ਜੇਮਸ ਗਾਰਫੀਲਡ: ਅਮਰੀਕਾ ਦੇ ਉਹ ਰਾਸ਼ਟਰਪਤੀ ਜਿਨ੍ਹਾਂ ਦਾ ਸਹੁੰ ਚੁੱਕਣ ਦੇ 4 ਮਹੀਨਿਆਂ ਬਾਅਦ ਹੀ ਕਤਲ ਕਰ ਦਿੱਤਾ ਗਿਆ

ਤਸਵੀਰ ਸਰੋਤ, Getty Images
- ਲੇਖਕ, ਕਲੇਅਰ ਮੈਕਹਿਊ
- ਰੋਲ, ਬੀਬੀਸੀ ਪੱਤਰਕਾਰ
19ਵੀਂ ਸਦੀ ਦੇ ਅਖ਼ੀਰ ਵਿੱਚ ਰਾਸ਼ਟਰਪਤੀ ਜੇਮਸ ਗਾਰਫੀਲਡ ਨੇ ਤਰੱਕੀ ਅਤੇ ਸੁਧਾਰ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵੱਲੋਂ ਸਹੁੰ ਚੁੱਕਣ ਦੇ ਚਾਰ ਮਹੀਨੇ ਬਾਅਦ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਨਵੀਂ ਸੀਰੀਜ਼ 'ਡੈਥ ਬਾਏ ਲਾਈਟਨਿੰਗ' ਉਨ੍ਹਾਂ ਦੇ ਜੀਵਨ ਅਤੇ ਵਿਰਾਸਤ ਨੂੰ ਦਰਸਾਉਂਦੀ ਹੈ।
1880 ਵਿੱਚ ਅਮਰੀਕਾ ਇੱਕ ਚੌਰਾਹੇ 'ਤੇ ਖੜ੍ਹਾ ਸੀ।
ਕੀ ਪਹਿਲਾਂ ਗੁਲਾਮ ਬਣਾਏ ਗਏ ਲੋਕਾਂ ਨੂੰ ਆਖ਼ਰਕਾਰ ਨਾਗਰਿਕਾਂ ਵਜੋਂ ਪੂਰੇ ਅਧਿਕਾਰ ਮਿਲਣਗੇ?
ਕੀ ਇੱਕ ਸਥਾਪਿਤ ਸਰਪ੍ਰਸਤੀ ਪ੍ਰਣਾਲੀ, ਜਿਸ ਵਿੱਚ ਸਭ ਤੋਂ ਯੋਗ ਉਮੀਦਵਾਰਾਂ ਦੀ ਬਜਾਏ ਪਾਰਟੀ ਦੇ ਵਫ਼ਾਦਾਰਾਂ ਨੂੰ ਸੰਘੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ, ਵਿੱਚ ਸੁਧਾਰ ਹੋ ਸਕਦਾ ਹੈ?
ਜੂਨ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ, ਜੇਮਜ਼ ਗਾਰਫੀਲਡ ਨੇ ਇਨ੍ਹਾਂ ਸਵਾਲਾਂ ਨੂੰ ਸੰਬੋਧਿਤ ਕੀਤਾ, ਰਾਸ਼ਟਰ ਨੂੰ ਸਾਰਿਆਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਦਾ ਸ਼ਾਨਦਾਰ ਭਾਸ਼ਣ ਸੁਣ ਕੇ, ਸੈਂਕੜੇ ਡੈਲੀਗੇਟ ਖੜ੍ਹੇ ਹੋ ਗਏ ਅਤੇ ਓਹੀਓ ਦੇ ਇਸ ਕਾਂਗਰਸੀ ਨੂੰ ਆਪਣਾ ਉਮੀਦਵਾਰ ਬਣਾਉਣ ਦੀ ਮੰਗ ਕਰਨ ਤੋਂ ਪਹਿਲਾਂ, ਜ਼ੋਰ ਨਾਲ ਤਾੜੀਆਂ ਵਜਾਉਣ ਲੱਗੇ।
ਗਾਰਫੀਲਡ ਨੇ ਆਪਣੀ ਪਾਰਟੀ ਦੀ ਨਾਮਜ਼ਦਗੀ ਲੈਣ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਕੋਈ ਇੱਛਾ ਨਹੀਂ ਸੀ। ਪਰ ਗਾਰਫੀਲਡ ਲਈ ਭਾਰੀ ਸਮਰਥਨ ਇਕੱਠਾ ਹੋਇਆ ਅਤੇ ਨਵੰਬਰ 1880 ਵਿੱਚ ਉਨ੍ਹਾਂ ਨੂੰ ਦੇਸ਼ ਦਾ 20ਵਾਂ ਰਾਸ਼ਟਰਪਤੀ ਚੁਣਿਆ ਗਿਆ।
