ਕੁੰਵਰ ਵਿਜੇ ਪ੍ਰਤਾਪ 5 ਸਾਲ ਲਈ ਪਾਰਟੀ ਤੋਂ ਮੁਅੱਤਲ, ਮਜੀਠੀਆ 'ਤੇ ਹੋਈ ਕਾਰਵਾਈ 'ਤੇ ਸਵਾਲ ਚੁੱਕਣ ਵਾਲਾ ਇਹ ਆਗੂ ਕਦੋਂ-ਕਦੋਂ ਪਾਰਟੀ ਖ਼ਿਲਾਫ਼ ਬੋਲਿਆ

ਤਸਵੀਰ ਸਰੋਤ, Kunwar Vijay Pratap Singh/FB
ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ 'ਤੇ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਕੀਤੀ ਗਈ ਹੈ।
ਹਾਲ ਹੀ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਜੀਲੈਂਸ ਦੀ ਇਸ ਕਾਰਵਾਈ ਦੇ ਢੰਗ 'ਤੇ ਸਵਾਲ ਚੁੱਕੇ ਸਨ।
ਹੁਣ ਆਮ ਆਦਮੀ ਪਾਰਟੀ ਦੀ ਪਾਲੀਟਿਕਲ ਅਫੇਅਰ ਕਮੇਟੀ ਨੇ ਉਨ੍ਹਾਂ ਨੂੰ 5 ਸਾਲ ਲਈ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਜੂਨ 2021 ਵਿੱਚ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਭਾਰਤੀ ਪੁਲਿਸ ਸੇਵਾ ਵਿੱਚ ਰਹਿੰਦੀਆਂ ਹੋਇਆਂ ਅਤੇ ਫਿਰ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਵੀ ਉਹ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਆਏ ਹਨ।
'ਆਪ' ਚ ਸ਼ਾਮਲ ਹੋਣ ਤੋਂ ਬਾਅਦ, ਕਈ ਮੌਕੇ ਅਜਿਹੇ ਆਏ ਜਦੋਂ ਉਨ੍ਹਾਂ ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾਂ ਸਵਾਲ ਚੁੱਕੇ।
ਅਜਿਹੇ ਕੁਝ ਮੌਕਿਆਂ 'ਤੇ ਝਾਤ ਮਾਰਨ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਪਾਰਟੀ 'ਤੇ ਕੀ ਸਵਾਲ ਚੁੱਕੇ ਸਨ...
ਇਸ ਦੌਰਾਨ ਬਟਾਲਾ ਦੇ ਇੱਕ ਸਿਆਸੀ ਸਮਾਗਮ 'ਚ ਪਹੁੰਚੇ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸ਼ੋਦੀਆ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਜੋ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਉਹ ਬਿਲਕੁਲ ਸਹੀ ਹੈ।
ਉਨ੍ਹਾਂ ਨੇ ਕਿਹਾ, "ਆਮ ਆਦਮੀ ਪਾਰਟੀ ਇੱਕ ਅਨੁਸ਼ਾਸਿਤ ਪਾਰਟੀ ਹੈ। ਇਹ ਪਾਰਟੀ ਪੰਜਾਬ ਦੇ ਲੋਕਾਂ ਦੇ ਉਮੀਦਾਂ ਦੀ ਪਾਰਟੀ ਹੈ। ਜੋ ਵੀ ਲੀਡਰ ਸਰਕਾਰ 'ਚ ਰਹਿ ਕੇ ਕੁੱਝ ਗਲਤ ਕਰੇਗਾ ਜਾਂ ਪਾਰਟੀ ਦੇ ਕਿਸੇ ਅਹੁਦੇ 'ਤੇ ਰਹਿ ਕੇ ਅਜਿਹਾ ਕੰਮ ਕਰੇਗਾ ਜੋ ਕਿ ਪਾਰਟੀ ਦੇ ਹਿੱਤ 'ਚ ਨਾਂ ਹੋਵੇ ਉਸ ਦੇ ਖਿਲਾਫ਼ ਤਾਂ ਕਾਰਵਾਈ ਕੀਤੀ ਜਾਵੇਗੀ।"
ਮਜੀਠੀਆ 'ਤੇ ਹੋਈ ਕਾਰਵਾਈ ਨੂੰ ਲੈ ਕੇ ਚੁੱਕੇ ਸਵਾਲ

ਤਸਵੀਰ ਸਰੋਤ, Kunwar Vijay Pratap Singh/FB
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਾਲੇ ਘਰ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਲੰਘੀ 25 ਜੂਨ ਨੂੰ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਵਿਜੀਲੈਂਸ ਬਿਊਰੋ, ਪੰਜਾਬ ਦੁਆਰਾ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਮਜੀਠੀਆ ਵੱਲੋਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਸਫੇਦ ਧਨ ਵਿੱਚ ਤਬਦੀਲ ਕਰਨ ਦਾ ਖੁਲਾਸਾ ਹੋਇਆ ਹੈ।
ਫਿਲਹਾਲ ਮਜੀਠੀਆ ਮੋਹਾਲੀ ਕੋਰਟ ਦੇ ਆਦੇਸ਼ਾਂ ਮੁਤਾਬਕ 7 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਹਨ।
ਉੱਤਰੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐੱਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਜੀਲੈਂਸ ਦੀ ਇਸ ਕਾਰਵਾਈ 'ਤੇ ਸਵਾਲ ਚੁੱਕਦਿਆਂ ਆਪਣੀ ਹੀ ਪਾਰਟੀ ਖਿਲਾਫ ਬਿਆਨਬਾਜ਼ੀ ਕੀਤੀ।
ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਲੰਮੀ ਪੋਸਟ 'ਚ ਲਿਖਿਆ, ''ਜਦੋਂ ਮਜੀਠੀਆ ਜੀ 2022 ਵਿੱਚ ਡਰੱਗ ਦੇ ਕੇਸ ਵਿੱਚ ਜੇਲ੍ਹ 'ਚ ਸੀ, ਤਾਂ ਮਾਨ ਸਾਹਬ ਦੀ ਸਰਕਾਰ ਨੇ ਉਦੋਂ ਉਨ੍ਹਾਂ ਕੋਲੋਂ ਪੁੱਛ-ਗਿੱਛ ਤੱਕ ਨਹੀਂ ਕੀਤੀ, ਚਲਾਨ ਨਹੀਂ ਪੇਸ਼ ਕੀਤਾ ਅਤੇ ਜ਼ਮਾਨਤ ਕਰਵਾ ਦਿੱਤੀ।''

''ਬਰਗਾੜੀ ਬੇਅਦਬੀ ਦੇ ਇਨਸਾਫ਼ ਵੇਲੇ ਵੀ ਦੋਸ਼ੀ ਪਰਿਵਾਰ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ।''
''ਮਜੀਠੀਆ ਜੀ ਦੇ ਨਾਲ ਮੇਰਾ ਵਿਚਾਰਕ ਮਤਭੇਦ ਹੈ ਅਤੇ ਰਹੇਗਾ ਪਰ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ, ਚਾਹੇ ਉਹ ਨੇਤਾ ਹੋਵੇ, ਅਭਿਨੇਤਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਦੋਸਤ ਹੋਵੇ ਜਾਂ ਦੁਸ਼ਮਣ।''
''ਤੜਕੇ ਕਿਸੇ ਦੇ ਘਰ 'ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ, ਤਕਰੀਬਨ ਹਰ ਆਉਣ ਵਾਲੀਆਂ ਸਰਕਾਰਾਂ ਨੇ ਪੁਲਿਸ ਤੇ ਵਿਜੀਲੈਂਸ ਦਾ ਆਪਣੇ ਫਾਇਦੇ ਲਈ ਦੁਰਉਪਯੋਗ ਅਤੇ ਦੁਰਵਰਤੋਂ ਕੀਤੀ ਪਰ ਸਿੱਟਾ ਕੋਈ ਖਾਸ ਨਿਕਲਦਾ ਨਹੀਂ।''
ਉਨ੍ਹਾਂ ਲਿਖਿਆ, ''ਮੇਰਾ ਕਹਿਣਾ ਹੈ ਕਿ ਜਦੋਂ (ਮਜੀਠੀਆ) ਕਸਟਡੀ ਵਿੱਚ ਸੀ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਕੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਅੱਜ ਘਰ 'ਤੇ ਰੇਡ ਕੀਤੀ ਜਾ ਰਹੀ ਹੈ ਅਤੇ ਬਹੁ-ਬੇਟੀ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।''
ਪਹਿਲਾਂ ਕਦੋਂ-ਕਦੋਂ ਆਪਣੀ ਹੀ ਸਰਕਾਰ ਖਿਲਾਫ਼ ਬੋਲੇ ਕੁੰਵਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਆਵਾਜ਼ ਚੁੱਕੀ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮੌਕੇ ਆਏ ਹਨ ਜਦੋਂ ਉਨ੍ਹਾਂ ਦੇ ਸੁਰ ਪਾਰਟੀ ਨਾਲੋਂ ਵੱਖਰੇ ਸੁਣਾਈ ਦਿੱਤੇ ਹਨ।
ਬੇਅਦਬੀ ਤੇ ਪੁਲਿਸ ਗੋਲੀਬਾਰੀ ਮਾਮਲੇ 'ਚ ਸੀਐਮ ਮਾਨ 'ਤੇ ਸਿੱਧਾ ਹਮਲਾ

ਤਸਵੀਰ ਸਰੋਤ, Kunwar Vijay Pratap Singh/FB
ਅਕਤੂਬਰ 2023 ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਸੀ ਕਿ "ਜਦੋਂ ਮੈਂ ਅਪ੍ਰੈਲ 2021 ਵਿੱਚ ਭਾਰਤੀ ਪੁਲਿਸ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਮੈਂ ਤੁਹਾਡੇ ਸ਼ਬਦਾਂ 'ਤੇ ਭਰੋਸਾ ਕੀਤਾ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ।''
''ਅੱਜ, ਐੱਸਆਈਟੀ (ਵਿਸ਼ੇਸ਼ ਜਾਂਚ ਟੀਮ) ਤੁਹਾਡੀ ਹੈ ਅਤੇ ਤੁਸੀਂ ਗ੍ਰਹਿ ਮੰਤਰੀ ਹੋ। ਐੱਸਆਈਟੀ ਗਵਾਹਾਂ ਨੂੰ ਆਪਣੇ ਬਿਆਨਾਂ ਤੋਂ ਮੁੱਕਰਾ ਰਹੀ ਹੈ। ਦੁਬਾਰਾ ਓਨ੍ਹਾਂ ਦਾ ਬਿਆਨ ਕਰਾਇਆ ਜਾ ਰਿਹਾ ਹੈ, ਮੁਲਜ਼ਮਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।''
''ਮੈਂ ਪ੍ਰਾਈਵੇਟ ਵਕੀਲਾਂ ਨਾਲ ਅਦਾਲਤਾਂ ਵਿੱਚ ਲੜ ਰਿਹਾ ਹਾਂ। ਮੈਨੂੰ ਜਾਣਬੁਝ ਕੇ ਜ਼ਲੀਲ ਕੀਤਾ ਜਾ ਰਿਹਾ ਹੈ।''
ਉਨ੍ਹਾਂ ਲਿਖਿਆ ਸੀ, "ਮੇਰੀ ਜੰਗ ਜਾਰੀ ਰਹੇਗੀ, ਮੈਂ ਹਰ ਤਸ਼ੱਦਦ ਸਹਿਣ ਲਈ ਤਿਆਰ ਹਾਂ।"
ਆਪਣੀ ਹੀ ਸਰਕਾਰ 'ਤੇ ਲਗਾਏ ਫੋਨ ਟੈਪਿੰਗ ਦੇ ਇਲਜ਼ਾਮ

ਤਸਵੀਰ ਸਰੋਤ, Kunwar Vijay Pratap Singh/FB
ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਤੇ ਆਪਣੇ ਸਾਥੀਆਂ ਦਾ ਕਥਿਤ ਫ਼ੋਨ ਟੈਪ ਹੋਣ ਦਾ ਮੁੱਦਾ ਵੀ ਚੁੱਕਿਆ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਰਾਵਾਂ ਵਿਖੇ ਬਹਿਬਲ ਕਲਾਂ ਗੋਲੀ ਕਾਂਡ ਦੀ 9ਵੀਂ ਬਰਸੀ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਦੀ, ਉਨ੍ਹਾਂ ਦੀ ਆਪਣੀ ਸਰਕਾਰ ਵਿੱਚ ਹੀ ਫੋਨ ਟੈਪਿੰਗ ਕੀਤੀ ਗਈ ਸੀ।
ਉਨ੍ਹਾਂ ਕਿਹਾ, ''ਮੈਂ ਪੰਜਾਬ ਅਸੈਂਬਲੀ 'ਚ ਬੇਅਦਬੀ ਦੇ ਮੁੱਦੇ 'ਤੇ ਬਹਿਸ ਦੀ ਮੰਗ ਕੀਤੀ ਸੀ। ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਅਤੇ ਮੇਰੇ ਸਾਥੀਆਂ ਦੇ ਫੋਨ ਟੈਪ ਕੀਤੇ ਜਾ ਰਹੇ ਸਨ। ਇਹ ਮੇਰੀ ਆਪਣੀ ਸਰਕਾਰ ਸੀ। ਮੈਂ ਬਰਗਾੜੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਮੇਰੇ ਫ਼ੋਨ ਟੈਪ ਕਰਨੇ ਸ਼ੁਰੂ ਕਰ ਦਿੱਤੇ।"
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਫੋਨ ਟੈਪਿੰਗ ਦੇ ਸਬੂਤ ਸਨ ਅਤੇ ਬਾਅਦ ਵਿੱਚ ਜਦੋਂ ਉਨ੍ਹਾਂ ਨੇ ਅਧਿਕਾਰੀਆਂ ਕੋਲ ਟੈਪਿੰਗ ਦਾ ਮਾਮਲਾ ਚੁੱਕਿਆ ਤਾਂ ਇੱਕ ਐਸਪੀ ਇੰਟੈਲੀਜੈਂਸ ਦਾ ਤਬਾਦਲਾ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ, "ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜਦੋਂ ਮੈਂ ਇਸ ਮੁੱਦੇ ਬਾਰੇ ਗੱਲ ਕਰਦਾ ਹਾਂ, ਤਾਂ ਮੈਨੂੰ ਆਪਣੀ ਸਰਕਾਰ ਵਿੱਚ ਹੀ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ।"
ਐਡਵੋਕੇਟ ਜਨਰਲ ਦੀ ਨਿਯੁਕਤੀ ਦਾ ਵੀ ਵਿਰੋਧ ਕੀਤਾ ਸੀ

ਤਸਵੀਰ ਸਰੋਤ, Getty Images
ਕੁੰਵਰ ਵਿਜੇ ਪ੍ਰਤਾਪ ਵੱਲੋਂ ਐਡਵੋਕੇਟ ਜਨਰਲ ਦੀ ਨਿਯੁਕਤੀ ਦਾ ਵੀ ਵਿਰੋਧ ਕੀਤਾ ਗਿਆ ਸੀ।
ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇ ਦੋ ਐਡਵੋਕੇਟ ਜਨਰਲਾਂ- ਸੀਨੀਅਰ ਐਡਵੋਕੇਟ ਵਿਨੋਦ ਘਈ ਅਤੇ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਦੀ ਨਿਯੁਕਤੀ ਦਾ ਵੀ ਵਿਰੋਧ ਕੀਤਾ ਸੀ ਕਿਉਂਕਿ ਇਹਨਾਂ ਸੀਨੀਅਰ ਵਕੀਲਾਂ ਨੇ ਅਦਾਲਤਾਂ ਵਿੱਚ ਕੋਟਕਪੂਰਾ-ਬਹਿਬਲ ਕਲਾਂ ਗੋਲੀਕਾਂਡ ਦੇ ਮੁਲਜ਼ਮਾਂ ਦੀ ਨੁਮਾਇੰਦਗੀ ਕੀਤੀ ਸੀ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ "ਮੈਂ ਏਜੀ ਗੁਰਮਿੰਦਰ ਸਿੰਘ ਦੀ ਸਿਆਣਪ, ਭਰੋਸੇਯੋਗਤਾ ਅਤੇ ਸਮਰੱਥਾ ਦਾ ਸਨਮਾਨ ਕਰਦਾ ਹਾਂ। ਉਂਝ, ਕੁਦਰਤੀ ਨਿਆਂ ਦੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਕਲਾਂ ਕੇਸਾਂ ਦੇ ਕਿਸੇ ਮੁਲਜ਼ਮ ਦੇ ਵਕੀਲ ਵਜੋਂ ਰਹਿ ਚੁੱਕੇ ਵਿਅਕਤੀ ਨੂੰ ਨਿਯੁਕਤ ਕਰਨਾ ਜਾਇਜ਼ ਨਹੀਂ ਹੈ।"
ਉਨ੍ਹਾਂ ਅੱਗੇ ਕਿਹਾ, "ਜਦੋਂ ਉਹ ਕਿਸੇ ਮੁਲਜ਼ਮ ਲਈ ਪੇਸ਼ ਹੋਇਆ ਹੈ, ਤਾਂ ਉਹ ਉਸੇ ਮਾਮਲੇ ਵਿੱਚ ਰਾਜ ਵੱਲੋਂ ਪੇਸ਼ ਨਹੀਂ ਹੋ ਸਕਦਾ। ਇਹ ਕੇਸ ਰਾਜ ਦੇ ਨਜ਼ਰੀਏ ਤੋਂ ਅਤੇ ਆਮ ਤੌਰ 'ਤੇ ਪੰਜਾਬ ਦੇ ਲੋਕਾਂ ਦੇ ਨਜ਼ਰੀਏ ਤੋਂ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਹਨ।"
ਅੰਮ੍ਰਿਤਸਰ ਦੇ ਸਕੂਲ ਆਫ ਐਮੀਨੈਂਸ 'ਤੇ ਸਵਾਲ ਚੁੱਕੇ

ਤਸਵੀਰ ਸਰੋਤ, Kunwar Vijay Pratap Singh/FB
ਸਤੰਬਰ 2023 ਵਿੱਚ ਆਮ ਆਦਮੀ ਪਾਰਟੀ ਹੱਕੀ ਬੱਕੀ ਰਹਿ ਗਈ ਜਦੋ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਕੀਤਾ ਸੀ ਕਿ 'ਆਪ' ਸਰਕਾਰ ਦੁਆਰਾ ਚੰਗੇ ਨਤੀਜੇ ਵਾਲੇ ਸਕੂਲ ਨੂੰ "ਸਕੂਲ ਆਫ ਐਮੀਨੈਂਸ" ਵਿੱਚ ਕਿਵੇਂ ਬਦਲ ਦਿੱਤਾ ਗਿਆ ਹੈ ।
ਉਨ੍ਹਾਂ ਸਾਬਕਾ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦੀ ਸਕੂਲ ਬਾਰੇ ਫੇਸਬੁੱਕ ਪੋਸਟ 'ਤੇ ਟਿੱਪਣੀ ਕਰਦਿਆਂ ਕਿਹਾ ਸੀ,"ਡਾ. ਸਾਹਿਬ, ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ। ਕਿਰਪਾ ਕਰਕੇ ਮੈਨੂੰ ਇਹ ਸਕੂਲ ਵੀ ਦਿਖਾਓ, ਜੇਕਰ ਇਹ ਨਵਾਂ ਸਕੂਲ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਪਹਿਲਾਂ ਹੀ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਹੈ। ਪਿਛਲੀਆਂ ਸਰਕਾਰਾਂ ਨੇ ਇਸ ਸਕੂਲ ਨੂੰ ਸਮਾਰਟ ਸਕੂਲ ਬਣਾ ਦਿੱਤਾ ਸੀ।"
ਸੁਸ਼ੀਲ ਰਿੰਕੂ ਦੇ ਭਾਜਪਾ 'ਚ ਜਾਣ ਵੇਲੇ 'ਆਪ' 'ਤੇ ਤੰਜ

ਤਸਵੀਰ ਸਰੋਤ, Kunwar Vijay Pratap Singh/FB
ਜਦੋਂ ਮਾਰਚ 2024 ਵਿੱਚ ਜਲੰਧਰ ਤੋਂ ਆਗੂ ਸੁਸ਼ੀਲ ਰਿੰਕੂ ਭਾਜਪਾ 'ਚ ਸ਼ਾਮਲ ਹੋਏ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਇਸ ਨੂੰ ਲੈ ਕੇ ਆਪਣੀ ਹੀ ਪਾਰਟੀ 'ਤੇ ਤੰਜ ਕੱਸਿਆ ਸੀ।
ਉਨ੍ਹਾਂ ਆਪਣੇ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀ, ਇੱਕ ਜਦੋਂ ਰਿੰਕੂ 'ਆਪ' 'ਚ ਸ਼ਾਮਲ ਹੋਏ ਤੇ ਦੂਜੀ ਜਦੋਂ ਉਹ ਭਾਜਪਾ 'ਚ ਸ਼ਾਮਲ ਹੋਏ।
ਨਾਲ ਕੁੰਵਰ ਨੇ ਲਿਖਿਆ, ''ਕਿਆ ਸੇ ਕਿਆ ਹੋ ਗਿਆ, ਦੇਖਤੇ ਦੇਖਤੇ।''
ਉਨ੍ਹਾਂ ਅੱਗੇ ਲਿਖਿਆ ਸੀ, ਆਖਿਰ ਕਿਤੇ ਨਾ ਕਿਤੇ ਕੋਈ ਚੂਕ ਹੋ ਗਈ ਹੈ! ਆਪਣਿਆਂ ਤੋਂ ਦੂਰੀ ਤੇ ਧੋਖਾ ਅਤੇ ਬੇਗਾਨਿਆਂ ਨੂੰ ਗਲੇ ਲਗਾਉਣਾ, ਇਹ ਕਿਹੜੀ ਰਾਜਨੀਤੀ ਹੈ?
ਸੰਕਟ ਦੀ ਇਸ ਘੜੀ ਵਿੱਚ ਕੋਈ ਤੁਹਾਨੂੰ ਛੱਡ ਕੇ ਪਾਰਟੀ ਬਦਲ ਰਿਹਾ ਹੈ, ਕੋਈ ਜਸ਼ਨ ਮਨਾ ਰਿਹਾ ਹੈ ਅਤੇ ਕੋਈ ਇਲਾਜ ਦੇ ਬਹਾਨੇ ਵਿਦੇਸ਼ ਚਲਾ ਗਿਆ ਹੈ।''
ਕੌਣ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ

ਤਸਵੀਰ ਸਰੋਤ, Kunwar Vijay Pratap Singh/FB
ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਪੁਲਿਸ ਦੇ 1998 ਬੈਚ ਦੇ ਆਈਪੀਐੱਸ ਅਧਿਕਾਰੀ ਰਹੇ ਹਨ।
ਉਨ੍ਹਾਂ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਕੀਤੀ ਜਾਂਚ ਤੋਂ ਬਾਅਦ ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਦੀ ਨੌਕਰੀ ਛੱਡ ਦਿੱਤੀ ਸੀ।
ਕੁੰਵਰ ਵਿਜੇ ਪ੍ਰਤਾਪ ਸਿੰਘ ਜੂਨ 2021 ਵਿੱਚ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਉਨ੍ਹਾਂ ਨੇ ਅੰਮ੍ਰਿਤਸਰ ਉੱਤਰੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।
ਫਿਲਹਾਲ ਉਨ੍ਹਾਂ ਨੂੰ ਪਾਰਟੀ ਤੋਂ 5 ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












