ਹਾਈ ਸਕੂਲ ਸਮੇਂ ਦਾ ਪਿਆਰ ਜਵਾਨੀ 'ਚ ਵਿਛੜਿਆ ਫਿਰ ਦਿਲਚਸਪ ਤਰੀਕੇ ਨਾਲ ਹੋਇਆ ਮੇਲ, 40 ਸਾਲ ਦੇ ਵਿਛੋੜੇ ਦਾ ਕਿਵੇਂ ਅੰਤ ਹੋਇਆ

ਤਸਵੀਰ ਸਰੋਤ, Deb, Kevin, Val
- ਲੇਖਕ, ਆਸੀਆ ਫੋਕਸ, ਥਾਮਸ ਹਾਰਡਿੰਗ ਅਸਿੰਡਰ
- ਰੋਲ, ਬੀਬੀਸੀ ਆਊਟਲੁੱਕ
- ਲੇਖਕ, ਰਾਫੇਲ ਅਬੂਚਾਈਬੇ, ਬੀਬੀਸੀ ਮੁੰਡੋ
ਜਦੋਂ ਕੇਵਿਨ ਕੈਰੋਲ ਅਤੇ ਡੈਬੀ ਵੈਬਰ ਨੇ ਪਹਿਲੀ ਵਾਰ ਇੱਕ ਦੂਜੇ ਨੂੰ ਦੇਖਿਆ ਤਾਂ ਉਹ ਪਹਿਲੀ ਨਜ਼ਰ 'ਚ ਹੀ ਇੱਕ ਦੂਜੇ ਦੇ ਪਿਆਰ 'ਚ ਪੈ ਗਏ। ਇਹ ਗੱਲ 1967 ਦੀ ਹੈ। ਕੇਵਿਨ ਤੇ ਡੈਬੀ ਹਾਈ ਸਕੂਲ ਵਿੱਚ ਸਨ ਅਤੇ ਆਪਣੇ-ਆਪਣੇ ਸਕੂਲ ਡਰਾਮਾ ਕਲੱਬਾਂ ਦੇ ਮੈਂਬਰ ਸਨ।
ਕੇਵਿਨ ਨੇ ਬੀਬੀਸੀ ਦੇ ਆਊਟਲੁੱਕ ਪ੍ਰੋਗਰਾਮ 'ਚ ਦੱਸਿਆ, “ਮੈਂ ਮੁੰਡਿਆਂ ਦੇ ਸਕੂਲ ਵਿੱਚ ਸੀ ਤੇ ਡੈਬੀ ਕੁੜੀਆਂ ਦੇ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਅਸੀਂ ਸਾਰੇ ਆਡੀਟੋਰੀਅਮ ਵਿੱਚ ਆਡੀਸ਼ਨ ਦੇ ਰਹੇ ਸੀ ਤਾਂ ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਉਸ ਕੁੜੀ ਨੂੰ ਦੇਖਿਆ? ਮੈਂ ਉਸ ਨੂੰ ਸਕੂਲ ਡਾਂਸ 'ਤੇ ਲੈ ਕੇ ਜਾਵਾਂਗਾ।"
ਡੈਬੀ ਦੀ ਪ੍ਰਤੀਕਿਰਿਆ ਵੀ ਇਸੇ ਤਰ੍ਹਾਂ ਦੀ ਸੀ, ਉਨ੍ਹਾਂ ਨੇ 'ਆਊਟਲੁੱਕ' ਨੂੰ ਦੱਸਿਆ, "ਮੈਂ ਆਡੀਟੋਰੀਅਮ ਵਿੱਚ ਇਕੱਲੀ ਬੈਠੀ ਸੀ ਕਿਉਂਕਿ ਮੈਂ ਆਡੀਸ਼ਨ 'ਤੇ ਆਈਆਂ ਸਕੂਲ ਦੀਆਂ ਬਾਕੀ ਕੁੜੀਆਂ ਨੂੰ ਨਹੀਂ ਜਾਣਦੀ ਸੀ ਪਰ ਮੈਨੂੰ ਯਾਦ ਹੈ ਜਦੋਂ ਮੈਂ ਕੇਵਿਨ ਨੂੰ ਦੇਖਿਆ ਤਾਂ ਮੈਂ ਸੋਚਿਆ ਕਿ ਇਹ ਹੁਣ ਤੱਕ ਦੇ ਸਾਰੇ ਮੁੰਡਿਆਂ ਨੂੰ ਨਾਲੋਂ ਸਭ ਤੋਂ ਜ਼ਿਆਦਾ ਸੋਹਣਾ ਹੈ।"
ਉਹ ਨਾ ਸਿਰਫ਼ ਇਕੱਠੇ ਪਾਰਟੀ ਵਿੱਚ ਗਏ ਸਗੋਂ ਉਸ ਤੋਂ ਬਾਅਦ ਉਹ ਹਰ ਕੰਮ ਇਕੱਠੇ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇੱਥੋਂ ਤੱਕ ਸਕੀਮ ਬਣਾਈ ਸੀ ਕਿ ਉਹ ਮੈਰੀਲੈਂਡ ਦੇ ਇੱਕ ਕਸਬੇ ਵੱਲ ਭੱਜ ਜਾਣਗੇ, ਜਿੱਥੇ ਲੋਕ ਆਪਣੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ 15 ਸਾਲ ਦੀ ਉਮਰ ਵਿੱਚ ਵੀ ਵਿਆਹ ਕਰਵਾ ਸਕਦੇ ਸਨ।
ਉਨ੍ਹਾਂ ਦੀ ਇਹ ਸਕੀਮ ਕਿਸੇ ਤਰ੍ਹਾਂ ਸਿਰੇ ਚੜ੍ਹਦੀ, ਉਸ ਤੋਂ ਦੋ ਹਫ਼ਤੇ ਪਹਿਲਾਂ ਹੀ ਡੈਬੀ ਦੇ ਗਰਭਵਤੀ ਹੋਣ ਦੀ ਖ਼ਬਰ ਨੇ ਸਭ ਕੁਝ ਵਿਗਾੜ ਦਿੱਤਾ ਅਤੇ ਉਨ੍ਹਾਂ ਨੂੰ 40 ਸਾਲਾਂ ਤੋਂ ਵੱਧ ਸਮੇਂ ਲਈ ਇੱਕ-ਦੂਜੇ ਤੋਂ ਵੱਖ ਕਰ ਦਿੱਤਾ। ਹਲਾਂਕਿ ਇਸ ਮੁਸ਼ਕਲ ਘੜੀ ਵਿੱਚ ਵੀ ਇੱਕ-ਦੂਜੇ ਲਈ ਉਨ੍ਹਾਂ ਦਾ ਪਿਆਰ ਹਮੇਸ਼ਾ ਕਾਇਮ ਰਿਹਾ।
"ਵਿਆਹ ਕਰਨ ਤੋਂ ਪਹਿਲਾਂ ਆਪਣੀ ਪਤਨੀ ਨੂੰ ਕਹੀ ਗੱਲ ਚੇਤੇ ਕਰਦੇ ਹੋਏ ਕੇਵਿਨ ਕਹਿੰਦੇ ਹਨ ਕਿ ਮੈਂ ਕਿਹਾ ਸੀ, 'ਦੇਖੋ, ਮੈਨੂੰ ਸੱਚਮੁੱਚ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਹੈ, ਜਦੋਂ ਕੋਈ ਕਿਸੇ ਨੂੰ ਕਹਿੰਦਾ ਹੈ 'ਮੈਂ ਤੁਹਾਨੂੰ ਪਿਆਰ ਕਰਦਾ ਹਾਂ', ਤੁਸੀਂ ਉਹ ਪਿਆਰ ਵਾਪਸ ਲੈ ਸਕਦੇ ਹੋ"।
ਕੇਵਿਨ ਆਪਣੀ ਸਵਰਗਵਾਸੀ ਪਤਨੀ ਨਾਲ ਹੋਈ ਇਸ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, “ਮੈਂ ਉਸ ਨੂੰ ਡੈਬੀ ਨਾਲ ਆਪਣੀ ਕਹਾਣੀ ਬਾਰੇ ਦੱਸ ਰਿਹਾ ਸੀ। ਮੈਂ ਉਸ ਨੂੰ ਕਿਹਾ, "ਉਹ ਮੇਰੇ ਦਿਲ ਅਤੇ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਜੋ ਤੁਸੀਂ ਕਦੇ ਹਾਸਿਲ ਨਹੀਂ ਕਰ ਸਕਦੇ।"
ਅੱਜ ਜ਼ਿੰਦਗੀ ਵਿੱਚ ਕਈ ਮੋੜ ਆਉਣ ਤੋਂ ਬਾਅਦ ਡੈਬੀ ਅਤੇ ਕੇਵਿਨ ਇਕੱਠੇ ਹਨ ਅਤੇ ਉਸ ਪਿਆਰ ਨੂੰ ਹਰ ਰੋਜ਼ ਜੀਅ ਰਹੇ ਹਨ, ਜਿਸ ਨੂੰ ਉਹ ਆਪਣੀ ਜਵਾਨੀ ਵਿੱਚ ਹਾਸਲ ਨਹੀਂ ਕਰ ਸਕੇ ਸਨ। ਪਰ ਉੱਥੇ ਪਹੁੰਚਣ ਲਈ ਉਨ੍ਹਾਂ ਨੂੰ ਇੱਕ ਅਜਿਹੀ ਲੰਬੀ ਤੇ ਗਹਿਰੀ ਯਾਤਰਾ ਕਰਨੀ ਪਈ ਜੋ ਹਾਲੀਵੁੱਡ ਦੀ ਕਿਸੇ ਫ਼ਿਲਮ ਤੋਂ ਪ੍ਰਭਾਵਿਤ ਲੱਗਦੀ ਹੈ।

ਤਸਵੀਰ ਸਰੋਤ, Getty Images
ਬੱਚੀ ਨੂੰ ਗੋਦ ਦੇਣ ਦੀ ਤਿਆਰੀ
ਗਰਭ ਅਵਸਥਾ ਦੀ ਖ਼ਬਰ 'ਤੇ ਡੈਬੀ ਦੇ ਮਾਪਿਆਂ ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਹਮਾਇਤ ਵਾਲੀ ਸੀ। ਪਰ ਇਹ ਅਜਿਹੀ ਹਮਾਇਤ ਸੀ ਜੋ ਮਾਪੇ ਉਸ ਸਮੇਂ ਵਿੱਚ ਦੇ ਸਕਦੇ ਸਨ ਜਦੋਂ ਸਮਾਜਿਕ ਕਦਰਾਂ-ਕੀਮਤਾਂ ਅੱਜ ਦੇ ਅਮਰੀਕਾ ਵਿੱਚ ਮੌਜੂਦ ਕਦਰਾਂ-ਕੀਮਤਾਂ ਨਾਲੋਂ ਵੱਖਰੀਆਂ ਸਨ।
ਡੈਬੀ ਨੇ ਕਿਹਾ, "ਉਹ ਬਹੁਤ ਪਿਆਰ ਕਰਨ ਵਾਲੇ ਸਨ, ਉਹ ਕੇਵਿਨ ਨੂੰ ਪਿਆਰ ਕਰਦੇ ਸਨ, ਉਹ ਜਾਣਦੇ ਸਨ ਕਿ ਉਹ ਇੱਕ ਚੰਗਾ ਵਿਅਕਤੀ ਸੀ ਅਤੇ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਪਰ ਉਸ ਸਮੇਂ ਗਰਭਵਤੀ ਹੋਣ ਵਾਲੀਆਂ ਕੁੜੀਆਂ ਲਈ ਹਾਲਾਤ ਬਹੁਤ ਵੱਖਰੇ ਸਨ।"
"ਮੈਨੂੰ ਕੁਆਰੀਆਂ ਮਾਵਾਂ ਲਈ ਬਣਾਏ ਹੋਏ ਘਰ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿੱਥੇ ਮੇਰੀ ਮਾਂ ਮੈਨੂੰ ਹਫਤੇ ਦੇ ਅੰਤ ਵਿੱਚ ਲੈਣ ਲਈ ਆ ਸਕਦੀ ਸੀ ਅਤੇ ਉਸਦੇ ਨਾਲ ਮੈਂ ਸੈਰ ਕਰਨ ਅਤੇ ਰਾਤ ਦੇ ਖਾਣੇ ਲਈ ਬਾਹਰ ਜਾ ਸਕਦੀ ਸੀ।"
ਇਸ ਪੂਰੇ ਸਮੇਂ ਦੌਰਾਨ ਡੈਬੀ ਅਤੇ ਕੇਵਿਨ ਦੋਵਾਂ ਨੇ ਇੱਕ ਉਮੀਦ ਜਿਉਂਦੀ ਰੱਖੀ ਕਿ ਜਿਵੇਂ ਹੀ ਡੈਬੀ ਉਸ ਘਰੋਂ ਨਿਕਲੇਗੀ ਤਾਂ ਉਹ ਦੋਵੇ ਵਿਆਹ ਕਰ ਲੈਣਗੇ ਅਤੇ ਆਉਣ ਵਾਲੇ ਬੱਚੇ ਨੂੰ ਇਕੱਠੇ ਪਾਲਣਗੇ।
ਕੇਵਿਨ ਨੂੰ 17 ਸਾਲ ਦੀ ਉਮਰ ਵਿੱਚ ਇੰਨਾ ਪੱਕਾ ਯਕੀਨ ਸੀ ਕਿ ਉਹ ਮੈਰੀਨਜ਼ ਵਿੱਚ ਭਰਤੀ ਹੋ ਜਾਵੇਗਾ ਅਤੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਮਨਾ ਲਿਆ ਸੀ।
ਕੇਵਿਨ ਜਾਣਦਾ ਸੀ ਕਿ ਜੇਕਰ ਉਹ ਫੌਜ ਵਿੱਚ ਭਰਤੀ ਹੋ ਗਿਆ ਤਾਂ ਭਾਵੇਂ ਉਨ੍ਹਾਂ ਨੇ ਵਿਆਹ ਨਾ ਵੀ ਕਰਵਾਇਆ ਹੋਵੇ, ਉਹ ਤਾਂ ਵੀ ਡੈਬੀ ਨੂੰ ਪੈਸੇ ਭੇਜ ਸਕਦਾ ਹੈ ਅਤੇ ਮਰੀਨਜ਼ ਡੈਬੀ ਤੇ ਬੱਚੇ ਦੀ ਡਾਕਟਰੀ ਤੌਰ 'ਤੇ ਦੇਖਭਾਲ ਕਰ ਸਕੇਗੀ।
''ਮੈਨੂੰ ਪੂਰਾ ਯਕੀਨ ਸੀ ਕਿ ਜਦੋਂ ਮੈਨੂੰ ਮਿਲਟਰੀ ਟ੍ਰੇਨਿੰਗ ਤੋਂ ਬਾਅਦ ਛੁੱਟੀ ਮਿਲੇਗੀ ਤਾਂ ਅਸੀਂ ਦੋਵੇਂ ਵਿਆਹ ਕਰਵਾ ਸਕਦੇ ਹਾਂ।''
ਪਰ ਇਹ ਸਭ ਸਿਰਫ਼ ਇੱਕ ਭੁਲੇਖਾ ਬਣ ਕੇ ਰਹਿ ਗਿਆ।

ਤਸਵੀਰ ਸਰੋਤ, Deb, Kevin, Val
ਆਪਣੀ ਮਿਲਟਰੀ ਟ੍ਰੇਨਿੰਗ ਦੌਰਾਨ ਕੇਵਿਨ ਨੂੰ ਡੈਬੀ ਦਾ ਇੱਕ ਪੱਤਰ ਮਿਲਿਆ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਹ ਬੱਚੇ ਨੂੰ ਗੋਦ ਦੇਣ ਜਾ ਰਹੀ ਹੈ।
ਕੇਵਿਨ ਨੇ ਦਬੀ ਹੋਈ ਆਵਾਜ਼ 'ਚ ਕਿਹਾ, "ਮੈਨੂੰ ਅੱਜ ਵੀ ਉਹ ਅਹਿਸਾਸ ਯਾਦ ਹੈ, ਮੈਂ ਕਈ ਮੈਰੀਨਜ਼ ਨਾਲ ਟ੍ਰੇਨਿੰਗ ਕਰ ਰਿਹਾ ਸੀ, ਜਿੱਥੇ ਤੁਸੀਂ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਕਰ ਸਕਦੇ, ਇਸ ਗੱਲ ਕਾਰਨ ਮੇਰਾ ਸਾਰਾ ਅੰਦਰੂਨੀ ਸੰਸਾਰ ਟੁੱਟ ਕੇ ਬਿਖਰ ਗਿਆ ਸੀ।"
"ਮੇਰੇ ਲਈ ਇਹ ਇੱਕ ਬਹੁਤ ਵੱਡਾ ਨੁਕਸਾਨ ਸੀ। ਮੈਂ ਡੈਬੀ ਨੂੰ ਕੋਈ ਦੋਸ਼ ਨਹੀਂ ਦਿੱਤਾ, ਮੈਂ ਸਮਝਦਾ ਸੀ, ਮੈਨੂੰ ਪਤਾ ਸੀ ਕਿ ਉਸ ਨੇ ਕਿਉਂ ਕੀਤਾ, ਮੈਨੂੰ ਪਤਾ ਸੀ ਕਿ ਇਹ ਸਭ ਤੋਂ ਵਿਵਹਾਰਕ ਫੈਸਲਾ ਸੀ, ਪਰ ਫਿਰ ਵੀ ਬਹੁਤ ਔਖਾ ਸੀ।"
ਜ਼ਿੰਦਗੀ ਦੇ ਉਤਰਾਅ-ਚੜ੍ਹਾਅ
ਡੈਬੀ ਨੇ ਕੇਵਿਨ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਤੇ ਕੇਵਿਨ ਵੀਅਤਨਾਮ ਲਈ ਰਵਾਨਾ ਹੋਣ ਵਾਲਾ ਸੀ, ਡੈਬੀ ਕਹਿੰਦੇ ਹਨ ਕਿ ਉਸ ਨੂੰ ਬਹੁਤ ਬੁਰੇ ਸੁਪਨੇ ਆਉਂਦੇ ਸੀ। ਸੁਪਨਿਆਂ 'ਚ ਉਸ ਨੂੰ ਦਿਖਦਾ ਸੀ ਕਿ ਉਹ ਆਪਣੇ ਬੱਚੇ ਨੂੰ ਉਸ ਘਰ ਵਿੱਚ ਛੱਡ ਆਉਂਦੀ ਹੈ ਜਿੱਥੇ ਬੱਚਿਆਂ ਨੂੰ ਗੋਦ ਲਿਆ ਜਾਂਦਾ ਹੈ।
ਇਸ ਲਈ ਜਦੋਂ ਉਸ ਦੀ ਗਰਭ ਅਵਸਥਾ ਦੇ ਆਖਰੀ ਦਿਨਾਂ 'ਚ ਜਾਂਚ ਕਰ ਰਹੇ ਇੱਕ ਪ੍ਰਾਈਵੇਟ ਡਾਕਟਰ ਨੇ ਡੈਬੀ ਨੂੰ ਕਿਹਾ ਕਿ ਇੱਕ ਪਰਿਵਾਰ ਹੈ ਜੋ ਉਸ ਦੇ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਉਸ ਦੇ ਦਿਲ ਨੂੰ ਕੁਝ ਰਾਹਤ ਮਿਲੀ।
ਡੈਬੀ ਦੱਸਦੇ ਹਨ ਕਿ ਉਸ ਡਾਕਟਰ ਨੇ ਮੈਨੂੰ ਕਿਹਾ, ''ਮੇਰੇ ਕੋਲ ਇਕ ਪਰਿਵਾਰ ਹੈ, ਉਹਨਾਂ ਦੇ ਚਾਰ ਬੱਚੇ ਹਨ ਪਰ ਉਨ੍ਹਾਂ ਦੀ ਮਾਂ ਹੁਣ ਹੋਰ ਬੱਚੇ ਨਹੀਂ ਕਰ ਸਕਦੀ। ਜੇ ਤੁੁਹਾਡੇ ਲੜਕੀ ਹੋਈ ਤਾਂ ਉਹ ਉਸਨੂੰ ਗੋਦ ਲੈਣਾ ਚਾਹੁੰਦੇ ਹਨ।''
"ਇਹ ਗੱਲ ਸੁਣ ਕੇ ਕੁਝ ਰਾਹਤ ਮਹਿਸੂਸ ਹੋਈ, ਜੇਕਰ ਇਸ ਨੂੰ ਆਸਾਨ ਤਰੀਕੇ ਨਾਲ ਕਿਹਾ ਜਾ ਸਕੇ ਤਾਂ ਇਸ ਨਾਲ ਮੇਰੇ ਮਨ ਨੂੰ ਥੋੜ੍ਹੀ ਸ਼ਾਂਤੀ ਮਿਲੀ।"
ਡੈਬੀ ਨੇ ਇੱਕ ਸੁੰਦਰ ਬੱਚੀ ਨੂੰ ਜਨਮ ਦਿੱਤਾ, ਜੋ ਉਨ੍ਹਾਂ ਦੇ ਅਨੁਸਾਰ ਕੇਵਿਨ ਵਰਗੀ ਲੱਗਦੀ ਸੀ ਅਤੇ ਉਸ ਨੂੰ ਗੋਦ ਦੇ ਦਿੱਤਾ, ਬਿਨਾਂ ਉਨ੍ਹਾਂ ਲੋਕਾਂ ਨੂੰ ਅਸਲ ਵਿੱਚ ਜਾਣੇ ਜੋ ਬੱਚੇ ਦਾ ਨਵਾਂ ਪਰਿਵਾਰ ਬਣਨ ਵਾਲੇ ਸੀ।
"ਸਾਨੂੰ ਹਸਪਤਾਲ ਨੂੰ ਛੱਡਣਾ ਪਿਆ। ਅਸੀਂ ਇੱਕ ਪਾਰਕਿੰਗ ਵਿੱਚ ਸੀ, ਇੱਕ ਕਾਰ ਨੇੜੇ ਆਈ ਅਤੇ ਇੱਕ ਔਰਤ ਜੋ ਮੈਨੂੰ ਜੈਕੀ ਕੈਨੇਡੀ ਦੀ ਯਾਦ ਦਿਵਾਉਂਦੀ ਸੀ, ਕਾਰ ਵਿੱਚੋਂ ਬਾਹਰ ਨਿਕਲੀ ਜਦੋਂ ਕਿ ਬੱਚੇ ਖਿੜਕੀ ਵਿੱਚੋਂ ਦੇਖ ਰਹੇ ਸਨ।"
“ਮੇਰੀ ਮਾਂ ਆਈ ਅਤੇ ਉਸ ਨੇ ਵਾਲ (ਬੱਚੀ) ਨੂੰ ਚੁੱਕ ਕੇ ਉਸ ਨਵੇਂ ਪਰਿਵਾਰ ਦੇ ਹਵਾਲੇ ਕਰ ਦਿੱਤਾ।"

ਤਸਵੀਰ ਸਰੋਤ, Deb, Kevin, Val
ਇਸ ਤੋਂ ਬਾਅਦ ਡੈਬੀ ਦੇ ਪਰਿਵਾਰ ਨੇ ਆਪਣਾ ਘਰ ਵੇਚ ਦਿੱਤਾ ਅਤੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਦੇਸ਼ ਦੇ ਇੱਕ ਹੋਰ ਹਿੱਸੇ ਵਿੱਚ ਚਲੇ ਗਏ ਜਿੱਥੇ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ।
ਇਸ ਦੌਰਾਨ ਕੇਵਿਨ ਨੂੰ ਮੈਰੀਨ ਸਪੈਸ਼ਲ ਫੋਰਸਿਜ਼ ਦੇ ਹਿੱਸੇ ਵਜੋਂ ਵੀਅਤਨਾਮ ਵਿੱਚ ਲੜਨ ਲਈ ਭੇਜਿਆ ਗਿਆ ਸੀ।
ਉਹ ਦੱਸਦੇ ਹਨ, "ਮੇਰਾ ਕੰਮ ਲੜਾਈ ਵਿੱਚ ਡਿੱਗਣ ਵਾਲੇ ਪਾਇਲਟਾਂ ਨੂੰ ਵਾਪਸ ਲਿਆਉਣਾ ਸੀ ਅਤੇ 10 ਅਕਤੂਬਰ 1969 ਨੂੰ ਅਸੀਂ ਇੱਕ ਸਪਲਾਈ ਹੈਲੀਕਾਪਟਰ ਨੂੰ ਬਚਾਉਣ ਲਈ ਗਏ।"
"ਜਦੋਂ ਅਸੀਂ ਪਾਇਲਟ ਨੂੰ ਲੱਭ ਲਿਆ ਤਾਂ ਅਸੀਂ ਲਗਭਗ 80 ਜਾਂ 90 ਉੱਤਰੀ ਵੀਅਤਨਾਮੀ ਸਿਪਾਹੀਆਂ ਨੂੰ ਵੀ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਦੇਖਿਆ। ਮੇਰੀਆਂ ਬਾਹਾਂ, ਲੱਤਾਂ ਅਤੇ ਪਿੱਠ ਵਿੱਚ ਸ਼ਰਾਪਨਲ (ਛਰਰੇ) ਵੱਜੇ ਅਤੇ ਮੈਨੂੰ ਖੂਨ ਵਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲਈ ਨੇੜੇ ਦੀ ਨਦੀ ਦੇ ਚਿੱਕੜ ਦੀ ਵਰਤੋਂ ਕਰਨੀ ਪਈ।"
ਕੇਵਿਨ ਨੇ ਨਮ ਲਹਿਜੇ ਨਾਲ 'ਆਊਟਲੁੱਕ' ਨੂੰ ਦੱਸਿਆ, "ਮੈਂ ਨਹੀਂ ਸੋਚਿਆ ਸੀ ਕਿ ਮੈਂ ਉੱਥੋਂ ਬਾਹਰ ਨਿਕਲ ਸਕਾਂਗਾ ਅਤੇ ਮੇਰੀ ਰੱਬ ਨਾਲ ਇੱਕ ਲੜਾਈ ਹੋਈ, ਮੈਂ ਕਿਹਾ, 'ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਰੱਬਾਂ ਤੂੰ ਮੈਨੂੰ ਇੱਥੇ ਇਸ ਵਿਰਾਨੇ ਵਿੱਚ ਘਰੋਂ 18,000 ਮੀਲ ਦੂਰ ਮਰਨ ਦੇਵੇਂਗਾ ਅਤੇ ਮੈਂ ਕਦੇ ਡੈਬੀ ਨੂੰ ਨਹੀਂ ਮਿਲ ਸਕਾਂਗਾ, ਕਦੇ ਆਪਣੇ ਬੱਚੇ ਨੂੰ ਨਹੀਂ ਦੇਖ ਸਕਾਂਗਾ।''
ਇਸ ਦਾ ਜਵਾਬ ਉਸ ਨੂੰ ਉਦੋਂ ਮਿਲਿਆ ਜਦੋਂ ਉਹ ਹੌਲੀ-ਹੌਲੀ ਬੇਹੋਸ਼ ਹੋ ਰਿਹਾ ਸੀ। ਦੂਜੇ ਮਰੀਨ ਨੇ ਕੇਵਿਨ ਨੂੰ ਚੁੱਕਿਆ ਅਤੇ ਉਸਦੇ ਜ਼ਖਮਾਂ ਦਾ ਇਲਾਜ ਕਰਨ ਲਈ ਸਮੇਂ ਸਿਰ ਉਸ ਨੂੰ ਉੱਥੋਂ ਕੱਢਣ ਵਿੱਚ ਕਾਮਯਾਬ ਹੋ ਗਏ। ਕੇਵਿਨ ਨੂੰ ਪਹਿਲਾਂ ਫਿਲੀਪੀਨਜ਼, ਫਿਰ ਜਪਾਨ ਭੇਜਿਆ ਗਿਆ ਅਤੇ ਆਖਰ ਉਹ ਅਮਰੀਕਾ ਵਾਪਸ ਆ ਗਿਆ। ਉਸ ਦਾ ਇਲਾਜ ਬਹੁਤ ਲੰਬਾ ਚੱਲਿਆ ਅਤੇ ਕਾਫ਼ੀ ਔਖਾ ਸੀ।
"ਉਸ ਸਮੇਂ ਮੇਰੇ 18 ਆਪ੍ਰੇਸ਼ਨ ਹੋਏ। ਉਸ ਤੋਂ ਬਾਅਦ ਹੁਣ ਤੱਕ ਹੋਰ 20 ਹੋ ਚੁੱਕੇ ਹਨ ਪਰ ਮੈਂ ਵ੍ਹੀਲਚੇਅਰ ਤੋਂ ਵਾਕਰ ਅਤੇ ਵਾਕਰ ਤੋਂ ਬੈਸਾਖੀਆਂ ਤੇ, ਬੈਸਾਖੀਆਂ ਤੋਂ ਛੜੀ ’ਤੇ ਆਇਆ ਆ ਗਿਆ ਅਤੇ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇ ਵੇਖਿਆ।"

ਤਸਵੀਰ ਸਰੋਤ, Getty Images
ਕਈ ਸਾਲਾਂ ਤੱਕ ਕੇਵਿਨ ਨੇ ਡੈਬੀ ਨੂੰ ਲੱਭਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਸ ਸਮੇਂ ਟੈਕਨਾਲੋਜੀ ਇੰਨੀ ਘੱਟ ਸੀ ਕਿ ਉਸ ਨੂੰ ਡੈਬੀ ਬਾਰੇ ਲਗਭਗ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਡੈਬੀ ਨੇ ਵੀ ਪੂਰੀ ਕੋਸ਼ਿਸ਼ ਕੀਤੀ ਕਿ ਉਹ ਉਸ ਪੂਰੇ ਵਾਕਿਏ ਨੂੰ ਭੁਲਾ ਦੇਵੇ ਕਿਉਂਕਿ ਬੱਚੇ ਨੂੰ ਗੋਦ ਦੇਣ ਤੋਂ ਬਾਅਦ ਉਸ ਨੂੰ ਬਹੁਤ ਜ਼ਿਆਦਾ ਅਪਰਾਧ-ਭਾਵਨਾ ਸਤਾਉਂਦੀ ਰਹਿੰਦੀ ਸੀ।
ਡੈਬੀ ਨੇ ਬਾਅਦ ਵਿੱਚ ਕਈ ਵਿਆਹ ਕੀਤੇ ਅਤੇ ਤਿੰਨ ਧੀਆਂ ਦੀ ਮਾਂ ਬਣੀ ਜਦੋਂ ਕਿ ਕੇਵਿਨ ਦੀ ਪਤਨੀ ਮਰ ਗਈ ਅਤੇ ਉਹ ਇਕੱਲਾ ਰਹਿ ਗਿਆ, ਤੇ ਦੋਵਾਂ ਨੂੰ ਆਪਣੇ ਸਾਂਝੇ ਬੱਚੇ ਵਾਲ ਬਾਰੇ ਕਦੇ ਕੋਈ ਖ਼ਬਰ ਨਹੀਂ ਮਿਲੀ, ਜਿਸ ਨੂੰ ਉਹਨਾਂ ਨੇ ਕਈ ਸਾਲ ਪਹਿਲਾਂ ਜਨਮ ਦਿੱਤਾ ਸੀ।
ਅਚਾਨਕ ਮੁਲਾਕਾਤ

ਤਸਵੀਰ ਸਰੋਤ, Deb, Kevin, Val
ਕਈ ਸਾਲਾਂ ਬਾਅਦ ਡੈਬੀ ਇਸ ਨਤੀਜੇ ਤੇ ਪਹੁੰਚ ਗਈ ਕਿ ਉਸ ਨੂੰ ਆਪਣੀ ਅਪਰਾਧ-ਭਾਵਨਾ ਨੂੰ ਪਿੱਛੇ ਛੱਡਣਾ ਪਵੇਗਾ। ਸਭ ਤੋਂ ਪਹਿਲਾਂ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀਆਂ ਬਾਕੀ ਧੀਆਂ ਨੂੰ ਆਪਣੀ ਜਵਾਨੀ ਵਿੱਚ ਵਾਪਰੀ ਸਾਰੀ ਗੱਲ ਦੱਸ ਦੇਵੇਗੀ।
"ਉਦੋਂ ਮਦਰਜ਼ ਡੇਅ ਸੀ। ਅਸੀਂ ਰਸੋਈ ਵਿੱਚ ਸੀ ਅਤੇ ਮੈਂ ਉਨ੍ਹਾਂ ਨੂੰ ਕਿਹਾ, 'ਮੇਰੇ ਕੋਲ ਤੁਹਾਨੂੰ ਦੱਸਣ ਲਈ ਇੱਕ ਗੱਲ ਹੈ, ਜਦੋਂ ਮੈਂ ਬਹੁਤ ਛੋਟੀ ਸੀ ਤਾਂ ਮੇਰਾ ਇੱਕ ਬੱਚਾ ਹੋਇਆ ਸੀ।' ਮੈਂ ਸਾਰੀ ਗੱਲ ਸਮਝਾਈ, ਕਿ ਮੈਂ ਅਤੇ ਕੇਵਿਨ ਕਿਵੇਂ ਪਿਆਰ ਵਿੱਚ ਪੈ ਗਏ ਸੀ।"
ਉਸਦੀਆਂ ਧੀਆਂ ਵਿੱਚੋਂ ਇੱਕ ਨੇ ਪਹਿਲ ਕੀਤੀ ਅਤੇ ਆਪਣੀ ਮਾਂ ਨੂੰ ਉਹ ਵੇਰਵੇ ਪੁੱਛੇ ਜੋ ਉਨ੍ਹਾਂ ਨੂੰ ਅਜੇ ਵੀ ਯਾਦ ਸਨ, ਜੋ ਬੱਚੇ ਨੂੰ ਲੱਭਣ ਵਿੱਚ ਮਦਦ ਕਰ ਸਕਦੇ ਸਨ।
"ਮੈਨੂੰ ਉਨ੍ਹਾਂ ਦਾ ਆਖਰੀ ਨਾਂ ਯਾਦ ਸੀ, ਮੈਨੂੰ ਪਤਾ ਸੀ ਕਿ ਉਨ੍ਹਾਂ ਦੇ ਚਾਰ ਮੁੰਡੇ ਸਨ ਤੇ ਮੈਨੂੰ ਉਹ ਇਲਾਕਾ ਵੀ ਯਾਦ ਸੀ ਜਿੱਥੇ ਉਹ ਰਹਿੰਦੇ ਸਨ।"
ਇਹ ਜਾਣਕਾਰੀ ਉਸ ਦੀ ਧੀ ਲਈ ਉਸ ਪਰਿਵਾਰ ਨੂੰ ਲੱਭਣ ਲਈ ਕਾਫ਼ੀ ਸੀ ਜਿਸ ਨੇ ਛੋਟੀ ਕੁੜੀ ਵਾਲ ਨੂੰ ਗੋਦ ਲਿਆ ਸੀ, ਡੈਬੀ ਨੇ ਉਸ ਪਰਿਵਾਰ ਦੇ ਬੱਚਿਆਂ ਵਿਚੋਂ ਕਿਸੇ ਇੱਕ ਨੂੰ ਮੈਸੇਜ ਭੇਜਣ ਲਈ ਚੁਣਿਆ।
ਮੈਸੇਜ ਦਾ ਜਵਾਬ ਫੋਨ ਕਾਲ ਨਾਲ ਆਇਆ ਤੇ ਫੋਨ ਕਰਨ ਵਾਲੀ ਉਸਦੀ ਧੀ ਵਾਲ ਸੀ

ਤਸਵੀਰ ਸਰੋਤ, Deb, Kevin, Val
ਵਾਲ ਨੇ 'ਆਊਟਲੁੱਕ' ਨੂੰ ਦੱਸਿਆ, "ਮੈਂ ਉਨ੍ਹਾਂ ਨੂੰ ਸਵੇਰੇ 8 ਵਜੇ ਫ਼ੋਨ ਕੀਤਾ, ਉਸ ਸਮੇਂ ਮੈਂ ਇੰਨੀ ਸਮਝਦਾਰ ਹੋ ਚੁੱਕੀ ਸੀ ਕਿ ਗੱਲਬਾਤ ਹੀ ਇਹ ਮੰਨ ਕੇ ਕੀਤੀ ਕਿ ਸਾਡੇ ਕੋਲ ਗੱਲ ਕਰਨ ਲਈ ਬਹੁਤ ਕੁਝ ਹੈ, ਪਰ ਮੈਂ ਉਨ੍ਹਾਂ ਦੇ ਫੈਸਲੇ ਦੀ ਕਦਰ ਕਰਦੀ ਸੀ ਕਿ ਜੋ ਵੀ ਉਨ੍ਹਾਂ ਨੇ ਕੀਤਾ ਜਾਂ ਫਿਰ ਜੋ ਵੀ ਹੋਇਆ, ਮੇਰੇ ਦਿਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ।
ਵਾਲ ਦਾ ਜਵਾਬ ਡੈਬੀ 'ਤੇ ਚੰਗਾ ਅਸਰ ਕਰ ਗਿਆ, ਡੈਬੀ ਨੇ ਆਊਟਲੁੱਕ ਨੂੰ ਦੱਸਿਆ, ''ਜੋ ਸਾਲਾਂ ਤੋਂ ਸ਼ਰਮ ਤੇ ਪਛਤਾਵੇ ਵਾਲੇ ਜਜ਼ਬਾਤ ਸਨ, ਉਹ ਸਾਰੇ ਇਕ ਪਲ 'ਚ ਗਾਇਬ ਹੋ ਗਏ।''
ਫਿਰ ਵਾਲ ਅਤੇ ਡੈਬੀ ਦੋਵੇਂ ਉਸ ਰਾਤ ਨੂੰ ਮਿਲਦੇ ਹਨ ਅਤੇ ਮੁਲਾਕਾਤ ਦੌਰਾਨ ਇੱਕ ਸਵਾਲ ਉੱਠਿਆ ਕਿ ਕੇਵਿਨ ਦਾ ਕੀ ਬਣਿਆ?
ਉਨ੍ਹਾਂ ਨੇ ਦੁਬਾਰਾ ਇੰਟਰਨੈਟ ਦਾ ਸਹਾਰਾ ਲਿਆ ਅਤੇ ਕੇਵਿਨ ਦੀ ਸਵਰਗੀ ਪਤਨੀ ਦੇ ਸ਼ੋਕ ਸੰਦੇਸ਼ ਰਾਹੀਂ ਉਨ੍ਹਾਂ ਨੂੰ ਲੱਭ ਲਿਆ ਅਤੇ ਡੈਬੀ ਨੇ ਕੇਵਿਨ ਨੂੰ ਇੱਕ ਚਿੱਠੀ ਲਿਖਣ ਦਾ ਫੈਸਲਾ ਕੀਤਾ।
ਡੈਬੀ ਨੇ ਆਪਣੇ ਫ਼ੋਨ ਨੰਬਰ ਦੇ ਨਾਲ ਲਿਖਿਆ, "ਮੈਂ ਤੁਹਾਡੇ ਨੁਕਸਾਨ ਲਈ ਦੁਖੀ ਹਾਂ, ਮੈਂ ਸਾਡੇ ਸਕੂਲ ਦੇ ਦਿਨਾਂ ਬਾਰੇ ਗੱਲ ਕਰਨਾ ਪਸੰਦ ਕਰਾਂਗੀ, ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋ।"
ਕੇਵਿਨ ਲਈ ਇਹ ਚਿੱਠੀ ਇੱਕ ਚਮਤਕਾਰ ਵਾਂਗ ਸੀ, "ਮੈਂ ਉਹ ਪਲ ਕਦੇ ਨਹੀਂ ਭੁੱਲਾਂਗਾ ਜਦੋਂ ਮੈਨੂੰ ਉਹ ਪੱਤਰ ਮਿਲਿਆ। ਮੈਂ ਸਿੱਧਾ ਫ਼ੋਨ ਵੱਲ ਗਿਆ ਅਤੇ ਡੈਬੀ ਨੂੰ ਕਿਹਾ ਕਿ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਅਸੀਂ ਦੁਬਾਰਾ ਗੱਲਬਾਤ ਕਰ ਰਹੇ ਹਾਂ।"

ਤਸਵੀਰ ਸਰੋਤ, Deb, Kevin, Val
ਪਰ ਸਰਪ੍ਰਾਈਜ ਹਾਲੇ ਖ਼ਤਮ ਨਹੀਂ ਹੋਇਆ ਸੀ। ਡੈਬੀ ਯਾਦ ਕਰਦੇ ਹਨ, "ਮੈਂ ਉਨ੍ਹਾਂ ਨੂੰ ਕਿਹਾ, 'ਮੇਰੇ ਕੋਲ ਤੁਹਾਡੇ ਨਾਲ ਸਾਂਝਾ ਕਰਨ ਲਈ ਕੁਝ ਹੈ, ਮੈਨੂੰ ਸਾਡੀ ਧੀ ਮਿਲ ਗਈ ਹੈ ਕੀ ਤੁਸੀਂ ਉਸ ਨੂੰ ਮਿਲਣਾ ਚਾਹੁੰਦੇ ਹੋ?"
ਕੇਵਿਨ ਨੇ ਪੂਰੀ ਖੁਸ਼ੀ 'ਚ ਜ਼ੋਰਦਾਰ ਹਾਂ ਬੋਲਿਆ, ਡੈਬੀ ਅਤੇ ਕੇਵਿਨ ਨੇ ਵਾਲ ਦੇ ਘਰ ਮਿਲਣ ਦਾ ਫ਼ੈਸਲਾ ਕੀਤਾ। ਜਦੋਂ ਉਨ੍ਹਾਂ ਦੋਵਾਂ ਨੇ ਕੇਵਿਨ ਨੂੰ ਆਉਂਦੇ ਦੇਖਿਆ, ਤਾਂ ਉਨ੍ਹਾਂ ਦੀ ਧੀ ਮੁਸਕਰਾਉਂਦੀ ਹੋਈ ਆਪਣੀ ਬਾਇਓਲੋਜੀਕਲ ਮਾਂ ਦੀ ਪ੍ਰਤੀਕਿਰਿਆ ਦੇਖਦੀ ਹੈ, "ਡੈਬੀ ਨੇ ਕਿਹਾ, 'ਹਾਏ, ਇਹ ਕਿੰਨਾ ਸੋਹਣਾ ਹੈ!''
ਡੈਬੀ ਚੁੱਪ ਸੀ ਜਦੋਂ ਵਾਲ ਅਤੇ ਕੇਵਿਨ ਗੱਲਬਾਤ ਕਰ ਰਹੇ ਸਨ, ਪਰ ਅੰਤ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਸਲ ਰਿਸ਼ਤਾ ਤਾਂ ਇਨ੍ਹਾਂ ਦੋਹਾਂ ਵਿਚਕਾਰ ਹੈ ਅਤੇ ਡੈਬੀ ਨੇ ਉਨ੍ਹਾਂ ਨੂੰ ਇਕੱਲਿਆਂ ਛੱਡ ਦਿੱਤਾ। ਉਹ ਕਾਰ ਵਿੱਚ ਬੈਠੇ ਅਤੇ ਕਈ ਘੰਟਿਆਂ ਤੱਕ ਗੱਲਾਂ ਕਰਦੇ ਰਹੇ।

ਤਸਵੀਰ ਸਰੋਤ, Deb, Kevin, Val
ਕੇਵਿਨ ਦੱਸਦੇ ਹਨ, ''ਸਾਰੀਆਂ ਪੁਰਾਣੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਕਦੇ ਵੀ ਪਿਆਰ ਕਰਨਾ ਨਹੀਂ ਛੱਡਿਆ।
ਡੈਬੀ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਮੁਸਕਰਾਉਂਦਿਆਂ ਕਿਹਾ, ''ਠੀਕ ਹੈ… 6 ਮਹੀਨੇ ਦੇਖ ਲਈਏ, ਜੇ ਤੁਸੀਂ ਅੱਜ ਵੀ ਓਹੀ ਪਿਆਰੇ ਕੇਵਿਨ ਹੋਂ ਜਿਹੜੇ ਮੈਨੂੰ ਯਾਦ ਸੀ ਤਾਂ ਅਸੀਂ ਹਮੇਸ਼ਾ ਲਈ ਇਕੱਠੇ ਰਹਿ ਲਵਾਂਗੇ।"
6 ਮਹੀਨੇ ਤੇ ਫਿਰ ਉਸ ਤੋਂ ਬਾਅਦ 14 ਸਾਲ ਵੀ ਹੋ ਗਏ, ਡੈਬੀ ਹੱਸਦੇ ਹੋਏ ਬੋਲੇ, "ਅੱਜ ਵੀ ਉਹ ਪਹਿਲਾਂ ਵਾਂਗ ਸ਼ਾਨਦਾਰ ਅਤੇ ਪਿਆਰੇ ਇਨਸਾਨ ਹਨ, ਜਿਸ ਨਾਲ ਉਨ੍ਹਾਂ ਨੂੰ ਇੰਨੇ ਲੰਬੇ ਸਮੇਂ ਲਈ ਦੂਰ ਰਹਿਣਾ ਪਿਆ ਸੀ, ਹੁਣ ਉਨ੍ਹਾਂ ਨਾਲ ਹਰ ਰੋਜ਼ ਜੀ ਰਹੀ ਹਾਂ।"
40 ਸਾਲ ਪਹਿਲਾਂ ਜਿਹੜੀ ਭੱਜ ਕੇ ਵਿਆਹ ਕਰਨ ਦੀ ਸਕੀਮ ਅਧੂਰੀ ਰਹਿ ਗਈ ਸੀ, ਹੁਣ ਆਖ਼ਿਰ ਉਹ ਪੂਰੀ ਹੋ ਗਈ, ਕੇਵਿਨ ਤੇ ਡੈਬੀ ਨੇ ਅਸਲ ਵਿੱਚ ਵਿਆਹ ਕਰਵਾ ਲਿਆ।
ਹੁਣ ਦੋਵੇਂ 70 ਸਾਲ ਦੀ ਉਮਰ ਵਿੱਚ ਹਨ। ਬੱਸ ਇੱਕੋ ਕੰਮ ਕਰਦੇ ਹਨ ਇੱਕ-ਦੂਜੇ ਨੂੰ ਖ਼ੁਸ਼ ਰੱਖਣਾ ਤੇ ਸਿਹਤ ਦਾ ਖ਼ਿਆਲ ਰੱਖਣਾ।
ਡੈਬੀ ਮੁਸਕਰਾਉਂਦੇ ਹੋਈ ਬੋਲੇ, "ਇਸ ਉਮਰ ਵਿੱਚ ਵੀ ਅਸੀਂ ਇੱਕ-ਦੂਜੇ ਦੀ ਦੇਖਭਾਲ ਕਰ ਸਕਦੇ ਹਾਂ, ਪਿਆਰ ਕਰ ਸਕਦੇ ਹਾਂ। ਸੱਚ ਦੱਸਾਂ ਤਾਂ ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