ਉਹ ਵੀ ਅਬਰਾਹਮ ਲਿੰਕਨ ਵਾਂਗ ਗਰੀਬੀ ਤੋਂ ਰਾਸ਼ਟਰੀ ਅਹੁਦੇ 'ਤੇ ਪਹੁੰਚੇ ਸੀ ਅਤੇ ਘਰੇਲੂ ਯੁੱਧ ਵਿੱਚ ਯੂਨੀਅਨ ਪੱਖ ਤੋਂ ਇੱਕ ਕਮਾਂਡਰ ਵਜੋਂ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸੀ।
ਅੱਗੇ ਜੋ ਹੋਇਆ, ਉਹ ਰਾਸ਼ਟਰਪਤੀ ਦੇ ਇਤਿਹਾਸ ਦੇ ਸਭ ਤੋਂ ਦੁਖਦਾਈ ਅਧਿਆਵਾਂ ਵਿੱਚੋਂ ਇੱਕ ਹੈ, ਉਨ੍ਹਾਂ ਦੇ ਸਹੁੰ ਚੁੱਕਣ ਦੇ ਚਾਰ ਮਹੀਨੇ ਬਾਅਦ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਗਾਰਫੀਲਡ ਆਖ਼ਰਕਾਰ ਸੈਪਸਿਸ ਨਾਲ ਮਰ ਗਏ।
ਗਾਰਫੀਲਡ 'ਤੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਰਚਨਾ, ਡੈਸਟੀਨੀ ਆਫ਼ ਦਿ ਰਿਪਬਲਿਕ: ਏ ਟੇਲ ਆਫ਼ ਮੈਡਨੇਸ, ਮੈਡੀਸਨ, ਐਂਡ ਦਿ ਮਰਡਰ ਆਫ਼ ਏ ਪ੍ਰੈਜ਼ੀਡੈਂਟ ਵਿੱਚ, ਲੇਖਕ ਕੈਂਡਿਸ ਮਿਲਾਰਡਕਹਾਣੀ ਸੁਣਾਉਂਦੀ ਹੈ।
2016 ਵਿੱਚ ਪੀਬੀਐੱਸ 'ਤੇ ਅਮਰੀਕਾ ਵਿੱਚ ਪ੍ਰਸਾਰਿਤ ਦੋ-ਭਾਗਾਂ ਵਾਲੀ ਦਸਤਾਵੇਜ਼ੀ 'ਦਿ ਮਰਡਰ ਆਫ਼ ਏ ਪ੍ਰੈਜ਼ੀਡੈਂਟ' ਵੀ ਪੁਰਸਕਾਰ ਜੇਤੂ ਕਿਤਾਬ 'ਤੇ ਹੀ ਆਧਾਰਿਤ ਸੀ।

ਤਸਵੀਰ ਸਰੋਤ, Getty Images
ਅਮਰੀਕੀ ਇਤਿਹਾਸ ਵਿੱਚ ਇੱਕ ਵੱਡੇ 'ਕੀ ਹੁੰਦਾ ਜੇ' ਦਾ ਸਾਹਮਣਾ ਕਰਨਾ
ਹੁਣ ਨੈੱਟਫਲਿਕਸ ਮਿਲਾਰਡ ਦੇ ਕੰਮ ਦੇ ਇੱਕ ਮਹੱਤਵਾਕਾਂਕਸ਼ੀ ਅਤੇ ਸ਼ਾਨਦਾਰ ਨਵੇਂ ਰੂਪਾਂਤਰਣ ਦੀ ਮੇਜ਼ਬਾਨੀ ਕਰ ਰਿਹਾ ਹੈ।
ਡੈਥ ਬਾਏ ਲਾਈਟਨਿੰਗ, ਮਾਈਕਲ ਮਾਕੋਵਸਕੀ ਵੱਲੋਂ ਲਿਖਿਆ ਗਿਆ ਚਾਰ-ਭਾਗਾਂ ਵਾਲਾ ਡਰਾਮਾ ਹੈ, ਜਿਸ ਵਿੱਚ ਮਾਈਕਲ ਸ਼ੈਨਨ ਨੇ ਜੇਮਜ਼ ਗਾਰਫੀਲਡ ਤੇ ਮੈਥਿਊ ਮੈਕਫੈਡੀਨ ਨੇ ਗਾਰਲਫੀਲਡ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਚਾਰਲਸ ਗਿਟੋ ਦੀ ਭੂਮਿਕਾ ਨਿਭਾਈ ਹੈ।
ਮਿਲਾਰਡ ਬੀਬੀਸੀ ਨੂੰ ਦੱਸਦੇ ਹਨ, "ਇਹ ਯਾਦ ਦਿਵਾਉਂਦਾ ਹੈ ਕਿ ਇਤਿਹਾਸ ਦਾ ਰੁਖ਼ ਬਦਲਣ ਲਈ ਤੁਹਾਨੂੰ ਕਿਸੇ ਵੱਡੀ ਘਟਨਾ ਦੀ ਜ਼ਰੂਰਤ ਨਹੀਂ ਹੈ। ਅਜਿਹੇ ਵਿੱਚ ਇੱਕ ਆਦਮੀ ਦੇ ਪਾਗ਼ਲਪਨ ਅਤੇ ਦੂਜੇ ਦੀ ਅਗਿਆਨਤਾ ਤੇ ਛੋਟੀਆਂ-ਛੋਟੀਆਂ ਇੱਛਾਵਾਂ ਦੇ ਸੁਮੇਲ ਨੇ ਇੱਕ ਪੂਰੇ ਦੇਸ਼ ਨੂੰ ਤਬਾਹ ਕਰ ਦਿੱਤਾ।"
ਗਾਰਫੀਲਡ ਨੂੰ ਗੋਲੀ ਮਾਰਨ ਤੋਂ ਬਹੁਤ ਪਹਿਲਾਂ ਗੁਇਟੋ ਵਿੱਚ ਮਾਨਸਿਕ ਅਸਥਿਰਤਾ ਦੇ ਸੰਕੇਤ ਦਿਖੇ ਸਨ, ਫਿਰ ਵੀ ਮਨੋਵਿਗਿਆਨ ਦੇ ਉਨ੍ਹਾਂ ਸ਼ੁਰੂਆਤੀ ਦਿਨਾਂ ਵਿੱਚ, ਉਸ ਦਾ ਨਾ ਕਦੇ ਇਲਾਜ ਹੋਇਆ ਅਤੇ ਨਾ ਹੀ ਕਦੇ ਕਿਸੇ ਬਿਮਾਰੀ ਦਾ ਪਤਾ ਲੱਗਿਆ।
ਗੋਲੀਬਾਰੀ ਤੋਂ ਬਾਅਦ ਰਾਸ਼ਟਰਪਤੀ ਦੀ ਦੇਖਭਾਲ ਦੀ ਨਿਗਰਾਨੀ ਕਰਨ 'ਤੇ ਜ਼ੋਰ ਦੇਣ ਵਾਲੇ ਹੰਕਾਰੀ ਡਾਕਟਰ ਲਈ, ਡਾ. ਵਿਲਫ੍ਰੇਡ ਬਲਿਸ ਨੇ ਜ਼ਖ਼ਮਾਂ ਦੇ ਇਲਾਜ ਦੇ ਨਵੇਂ ਐਂਟੀਸੈਪਟਿਕ ਢੰਗ ਦਾ ਮਜ਼ਾਕ ਉਡਾਇਆ, ਜਿਸ ਵਿੱਚ ਗੈਰ-ਨਿਰਜੀਵ ਯੰਤਰਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਇੱਥੋਂ ਤੱਕ ਕਿ ਗਾਰਫੀਲਡ ਦੀ ਰੀੜ੍ਹ ਦੀ ਹੱਡੀ ਦੇ ਨੇੜੇ ਛੇਕ ਦੀ ਜਾਂਚ ਕਰਨ ਲਈ ਆਪਣੀ ਨੰਗੀ ਉਂਗਲੀ ਦੀ ਵਰਤੋਂ ਵੀ ਕੀਤੀ ਗਈ ਸੀ।
ਮਿਲਾਰਡ ਨੇ ਵਿਸਥਾਰ ਵਿੱਚ ਦੱਸਿਆ ਕਿ ਰਾਸ਼ਟਰਪਤੀ ਦੀ ਮੌਤ ਦਾ ਇਲਜ਼ਾਮ ਸਿੱਧੇ ਤੌਰ 'ਤੇ ਬਲਿਸ 'ਤੇ ਲਗਾਇਆ ਜਾ ਸਕਦਾ ਹੈ।
ਸਕ੍ਰੀਨਰਾਈਟਰ ਮਕੋਵਸਕੀ ਨੇ ਮਿਲਾਰਡ ਦੀ ਕਿਤਾਬ ਡੈਸਟਿਨੀ ਆਫ਼ ਦਿ ਰਿਪਬਲਿਕ ਨੂੰ ਵਿਕਰੀ ਵਾਲੀ ਮੇਜ਼ ਤੋਂ ਚੁੱਕਿਆ, ਘਰ ਲੈ ਗਏ ਅਤੇ ਇੱਕ ਹੀ ਬੈਠਕ ਵਿੱਚ ਪੜ੍ਹ ਲਿਆ।
ਉਨ੍ਹਾਂ ਨੇ ਤੁਰੰਤ ਇੱਕ ਟੈਲੀਵਿਜ਼ਨ ਡਰਾਮੇ ਦੀ ਕਲਪਨਾ ਕੀਤੀ। ਉਹ ਬੀਬੀਸੀ ਨੂੰ ਦੱਸਦੇ ਹਨ, "ਮੈਂ ਲੇਖਕ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਪਹਿਲਾਂ ਉਨ੍ਹਾਂ ਨੇ ਨਾ ਕਿਹਾ। ਮੈਨੂੰ ਉਨ੍ਹਾਂ ਨੂੰ ਮਨਾਉਣਾ ਪਿਆ ਕਿ ਉਹ ਇਸ ਪ੍ਰੋਜੈਕਟ ਲਈ ਮੇਰੇ 'ਤੇ ਭਰੋਸਾ ਕਰਨ।"

ਮਕੋਵਸਕੀ ਨੇ ਆਪਣੇ ਪਿਛਲੇ ਤਜਰਬੇ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਅਸਲੀ ਘਟਨਾਵਾਂ ਨੂੰ ਡਰਾਮੇ ਵਿੱਚ ਬਦਲਿਆ ਸੀ।
ਇੱਕ ਸੱਚੀ ਅਪਰਾਧ ਘਟਨਾ 'ਤੇ ਬਣੀ ਫ਼ਿਲਮ ਬੈਡ ਐਜੂਕੇਸ਼ਨ ਉਨ੍ਹਾਂ ਨੇ ਐੱਚਬੀਓ ਲਈ ਲਿਖੀ ਸੀ। ਉਸ ਫਿਲਮ ਨੇ 2019 ਵਿੱਚ ਇੱਕ ਐਮੀ ਅਵਾਰਡ ਜਿੱਤਿਆ।
ਗਾਰਫ਼ੀਲਡ ਦੀ ਕਹਾਣੀ ਦੱਸਣ ਦਾ ਮਤਲਬ ਸੀ ਇੱਕ ਸਦੀਵੀ ਇਤਿਹਾਸਕ "ਕੀ ਹੁੰਦਾ ਜੇ" ਦਾ ਸਾਹਮਣਾ ਕਰਨਾ: ਜੇਕਰ ਉਸ ਹੋਣਹਾਰ ਰਾਸ਼ਟਰਪਤੀ 'ਤੇ ਹਮਲਾ ਨਾ ਕੀਤਾ ਗਿਆ ਹੁੰਦਾ, ਤਾਂ ਉਹ ਕੀ ਹਾਸਲ ਕਰ ਸਕਦੇ ਸੀ?
