You’re viewing a text-only version of this website that uses less data. View the main version of the website including all images and videos.
ਸ਼ਰੀਆ ਕਾਨੂੰਨ ਵਿੱਚ ਜ਼ਿੰਦਗੀ ਬਿਤਾ ਰਹੀਆਂ ਔਰਤਾਂ ਕੀ ਮਹਿਸੂਸ ਕਰਦੀਆਂ ਹਨ
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਵਰਲਡ ਸਰਵਿਸ
ਤਾਲਿਬਾਨ ਨੇ ਜਦੋਂ ਪਹਿਲੀ ਵਾਰ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ ਸੀ, ਉਹ ਸਮਾਂ ਬਹੁਤ ਹੀ ਭਿਆਨਕ ਸੀ।
ਤਾਲਿਬਾਨ ਆਪਣੀਆਂ ਬੇਰਹਿਮ ਨੀਤੀਆਂ ਅਤੇ ਔਰਤਾਂ ਨੂੰ ਦਬਾਉਣ ਦੇ ਕਾਰਜਾਂ ਲਈ ਪੂਰੀ ਤਰ੍ਹਾਂ ਨਾਲ ਬਦਨਾਮ ਸੀ। ਔਰਤਾਂ ਨੂੰ ਸਿੱਖਿਆ, ਕੰਮਕਾਜ ਅਤੇ ਜਨਤਕ ਜ਼ਿੰਦਗੀ 'ਚ ਲਗਭਗ ਹਰ ਤਰ੍ਹਾਂ ਦੀ ਭੂਮਿਕਾ ਤੋਂ ਬਾਹਰ ਰੱਖਿਆ ਗਿਆ ਸੀ।
ਇਸ ਵਾਰ, ਭਾਵੇਂ ਤਾਲਿਬਾਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਸ਼ਰੀਆ ਜਾਂ ਇਸਲਾਮਿਕ ਕਾਨੂੰਨ ਦੇ ਢਾਂਚੇ ਦੇ ਅੰਦਰ ਮੌਜੂਦ "ਅਧਿਕਾਰਾਂ ਦੀ ਇਜਾਜ਼ਤ ਹੋਵੇਗੀ"। ਪਰ ਅਜੇ ਤੱਕ ਇਸ ਕਥਨ ਦੇ ਅਰਥ ਸਪੱਸ਼ਟ ਨਹੀਂ ਹੋ ਸਕੇ ਹਨ।
ਮੋਟੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਸ਼ਰੀਆ ਅੱਲ੍ਹਾ ਦੀ ਇੱਛਾ ਅਨੁਸਾਰ ਜ਼ਿੰਦਗੀ ਜਿਉਣ ਦਾ ਇੱਕ ਨਿਯਮ ਹੈ, ਜਿਸ 'ਚ ਨਮਾਜ਼, ਰੋਜ਼ੇ ਅਤੇ ਗਰੀਬਾਂ ਨੂੰ ਦਾਨ ਦੇਣਾ ਸ਼ਾਮਲ ਹੈ।
ਇਸ ਦੇ ਨਾਲ ਹੀ ਸ਼ਰੀਆ ਇਸਲਾਮ ਦੀ ਕਾਨੂੰਨ ਪ੍ਰਣਾਲੀ ਵੀ ਹੈ। ਦੁਨੀਆ ਭਰ 'ਚ ਸ਼ਰੀਆ ਨੂੰ ਵੱਖੋ ਵੱਖ ਢੰਗਾਂ ਅਨੁਸਾਰ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਸਿਆਸੀ ਆਜ਼ਾਦੀ 'ਤੇ ਪਾਬੰਦੀਆਂ ਹੋ ਸਕਦੀਆਂ ਹਨ, ਪਰ ਜਦੋਂ ਨਿੱਜੀ ਜੀਵਨ ਦੀ ਗੱਲ ਆਉਂਦੀ ਹੈ ਤਾਂ ਸ਼ਰੀਆ ਮੁਲਕਾਂ ਦੀਆਂ ਜ਼ਿਆਦਾਤਰਰ ਔਰਤਾਂ 1990 ਦੇ ਦਹਾਕੇ 'ਚ ਤਾਲਿਬਾਨ ਵੱਲੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਵਰਗੀਆਂ ਪਾਬੰਦੀਆਂ ਦਾ ਸਾਹਮਣਾ ਨਹੀਂ ਕਰਦੀਆਂ ਹਨ।
ਬੀਬੀਸੀ ਨੇ ਸਾਊਦੀ ਅਰਬ, ਨਾਈਜੀਰੀਆ, ਈਰਾਨ, ਇੰਡੋਨੇਸ਼ੀਆ ਅਤੇ ਬਰੂਨੇਈ 'ਚ ਸ਼ਰੀਆ ਕਨੂੰਨ ਅਧੀਨ ਰਹਿਣ ਵਾਲੀਆਂ ਪੰਜ ਔਰਤਾਂ ਨਾਲ ਉਨ੍ਹਾਂ ਦੇ ਤਜ਼ਰਬੇ ਸਬੰਧੀ ਗੱਲਬਾਤ ਕੀਤੀ।
'ਇਹ ਬਹੁਤ ਹੀ ਆਜ਼ਾਦ ਦੇਸ਼ ਹੈ'
ਹਨਾ ਅਬੂਬਕਰ ਨੇ ਕਿਹਾ, "ਮੈਂ ਤਨਜ਼ਾਨੀਅਨ ਵਿਰਾਸਤ ਨਾਲ ਸਬੰਧਿਤ ਔਰਤ ਹਾਂ ਅਤੇ ਮੈਂ ਆਪਣੀ ਬਹੁਤੀ ਜ਼ਿੰਦਗੀ ਸਾਊਦੀ ਅਰਬ 'ਚ ਬਿਤਾਈ ਹੈ।"
ਮੈਂ ਇੱਕ ਅੰਤਰਰਾਸ਼ਟਰੀ ਸਕੂਲ ਗਈ, ਜਿੱਥੇ ਭਾਰਤੀ ਪਾਠਕ੍ਰਮ ਪੜ੍ਹਾਇਆ ਜਾਂਦਾ ਸੀ। ਸਕੂਲੀ ਬੱਸਾਂ 'ਚ ਮੁੰਡੇ ਅਤੇ ਕੁੜ੍ਹੀਆਂ ਵੱਖੋ ਵੱਖ ਬੈਠਦੇ ਸਨ।
ਇਸੇ ਤਰ੍ਹਾਂ ਕੰਟੀਨ 'ਚ ਵੀ ਮੁੰਡੇ ਅਤੇ ਕੁੜੀਆਂ ਲਈ ਵੱਖੋ ਵੱਖ ਟੇਬਲ ਹੁੰਦਾ ਸੀ। ਜ਼ਿਆਦਾਤਰ ਸਮਾਂ ਸਾਡੇ ਕਲਾਸਰੂਮ ਵੀ ਵੱਖਰੇ ਹੀ ਹੁੰਦੇ ਸਨ।
ਹਾਲਾਂਕਿ, ਸਾਨੂੰ ਕੁਝ ਵਿਸ਼ਿਆਂ 'ਚ ਮਰਦ ਅਧਿਆਪਕਾਂ ਵੱਲੋਂ ਪੜ੍ਹਾਇਆਂ ਜਾਂਦਾ ਸੀ।
ਕੁੜ੍ਹੀਆਂ ਨੂੰ ਖੇਡਾਂ 'ਚ ਹਿੱਸਾ ਲੈਣ ਦੀ ਇਜਾਜ਼ਤ ਸੀ, ਬਾਸ਼ਰਤੇ ਕਿ ਉਹ ਮੁੰਡਿਆਂ ਨਾਲ ਨਹੀਂ ਖੇਡਣਗੀਆਂ। ਅਸੀਂ ਖੇਡ ਦਿਹਾੜੇ ਵੀ ਵੱਖੋ ਵੱਖ ਦਿਨਾਂ 'ਤੇ ਮਨਾਉਂਦੇ ਸੀ।
ਪਰ ਅਧਿਆਪਕਾਂ ਨੇ ਕਦੇ ਵੀ ਕੁੜ੍ਹੀਆਂ ਨਾਲ਼ ਕੋਈ ਵਿਤਕਰਾ ਨਹੀਂ ਕੀਤਾ।
ਸਾਊਦੀ ਅਰਬ ਹੁਣ ਬਹੁਤ ਹੀ ਆਜ਼ਾਦ ਖਿਆਲਾਂ ਵਾਲਾ ਮੁਲਕ ਬਣ ਗਿਆ ਹੈ।
ਹੁਣ ਔਰਤਾਂ ਇੱਕਲਿਆਂ ਸਫ਼ਰ ਕਰ ਸਕਦੀਆਂ ਹਨ ਅਤੇ ਕਾਰਾਂ ਵੀ ਚਲਾ ਸਕਦੀਆਂ ਹਨ। ਮੈਂ ਵੀ ਜਲਦੀ ਹੀ ਆਪਣਾ ਲਾਈਸੈਂਸ ਲੈਣ ਦੀ ਯੋਜਨਾ ਬਣਾ ਰਹੀ ਹਾਂ।
ਕੁਝ ਸਾਲ ਪਹਿਲਾਂ ਤੱਕ ਸਾਡੇ ਕੋਲ ਸਿਨੇਮਾ ਹਾਲ ਨਹੀਂ ਸਨ, ਪਰ ਹੁਣ ਸਾਡੇ ਕੋਲ ਹਨ ਅਤੇ ਮੇਰੀ ਮਨਪਸੰਦ ਥਾਵਾਂ 'ਚੋਂ ਇਹ ਇੱਕ ਹਨ।
ਮੈਂ ਆਪਣਾ ਚਿਹਰਾ ਨਹੀਂ ਢੱਕਦੀ ਹਾਂ ਅਤੇ ਸਿਰ 'ਤੇ ਸਕਾਰਫ਼ ਪਾਉਣਾ ਵੀ 'ਲਾਜ਼ਮੀ' ਨਹੀਂ ਹੈ।
ਇਹ ਵੀ ਪੜ੍ਹੋ:
ਪਹਿਲੇ ਸਮੇਂ ਵਿੱਚ ਰੈਸਟੋਰੈਂਟਾਂ ਵਿੱਚ ਫੈਮਿਲੀ ਸੈਕਸ਼ਨ ਅਤੇ ਸਿੰਗਲ ਸੈਕਸ਼ਨ ਹੁੰਦੇ ਸੀ। ਪਰ ਹੁਣ ਅਜਿਹੀ ਕੋਈ ਵੰਡ ਨਹੀਂ ਹੈ।
ਜਨਤਕ ਥਾਵਾਂ 'ਤੇ ਮਰਦ ਅਤੇ ਔਰਤਾਂ ਇੱਕਠੇ ਆ-ਜਾ ਸਕਦੇ ਹਨ। ਮਿਸਾਲ ਦੇ ਤੌਰ 'ਤੇ ਮੈਂ ਆਪਣੇ ਮਰਦ ਸਾਥੀਆਂ ਨਾਲ ਦੁਪਹਿਰ ਦੇ ਖਾਣੇ ਲਈ ਬਾਹਰ ਜਾਂਦੀ ਹਾਂ।
ਪਰ ਇਹ ਇੱਕ ਮੁਸਲਿਮ ਮੁਲਕ ਹੈ , ਇਸ ਲਈ ਇੱਥੇ ਕੋਈ ਨਾਈਟ ਕਲੱਬ ਜਾਂ ਬਾਰ ਆਦਿ ਨਹੀਂ ਹਨ। ਸ਼ਰਾਬ ਪੀਣ ਦੀ ਵੀ ਆਗਿਆ ਨਹੀਂ ਹੈ।
ਮੈਂ ਜੱਦਾ ਵਿਚ ਨਿੱਜੀ ਸੈਕਟਰ 'ਚ ਕੰਮ ਕਰਦੀ ਹਾਂ। ਮੇਰੀ ਕੰਪਨੀ 'ਚ ਲੋਕਾਂ ਨੂੰ ਉਨ੍ਹਾਂ ਦੇ ਕੰਮ ਦੇ ਅਧਾਰ 'ਤੇ ਪੈਸੇ, ਤਨਖਾਹ ਦਿੱਤੀ ਜਾਂਦੀ ਹੈ ਨਾ ਕਿ ਉਨ੍ਹਾਂ ਦੇ ਲਿੰਗ ਦੇ ਅਧਾਰ 'ਤੇ।
ਮੈਂ 30 ਸਾਲ ਦੀ ਹਾਂ ਅਤੇ ਜਦੋਂ ਵੀ ਮੈਨੂੰ ਮੇਰੇ ਸੁਪਨਿਆਂ ਦਾ ਰਾਜਕੁਮਾਰ ਮਿਲ ਜਾਵੇਗਾ ਮੈਂ ਵਿਆਹ ਕਰਵਾ ਲਵਾਂਗੀ। ਮੇਰੇ ਮਾਪੇ ਬਹੁਤ ਸਾਥ ਦਿੰਦੇ ਹਨ ਅਤੇ ਉਨ੍ਹਾਂ ਨੇ ਮੈਨੂੰ ਕਦੇ ਵੀ ਵਿਆਹ ਲਈ ਮਜਬੂਰ ਨਹੀਂ ਕੀਤਾ ਹੈ।
ਕਈਆਂ ਦਾ ਕਹਿਣਾ ਹੈ ਕਿ ਸੁਧਾਰ ਬਹੁਤ ਹੀ ਹੌਲੀ ਰਫ਼ਤਾਰ ਵਿੱਚ ਹੋ ਰਹੇ ਹਨ। ਪਰ ਮੇਰੀ ਮਾਂ ਮੇਰੇ ਜਨਮ ਤੋਂ ਵੀ ਪਹਿਲਾਂ ਸਾਊਦੀ ਅਰਬ ਵਿੱਚ ਸੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਬਹੁਤ ਹੀ ਸਖ਼ਤ ਰਹੇ ਹਨ।
'ਸ਼ਰਾਬ ਗੈਰ ਕਨੂੰਨੀ ਹੈ, ਪਰ ਲੋਕ ਪਾਰਟੀਆਂ 'ਚ ਪੀਂਦੇ ਹਨ'
