'ਨਵਾਂ' ਤਾਲਿਬਾਨ 'ਪੁਰਾਣੇ' ਤਾਲਿਬਾਨ ਨਾਲੋਂ ਵੱਖਰਾ ਹੈ ਜਾਂ ਸਿਰਫ਼ ਵੱਖਰੇ ਹੋਣ ਦਾ ਦਿਖਾਵਾ ਕਰ ਰਿਹਾ ਹੈ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਇਹ ਸਾਲ 1996 ਦੀ ਗੱਲ ਹੈ।

ਮਰੀਅਮ ਸਫ਼ੀ ਦੀ ਉਮਰ ਉਸ ਵੇਲੇ 19 ਸਾਲ ਸੀ। ਉਹ ਅਫ਼ਗ਼ਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ।

ਇੱਕ ਦਿਨ ਅਚਾਨਕ ਉਨ੍ਹਾਂ ਦੀ ਪੂਰੀ ਦੁਨੀਆ ਹੀ ਬਦਲ ਗਈ। ਜਦੋਂ ਤਾਲਿਬਾਨ ਨੇ ਮਜ਼ਾਰ-ਏ-ਸ਼ਰੀਫ ਉੱਤੇ ਕਬਜ਼ਾ ਕੀਤਾ ਤਾਂ ਮਰੀਅਮ ਨੂੰ ਇੱਕ ਦਮ ਆਪਣੀ ਪੜ੍ਹਾਈ ਬੰਦ ਕਰਨੀ ਪਈ।

ਉਨ੍ਹਾਂ (ਤਾਲਿਬਾਨ) ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਅਫ਼ਗ਼ਾਨਿਸਤਾਨ ਵਿੱਚ ਔਰਤਾਂ ਦੀ ਸਿੱਖਿਆ ਉੱਤੇ ਪਾਬੰਦੀ ਲਗਾ ਦਿੱਤੀ ਗਈ।

ਜੇ ਔਰਤਾਂ ਘਰੋਂ ਇੱਕਲੀਆਂ ਬਾਹਰ ਨਿਕਲਦੀਆਂ, ਤਾਂ ਧਾਰਮਿਕ ਪੁਲਿਸ ਉਨ੍ਹਾਂ ਨਾਲ ਕੁੱਟਮਾਰ ਕਰਦੀ ਸੀ।

ਉਨ੍ਹਾਂ ਨੂੰ ਸਿਰਫ ਆਪਣੇ ਪਿਤਾ, ਭਰਾ ਅਤੇ ਪਤੀ ਦੇ ਨਾਲ ਹੀ ਘਰ ਤੋਂ ਬਾਹਰ ਨਿੱਕਲਣ ਦੀ ਇਜਾਜ਼ਤ ਸੀ।

ਉਸ ਸਮੇਂ ਦੌਰਾਨ, ਜਨਤਕ ਤੌਰ 'ਤੇ ਮੌਤ ਦੀ ਸਜ਼ਾ ਦੇਣਾ, ਪੱਥਰ ਮਾਰਨਾ (ਪੱਥਰਾਂ ਨਾਲ ਮਾਰਨ ਦੀ ਰਵਾਇਤ) ਅਤੇ ਹੱਥ-ਪੈਰ ਵੱਢਣ ਵਰਗੀਆਂ ਸਜ਼ਾਵਾਂ ਆਮ ਸਨ।

ਇਸ ਡਰ ਅਤੇ ਖੌਫ਼ ਕਾਰਨ ਮਰੀਅਮ ਦੀ ਡਾਕਟਰੀ ਦੀ ਪੜ੍ਹਾਈ ਵੀ ਬੰਦ ਹੋ ਗਈ ਸੀ। ਉਹ ਘਰ ਵਿੱਚ ਕੈਦ ਹੋ ਕੇ ਰਹਿ ਗਏ ਸਨ।

ਪਰ ਜਦੋਂ ਅਮਰੀਕਾ ਦੀ ਅਗਵਾਈ ਵਾਲੀ ਨਾਟੋ ਨੇ ਸਾਲ 2001 ਵਿੱਚ ਅਫ਼ਗ਼ਾਨਿਸਤਾਨ ਉੱਤੇ ਹਮਲਾ ਕੀਤਾ ਅਤੇ ਤਾਲਿਬਾਨ ਨੂੰ ਭਜਾ ਦਿੱਤਾ ਤਾਂ ਮਰੀਅਮ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ।

ਬੀਤੇ 15 ਅਗਸਤ ਨੂੰ ਤਾਲਿਬਾਨ ਨੇ ਇੱਕ ਵਾਰ ਫਿਰ ਕਾਬੁਲ 'ਤੇ ਕਬਜ਼ਾ ਕਰ ਲਿਆ ਅਤੇ ਅਫ਼ਗਾਨਿਸਤਾਨ ਦੀ ਸੱਤਾ ਹਥਿਆ ਲਈ, ਜਿਸ ਨੇ ਮਰੀਅਮ ਦੀਆਂ ਉਨ੍ਹਾਂ ਸਾਰੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ।

ਇਹ ਵੀ ਪੜ੍ਹੋ:

ਹੁਣ ਗੱਲ 17 ਅਗਸਤ 2021 ਦੀ

"ਕਾਬੁਲ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਦੇ ਦੋ ਦਿਨਾਂ ਬਾਅਦ, ਜਿਸ ਹੋਟਲ ਵਿੱਚ ਮੈਂ ਠਹਿਰਿਆ ਹਾਂ, ਮੈਂ ਦੇਖਿਆ ਕਿ ਹੋਟਲ ਦੇ ਪੁਰਸ਼ ਸਟਾਫ ਨੇ ਦੋ ਦਿਨਾਂ ਤੋਂ ਦਾੜ੍ਹੀ ਨਹੀਂ ਬਣਾਈ ਸੀ।''

"ਹੋਟਲ ਦੀ ਰਿਸੈਪਸ਼ਨ, ਕਮਰਾ ਸੇਵਾ (ਰੂਮ ਸਰਵਿਸ) ਅਤੇ ਸਫਾਈ ਵਿੱਚ ਕੋਈ ਮਹਿਲਾ ਕਰਮੀ ਹੁਣ ਸ਼ਾਮਲ ਨਹੀਂ। ਉਹ ਸਾਰੀਆਂ ਹੋਟਲ ਤੋਂ ਗਾਇਬ ਹਨ। ਦੋ ਦਿਨ ਪਹਿਲਾਂ ਤੱਕ ਹੋਟਲ ਵਿੱਚ ਚੱਲਣ ਵਾਲਾ ਬੈਕਗ੍ਰਾਊਂਡ ਸੰਗੀਤ ਵੀ ਹੁਣ ਬਿਲਕੁਲ ਬੰਦ ਹੈ।''

''ਅਜਿਹਾ ਕਿਉਂ ਹੋਇਆ? ਜਦੋਂ ਮੈਂ ਲੋਕਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, ਤਾਲਿਬਾਨ ਨਾਲ ਜੁੜੇ ਸਾਡੇ ਦੋਸਤ ਇੱਥੇ ਹਨ।"

15 ਅਗਸਤ ਨੂੰ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ, ਬੀਬੀਸੀ ਪੱਤਰਕਾਰ ਮਲਿਕ ਮੁਦੱਸਿਰ ਦੀ ਰਿਪੋਰਟ ਦਾ ਇਹ ਅੰਸ਼ ਉੱਥੋਂ ਦੇ ਹਾਲਾਤ ਬਿਆਨ ਕਰਦਾ ਹੈ।

ਤਾਲਿਬਾਨ 2.0 ਬਨਾਮ ਤਾਲਿਬਾਨ 1.0

ਇਹ ਦੋ ਘਟਨਾਵਾਂ ਸਾਲ 1996 ਅਤੇ ਸਾਲ 2021 ਦੀਆਂ ਹਨ - ਇਹ ਘਟਨਾਵਂ ਉਦੋਂ ਅਤੇ ਹੁਣ ਦੇ ਤਾਲਿਬਾਨ ਦੇ ਉਹ ਚਿਹਰੇ ਹਨ।

ਜੋ ਤਾਲਿਬਾਨ ਦੇ ਸ਼ਾਸਨ ਦੌਰਾਨ ਮਜ਼ਾਰ-ਏ-ਸ਼ਰੀਫ ਅਤੇ ਕਾਬੁਲ ਦੀ ਸਥਿਤੀ ਬਾਰੇ ਦੱਸਦੇ ਹਨ। ਦੋਵਾਂ ਵਿੱਚ ਬਹੁਤਾ ਅੰਤਰ ਹੋਵੇ - ਅਜਿਹਾ ਤੁਹਾਨੂੰ ਨਜ਼ਰ ਨਹੀਂ ਆਵੇਗਾ।

ਤਾਲਿਬਾਨ ਦੀ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ- ਵੀਡੀਓ

ਪਰ ਇਨ੍ਹਾਂ ਦੋਵਾਂ ਘਟਨਾਵਾਂ ਦੇ ਵਿਚਕਾਰ, ਤਾਲਿਬਾਨ ਦਾ ਇੱਕ ਤੀਜਾ ਚਿਹਰਾ ਵੀ ਮੰਗਲਵਾਰ ਦੇਰ ਸ਼ਾਮ ਦੁਨੀਆ ਨੂੰ ਦਿਖਾਈ ਦਿੱਤਾ।

ਅਫ਼ਗ਼ਾਨਿਸਤਾਨ 'ਤੇ ਮੁੜ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੀ ਪਹਿਲੀ ਪ੍ਰੈੱਸ ਕਾਨਫਰੰਸ ਮੰਗਲਵਾਰ ਦੇਰ ਸ਼ਾਮ ਕਾਬੁਲ ਵਿੱਚ ਹੋਈ।

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਪਹਿਲੀ ਵਾਰ ਕੈਮਰਿਆਂ ਦੇ ਸਾਹਮਣੇ ਆਏ।

ਸਥਾਨਕ ਭਾਸ਼ਾ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਤਾਲਿਬਾਨ ਦਾ 'ਉਦਾਰਵਾਦੀ' ਚਿਹਰਾ ਦਿਖਾਇਆ, ਜੋ 1996-2001 ਵਾਲੇ ਤਾਲਿਬਾਨ ਤੋਂ ਬਿਲਕੁਲ ਵੱਖਰਾ ਸੀ।

ਜ਼ਬੀਹੁੱਲਾਹ ਮੁਜਾਹਿਦ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ , "ਅਸੀਂ ਇਹ ਤੈਅ ਕਰਾਂਗੇ ਕਿ ਅਫ਼ਗ਼ਾਨਿਸਤਾਨ ਹੁਣ ਜੰਗ ਦਾ ਮੈਦਾਨ ਨਹੀਂ ਰਹਿ ਗਿਆ ਹੈ। ਅਸੀਂ ਉਨ੍ਹਾਂ ਸਾਰਿਆਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਸਾਡੇ ਵਿਰੁੱਧ ਲੜਾਈਆਂ ਲੜੀਆਂ। ਹੁਣ ਸਾਡੀ ਦੁਸ਼ਮਣੀ ਖ਼ਤਮ ਹੋ ਗਈ ਹੈ।"

"ਅਸੀਂ ਸ਼ਰੀਆ ਪ੍ਰਣਾਲੀ ਅਧੀਨ ਔਰਤਾਂ ਦੇ ਅਧਿਕਾਰਾਂ ਨੂੰ ਨਿਰਧਾਰਿਤ ਕਰਨ ਲਈ ਵਚਨਬੱਧ ਹਾਂ। ਔਰਤਾਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਜਾ ਰਹੀਆਂ ਹਨ।"

ਭਾਵ ਇਹ ਹੈ ਕਿ, ਅੱਜ ਦਾ ਤਾਲਿਬਾਨ ਟੀਵੀ ਕੈਮਰੇ ਦੇ ਸਾਹਮਣੇ ਤਾਂ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦੇ ਸ਼ਾਸਨ ਵਿੱਚ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਉਹ ਕਿਸੇ ਤੋਂ ਕੋਈ ਬਦਲਾ ਨਹੀਂ ਲੈਣਗੇ, ਪਰ ਜ਼ਮੀਨੀ ਤੌਰ 'ਤੇ ਸਥਿਤੀ ਉਹੀ ਜਿਹੀ ਦਿਖਾਈ ਨਹੀਂ ਦੇ ਰਹੀ ਹੈ।

ਇਸ ਲਈ ਚਰਚਾ ਹੋਣ ਲੱਗ ਪਈ ਹੈ ਕਿ ਕੀ 2021 ਦਾ ਤਾਲਿਬਾਨ, 1996 ਦੇ ਤਾਲਿਬਾਨ ਨਾਲੋਂ ਕਾਫੀ ਅਲੱਗ ਹੈ? ਜਾਂ ਇਹ ਸਿਰਫ਼ ਇੱਕ ਦਿਖਾਵਾ ਹੈ? ਜਾਂ ਫਿਰ ਸਮੇਂ ਦੀ ਲੋੜ?

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੀ ਤਾਲਿਬਾਨ ਬਦਲ ਰਿਹਾ ਹੈ?

ਵਿਦੇਸ਼ ਮਾਮਲਿਆਂ ਦੀ ਸੀਨੀਅਰ ਪੱਤਰਕਾਰ ਅਤੇ ਦਿ ਟਾਈਮਜ਼ ਆਫ਼ ਇੰਡੀਆ ਦੀ ਕੂਟਨੀਤਿਕ ਸੰਪਾਦਕ ਇੰਦਰਾਣੀ ਬਾਗਚੀ ਕਹਿੰਦੇ ਹਨ, "ਅੱਜ ਦਾ ਤਾਲਿਬਾਨ ਬਦਲ ਗਿਆ ਹੈ - ਫਿਲਹਾਲ ਇਹ ਨਿਸ਼ਚਤ ਰੂਪ ਨਾਲ ਨਹੀਂ ਕਿਹਾ ਜਾ ਸਕਦਾ।''

"ਅਸੀਂ ਹੁਣ ਤੱਕ ਜੋ ਜਾਣਦੇ ਹਾਂ ਉਹ ਇਹ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਨਹੀਂ ਬਦਲੀ ਹੈ। ਮੰਗਲਵਾਰ ਨੂੰ ਵੀ ਉਨ੍ਹਾਂ ਨੇ ਸ਼ਰੀਆ ਕਾਨੂੰਨ ਦੇ ਅਨੁਸਾਰ ਹੀ ਮਹਿਲਾਵਾਂ ਨੂੰ ਅਧਿਕਾਰ ਦੇਣ ਦੀ ਗੱਲ ਕੀਤੀ ਹੈ।''

''ਪਰ ਸਵਾਲ ਜ਼ਰੂਰ ਉੱਠ ਰਹੇ ਹਨ।''

''ਕੀ ਤਾਲਿਬਾਨ ਇਸ ਲਈ ਬਦਲ ਰਿਹਾ ਹੈ ਕਿਉਂਕਿ 20 ਸਾਲਾਂ ਵਿੱਚ ਅਫ਼ਗ਼ਾਨਿਸਤਾਨ ਅਤੇ ਦੁਨੀਆ, ਦੋਵੇਂ ਬਹੁਤ ਬਦਲ ਗਏ ਹਨ?

ਅਫ਼ਗ਼ਾਨਿਸਤਾਨ ਵਿੱਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਲੜਕੀਆਂ ਪੜ੍ਹਨ ਜਾ ਰਹੀਆਂ ਹਨ, ਵਧੇਰੇ ਮਹਿਲਾਵਾਂ ਕੰਮ ਕਰ ਰਹੀਆਂ ਹਨ, ਕੀ ਤਾਲਿਬਾਨ ਇਨ੍ਹਾਂ ਲੜਕੀਆਂ ਅਤੇ ਮਹਿਲਾਵਾਂ ਨੂੰ ਬੁਰਕਾ ਪਹਿਨਾ ਕੇ ਦੁਬਾਰਾ ਘਰ ਵਿੱਚ ਬੈਠਣ ਦਾ ਆਦੇਸ਼ ਦੇਣ ਵਾਲਾ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ।''

''ਮੰਗਲਵਾਰ ਦੀ ਪ੍ਰੈੱਸ ਕਾਨਫਰੰਸ ਵਿੱਚ, ਦੁਨੀਆ ਨੇ ਤਾਲਿਬਾਨ ਦੀ ਜੋ ਭਾਸ਼ਾ ਸੁਣੀ, ਉਹ ਇਸ ਦਾ ਇੱਕ ਵੱਖਰਾ ਹੀ ਚਿਹਰਾ ਹੈ।

ਪਰ ਦੂਜੇ ਪਾਸੇ, ਕੁਝ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨ ਦੇ ਮੁਜਾਹਿਦੀਨਾਂ ਨਾਲ ਔਰਤਾਂ ਦਾ ਜ਼ਬਰਦਸਤੀ ਵਿਆਹ ਕਰਵਾਇਆ ਜਾ ਰਿਹਾ ਹੈ।''

''ਅਫ਼ਗ਼ਾਨਿਸਤਾਨ ਵਿੱਚ ਨਵੇਂ ਤਾਲਿਬਾਨ ਸ਼ਾਸਨ ਦੇ ਕੁਝ ਦਿਨ (ਘੱਟੋ-ਘੱਟ ਛੇ ਮਹੀਨੇ) ਲੰਘ ਜਾਣ ਤੋਂ ਬਾਅਦ ਹੀ, ਇਸ ਦੇ ਚਿਹਰੇ ਬਾਰੇ ਕੁਝ ਠੋਸ ਕਿਹਾ ਜਾ ਸਕਦਾ ਹੈ।

ਇਸ ਲਈ, ਪਹਿਲਾਂ ਉਨ੍ਹਾਂ ਨੂੰ ਸੱਤਾ ਸੰਭਾਲਣ ਦਿਓ, ਉਨ੍ਹਾਂ ