ਸਿੱਖਾਂ ਦੀ ਈਰਾਨ 'ਚ ਆਬਾਦੀ ਵਧਦੇ-ਵਧਦੇ ਘਟਣ ਕਿਉਂ ਲੱਗੀ, ਤਹਿਰਾਨ ਰਹਿੰਦੇ ਸਿੱਖ ਨੇ ਦੱਸੀ ਕਹਾਣੀ

ਲਾਜਪਾਲ ਸਿੰਘ ਆਨੰਦ

ਤਸਵੀਰ ਸਰੋਤ, Lajpal Singh

ਤਸਵੀਰ ਕੈਪਸ਼ਨ, ਲਾਜਪਾਲ ਕਹਿੰਦੇ ਹਨ ਕਿ ਈਰਾਨੀ ਲੋਕਾਂ ਵੱਲੋਂ ਸਿੱਖਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

1953 ਵਿੱਚ ਈਰਾਨ ਦੇ ਕਸਬੇ ਜ਼ਾਹੇਦਾਨ ਵਿੱਚ ਜੰਮੇ ਲਾਜਪਾਲ ਸਿੰਘ ਫ਼ਿਲਹਾਲ ਦਿੱਲੀ ਵਿੱਚ ਹਨ ਪਰ ਉਨ੍ਹਾਂ ਨਾਲ ਗੱਲ ਕਰਕੇ ਇੰਝ ਲੱਗਾ ਜਿਵੇਂ ਉਨ੍ਹਾਂ ਦਾ ਦਿਲ ਕਿਤੇ ਹੋਰ ਹੋਵੇ...ਉਨ੍ਹਾਂ ਨੇ ਇਸ ਦੇ ਜਵਾਬ ਵਿੱਚ ਕਿਹਾ - ਤਹਿਰਾਨ।

ਲਾਜਪਾਲ ਸਿੰਘ ਆਨੰਦ ਤੇ ਉਨ੍ਹਾਂ ਦੀ ਪਤਨੀ ਤਹਿਰਾਨ ਵਿੱਚ ਰਹਿੰਦੇ ਕਰੀਬ 60 ਸਿੱਖ ਪਰਿਵਾਰਾਂ ਦੇ ਨਿੱਕੇ ਜਿਹੇ ਭਾਈਚਾਰੇ ਦੇ ਮੈਂਬਰ ਹਨ।

ਈਰਾਨ ਅਤੇ ਇਜ਼ਰਾਈਲ ਵਿਚਾਲੇ ਬੀਤੇ ਦਿਨੀਂ ਚੱਲੇ ਸੰਘਰਸ਼ ਕਰਕੇ ਪੂਰੇ ਮੁਲਕ ਵਿੱਚ ਤਣਾਅ ਦਾ ਮਾਹੌਲ ਰਿਹਾ। ਹੁਣ ਹਾਲਾਤ ਵਿੱਚ ਸੁਧਾਰ ਹੋਇਆ ਹੈ।

ਈਰਾਨ ਵਿੱਚ ਖ਼ਾਸ ਕਰਕੇ ਤਹਿਰਾਨ ਵਿੱਚੋਂ ਵੀ ਸਿੱਖਾਂ ਦਾ ਪੁਰਾਣਾ ਪਿਛੋਕੜ ਹੈ।

ਵੀਡੀਓ ਕੈਪਸ਼ਨ, ਈਰਾਨੀ ਸਿੱਖ ਤੋਂ ਸੁਣੋ ਤਹਿਰਾਨ 'ਚ ਕਿਵੇਂ ਵਸਦੇ ਨੇ ਸਿੱਖ ਪਰਿਵਾਰ

ਜਦੋਂ ਈਰਾਨ-ਇਜ਼ਰਾਈਲ ਵਿਚਾਲੇ ਸੰਘਰਸ਼ ਸ਼ੁਰੂ ਹੋਇਆ ਤਾਂ ਉਸ ਵੇਲੇ ਲਾਜਪਾਲ ਸਿੰਘ ਇੱਕ ਪਰਿਵਾਰਕ ਸਮਾਗਮ ਲਈ ਜਰਮਨੀ ਵਿੱਚ ਸਨ।

ਉਸ ਵੇਲੇ ਈਰਾਨ ਦੀ ਏਅਰਸਪੇਸ ਬੰਦ ਹੋਣ ਕਰਕੇ ਉਨ੍ਹਾਂ ਨੂੰ ਦਿੱਲੀ ਆਉਣਾ ਪਿਆ। ਉਹ ਚਾਹੁੰਦੇ ਹਨ ਕਿ ਉਹ ਜਲਦੀ ਤੋਂ ਜਲਦੀ ਤਹਿਰਾਨ ਚਲੇ ਜਾਣ।

ਉਹ ਕਹਿੰਦੇ ਹਨ, "ਮੈਂ ਰਿਟਾਇਰ ਹੋ ਚੁੱਕਾ ਹਾਂ, ਹੁਣ ਮੈਨੂੰ ਭਾਰਤ ਆ ਜਾਣਾ ਚਾਹੀਦਾ ਸੀ, ਪਰ ਮੈਂ ਤਹਿਰਾਨ ਵਿੱਚ ਹੀ ਰਹਿ ਕੇ ਖੁਸ਼ੀ ਮਹਿਸੂਸ ਕਰਦਾ ਹਾਂ ਤੇ ਉੱਥੇ ਹੀ ਸਮਾਂ ਬਿਤਾਉਣਾ ਚਾਹੁੰਦਾ ਹਾਂ।"

 ਲਾਜਪਾਲ ਸਿੰਘ

ਤਸਵੀਰ ਸਰੋਤ, lajpal Singh

ਤਸਵੀਰ ਕੈਪਸ਼ਨ, ਲਾਜਪਾਲ ਸਿੰਘ ਦਾ ਜਨਮ ਜ਼ਾਹੇਦਾਨ ਵਿੱਚ ਹੋਇਆ ਸੀ

ਲਾਜਪਾਲ ਸਿੰਘ ਤਹਿਰਾਨ ਵਿਚਲੇ ਭਾਈ ਗੰਗਾ ਸਿੰਘ ਗੁਰਦੁਆਰੇ ਦੇ ਵਾਈਸ ਪ੍ਰਧਾਨ ਰਹਿ ਚੁੱਕੇ ਹਨ। ਉਹ ਗੁਰਦੁਆਰੇ ਵਿੱਚ ਹੋਰ ਸੇਵਾਵਾਂ ਦੇ ਨਾਲ-ਨਾਲ ਕੀਰਤਨ ਵੀ ਕਰਦੇ ਹਨ।

ਇਸ ਦੇ ਨਾਲ ਹੀ ਉਹ ਤਹਿਰਾਨ ਵਿਚਲੇ ਇੰਡੀਅਨ ਸਕੂਲ ਵਿੱਚ ਵੀ ਅਹੁਦੇਦਾਰ ਸਨ।

ਲਾਜਪਾਲ ਸਿੰਘ ਦਾ ਪਰਿਵਾਰ ਕਿਵੇਂ ਵਸਿਆ ਈਰਾਨ?

ਲਾਜਪਾਲ ਸਿੰਘ ਆਨੰਦ

ਤਸਵੀਰ ਸਰੋਤ, Lajpal Singh

ਤਸਵੀਰ ਕੈਪਸ਼ਨ, ਲਾਜਪਾਲ ਸਿੰਘ ਆਨੰਦ ਗੁਰਦੁਆਰੇ ਵਿੱਚ ਕੀਰਤਨ ਵੀ ਕਰਦੇ ਹਨ

ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਬ੍ਰਿਟਿਸ਼ ਭਾਰਤ ਦੀ ਸਰਹੱਦ ਈਰਾਨ ਨਾਲ ਲੱਗਦੀ ਸੀ।

ਲਾਜਪਾਲ ਦੱਸਦੇ ਹਨ, "ਦੂਜੀ ਵਿਸ਼ਵ ਜੰਗ ਦੌਰਾਨ ਜ਼ਾਹੇਦਾਨ ਵਿੱਚ ਸਿੱਖ ਟਰਾਂਸਪੋਰਟੇਸ਼ਨ ਦੇ ਵਪਾਰ ਨਾਲ ਜੁੜੇ ਸਨ, ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਕਈਆਂ ਨੇ ਉੱਥੇ ਰਹਿਣਾ ਚੁਣਿਆ।"

"ਇੱਥੇ ਪਹਿਲਾਂ ਗੁਰਦਾਆਰਾ ਬਣਿਆ ਅਤੇ ਫਿਰ ਸਕੂਲ, ਮੇਰੇ ਪਿਤਾ ਨੂੰ ਲਹਿੰਦੇ ਪੰਜਾਬ ਤੋਂ ਇੱਕ ਅਧਿਆਪਕ ਵਜੋਂ ਬੁਲਾਇਆ ਗਿਆ, ਉਹ ਗਣਿਤ ਦੇ ਨਾਲ-ਨਾਲ ਉਰਦੂ ਵਿੱਚ ਵੀ ਮੁਹਾਰਤ ਰੱਖਦੇ ਸਨ।"

ਲਾਜਪਾਲ ਸਿੰਘ ਆਨੰਦ
ਤਸਵੀਰ ਕੈਪਸ਼ਨ, ਲਾਜਪਾਲ ਸਿੰਘ ਤਹਿਰਾਨ ਵਿਚਲੇ ਭਾਈ ਗੰਗਾ ਸਿੰਘ ਗੁਰਦੁਆਰੇ ਦੇ ਵਾਈਸ ਪ੍ਰਧਾਨ ਰਹਿ ਚੁੱਕੇ ਹਨ

ਉਹ ਦੱਸਦੇ ਹਨ ਕਿ ਜ਼ਾਹੇਦਾਨ ਵਿੱਚੋਂ ਕਈ ਸਿੱਖ ਪਰਿਵਾਰ ਚੰਗੇ ਮੌਕਿਆਂ ਦੀ ਭਾਲ ਵਿੱਚ ਤਹਿਰਾਨ ਆ ਗਏ ਸਨ, ਈਰਾਨ ਦੀ ਰਾਜਧਾਨੀ ਹੋਣ ਕਰਕੇ ਇੱਥੇ ਕਾਫੀ ਮੌਕੇ ਸਨ।

ਉਹ ਦੱਸਦੇ ਹਨ, "ਕਿਉਂਕਿ ਜ਼ਾਹੇਦਾਨ ਵਿੱਚ ਉਨ੍ਹਾਂ ਦਾ ਕੰਮ ਟਰੱਕ ਚਲਾਉਣਾ ਜਾਂ ਬੱਸ ਚਲਾਉਣਾ ਸੀ ਇਸ ਲਈ ਉਨ੍ਹਾਂ ਨੇ ਤਹਿਰਾਨ ਵਿੱਚ ਆ ਕੇ ਆਟੋ ਸਪੇਅਰ ਪਾਰਟਸ ਦਾ ਕੰਮ ਸ਼ੁਰੂ ਕੀਤਾ, ਸਿੱਖ ਈਰਾਨ ਵਿੱਚ ਆਟੋ-ਸਪੇਅਰ ਪਾਰਟਸ ਦੇ ਕੰਮ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ।"

ਇੱਥੇ ਪਹੁੰਚ ਕੇ ਗੁਰਦੁਆਰੇ ਦੀ ਲੋੜ ਮਹਿਸੂਸ ਕੀਤੀ ਗਈ। ਲਾਜਪਾਲ ਦੱਸਦੇ ਹਨ ਕਿ ਇਸ ਗੁਰਦੁਆਰੇ ਦਾ ਨਾਮ ਗੰਗਾ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਜੋ ਕਿ ਤਹਿਰਾਨ ਪਹੁੰਚਣ ਵਾਲੇ ਪਹਿਲੇ ਸਿੱਖ ਸਨ।

300 ਤੋਂ 60 ਪਰਿਵਾਰਾਂ ਤੱਕ ਕਿਉਂ ਘਟੀ ਗਿਣਤੀ?

ਗੁਰਦੁਆਰਾ ਗੰਗਾ ਸਿੰਘ ਸਭਾ, ਤਹਿਰਾਨ

ਤਸਵੀਰ ਸਰੋਤ, Lajpal Singh

ਤਸਵੀਰ ਕੈਪਸ਼ਨ, ਗੁਰਦੁਆਰਾ ਗੰਗਾ ਸਿੰਘ ਸਭਾ, ਤਹਿਰਾਨ

ਉਨ੍ਹਾਂ ਨੇ ਦੱਸਿਆ ਕਿ ਇੱਕ ਸਮੇਂ ਈਰਾਨ ਵਿੱਚ 300 ਸਿੱਖ ਪਰਿਵਾਰ ਸਨ ਅਤੇ 4000 ਭਾਰਤੀ ਡਾਕਟਰ ਵੀ ਭਾਰਤ ਸਰਕਾਰ ਵੱਲੋਂ ਈਰਾਨ ਭੇਜੇ ਗਏ ਸਨ, ਇਸ ਕਰਕੇ ਗੁਰਦੁਆਰੇ ਵਿੱਚ ਕਾਫੀ ਰੌਣਕ ਹੁੰਦੀ ਸੀ ਅਤੇ ਲੰਗਰ ਹਾਲ ਵਿੱਚ ਕਈ-ਕਈ ਵਾਰੀ ਲੰਗਰ ਵਰਤਾਇਆ ਜਾਂਦਾ।

ਇੱਥੇ ਗੁਰਦੁਆਰੇ ਵੱਲੋਂ ਇੱਕ ਸਕੂਲ ਵੀ ਖੋਲ੍ਹਿਆ ਗਿਆ ਜੋ ਕਿ ਮਿਡਲ ਸਕੂਲ ਸੀ, ਫਿਰ ਇਹ ਹਾਈ ਸਕੂਲ ਬਣਿਆ ਫਿਰ ਹਾਇਰ ਸੈਕੰਡਰੀ, ਇਹ ਸਕੂਲ ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸੀ, ਇੱਥੇ ਕਰੀਬ 300 ਵਿਦਿਆਰਥੀ ਪੜ੍ਹਦੇ ਸਨ।

ਲਾਜਪਾਲ ਦੱਸਦੇ ਹਨ, "ਅਸੀਂ ਕੋਸ਼ਿਸ਼ ਕੀਤੀ ਕਿ ਇਸ ਸਕੂਲ ਨੂੰ ਹੋਰ ਵੱਡਾ ਕੀਤਾ ਜਾਵੇ ਪਰ ਈਰਾਨ ਵਿੱਚ ਹਾਲਾਤ ਬਦਲ ਗਏ, ਜਿਹੜੇ ਬੱਚੇ 12ਵੀਂ ਤੋਂ ਬਾਅਦ ਬਾਹਰ ਗਏ ਉਹ ਵਾਪਸ ਨਹੀਂ ਆਏ।"

"ਕੋਈ ਯੂਕੇ ਚਲਾ ਗਿਆ, ਕੋਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੜੇ ਬੱਚੇ ਬਾਹਰ ਸੈਟਲ ਹੋ ਗਏ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਵੀ ਬੁਲਾ ਲਿਆ।"

"ਜਦੋਂ ਈਰਾਨ ਵਿੱਚ 300 ਸਿੱਖ ਪਰਿਵਾਰ ਸਨ ਹਰੇਕ ਕੋਲ ਵਾਹਿਗੁਰੂ ਦਾ ਦਿੱਤਾ ਬਹੁਤ ਕੁਝ ਸੀ, ਹੁਣ ਜਦੋਂ ਇਹ ਗਿਣਤੀ ਘੱਟ ਗਈ ਹੈ ਤਾਂ ਚੰਗਾ ਨਹੀਂ ਲੱਗ ਰਿਹਾ।"

ਲਾਜਪਾਲ ਸਿੰਘ ਆਨੰਦ

ਲਾਜਪਾਲ ਸਿੰਘ ਨੇ ਅੱਗੇ ਦੱਸਿਆ, ਇਸ ਕਰਕੇ ਸਿਰਫ਼ 60 ਪਰਿਵਾਰ ਹੀ ਰਹਿ ਗਏ ਹਨ ਜੋ ਬਚੇ ਹਨ ਇਨ੍ਹਾਂ ਵਿੱਚੋਂ ਵੀ ਕਰੀਬ ਸਾਰੇ ਬਜ਼ੁਰਗ ਹਨ, ਗੁਰਦੁਆਰੇ ਵਿੱਚ ਸੰਗਤ ਘਟਣ ਕਰਕੇ ਆਮਦਨ ਨਹੀਂ ਰਹੀ ਅਤੇ ਸਕੂਲ ਭਾਰਤੀ ਅੰਬੈਸੀ ਨੂੰ ਹੈਂਡਓਵਰ ਕਰਨਾ ਪਿਆ।

ਹੁਣ ਇੰਡੀਅਨ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਹੈ ਕੇਂਦਰੀ ਵਿਦਿਆਲਿਆ ।

ਈਰਾਨ ਵਿੱਚ ਸਿੱਖਾਂ ਨੂੰ ਕਿਵੇਂ ਬੁਲਾਇਆ ਜਾਂਦਾ?

ਲਾਜਪਾਲ ਸਿੰਘ ਕਹਿੰਦੇ ਹਨ ਸਿੱਖਾਂ ਨੂੰ ਈਰਾਨ ਵਿੱਚ ਕਾਫੀ ਸਤਿਕਾਰ ਦਿੱਤਾ ਜਾਂਦਾ ਹੈ।

"ਜਦੋਂ ਮੈਂ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਸੀ ਤਾਂ ਮੇਰੇ ਕੋਲ 15 ਤੋਂ 20 ਜਣੇ ਕੰਮ ਕਰਦੇ ਸਨ, ਹਰੇਕ ਈਰਾਨੀ ਆਪਣੇ ਤੋਂ ਵੱਡਿਆਂ ਲਈ 'ਅਘੋਇ' ਸ਼ਬਦ ਦੀ ਵਰਤੋਂ ਕਰਦਾ ਹੈ ਜਿਸ ਦਾ ਮਤਲਬ ਹੈ ਆਕਾ ਜਾਂ ਮਿਸਟਰ, ਸਰਦਾਰਾਂ ਲਈ 'ਅਘੋਇ' ਸਰਦਾਰ।"

"ਇੱਕ ਘੱਟਗਿਣਤੀ ਹੁੰਦਿਆਂ ਵੀ ਸਾਡੀ ਉੱਥੇ ਕਾਫੀ ਟੌਹਰ ਹੈ।"

ਉਹ ਦੱਸਦੇ ਹਨ ਕਿ ਈਰਾਨੀ ਲੋਕਾਂ ਦਾ ਉਨ੍ਹਾਂ ਦੇ ਘਰ ਅਤੇ ਗੁਰਦੁਆਰੇ ਵਿੱਚ ਆਉਣ ਜਾਣ ਬਣਿਆ ਰਹਿੰਦਾ ਹੈ ਅਤੇ ਹੁਣ ਵੀ ਉਨ੍ਹਾਂ ਦੇ ਈਰਾਨੀ ਦੋਸਤਾਂ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਵਾਪਸ ਆਉਣ ਲਈ ਕਿਹਾ ਜਾ ਰਿਹਾ ਹੈ।

ਤਹਿਰਾਨ ਦੇ ਮੌਸਮ ਅਤੇ ਈਰਾਨੀ ਖਾਣੇ ਨਾਲ ਪਿਆਰ

 ਲਾਜਪਾਲ ਸਿੰਘ

ਤਸਵੀਰ ਸਰੋਤ, Lajpal Singh

ਤਸਵੀਰ ਕੈਪਸ਼ਨ, ਲਾਜਪਾਲ ਸਿੰਘ ਈਰਾਨੀ ਖਾਣੇ ਦੇ ਵੀ ਸ਼ੌਕੀਨ ਹਨ

ਤਹਿਰਾਨ ਬਾਰੇ ਗੱਲ ਕਰਦਿਆਂ ਲਾਜਪਾਲ ਸਿੰਘ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ।

ਉਹ ਦੱਸਦੇ ਹਨ ਕਿ ਇਹ ਸ਼ਹਿਰ ਅਲਬੋਰਜ਼ ਮਾਊਂਟਨ ਰੇਂਜ ਦੇ ਥੱਲੇ ਵਸਿਆ ਹੋਇਆ ਹੈ, "60 ਕਿਲੋਮੀਟਰ ਦੂਰ ਜਾ ਕੇ ਤੁਸੀਂ ਸਕੀ ਕਰਨ ਲਈ ਜਾ ਸਕਦੇ ਹੋ, 150 ਕਿਲੋਮੀਟਰ ਦੂਰ ਕੈਸਪੀਅਨ ਸਮੁੰਦਰ ਵਿੱਚ ਸਵਿੱਮ ਕਰ ਸਕਦੇ ਹੋ।"

"ਸਾਡੇ ਘਰ ਵਿੱਚ ਹਫ਼ਤੇ ਵਿੱਚ ਤਿੰਨ ਦਿਨ ਈਰਾਨੀ ਖਾਣਾ ਬਣਦਾ ਹੈ ਜਿਸ ਵਿੱਚ ਬਹੁਤ ਘੱਟ ਮਸਾਲੇ ਵਰਤੇ ਜਾਂਦੇ ਹਨ, ਈਰਾਨੀ ਲੋਕ ਚੌਲ ਵੱਧ ਖਾਂਦੇ ਹਨ ਜਦਕਿ ਅਸੀਂ ਵੱਧ ਕਣਕ ਖਾਂਦੇ ਹਾਂ।"

ਈਰਾਨ ਵਿੱਚ ਇਸਲਾਮਿਕ ਕ੍ਰਾਂਤੀ

ਇਸਲਾਮਿਕ ਰੈਵੋਲਿਊਸ਼ਨ

ਤਸਵੀਰ ਸਰੋਤ, Getty Images

ਈਰਾਨ ਵਿੱਚ 1979 ਦੀ ਇਸਲਾਮਿਕ ਕ੍ਰਾਂਤੀ ਹੋਈ ਸੀ। ਇਹ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਵੀ ਦੇ ਖਿਲਾਫ਼ ਬਗਾਵਤ ਵਿੱਚ ਸੀ, ਉੱਥੇ ਹੀ ਇਹ ਅਮਰੀਕਾ ਦੇ ਖਿਲਾਫ਼ ਗੁੱਸੇ ਦਾ ਇਜ਼ਹਾਰ ਸੀ।

ਇਸ ਦੌਰਾਨ ਸੱਤਾਧਾਰੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਦੇਸ਼ ਛੱਡਣਾ ਪਿਆ ਸੀ। ਲੋਕਾਂ ਨੇ ਧਾਰਮਿਕ ਆਗੂ ਖ਼ੋਮਿਨੀ ਦੀ ਵਾਪਸੀ ਦਾ ਸਵਾਗਤ ਕੀਤਾ ਸੀ। ਅਯਾਤੁੱਲ੍ਹਾ ਖ਼ੋਮਿਨੀ 14 ਸਾਲ ਤੱਕ ਦੇਸ਼ ਤੋਂ ਬਾਹਰ ਰਹੇ ਸਨ। ਇਸ ਸਮੇਂ ਰਾਏਸ਼ੁਮਾਰੀ ਤੋਂ ਬਾਅਦ ਈਰਾਨ ਇੱਕ ਇਸਲਾਮਿਕ ਗਣਰਾਜ ਬਣ ਗਿਆ ਸੀ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਦੇ ਸਾਬਕਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਈਰਾਨ ਦੀ ਯੂਨੀਵਰਸਿਟੀ ਆਫ਼ ਰੀਲਜਨ ਵਿੱਚ ਵੀਜ਼ਟਿੰਗ ਪ੍ਰੋਫੈਸਰ ਹਨ।

ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਈਰਾਨੀ ਲੋਕ ਉਦਾਰਵਾਦੀ ਹਨ ਪਰ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਹਿੰਦੂ ਅਤੇ ਸਿੱਖ ਉੱਥੋਂ ਵਾਪਿਸ ਆਉਣ ਲੱਗੇ।

ਦੂਜੇ ਪਾਸੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਈਰਾਨ ਵਿੱਚ ਪੈਦਾ ਹੋਏ ਇੱਕ ਸਿੱਖ ਦਾ ਕਹਿਣਾ ਹੈ ਕਿ ਈਰਾਨ ਅਤੇ ਸਿੱਖ ਭਾਈਚਾਰੇ ਦੇ ਸਬੰਧ ਸਦਾ ਹੀ ਚੰਗੇ ਰਹੇ ਹਨ ਅਤੇ ਉਹ ਭਵਿੱਖ ਵਿੱਚ ਵੀ ਚੰਗੇ ਰਿਸ਼ਤਿਆਂ ਦੀ ਉਮੀਦ ਰੱਖਦੇ ਹਨ।

ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੀਆਂ ਜ਼ਿਆਦਤਰ ਕਵਿਤਾਵਾਂ ਫ਼ਾਰਸੀ ਵਿੱਚ ਹਨ। ਉਨ੍ਹਾਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਵਿਰੁੱਧ ਸਾਲ 1705 ਵਿੱਚ 'ਜ਼ਫਰਨਾਮਾ' ਲਿਖਿਆ ਸੀ, ਜੋ ਫ਼ਾਰਸੀ ਭਾਸ਼ਾ ਵਿੱਚ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)