ਮਕੋਵਸਕੀ ਕਹਿੰਦੇ ਹਨ, "ਉਹ ਸਾਡੇ ਸਭ ਤੋਂ ਸ਼ਾਨਦਾਰ ਰਾਸ਼ਟਰਪਤੀਆਂ ਵਿੱਚੋਂ ਇੱਕ ਹੋ ਸਕਦੇ ਸੀ। ਉਨ੍ਹਾਂ ਦਾ ਬੁੱਧੀਮਾਨ ਦਿਮਾਗ ਸ਼ਾਨਦਾਰ ਸੀ। ਇਹ ਗੱਲ ਕਿ ਉਨ੍ਹਾਂ ਨੂੰ ਇੱਕ ਅਣਜਾਣ ਫੁਟਨੋਟ ਤੱਕ ਘਟਾ ਦਿੱਤਾ ਗਿਆ ਹੈ, ਇੱਕ ਤ੍ਰਾਸਦੀ ਹੈ।"
ਮਕੋਵਸਕੀ ਦਾ ਸਭ ਤੋਂ ਮਹੱਤਵਪੂਰਨ ਕੰਮ ਸੀ ਮਿਲਾਰਡ ਦੇ ਕਤਲ ਦੇ ਇਤਿਹਾਸ ਵਿੱਚ ਕੀਤੀ ਗਈ ਵਿਸਥਾਰਪੂਰਵਕ ਖੋਜ ਨੂੰ ਛਾਣਨਾ ਅਤੇ ਟੀਵੀ ਦਰਸ਼ਕਾਂ ਲਈ ਆਕਰਸ਼ਕ ਇੱਕ ਕਹਾਣੀ ਬਣਾਉਣਾ।
ਡੈਸਟਿਨੀ ਆਫ਼ ਦਿ ਰਿਪਬਲਿਕ ਵਿੱਚ ਰਿਪਬਲਿਕਨ ਪਾਰਟੀ ਦੇ ਧੜਿਆਂ, ਬ੍ਰਿਟਿਸ਼ ਸਰਜਨ ਜੋਸਫ਼ ਲਿਸਟਰ ਦੇ ਪਸੰਦੀਦਾ ਐਂਟੀਸੈਪਟਿਕਸ ਅਤੇ ਅਲੈਕਜ਼ੈਂਡਰ ਗ੍ਰਾਹਮ ਬੇਲ ਦੀ ਮੈਟਲ ਡਿਟੈਕਟਰ ਦੀ ਅਵਿਸ਼ਕਾਰ ਦਾ ਸੈਕਸ਼ਨ, ਜਿਸ ਦੀ ਵਰਤੋਂ ਆਖ਼ਰਕਾਰ ਗਾਰਫ਼ੀਲਡ ਦੇ ਸਰੀਰ ਵਿੱਚ ਗੋਲੀ ਲੱਭਣ ਲਈ ਕੀਤੀ ਗਈ ਸੀ।
ਮਕੋਵਸਕੀ ਨੇ ਗੁਇਟੋ ਅਤੇ ਗਾਰਫ਼ੀਲਡ ਦੀ ਵਿਰੋਧੀ ਯਾਤਰਾਵਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਦੱਸਿਆ, "ਦੋਵੇਂ ਆਦਮੀ ਜਾਣੇ-ਪਛਾਣੇ ਹੋਣ ਦੀ ਬਹੁਤ ਪਰਵਾਹ ਕਰਦੇ ਸਨ। ਇੱਕ ਆਪਣੇ ਆਪ ਨੂੰ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੱਕ ਪਹੁੰਚਾਉਂਦਾ ਹੈ, ਜਦਕਿ ਦੂਜਾ ਮਹਾਨਤਾ ਦੀ ਚਾਹਤ ਰੱਖਦਾ ਹੈ ਪਰ ਕਦੇ ਇਸਨੂੰ ਹਾਸਲ ਨਹੀਂ ਕਰ ਸਕਿਆ।"

ਤਸਵੀਰ ਸਰੋਤ, Getty Images
ਕਾਤਲ ਦੀ ਪ੍ਰੇਰਣਾ
ਗੁਇਟੋ ਵਾਰੀ-ਵਾਰੀ ਵਕੀਲ, ਪੱਤਰਕਾਰ ਅਤੇ ਇਵੈਂਜਲਿਕਲ ਪ੍ਰਚਾਰਕ ਵਜੋਂ ਅਸਫ਼ਲ ਰਿਹਾ। ਮਿਲਾਰਡ ਮੁਤਾਬਕ, ਉਹ ਉਸ ਮੁਫ਼ਤ ਪ੍ਰੇਮ ਕਮਿਊਨ ਵਿੱਚ ਵੀ ਨਾਕਾਮ ਰਿਹਾ ਜਿਸ ਵਿੱਚ ਉਹ ਸ਼ਾਮਲ ਹੋਇਆ ਸੀ। ਕੋਈ ਔਰਤ ਉਸ ਨਾਲ ਨਹੀਂ ਸੁੱਤੀ।
ਫਿਰ ਵੀ ਉਹ ਹਮੇਸ਼ਾ ਵਿਸ਼ਵਾਸ ਕਰਦਾ ਸੀ ਕਿ ਪਰਮਾਤਮਾ ਨੇ ਉਸ ਨੂੰ ਕਿਸੇ ਵੱਡੇ ਉਦੇਸ਼ ਲਈ ਬਣਾਇਆ ਹੈ।
ਕਾਂਗਰਸ ਦੀ ਅਚਾਨਕ ਨਾਮਜ਼ਦਗੀ ਨਾਲ ਗੁਇਟੋ, ਗਾਰਫ਼ੀਲਡ ਦੇ ਮੁਰੀਦ ਹੋ ਗਏ ਅਤੇ 1880 ਦੀਆਂ ਗਰਮੀਆਂ ਵਿੱਚ ਨਿਊਯਾਰਕ ਇਹ ਯਕੀਨੀ ਬਣਾਉਣ ਲਈ ਗਏ ਕਿ ਉਹ ਆਮ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਪੱਕੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਗੁਇਟੋ ਨੇ ਗਾਰਫ਼ੀਲਡ ਦੇ ਨਿਊਯਾਰਕ ਮੁਹਿੰਮ ਦਫ਼ਤਰ ਦੇ ਸਟਾਫ਼ ਨੂੰ ਉਦੋਂ ਤੰਗ ਕੀਤਾ ਜਦੋਂ ਤੱਕ ਉਨ੍ਹਾਂ ਨੂੰ ਉਮੀਦਵਾਰ ਦਾ ਸਮਰਥਨ ਕਰਦੇ ਹੋਏ ਇੱਕ ਲੰਬਾ-ਚੌੜਾ ਭਾਸ਼ਣ ਦੇਣ ਦੀ ਆਗਿਆ ਨਾ ਮਿਲੀ।
ਗਾਰਫ਼ੀਲਡ ਨੇ ਖੁੱਲ੍ਹੇ ਤੌਰ 'ਤੇ ਉਸ ਪ੍ਰਣਾਲੀ ਦਾ ਵਿਰੋਧ ਕੀਤਾ ਜਿਸ ਵਿੱਚ ਸਮਰਥਕਾਂ ਨੂੰ ਲਾਭਦਾਇਕ ਅਹੁਦੇ ਦਿੱਤੇ ਜਾਂਦੇ ਸਨ, ਪਰ ਗੁਇਟੋ ਨੂੰ ਇਸ 'ਤੇ ਬਹੁਤ ਵਿਸ਼ਵਾਸ ਸੀ।
ਉਸ ਨੂੰ ਉਮੀਦ ਸੀ ਕਿ ਉਸ ਦੇ ਸਮਰਥਨ ਦੇ ਬਦਲੇ, ਗਾਰਫ਼ੀਲਡ, ਜੋ ਹੁਣ ਰਾਸ਼ਟਰਪਤੀ ਸੀ, ਉਸ ਨੂੰ ਇੱਕ ਅਹਿਮ ਅਹੁਦਾ ਦੇਣਗੇ।
ਫ਼ਰਾਂਸ ਦੇ ਰਾਜਦੂਤ ਉਸ ਦੀ ਪਹਿਲੀ ਪਸੰਦ ਸਨ। ਉਹ ਵਹਿਮੀ ਆਦਮੀ ਵਾਸ਼ਿੰਗਟਨ ਗਿਆ ਅਤੇ ਹਰ ਰੋਜ਼ ਵ੍ਹਾਈਟ ਹਾਊਸ ਵਿੱਚ ਹੋਰ ਜ਼ਿੱਦੀ ਅਹੁਦਾ ਲੈਣ ਵਾਲਿਆਂ ਦੇ ਝੁੰਡ ਨਾਲ ਹਾਜ਼ਰ ਹੁੰਦਾ ਸੀ।
ਗੁਇਟੋ ਇੱਕ ਵਾਰ ਆਪਣੇ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਹੀਰੋ ਦੇ ਸਾਹਮਣੇ ਵੀ ਆ ਗਿਆ, ਜਿੱਥੇ ਉਸ ਨੇ ਗਾਰਫ਼ੀਲਡ ਨੂੰ ਆਪਣੀ ਚੋਣ ਭਾਸ਼ਣ ਦੀ ਇੱਕ ਕਾਪੀ ਦਿੱਤੀ, ਜਿਸ 'ਤੇ "ਪੈਰਿਸ ਕੌਂਸਲਸ਼ਿਪ" ਲਿਖਿਆ ਹੋਇਆ ਸੀ ਅਤੇ ਉਨ੍ਹਾਂ ਸ਼ਬਦਾਂ ਨਾਲ ਉਸਦੇ ਨਾਮ ਨੂੰ ਜੋੜ ਵਾਲੀ ਲਾਈਨ ਸੀ।
ਇਸ ਵਿਚਾਲੇ ਗਾਰਫ਼ੀਲਡ ਨੇ ਇੱਕ ਏਜੰਡਾ ਸ਼ੁਰੂ ਕੀਤਾ, ਜਿਸ ਵਿੱਚ ਅਮਰੀਕੀ ਨੇਵੀ ਨੂੰ ਅਪਗ੍ਰੇਡ ਕਰਨਾ, ਲਾਤੀਨੀ ਅਮਰੀਕਾ ਨਾਲ ਵਪਾਰ ਵਧਾਉਣਾ ਅਤੇ ਨਾਗਰਿਕ ਅਧਿਕਾਰਾਂ ਲਈ ਵਕਾਲਤ ਕਰਨਾ ਸ਼ਾਮਲ ਸੀ।
ਉਨ੍ਹਾਂ ਨੇ ਕਦੇ ਗ਼ੁਲਾਮ ਰਹੇ ਸਮਾਜਿਕ ਸੁਧਾਰਕ ਫ੍ਰੈਡਰਿਕ ਡਗਲਸ ਨੂੰ ਡਿਸਟ੍ਰਿਕਟ ਆਫ਼ ਕੋਲੰਬੀਆ ਲਈ ਰਿਕਾਰਡਰ ਆਫ ਡੀਡਜ਼ ਵਜੋਂ ਨਿਯੁਕਤ ਕੀਤਾ, ਜੋ ਇੱਕ ਪ੍ਰਮੁੱਖ ਸੰਘੀ ਅਹੁਦਾ ਸੰਭਾਲਣ ਵਾਲੇ ਪਹਿਲਾ ਅਫ਼ਰੀਕੀ ਅਮਰੀਕੀ ਸੀ।
ਉਸ ਵੇਲੇ ਗਾਰਫ਼ੀਲਡ ਨੂੰ ਨਿਊਯਾਰਕ ਦੇ ਰਿਪਬਲਿਕਨ ਸੈਨੇਟਰ ਰੋਸਕੋ ਕੌਂਕਲਿੰਗ ਦਾ ਵੀ ਸਾਹਮਣਾ ਕਰਨਾ ਪਿਆ। ਉਹ ਸ਼ਾਇਦ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸਤਦਾਨ ਸਨ ਕਿਉਂਕਿ ਨਿਊਯਾਰਕ ਦੇ ਬੰਦਰਗਾਹ ਵਿੱਚ ਆਉਣ ਵਾਲੀ ਲਾਹੇਵੰਦ ਕਸਟਮ ਰੇਵਨਿਊ 'ਤੇ ਉਨ੍ਹਾਂ ਦਾ ਅਸਿੱਧੇ ਤੌਰ 'ਤੇ ਕੰਟ੍ਰੋਲ ਸੀ।
ਕੌਂਕਲਿੰਗ ਨੂੰ ਗਾਰਫ਼ੀਲਡ ਦੀ ਪ੍ਰਗਤੀਸ਼ੀਲ ਸੋਚ ਅਤੇ ਨਾ ਹੀ ਸਪਾਈਲ ਸਿਸਟਮ ਦਾ ਉਨ੍ਹਾਂ ਦਾ ਵਿਰੋਧ ਪਸੰਦ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਹੀ ਉਮੀਦਵਾਰ ਗਾਰਫ਼ੀਲਡ 'ਤੇ ਆਪਣੇ ਸਾਥੀ ਚੈਸਟਰ ਏ ਆਰਥਰ ਨੂੰ ਉਪ ਰਾਸ਼ਟਰਪਤੀ ਵਜੋਂ ਥਾਪ ਦਿੱਤਾ ਸੀ। ਹੁਣ ਕੌਂਕਲਿੰਗ ਗਾਰਫ਼ੀਲਡ ਦੀ ਕੈਬਿਨੇਟ ਚੋਣਾਂ ਨੂੰ ਰੋਕਣਾ ਚਾਹੁੰਦੇ ਸੀ।
ਗੁਇਟੋ ਦੇ ਅਜੀਬ ਵਿਹਾਰ ਅਤੇ ਅਸਥਿਰ ਬਿਆਨਾਂ ਕਾਰਨ ਉਸ ਨੂੰ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ, ਤਾਂ ਉਸ ਨੇ ਸੈਕਰਟਰੀ ਆਫ਼ ਸਟੇਟ ਜੇਮਜ਼ ਬਲੇਨ ਦੇ ਦਫ਼ਤਰ ਵਿੱਚ ਜਾਣਾ ਸ਼ੁਰੂ ਕਰ ਦਿੱਤਾ।
ਇੱਕ ਦਿਨ ਉਸ ਨੇ ਬਲੇਨ ਨੂੰ ਸਿੱਧੇ ਤੌਰ 'ਤੇ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸਪਸ਼ਟ ਤੌਰ 'ਤੇ ਕਿਹਾ ਗਿਆ ਕਿ ਉਸ ਨੂੰ ਕਦੇ ਵੀ ਗਾਰਫ਼ੀਲਡ ਪ੍ਰਸ਼ਾਸਨ ਵਿੱਚ ਅਹੁਦਾ ਨਹੀਂ ਦਿੱਤਾ ਜਾਵੇਗਾ।
ਪੈਸੇ ਜਾਂ ਸੰਭਾਵਨਾਵਾਂ ਤੋਂ ਬਿਨਾਂ, ਗੁਇਟੋ ਆਪਣੇ ਟੁੱਟੇ-ਫੁੱਟੇ ਬੋਰਡਿੰਗ ਹਾਊਸ ਵਿੱਚ ਵਾਪਸ ਆ ਗਿਆ।
ਉੱਥੇ, ਹੀ ਆਪਣੇ ਬਿਸਤਰੇ 'ਤੇ ਲੇਟੇ ਹੋਏ, ਉਸਨੂੰ ਦਿਵਿਆ ਪ੍ਰੇਰਣਾ ਮਿਲੀ, ਜਿਸ ਨੂੰ ਬਾਅਦ ਵਿੱਚ ਉਸ ਨੇ 'ਪ੍ਰਮਾਤਮਾ ਦੀ ਪ੍ਰੇਰਣਾ' ਕਿਹਾ, ਗਾਰਫ਼ੀਲਡ ਆਪਣੇ ਉੱਪ ਰਾਸ਼ਟਰਪਤੀ ਵਾਂਗ "ਅਸਲੀ" ਰਿਪਬਲਿਕਨ ਨਹੀਂ ਸੀ। ਗੁਇਟੋ ਨੇ ਫ਼ੈਸਲਾ ਲਿਆ ਕਿ ਗਾਰਫ਼ੀਲਡ ਨੂੰ ਮਾਰਨਾ ਅਤੇ ਆਰਥਰ ਨੂੰ ਦੇਸ਼ ਦਾ ਨੇਤਾ ਬਣਾਉਣਾ ਉਸ ਦਾ ਕੰਮ ਹੈ।
ਬਦਕਿਸਤਮੀ ਦੀ ਗੱਲ ਸੀ ਕਿ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਉਣਾ ਮੁਸ਼ਕਲ ਨਹੀਂ ਸੀ। ਉਹ ਹਰ ਜਗ੍ਹਾ ਬਿਨਾਂ ਸੁਰੱਖਿਆ ਦੇ ਜਾਂਦੇ ਸੀ, ਬੇਸ਼ੱਕ ਜੌਨ ਵਿਲਕਸ ਬੂਥ ਨੇ ਸਿਰਫ਼ 16 ਸਾਲ ਪਹਿਲਾਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ ਮਾਰ ਦਿੱਤਾ ਸੀ।
ਗਾਰਫੀਲਡ ਨੇ ਇੱਕ ਚਿੱਠੀ ਵਿੱਚ ਲਿਖਿਆ, "ਹੱਤਿਆ ਤੋਂ ਬਚਾਅ ਕਰਨਾ ਬਿਜਲੀ ਦੀ ਮੌਤ ਤੋਂ ਬਚਾਅ ਕਰਨ ਜਿੰਨਾ ਹੀ ਅਸੰਭਵ ਹੈ ਅਤੇ ਦੋਵਾਂ ਬਾਰੇ ਚਿੰਤਾ ਨਾ ਕਰਨਾ ਹੀ ਚੰਗਾ ਹੈ।"
ਕੁਝ ਦਿਨਾਂ ਤੱਕ ਗਾਰਫ਼ੀਲਡ ਦਾ ਪਿੱਛਾ ਕਰਨ ਤੋਂ ਬਾਅਦ, ਗੁਇਟੋ ਨੇ 2 ਜੁਲਾਈ 1881 ਨੂੰ ਵਾਸ਼ਿੰਗਟਨ ਡੀਸੀ ਦੇ ਬਾਲਟੀਮੋਰ ਅਤੇ ਪੋਟੋਮੈਕ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।

ਤਸਵੀਰ ਸਰੋਤ, Getty Images
ਗਾਰਫ਼ੀਲਡ ਦਾ ਵਾਕ "ਬਿਜਲੀ ਨਾਲ ਮੌਤ" ਮਕੋਵਸਕੀ ਦੇ ਮਨ ਵਿੱਚ ਰਹਿ ਗਿਆ, ਜਿਨ੍ਹਾਂ ਨੇ ਇਸਨੂੰ ਆਪਣੇ ਸਿਰਲੇਖ ਲਈ ਚੁਣਿਆ।