ਮਾਸ਼ਾ ਦਾ ਕਹਿਣਾ ਹੈ ਕਿ ਈਰਾਨ 'ਚ ਇੱਕ ਔਰਤ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਦੀ ਹੈ, ਉਹ ਉਸ ਦੇ ਪਰਿਵਾਰਕ ਪਿਛੋਕੜ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। (ਮਾਸ਼ਾ ਨੇ ਆਪਣੀ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਆਪਣਾ ਪੂਰਾ ਨਾਮ ਅਤੇ ਚਿਹਰਾ ਨਾ ਵਿਖਾਉਣ ਦੀ ਗੁਜ਼ਾਰਿਸ਼ ਕੀਤੀ ਹੈ)
ਈਰਾਨੀ ਸਮਾਜ ਨੂੰ ਤਿੰਨ ਭਾਗਾਂ 'ਚ ਵੰਡਿਆ ਜਾ ਸਕਦਾ ਹੈ। ਕੁਝ ਬਹੁਤ ਹੀ ਧਾਰਮਿਕ, ਸਖ਼ਤ, ਪੱਖਪਾਤੀ ਅਤੇ ਤੰਗ ਦਿਮਾਗ ਵਾਲੇ ਹੁੰਦੇ ਹਨ, ਜੋ ਕਿ ਆਪਣੀਆਂ ਧੀਆਂ-ਭੈਣਾਂ ਨੂੰ ਕਿਸੇ ਮਰਦ ਦੋਸਤ ਨਾਲ ਸਧਾਰਨ ਸੰਬੰਧ ਹੋਣ 'ਤੇ ਮਾਰ ਸਕਦੇ ਹਨ।
ਦੂਜਾ ਸਮੂਹ ਜਾਂ ਕਹਿ ਸਕਦੇ ਹੋ ਕਿ ਦੂਜੀ ਤਰ੍ਹਾਂ ਦੇ ਲੋਕ ਮੇਰੇ ਪਰਿਵਾਰ ਵਰਗੇ ਹਨ, ਭਾਵ ਸ਼ਹਿਰੀ ਮੱਧ ਵਰਗ, ਜਿੰਨ੍ਹਾਂ ਦਾ ਮੁੱਖ ਟੀਚਾ ਸਿੱਖਿਆ ਅਤੇ ਰੁਜ਼ਗਾਰ ਹਾਸਲ ਕਰਨਾ ਹੈ।
ਤੀਜਾ ਸਮੂਹ ਅਮੀਰ ਕੁਲੀਨ ਵਰਗ ਦਾ ਇੱਕ ਛੋਟਾ ਸਮੂਹ ਹੈ, ਜੋ ਕਿ ਕਾਨੂੰਨੀ ਬੰਧਨ ਤੋਂ ਪਰਾਂ ਹੈ।
ਮੈਂ ਤਹਿਰਾਨ ਦੀ ਜੰਮਪਲ ਹਾਂ। ਮੈਂ ਆਪਣੇ ਸਕੂਲ ਅਤੇ ਯੂਨੀਵਰਸਿਟੀ 'ਚ ਮੁੰਡਿਆਂ ਨਾਲ ਪੜ੍ਹਾਈ ਕੀਤੀ।
ਜ਼ਿਆਦਾਤਰ ਈਰਾਨੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਮੈਡੀਸਨ ਜਾਂ ਫਿਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ, ਪਰ ਮੈਂ ਡੈਂਟਲ ਕਾਲਜ 'ਚ ਦਾਖਲਾ ਲੈਣ ਲਈ ਆਪਣੀ ਜਗ੍ਹਾ ਸੁਰੱਖਿਅਤ ਨਾ ਕਰ ਸਕੀ ਅਤੇ ਫਿਰ ਮੈਂ ਅੰਗ੍ਰੇਜ਼ੀ ਦੀ ਪੜ੍ਹਾਈ ਕੀਤੀ। ਹੁਣ ਮੈਂ ਇੱਕ ਕਿੰਡਰਗਾਰਟਨ ਸਕੂਲ 'ਚ ਪੜ੍ਹਾਉਂਦੀ ਹਾਂ।
ਈਰਾਨ 'ਚ ਔਰਤਾਂ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਦੀਆਂ ਹਨ। ਕੁਆਰੀਆਂ ਕੁੜ੍ਹੀਆਂ, ਔਰਤਾਂ ਘਰ ਕਿਰਾਏ 'ਤੇ ਲੈ ਕੇ ਇੱਕਲੀਆਂ ਰਹਿ ਸਕਦੀਆਂ ਹਨ। ਉਹ ਆਪਣੇ ਆਪ ਕਿਸੇ ਹੋਟਲ 'ਚ ਵੀ ਜਾ ਸਕਦੀਆਂ ਹਨ।
ਮੇਰੇ ਕੋਲ ਆਪਣੀ ਕਾਰ ਹੈ ਅਤੇ ਮੈਂ ਪੂਰੇ ਸ਼ਹਿਰ 'ਚ ਘੁੰਮਦੀ ਹਾਂ। ਇੱਥੇ ਤੁਹਾਡੇ ਨਾਲ ਕਿਸੇ ਮਰਦ ਸਾਥੀ ਦਾ ਹੋਣਾ ਜ਼ਰੂਰੀ ਨਹੀਂ ਹੈ ਪਰ ਸਿਰ 'ਤੇ ਸਕਾਰਫ਼ ਲੈਣਾ ਲਾਜ਼ਮੀ ਹੈ।
ਜੇਕਰ ਧਾਰਮਿਕ ਪੁਲਿਸ ਕਿਸੇ ਨੌਜਵਾਨ ਜੋੜੇ ਨੂੰ ਇਤਰਾਜ਼ ਯੋਗ ਜਾਂ ਸ਼ਰਾਰਤੀ ਹਰਕਤਾਂ ਕਰਦੇ ਵੇਖ ਲੈਂਦੀ ਹੈ ਜਾਂ ਫਿਰ ਕੋਈ ਔਰਤ ਛੋਟਾ ਓਵਰਕੋਟ ਪਾ ਕੇ ਬਾਹਰ ਨਿਕਲਦੀ ਹੈ ਤਾਂ , ਉਨ੍ਹਾਂ ਲਈ ਇਹ ਮੁਸ਼ਖਲ ਦੀ ਘੜੀ ਹੋ ਸਕਦੀ ਹੈ।
ਆਮ ਤੌਰ 'ਤੇ ਅਧਿਕਾਰੀ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਜਾਣ ਦਿੰਦੇ ਹਨ। ਪਰ ਹਰ ਵਾਰ ਅਜਿਹਾ ਨਹੀਂ ਹੁੰਦਾ ਹੈ। ਕਈ ਵਾਰ ਅਪਰਾਧੀਆਂ ਨੂੰ ਥਾਣੇ ਲਿਜਾਇਆ ਜਾਂ ਸਕਦਾ ਹੈ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਰਮਿੰਦਾ ਕਰਨ ਲਈ ਉੱਥੇ ਬੁਲਾਇਆ ਜਾ ਸਕਦਾ ਹੈ।
ਮੈਂ ਆਪਣੇ ਵਿਆਹ ਤੋਂ ਪਹਿਲਾਂ ਚਾਰ ਸਾਲਾਂ ਤੱਕ ਇੱਕ ਬੁਆਏਫ੍ਰੈਂਡ ਨੂੰ ਡੇਟ ਕੀਤਾ। ਅਸੀਂ ਅਕਸਰ ਹੀ ਸਿਨੇਮਾ ਘਰਾਂ, ਪਾਰਕਾਂ ਅਤੇ ਹੋਰ ਕਈ ਥਾਵਾਂ 'ਤੇ ਇੱਕਠੇ ਘੁੰਮਦੇ ਸੀ।
ਮੈਂ ਖੁਸ਼ਕਿਸਮਤ ਸੀ, ਕਿਉਂਕਿ ਕਦੇ ਵੀ ਕਿਸੇ ਨੇ ਸਾਨੂੰ ਰੋਕਿਆ ਨਹੀਂ ਅਤੇ ਨਾ ਹੀ ਇਸ ਗੱਲ ਦੀ ਜਾਂਚ ਕੀਤੀ ਕਿ ਅਸੀਂ ਵਿਆਹੇ ਹੋਏ ਹਾਂ ਜਾਂ ਫਿਰ ਨਹੀਂ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮੇਰੇ ਮਾਪੇ ਬਹੁਤ ਹੀ ਸਖ਼ਤ ਹੁੰਦੇ ਸਨ। ਉਹ ਹਮੇਸ਼ਾ ਚਾਹੁੰਦੇ ਸਨ ਕਿ ਮੈਂ 9 ਵਜੇ ਤੋਂ ਪਹਿਲਾਂ ਘਰ ਆ ਜਾਵਾਂ ਅਤੇ ਉਹ ਮੈਨੂੰ ਆਪਣੇ ਦੋਸਤਾਂ ਨਾਲ ਟਰਿੱਪ 'ਤੇ ਵੀ ਨਹੀਂ ਜਾਣ ਦਿੰਦੇ ਸਨ। ਪਰ ਵਿਆਹ ਤੋਂ ਬਾਅਦ ਮੈਨੂੰ ਵਧੇਰੇ ਆਜ਼ਾਦੀ ਮਿਲੀ ਹੈ।
ਇੱਥੇ ਸ਼ਰਾਬ 'ਤੇ ਪਾਬੰਦੀ ਹੈ ਅਤੇ ਨਾ ਹੀ ਕੋਈ ਬਾਰ ਹੈ, ਪਰ ਲੋਕ ਗੁਪਤ ਤਰੀਕੇ ਨਾਲ ਸ਼ਰਾਬ ਖਰੀਦਦੇ ਹਨ ਅਤੇ ਪੀਂਦੇ ਹਨ।
ਪਾਰਟੀਆਂ 'ਚ ਜ਼ਿਆਦਾਤਰ ਲੋਕ ਸ਼ਰਾਬ ਪੀਂਦੇ ਹਨ। ਮੈਂ ਨਿੱਜੀ ਤੌਰ 'ਤੇ ਸ਼ਰਾਬ ਨਹੀਂ ਪੀਂਦੀ ਹਾਂ, ਕਿਉਂਕਿ ਮੈਨੂੰ ਸ਼ਰਾਬ ਦੇ ਕੌੜੇ ਸੁਆਦ ਨਾਲ ਹੀ ਨਫ਼ਰਤ ਹੈ।
ਮੈਂ ਬੱਚੇ ਨਹੀਂ ਚਾਹੁੰਦੀ ਹਾਂ, ਕਿਉਂਕਿ ਸਾਡੀ ਤਨਖਾਹ ਬਹੁਤ ਹੀ ਘੱਟ ਹੈ। ਘਰ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਅਤੇ ਨਾਲ ਹੀ ਆਪਣੇ ਪਤੀ ਵੱਲ ਧਿਆਨ ਦੇਣਾ ਮੇਰੇ ਲਈ ਬਹੁਤ ਜ਼ਿਆਦਾ ਹੋ ਜਾਵੇਗਾ।
'ਸ਼ਰੀਆ ਕਿਸੇ ਵੀ ਹੋਰ ਕਾਨੂੰਨ ਨਾਲੋਂ ਬਿਹਤਰ ਹੈ'
ਨਾਈਜੀਰੀਆ ਦੀ ਹੁਵਾਇਲਾ ਇਬਰਾਹਿਮ ਮੁਹੰਮਦ ਦਾ ਕਹਿਣਾ ਹੈ ਕਿ ਉਹ ਇੱਕ ਸ਼ਰੀਆ ਵਕੀਲ ਹੈ ਅਤੇ ਪਿਛਲੇ 18 ਸਾਲਾਂ ਤੋਂ ਉਹ ਕਾਨੋ, ਅਬੁਜਾ ਅਤੇ ਲਾਗੋਸ ਵਿਖੇ ਪ੍ਰੈਕਟਿਸ ਕਰ ਰਹੀ ਹੈ।
ਮੈਂ ਸ਼ਰੀਆ ਕਾਨੂੰਨ ਪ੍ਰਣਾਲੀ 'ਚ ਵਿਸ਼ਵਾਸ ਰੱਖਦੀ ਹਾਂ। ਨਾਈਜੀਰੀਆ ਦੇ 12 ਸੂਬਿਆਂ 'ਚ ਅਪਰਾਧਿਕ ਅਤੇ ਪਰਿਵਾਰਕ ਕਾਨੂੰਨ, ਦੋਵਾਂ ਲਈ ਹੀ ਸ਼ਰੀਆ ਦੀ ਵਰਤੋਂ ਹੁੰਦੀ ਹੈ।
ਇਹ ਵੀ ਪੜ੍ਹੋ:
- ਸ਼ਰੀਆ ਕੀ ਹੈ? ਜਿਸ ਨੂੰ ਤਾਲਿਬਾਨ ਕੱਟੜਵਾਦੀ ਤਰੀਕੇ ਨਾਲ ਲਾਗੂ ਕਰਦਾ ਹੈ
- 'ਨਵਾਂ' ਤਾਲਿਬਾਨ 'ਪੁਰਾਣੇ' ਤਾਲਿਬਾਨ ਨਾਲੋਂ ਵੱਖਰਾ ਹੈ ਜਾਂ ਸਿਰਫ਼ ਦਿਖਾਵਾ
- 'ਮੈਂ ਜਾਣਦੀ ਹਾਂ ਕਿ ਤਾਲਿਬਾਨ ਕੁੜੀਆਂ ਨੂੰ ਸਕੂਲ 'ਚ ਪੜ੍ਹਨ ਦੀ ਇਜਾਜ਼ਤ ਨਹੀਂ ਦੇਵੇਗਾ'
- ਕਾਬੁਲ 'ਚ ਤਾਲਿਬਾਨ ਹੇਠਾਂ ਜ਼ਿੰਦਗੀ: ਜਦੋਂ ਇੱਕ ਔਰਤ ਨੂੰ ਪੁੱਛਿਆ ਗਿਆ, 'ਤੁਸੀਂ ਮਹਿਰਮ ਤੋਂ ਬਗੈਰ ਕਿੱਥੇ ਸਫ਼ਰ ਕਰ ਰਹੇ ਹੋ?'
ਮੈਂ ਸ਼ਰੀਆ ਅਦਾਲਤਾਂ ਦੇ ਨਾਲ-ਨਾਲ ਆਮ ਕਾਨੂੰਨੀ ਆਦਲਤਾਂ 'ਚ ਵੀ ਪ੍ਰੈਕਟਿਸ ਕਰਦੀ ਹਾਂ। ਸ਼ਰੀਆ ਅਦਾਲਤਾਂ ਦੀ ਪ੍ਰਧਾਨਗੀ ਮਰਦ ਜੱਜਾਂ ਵੱਲੋਂ ਕੀਤੀ ਜਾਂਦੀ ਹੈ ਪਰ ਔਰਤਾਂ ਬਿਨ੍ਹਾਂ ਕਿਸੇ ਡਰ ਦੇ ਬਹਿਸ ਕਰ ਸਕਦੀਆਂ ਹਨ।
ਅਪਰਾਧੀ ਨੂੰ ਮੁਆਫ ਕਰਨ ਦੀ ਬਹੁਤ ਗੁੰਜਾਇਸ਼ ਮੌਜੂਦ ਰਹਿੰਦੀ ਹੈ। ਇੱਕ ਜੱਜ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਉਣ ਤੋਂ ਪਹਿਲਾਂ ਕਈ ਘੱਟ ਕਰਨ ਵਾਲੇ ਕਾਰਕਾਂ 'ਤੇ ਵਿਚਾਰ ਕਰਨੀ ਪੈਂਦੀ ਹੈ।
ਕਈ ਅਪਰਾਧਾਂ ਵਿੱਚ ਦੋਸ਼ੀਆਂ ਨੂੰ ਖੁੱਲ੍ਹੀ ਅਦਾਲਤ ਵਿੱਚ ਕੋੜੇ ਮਾਰੇ ਜਾਂਦੇ ਹਨ, ਪਰ ਮੈਂ ਅਜੇ ਤੱਕ ਕਿਸੇ ਵੀ ਔਰਤ ਨੂੰ ਇਸ ਢੰਗ ਨਾਲ ਸਜ਼ਾ ਮਿਲਦੇ ਨਹੀਂ ਵੇਖਿਆ ਹੈ।
ਪੱਥਰ ਮਾਰ ਕੇ ਮੌਤ ਦੇਣ ਦੇ ਕੁਝ ਫ਼ੈਸਲਿਆਂ ਨੇ ਭਾਵੇਂ ਕਿ ਅੰਤਰਰਾਸ਼ਟਰੀ ਧਿਆਨ ਖਿੱਚਿਆ, ਪਰ ਉਨ੍ਹਾਂ ਨੂੰ ਕਦੇ ਵੀ ਲਾਗੂ ਨਹੀਂ ਕੀਤਾ ਗਿਆ। ਇਸਲਾਮ 'ਚ ਇਹ ਸਜ਼ਾ ਵਿਭਾਚਾਰ ਲਈ ਤੈਅ ਹੈ।
ਜਦੋਂ ਵਿਰਾਸਤ ਜਾਂ ਉੱਤਰਅਧਿਕਾਰੀ ਦੀ ਗੱਲ ਆਉਂਦੀ ਹੈ ਤਾਂ ਮਰਦਾਂ ਨੂੰ ਔਰਤਾਂ ਦੇ ਮੁਕਾਬਲੇ ਵਧੇਰੇ ਮਿਲ ਸਕਦਾ ਹੈ। ਇਹ ਬਹੁਤ ਹੀ ਬੇਇਨਸਾਫ਼ੀ ਭਰਪੂਰ ਜਾਪਦਾ ਹੈ, ਪਰ ਇਸ ਦੇ ਪਿੱਛੇ ਵੀ ਇੱਕ ਕਾਰਨ ਹੈ ਕਿ ਔਰਤਾਂ ਨੂੰ ਵਿੱਤੀ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਰੱਖਿਆ ਦਾ ਜ਼ਿੰਮਾ ਪਿਤਾ, ਭਰਾ ਅਤੇ ਪਤੀ ਨੂੰ ਸੌਂਪਿਆ ਗਿਆ ਹੈ।
ਹਾਂ, ਇੱਥੇ ਇੱਕ ਆਇਤ ਹੈ , ਜਿਸ ਦੇ ਅਨੁਸਾਰ ਪਤੀ ਆਪਣੀ ਪਤਨੀ ਨੂੰ ਕੁੱਟ ਸਕਦਾ ਹੈ। ਪਰ ਇਸ ਦੇ ਸਹੀ ਅਰਥ ਇਹ ਹਨ ਕਿ ਇੱਕ ਪਤੀ ਆਪਣੀ ਨੂੰ ਡਰਾ ਧਮਕਾ ਸਕਦਾ ਹੈ ਜਾਂ ਫਿਰ ਬਹੁਤ ਹੀ ਹਲਕੇ ਹੱਥਾਂ ਨਾਲ ਕੁੱਟ ਸਕਦਾ ਹੈ। ਪਤਨੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਜਾਂ ਜ਼ਖਮੀ ਕਰਨਾ ਜਾਇਜ਼ ਨਹੀਂ ਹੈ।
ਕੁਝ ਔਰਤਾਂ ਆਪਣੇ ਦੁਰ ਵਿਵਹਾਰ ਕਰਨ ਵਾਲੇ ਪਤੀਆਂ ਨੂੰ ਅਦਾਲਤ 'ਚ ਲੈ ਕੇ ਗਈਆਂ ਹਨ। ਮੈਂ ਅਜਿਹੇ ਬਹੁਤ ਸਾਰੇ ਮਾਮਲਿਆਂ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਜਿੱਤੀ ਵੀ ਹਾਂ। ਮੈਂ ਕਹਾਂਗੀ ਕਿ ਇੱਥੇ ਲੰਿਗ ਦੀ ਪਰਵਾਹ ਕੀਤੇ ਬਿਨ੍ਹਾਂ ਨਿਆਂ ਦਿੱਤਾ ਜਾਂਦਾ ਹੈ।
ਨਾਈਜੀਰੀਆ ਵਿੱਚ ਤੁਹਾਨੂੰ ਮੂੰਹ ਢੱਕਣ ਦੀ ਜ਼ਰੂਰਤ ਨਹੀਂ ਹੈ। ਇੱਥੇ ਔਰਤਾਂ ਨੂੰ ਆਪਣੇ ਸਰੀਰ ਨੂੰ ਪੂਰਾ ਢੱਕ ਕੇ ਰੱਖਣ ਦੀ ਆਦਤ ਹੈ ਅਤੇ ਜੇਕਰ ਕੋਈ ਔਰਤ ਛੋਟੀ ਸਕਰਟ ਪਾ ਲਵੇ ਤਾਂ ਇਹ ਅਜੀਬ ਹੋਵੇਗਾ।
ਪੂਰੇ ਕੱਪੜੇ ਨਾ ਪਾਉਣ ਜਾਂ ਸਿਰ ਨਾ ਢੱਕਣ 'ਤੇ ਔਰਤਾਂ ਨੂੰ ਸਜ਼ਾ ਦੇਣਾ ਸਹੀ ਨਹੀਂ ਹੈ। ਔਰਤਾਂ ਨੂੰ ਇਸ ਸਬੰਧੀ ਚੋਣ ਕਰਨ ਦਾ ਹੱਕ ਹੈ।
ਜੇਕਰ ਸ਼ਰੀਆ ਦੀ ਵਰਤੋਂ ਉਸਦੇ ਅਸਲੀ ਰੂਪ ਵਿੱਚ ਕੀਤੀ ਜਾਵੇ ਤਾਂ ਇਹ ਕਿਸੇ ਹੋਰ ਕਾਨੂੰਨ ਨਾਲੋਂ ਕਿਤੇ ਬਿਹਤਰ ਹੈ।
