਼ਹਿਰ ਵਿੱਚ ਇਹ ਭਿਆਨਕ ਹੈ ਕਿ ਭੂਤ ਕੱਢਣ ਦੇ ਬਹਾਨੇ ਬੱਚਿਆਂ ਨੂੰ ਇਸ ਤਰ੍ਹਾਂ ਕੁੱਟਿਆ ਜਾ ਰਿਹਾ ਹੈ।"

ਉਨ੍ਹਾਂ ਅੱਗੇ ਕਿਹਾ, "ਜਾਦੂ-ਟੂਣਾ ਵਿਰੋਧੀ ਐਕਟ ਦੀ ਪਹਿਲੀ ਧਾਰਾ ਵਿੱਚ ਸਪਸ਼ਟ ਤੌਰ 'ਤੇ ਕਿਸੇ ਨੂੰ ਕੁੱਟਣ ਦਾ ਜ਼ਿਕਰ ਹੈ। ਸਾਡੀ ਮੰਗ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਕੀ ਇਹ ਇਸ ਜੋੜੇ ਦਾ ਪਹਿਲਾ ਅਪਰਾਧ ਹੈ ਜਾਂ ਉਨ੍ਹਾਂ ਨੇ ਪਹਿਲਾਂ ਵੀ ਅਜਿਹਾ ਕੁਝ ਕੀਤਾ ਹੈ।"

ਉਨ੍ਹਾਂ ਕਿਹਾ ਕਿ "ਜ਼ਿਆਦਾਤਰ ਸਮਾਂ, ਲੋਕ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਹੀ ਨਹੀਂ ਆਉਂਦੇ। ਅਜਿਹੇ ਕੰਮ ਕਰਨ ਵਾਲੇ (ਜਾਦੂ-ਟੂਣੇ 'ਚ ਭਰੋਸਾ ਰੱਖਣ ਵਾਲੇ) ਲੋਕਾਂ ਨੂੰ ਡਰਾਉਂਦੇ ਹਨ ਜਾਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਇਹ ਭੂਤ-ਪ੍ਰੇਤ ਦਾ ਅਸਰ ਹੈ। ਇਸ ਲਈ, ਪੁਲਿਸ ਨੂੰ ਇਸ ਮਾਮਲੇ ਦੀ ਹੋਰ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)