ਉਨ੍ਹਾਂ ਨੇ ਨਿਰਦੇਸ਼ਕ ਮੈਟ ਰੌਸ ਨਾਲ ਮਿਲ ਕੇ ਅਦਾਕਾਰਾਂ ਦੀ ਚੋਣ ਵਿੱਚ ਸਾਥ ਦਿੱਤਾ ਅਤੇ ਗਾਰਫ਼ੀਲਡ ਦੀ ਭੂਮਿਕਾ ਲਈ ਮਾਈਕਲ ਸ਼ੈਨਨ ਨੂੰ ਅਤੇ ਗੁਇਟੋ ਵਜੋਂ ਮੈਥਿਊ ਮੈਕਫੈਡਿਯਨ ਨੂੰ ਚੁਣੇ ਜਾਣ 'ਤੇ ਖੁਸ਼ਕਿਸਮਤ ਮਹਿਸੂਸ ਕੀਤਾ, ਜੋ ਹਾਲ ਹੀ ਵਿੱਚ ਸਕਸੈਸ਼ਨ ਵਿੱਚ ਟੌਮ ਵੈਮਸਗੈਂਸ ਦੀ ਭੂਮਿਕਾ ਨਿਭਾ ਕੇ ਚਰਚਿਤ ਹੋਏ ਸਨ।
ਮਕੋਵਸਕੀ ਦੀ ਸਕ੍ਰਿਪਟ ਦੇ ਕੁਝ ਹਿੱਸੇ ਇਤਿਹਾਸ ਦੇ ਬਹੁਤ ਨੇੜੇ ਹਨ। ਉਹ ਹੋਰ ਥਾਵਾਂ 'ਤੇ ਕਲਾਤਮਕ ਛੋਟ ਲੈ ਲੈਂਦੇ ਹਨ। ਗੁਇਟੋ ਦੀ ਰਾਸ਼ਟਰਪਤੀ ਨਾਲ ਵ੍ਹਾਈਟ ਹਾਊਸ ਵਿੱਚ ਇੱਕ ਮੁਲਾਕਾਤ ਹਕੀਕਤ ਵਿੱਚ ਸ਼ਾਇਦ ਰਸਮੀ ਅਤੇ ਛੋਟੀ ਸੀ, ਪਰ ਮਕੋਵਸਕੀ ਦੀ ਰੀਇਮੇਜੇਨਿੰਗ ਵਿੱਚ ਉਹ ਪਾਗ਼ਲ ਆਦਮੀ ਨੂੰ ਗਾਰਫ਼ੀਲਡ ਨਾਲ ਆਪਣੀਆਂ ਸਾਰੀਆਂ ਬੇਚੈਨ ਖ਼ਾਹਸ਼ਾਂ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ।
ਅਦਾਕਾਰ ਮੁਤਾਬਕ, "ਮੈਂ ਤੁਹਾਡਾ ਆਦਮੀ ਹਾਂ। ਮੈਨੂੰ ਵੀ ਤੁਹਾਡੇ ਵਾਂਗ ਸਫ਼ਲ ਹੋਣ ਵਿੱਚ ਮਦਦ ਕਰੋ। ਦਰਵਾਜ਼ਾ ਖੋਲ੍ਹੋ… ਮੈਂ ਬੇਨਤੀ ਕਰ ਰਿਹਾ ਹਾਂ। ਮੈਨੂੰ ਦੱਸੋ ਕਿ ਮੈਂ ਵੀ ਕਿਵੇਂ ਮਹਾਨ ਬਣ ਸਕਦਾ ਹਾਂ।"
ਮਕੋਵਸਕੀ ਨੂੰ ਉਮੀਦ ਹੈ ਕਿ ਦਰਸ਼ਕ ਗੁਇਟੋ ਲਈ ਕੁਝ ਹਮਦਰਦੀ ਮਹਿਸੂਸ ਕਰਨਗੇ, ਉਸ ਦੇ ਭਿਆਨਕ ਕੰਮ ਦੇ ਬਾਵਜੂਦ, ਜਿਸ ਲਈ ਉਸ ਨੂੰ 30 ਜੂਨ 1882 ਨੂੰ ਫ਼ਾਂਸੀ ਦਿੱਤੀ ਗਈ ਸੀ।
ਸਕ੍ਰੀਨਰਾਈਟਰ ਕਹਿੰਦੇ ਹਨ, "ਉਸਨੂੰ ਨਜ਼ਰਅੰਦਾਜ਼ ਕਰਨਾ ਆਸਾਨ ਹੋਵੇਗਾ। ਪਰ ਦੁਨੀਆ ਵਿੱਚ ਉਸ ਨੂੰ ਜੋ ਇੰਨਾ ਇਕੱਲਾਪਣ ਮਹਸਿੂਸ ਹੋਇਆ, ਲਗਾਤਾਰ ਅਸਵੀਕਾਰੇ ਜਾਣਾ, ਇਸ ਨੇ ਉਸ ਨੂੰ ਸਪਸ਼ਟ ਤੌਰ 'ਤੇ ਦੁੱਖ ਦਿੱਤਾ ਅਤੇ ਉਸ ਦੀ ਮਦਦ ਕਰਨ ਲਈ ਕੋਈ ਤਰੀਕਾ ਨਹੀਂ ਸੀ। ਦੇਸ਼ ਨੂੰ ਆਖ਼ਰਕਾਰ ਇਸ ਦੀ ਕੀਮਤ ਚੁਕਾਉਣੀ ਪਈ।"

ਤਸਵੀਰ ਸਰੋਤ, Netflix
ਗਾਰਫ਼ੀਲਡ ਦੀ ਵਿਰਾਸਤ
ਬੇਚਾਰਾ ਗਾਰਫ਼ੀਲਡ – ਦਰਦ, ਬੁਖ਼ਾਰ ਅਤੇ ਲਗਾਤਾਰ ਬੇਚੈਨੀ ਝੇਲ ਰਿਹਾ ਸੀ, ਜਿਵੇਂ-ਜਿਵੇਂ ਮੌਤ ਨੇੜੇ ਆ ਰਹੀ ਸੀ ਸੋਚਣ ਲੱਗਾ ਕਿ ਭਵਿੱਖ ਵਿੱਚ ਕੀ ਹੋਵੇਗਾ।
ਜਿਵੇਂ ਮਿਲਾਰਡ ਨੇ ਦੱਸਿਆ, ਉਨ੍ਹਾਂ ਨੇ ਇੱਕ ਦੋਸਤ ਨੂੰ ਪੁੱਛਿਆ: "ਕੀ ਤੁਹਾਨੂੰ ਲੱਗਦਾ ਹੈ ਕਿ ਮੇਰਾ ਨਾਮ ਮਨੁੱਖੀ ਇਤਿਹਾਸ ਵਿੱਚ ਇੱਕ ਥਾਂ ਬਣਾਏਗਾ?"
ਗਾਰਫ਼ੀਲਡ ਨੇ ਸੱਚਮੁੱਚ ਬਦਲਾਅ ਲਿਆਂਦਾ। ਸਿਰਫ਼ 49 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਕਤਲ ਨਾਲ ਪੂਰੇ ਦੇਸ਼ ਵਿੱਚ ਫੈਲੇ, ਸਿਵਲ ਸੇਵਾ ਸੁਧਾਰ ਦੀਆਂ ਮੰਗਾਂ ਨੂੰ ਉਤਸ਼ਾਹਿਤ ਕੀਤਾ। ਜਨਤਾ ਨੇ ਮੰਨਿਆ ਕਿ ਗੁਇਟੋ ਦਾ ਗੁੱਸਾ ਬੇਸ਼ੱਕ ਉਸਦੇ ਵਹਿਮਾਂ ਨਾਲ ਹੀ ਭਰਿਆ ਹੋਇਆ ਸੀ, ਉਸ ਵੇਲੇ ਸ਼ੁਰੂ ਹੋਇਆ ਜਦੋਂ ਉਸ ਨੂੰ ਉਹ ਨੌਕਰੀ ਨਹੀਂ ਦਿੱਤੀ ਗਈ ਜਿਸ ਦਾ ਹੱਕਦਾਰ ਉਹ ਖ਼ੁਦ ਨੂੰ ਸਮਝਦਾ ਸੀ।
ਆਰਥਰ, ਜੋ ਹੁਣ ਰਾਸ਼ਟਰਪਤੀ ਸੀ ਅਤੇ ਆਪਣੇ ਯੋਗ ਅਤੇ ਪਸੰਦੀਦਾ ਪਹਿਲੇ ਰਾਸ਼ਟਰਪਤੀ ਦੇ ਜਾਣ ਦਾ ਸੋਗ ਮਨਾ ਰਹੇ ਸੀ, ਉਸ ਨੇ ਭ੍ਰਿਸ਼ਟ ਪ੍ਰਣਾਲੀ ਨੂੰ ਛੱਡ ਦਿੱਤਾ, ਜਿਸ ਨੇ ਉਸ ਨੂੰ ਉੱਪਰ ਚੁੱਕਿਆ।
ਜਦੋਂ ਕਾਂਗਰਸ ਨੇ 1883 ਵਿੱਚ ਪੈਂਡਲਟਨ ਐਕਟ ਪਾਸ ਕੀਤਾ, ਜੋ ਸੰਘੀ ਸਰਕਾਰ ਦੀ ਨੌਕਰੀ ਲਈ ਯੋਗਤਾ-ਅਧਾਰਿਤ ਮਾਪਦੰਡ ਬਣਾਉਂਦਾ ਸੀ, ਆਰਥਰ ਨੇ ਇਸ 'ਤੇ ਦਸਤਖ਼ਤ ਕਰ ਕੇ ਕਾਨੂੰਨ ਬਣਾ ਦਿੱਤਾ।
ਜੀਵਨੀਕਾਰ ਸੀਡਬਲਯੂ ਗੂਡਈਅਰ, ਪ੍ਰੈਜ਼ੀਡੈਂਟ ਗਾਰਫ਼ੀਲਡ: ਫ੍ਰਮ ਰੈਡਿਕਲ ਟੂ ਯੂਨੀਫਾਇਰ ਦੇ ਲੇਖਕ ਨੇ ਲਿਖਿਆ, "ਇਸ ਨਾਲ ਸੰਘੀ ਬਿਊਰੋਕ੍ਰੇਸੀ ਦੀ ਪੇਸ਼ਾਵਰਤਾ ਦੀ ਸ਼ੁਰੂਆਤ ਹੋਈ, ਇਹ ਯਕੀਨੀ ਬਣਾਉਂਦੇ ਹੋਏ ਕਿ ਅਮਰੀਕੀਆਂ ਦੇ ਆਪਣੇ ਸਰਕਾਰ ਨਾਲ ਲੈਣ-ਦੇਣ ਉਨ੍ਹਾਂ ਦੀ ਨਿੱਜੀ ਰਾਜਨੀਤੀ ਨਾਲ ਪ੍ਰਭਾਵਿਤ ਨਹੀਂ ਹੋਣਗੇ। ਇਸਦੇ ਫ਼ਾਇਦੇ ਅਗਲੀ ਪੀੜ੍ਹੀਆਂ ਵਿੱਚ ਅਣਗਿਣਤ ਰਹੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