'ਮੈਨੂੰ ਪਤਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ'
ਇਜ਼ਾਤੀ ਮੁਹੰਮਦ ਨੂਰ ਦਾ ਕਹਿਣਾ ਹੈ ਕਿ ਮੈਂ ਬਰੂਨੇਈ ਦੀ ਜੰਮਪਲ ਹਾਂ। ਸਾਲ 2007 ਵਿੱਚ ਜਦੋਂ ਮੈਂ 17 ਸਾਲ ਦੀ ਸੀ, ਉਸ ਸਮੇਂ ਮੈਨੂੰ ਯੂਕੇ ਦੀ ਸਰਕਾਰੀ ਸਕਾਲਰਸ਼ਿਪ ਮਿਲੀ ਅਤੇ ਮੈਂ ਬੂਰਨੇਈ ਛੱਡ ਦਿੱਤਾ।
ਮੈਂ ਲੰਡਨ ਤੋਂ ਕੈਮੀਕਲ ਇੰਜੀਨੀਅਰਿੰਗ 'ਚ ਏ ਲੇਵਲ, ਡਿਗਰੀ, ,ਮਾਸਟਰਜ਼ ਅਤੇ ਪੀਐਚਡੀ ਕੀਤੀ। ਇਸ ਤੋਂ ਬਾਅਦ ਮੈਂ ਇੱਕ ਸੌਫਟਵੇਅਰ ਡਿਵੈਲਪਰ ਵੱਜੋਂ ਕੰਮ ਕੀਤਾ।
ਕੁਝ ਹਫ਼ਤੇ ਪਹਿਲਾਂ ਹੀ ਮੈਂ ਆਪਣੇ ਵਤਨ ਪਰਤੀ ਹਾਂ। ਇੱਥੇ ਬਹੁ ਗਿਣਤੀ ਮੁਸਲਮਾਨ ਹਨ। ਲੰਮੇ ਸਮੇਂ ਤੋਂ ਸ਼ਰੀਆ ਦੀ ਵਰਤੋਂ ਵਿਆਹ, ਤਲਾਕ ਅਤੇ ਵਿਰਾਸਤ ਨਾਲ ਜੁੜੇ ਮਾਮਲਿਆਂ ਵਿੱਚ ਕੀਤੀ ਜਾਂਦੀ ਰਹੀ ਹੈ। ਸਿਰਫ 2014 'ਚ ਸ਼ਰੀਆ ਨੂੰ ਅਪਰਾਧਿਕ ਮਾਮਲਿਆਂ ਨਾਲ ਨਜਿੱਠਣ ਲਈ ਪੇਸ਼ ਕੀਤਾ ਗਿਆ ਸੀ। ਅਜੇ ਤੱਕ ਕਿਸੇ ਨੂੰ ਵੀ ਗੰਭੀਰ ਸਜ਼ਾ ਨਹੀਂ ਦਿੱਤੀ ਗਈ ਹੈ।
ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ। ਜੇਕਰ ਤੁਸੀਂ ਜਿਮ 'ਚ ਜਾਂਦੇ ਹੋ ਤਾਂ ਤੁਸੀਂ ਕਿਸੇ ਔਰਤ ਨੂੰ ਸਿਰ 'ਤੇ ਸਕਾਰਫ ਬੰਨੀ ਵੇਖੋਗੇ ਅਤੇ ਕਿਸੇ ਨੂੰ ਸਪੋਰਟਸ ਬਰਾ 'ਚ। ਸਾਡੇ ਇੱਥੇ ਕੋਈ ਧਾਰਮਿਕ ਪੁਲਿਸ ਨਹੀਂ ਹੈ।
ਮੇਰੀ ਸਕੂਲੀ ਸਿੱਖਿਆ ਦੇ ਹਿੱਸੇ ਵੱਜੋਂ, ਸਾਨੂੰ ਇਸਲਾਮ ਦੇ ਪੰਜ ਥੰਮਾਂ, ਇਸਲਾਮੀ ਅਰਥ ਸ਼ਾਸਤਰ ਅਤੇ ਸ਼ਰੀਆ ਕਾਨੂੰਨ ਪੜ੍ਹਾਇਆ ਗਿਆ ਸੀ। ਮੈਂ ਆਮ ਤੌਰ 'ਤੇ ਸਵੇਰ ਦੇ ਸਮੇਂ ਵਿਗਿਆਨ ਅਤੇ ਗਣਿਤ ਵਰਗੇ ਵਿਸ਼ੇ ਪੜ੍ਹਦੀ ਸੀ ਅਤੇ ਦੁਪਹਿਰ ਦੇ ਸਮੇਂ ਮੈਂ ਇੱਕ ਧਾਰਮਿਕ ਸਕੂਲ 'ਚ ਜਾਂਦੀ ਸੀ, ਜਿੱਥੇ ਮਰਦ ਅਤੇ ਔਰਤ ਦੋਵੇਂ ਹੀ ਅਧਿਆਪਕ ਹੁੰਦੇ ਸਨ।
ਜਦੋਂ ਵਿਰਾਸਤ ਦੀ ਗੱਲ ਆਉਂਦੀ ਹੈ ਤਾਂ ਸ਼ਰੀਆ ਦੇ ਅਨੁਸਾਰ ਭਰਾ ਨੂੰ ਭੈਣ ਨਾਲੋਂ ਦੁੱਗਣਾ ਮਿਲਦਾ ਹੈ। ਪਰ ਸਾਡੇ ਦੇਸ਼ 'ਚ, ਮੇਰੇ ਦਾਦਾ-ਦਾਦੀ ਦੀ ਤਰ੍ਹਾਂ ਬਹੁਤ ਸਾਰੇ ਲੋਕ ਵਸੀਅਤ ਬਣਾ ਜਾਂਦੇ ਹਨ। ਜੋ ਕਿ ਇਸਲਾਮੀ ਕਾਨੂੰਨ ਦੀ ਥਾਂ ਲੈ ਲੈਂਦੀ ਹੈ।
ਮੈਂ ਇਸਲਾਮ 'ਚ ਕਹੇ ਅਨੁਸਾਰ ਦਿਨ 'ਚ ਪੰਜ ਵਾਰ ਨਮਾਜ਼ ਅਦਾ ਨਹੀਂ ਕਰਦੀ ਹਾਂ, ਪਰ ਮੇਰੇ ਤੋਂ ਜਿੰਨਾ ਹੋ ਸਕੇ ਮੈਂ ਜ਼ਰੂਰ ਕਰਦੀ ਹਾਂ। ਮੈਂ ਜਦੋਂ ਛੋਟੀ ਸੀ, ਉਦੋਂ ਮੇਰੇ ਮਾਪੇ ਨਮਾਜ਼ ਅਦਾ ਕਰਨ ਪ੍ਰਤੀ ਬਹੁਤ ਸਖ਼ਤ ਸਨ। ਮੈਂ ਅਜਿਹੇ ਸਮੇਂ 'ਚੋਂ ਵੀ ਲੰਘੀ ਜਦੋਂ ਮੈਂ ਬਿਲਕੁਲ ਵੀ ਨਮਾਜ਼ ਅਦਾ ਨਹੀਂ ਕੀਤੀ ਅਤੇ ਫਿਰ ਮੈਨੂੰ ਆਪਣਾ ਰਸਤਾ ਹਾਸਲ ਹੋਇਆ।
ਮੈਂ ਪਾਇਲਟ ਦੀ ਸਿਖਲਾਈ ਲਈ ਅਤੇ ਲਾਈਸੈਂਸ ਹਾਸਲ ਕੀਤਾ। ਮੇਰੀ ਉਡਾਣ ਦੀ ਕਲਾਸਾਂ ਦੌਰਾਨ ਮੇਰੀ ਮੁਲਾਕਾਤ ਇੱਕ ਮੁੰਡੇ ਨਾਲ ਹੋਈ ਜੋ ਕਿ ਬਾਅਧ 'ਚ ਮੇਰਾ ਬੁਆਏਫ੍ਰੈਂਡ ਬਣਿਆ। ਉਹ ਉੱਤਰੀ ਜਰਮਨੀ ਤੋਂ ਹੈ।
ਆਪਣੇ ਇਸ ਰਿਸ਼ਤੇ ਦੀ ਸ਼ੂਰੂਆਤ ਮੌਕੇ ਹੀ ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਧਾਰਮਿਕ ਕੁੜ੍ਹੀ ਹਾਂ ਅਤੇ ਇਸਲਾਮਿਕ ਮਾਹੌਲ 'ਚ ਆਪਣੇ ਪਰਿਵਾਰਕ ਜੀਵਨ ਦੀ ਸ਼ੂਰੂਆਤ ਕਰਨਾ ਚਾਹੁੰਦੀ ਹਾਂ। ਉਸ ਨੇ ਮੇਰੀ ਇੱਛਾ ਦਾ ਮਾਣ ਰੱਖਿਆ ਅਤੇ ਇਸਲਾਮ ਧਰਮ ਕਬੂਲ ਕੀਤਾ। ਹੁਣ ਅਸੀਂ ਜਲਦ ਹੀ ਵਿਆਹ ਕਰਾਂਗੇ।
ਕੁਝ ਮੁਸਲਿਮ ਵਿਦਵਾਨਾਂ ਦੀ ਸੋਚ ਹੈ ਕਿ ਇੱਕ ਆਦਮੀ ਅਤੇ ਔਰਤ ਜੋ ਕਿ ਵਿਆਹੇ ਨਹੀਂ ਹੋਏ, ਉਨ੍ਹਾਂ ਨੂੰ ਇੱਕਠੇ ਨਹੀਂ ਰਹਿਣਾ ਚਾਹੀਦਾ ਪਰ ਮੇਰਾ ਮੰਨਣਾ ਹੈ ਕਿ ਦੋ ਜਣੇ ਜੋ ਵਿਆਹ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਰੀ ਜ਼ਿੰਦਗੀ ਇੱਕਠੇ ਬਿਤਾਉਣ ਲਈ ਸਹਿਮਤ ਹੋਣ ਤੋਂ ਪਹਿਲਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ।
ਮੈਨੂੰ ਪਤਾ ਹੈ ਕਿ ਧਰਮ ਦੇ ਅਨੁਸਾਰ ਕੀ ਸਹੀ ਹੈ ਅਤੇ ਕੀ ਗਲਤ ਅਤੇ ਮੈਂ ਇਸ ਗੱਲ ਤੋਂ ਵੀ ਜਾਣੂ ਹਾਂ ਕਿ ਮੇਰੇ ਲਈ ਕੀ ਠੀਕ ਹੈ ਅਤੇ ਕੀ ਗਲਤ ਹੈ। ਇਹ ਦੋਵੇਂ ਦੋ ਵੱਖ-ਵੱਖ ਧਾਰਨਾਵਾਂ ਹਨ।
ਮੈਂ ਸਿਰ ਢੱਕਣ ਵਾਲਾ ਸਕਾਰਫ ਨਹੀਂ ਪਾਉਂਦੀ ਹਾਂ। ਕੁਝ ਲੋਕ ਤਾਂ ਸ਼ਾਇਦ ਇਹ ਵੀ ਕਹਿ ਸਕਦੇ ਹਨ ਕਿ ਮੈਂ ਪੂਰੀ ਤਰ੍ਹਾਂ ਨਾਲ ਮੁਸਲਿਮ ਨਹੀਂ ਹਾਂ ਪਰ ਮੇਰੇ ਲਈ, ਇਹ ਸਭ ਮੇਰੇ ਅਤੇ ਉਸ ਅੱਲ੍ਹਾ ਦਾ ਆਪਸੀ ਮਾਮਲਾ ਹੈ। ਜੇਕਰ ਅੱਲ੍ਹਾ ਨੂੰ ਲੱਗਦਾ ਹੈ ਕਿ ਮੈਂ ਜੋ ਕੁਝ ਕਰ ਰਹੀ ਹਾਂ ਉਹ ਗਲਤ ਹੈ ਤਾਂ ਮੈਂ ਉਸ ਪਰਵਰਦਗਾਰ ਤੋਂ ਮੁਆਫ਼ੀ ਮੰਗਦੀ ਹਾਂ।
ਮੇਰੇ ਖਿਆਲ 'ਚ ਬਰੂਨੇਈ 'ਚ ਬਹੁਤ ਘੱਟ ਆਬਾਦੀ ਰੂੜੀਵਾਦੀ ਹੈ, ਵਧੇਰੇਤਰ ਲੋਕ ਸਹਿਣਸ਼ੀਲ ਅਤੇ ਨਵੇਂ ਵਿਚਾਰਾਂ ਦੇ ਹਨ।
ਸਿੱਖਿਆ ਅਤੇ ਨਵੇਂ ਹੁਨਰ ਨੂੰ ਅਪਣਾਉਣਾ ਇਸਲਾਮ ਦੇ ਅਹਿਮ ਮੁੱਲ ਹਨ। ਮੈਨੂੰ ਨਹੀਂ ਪਤਾ ਕਿ ਔਰਤਾਂ ਨੂੰ ਪੜ੍ਹਾਇਆ ਨਹੀਂ ਜਾ ਸਕਦਾ, ਇਹ ਵਿਚਾਰ ਕਿੱਥੋਂ ਆਇਆ ਹੈ। ਮੇਰੇ ਲਈ ਤਾਂ ਇਹ ਵਿਚਾਰ ਇਸਲਾਮ ਦੇ ਉਲਟ ਭਾਵ ਗੈਰ ਇਸਲਾਮਿਕ ਹੈ।
ਮੈਂ ਹਰ ਰੋਜ਼ ਇੱਕ ਬਿਹਤਰ ਮੁਸਲਮਾਨ ਬਣਨ ਦੀ ਕੋਸ਼ਿਸ ਕਰਦੀ ਹਾਂ।
'ਇਹ ਸਾਡੇ ਵਿਸ਼ਵਾਸ ਦਾ ਹੀ ਹਿੱਸਾ ਹੈ'
ਇੰਡੋਨੇਸ਼ੀਆ ਦੀ ਵਸਨੀਕ ਨਸੀਰਾਤੁਦੀਨਾ ਦਾ ਕਹਿਣਾ ਹੈ, "ਮੈਂ ਇੱਕ 19 ਸਾਲਾਂ ਦੀ ਅਰਥ ਸ਼ਾਸਤਰ ਦੀ ਵਿਦਿਆਰਥਣ ਹਾਂ ਅਤੇ ਪਾਰਟ ਟਾਈਮ ਇੱਕ ਮਰਦ ਕਾਰਜਾਕਰੀ ਦੀ ਸਕੱਤਰ ਵੱਜੋਂ ਕੰਮ ਕਰ ਰਹੀ ਹਾਂ।"
ਉਹ ਅੱਗੇ ਕਹਿੰਦੀ ਹੈ ਕਿ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਮੈਂ ਕਿੰਡਰਗਾਰਟਨ ਸਕੂਲ 'ਚ ਪੜ੍ਹਾਉਂਦੀ ਵੀ ਹਾਂ।
ਮੇਰਾ ਜਨਮ ਅਤੇ ਪਾਲਣ ਪੋਸ਼ਣ ਆਚੇਹ ਬੇਸਰ 'ਚ ਹੋਇਆ ਹੈ। ਇੰਡੋਨੇਸ਼ੀਆ 'ਚ ਦੁਨੀਆ ਦੀ ਸਭ ਤੋਂ ਵੱਡੀ ਮੁਸਲਮਾਨ ਆਬਾਦੀ ਹੈ ਪਰ ਆਚੇਹ ਪ੍ਰਾਂਤ 'ਚ ਹੀ ਸ਼ਰੀਆ ਲਾਗੂ ਹੈ।
ਮੈਂ ਦਿਨ 'ਚ ਪੰਜ ਵਾਰ ਨਮਾਜ ਅਦਾ ਕਰਦੀ ਹਾਂ। ਮੇਰੇ ਲਈ, ਸ਼ਰੀਆ ਸਾਡੀ ਆਸਥਾ ਅਤੇ ਵਿਸ਼ਵਾਸ ਦਾ ਅਹਿਮ ਹਿੱਸਾ ਹੈ। ਮੈਂ ਸਖ਼ਤ ਸਜ਼ਾਵਾਂ ਦੇ ਹੱਕ 'ਚ ਹਾਂ ਕਿਉਂਕਿ ਇਹ ਅਪਰਾਧੀਆਂ 'ਤੇ ਨਕੇਲ ਕੱਸਣ 'ਚ ਮਦਦਗਾਰ ਹੁੰਦੀਆਂ ਹਨ।
ਮੈਂ ਲੰਮੇ ਕੱਪੜੇ ਪਾਉਂਦੀ ਅਤੇ ਸਿਰ ਨੂੰ ਹਮੇਸ਼ਾਂ ਸਕਾਰਫ ਨਾਲ ਢੱਕ ਕੇ ਰੱਖਦੀ ਹਾਂ, ਪਰ ਮੈਂ ਆਪਣਾ ਚਿਹਰਾ ਨਹੀਂ ਢੱਕਦੀ ਹਾਂ। ਇੱਥੇ ਔਰਤਾਂ ਮਿੰਨੀ ਸਕਰਟ ਜਾਂ ਨਿੱਕਰਾਂ ਨਹੀਂ ਪਾ ਸਕਦੀਆਂ ਹਨ।
ਮੈਂ ਆਪਣੀ ਮਰਜ਼ੀ ਅਨੁਸਾਰ ਕੁਝ ਵੀ ਕਰਨ ਲਈ ਆਜ਼ਾਦ ਹਾਂ। ਯੂਨੀਵਰਸਿਟੀ 'ਚ ਮੁੰਡੇ ਅਤੇ ਕੁੜ੍ਹੀਆਂ ਇੱਕਠੇ ਹੀ ਪੜ੍ਹਦੇ ਹਨ। ਉਨ੍ਹਾਂ ਦੀਆਂ ਕਲਾਸਾਂ ਤਾਂ ਇੱਕ ਹਨ ਪਰ ਉਹ ਬੈਠਦੇ ਵੱਖੋ ਵੱਖ ਹਨ। ਇੱਥੇ ਮੁੰਡਿਆਂ ਨਾਲ ਗੱਲਬਾਤ ਕਰਨ 'ਤੇ ਕੋਈ ਰੋਕ-ਟੋਕ ਨਹੀਂ ਹੈ। ਮੈਂ ਉਨ੍ਹਾਂ ਨਾਲ ਗੱਲਬਾਤ ਕਰਦੀ ਹਾਂ ਪਰ ਬਹੁਤ ਜ਼ਿਆਦਾ ਨਹੀਂ।
ਮੇਰੀਆਂ ਕੁਝ ਸਹੇਲੀਆਂ ਪਿਆਰ ਵਿੱਚ ਹਨ। ਪਿਆਰ ਕਰਨਾ ਵਧੀਆ ਗੱਲ ਹੈ। ਪਰ ਅਣਵਿਆਹੇ ਮੁੰਡੇ-ਕੁੜ੍ਹੀਆਂ ਜੋੜੇ 'ਚ ਬਾਹਰ ਨਹੀਂ ਜਾ ਸਕਦੇ ਹਨ ਅਤੇ ਨਾ ਹੀ ਪਿਆਰ ਦਾ ਜਨਤਕ ਇਜ਼ਹਾਰ ਕਰ ਸਕਦੇ ਹਨ। ਧਾਰਮਿਕ ਮਨਾਹੀ ਕਾਰਨ ਬਹੁਤ ਸਾਰੀਆਂ ਔਰਤਾਂ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ ਚਾਹੁੰਦੀਆਂ।
ਮੁੰਡੇ-ਕੁੜ੍ਹੀਆਂ ਇੱਕ ਸਮੂਹ 'ਚ ਇੱਕਠੇ ਬਾਹਰ ਜਾ ਸਕਦੇ ਹਨ। ਅਸੀਂ ਸ਼ਾਪਿੰਗ ਮਾਲ, ਰੈਸਟੋਰੈਂਟਾਂ ਅਤੇ ਧਾਰਮਿਕ ਥਾਵਾਂ 'ਤੇ ਇੱਕਠੇ ਘੁੰਮਦੇ ਹਾਂ। ਸਾਡੇ ਇੱਥੇ ਸਿਨੇਮਾ ਘਰ ਨਹੀਂ ਹਨ, ਜੋ ਕਿ ਥੋੜੀ ਜਿਹੀ ਉਦਾਸੀ ਵਾਲੀ ਗੱਲ ਹੈ।
ਮੈਂ ਟੀਵੀ 'ਤੇ ਫਿਲਮਾਂ ਵੇਖਦੀ ਹਾਂ ਅਤੇ ਸੋਸ਼ਲ ਮੀਡੀਆ 'ਤੇ ਵੀ ਮੈਂ ਬਹੁਤ ਸਰਗਰਮ ਰਹਿੰਦੀ ਹਾਂ। ਮੈਨੂੰ ਸੰਗੀਤ ਬਹੁਤ ਪਸੰਦ ਹੈ ਅਤੇ ਮੈਂ ਸੰਗੀਤ ਮੁਕਾਬਲਿਆਂ 'ਚ ਵੀ ਹਿੱਸਾ ਲਿਆ ਹੈ ਅਤੇ ਜਿੱਤੇ ਵੀ ਹਨ।
ਇਸਲਾਮ 'ਚ , ਇੱਕ ਆਦਮੀ ਚਾਰ ਵਿਆਹ ਕਰਾ ਸਕਦਾ ਹੈ। ਪਰ ਮੈਂ ਕਿਸੇ ਦੀ ਦੂਜੀ, ਤੀਜੀ ਜਾਂ ਫਿਰ ਚੌਥੀ ਪਤਨੀ ਨਹੀਂ ਬਣਨ ਜਾ ਰਹੀ ਅਤੇ ਹਰ ਔਰਤ ਆਪਣੇ ਲਈ ਇੱਕ ਪਤੀ ਦੀ ਹੱਕਦਾਰ ਹੁੰਦੀ ਹੈ।
ਮੈਂ ਇੱਕ ਕਾਰੋਬਾਰੀ ਲੀਡਰ ਬਣਨਾ ਚਾਹੁੰਦੀ ਹਾਂ ਅਤੇ ਆਪਣਾ ਇੱਕ ਕਿੰਡਰਗਾਰਟਨ ਸਕੂਲ ਸ਼ੁਰੂ ਕਰਨਾ ਚਾਹੁੰਦੀ ਹਾਂ।
ਮੈਨੂੰ ਅਫ਼ਗਾਨ ਔਰਤਾਂ ਲਈ ਬਹੁਤ ਅਫ਼ਸੋਸ ਅਤੇ ਦੁੱਖ ਹੈ। ਮੈਂ ਉਮੀਦ ਕਰਦੀ ਹਾਂ ਕਿ ਮੈਂ ਫਲਸਤੀਨ, ਅਫ਼ਗਾਨਿਸਤਾਨ, ਸੀਰੀਆ, ਈਰਾਨ ਦੇ ਬੱਚੇ ਅਤੇ ਔਰਤਾਂ ਅਤੇ ਇਸਲਾਮ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੂੰ ਬੰਬ ਧਮਾਕਿਆਂ ਦੀ ਥਾਂ 'ਤੇ ਖੁੱਲ੍ਹੀ ਹਵਾ 'ਚ ਸਾਹ ਲੈਂਦਿਆਂ ਵੇਖਣ ਲਈ ਜ਼ਿੰਦਾ ਰਹਾਂਗੀ।
ਇਹ ਵੀ ਪੜ੍ਹੋ: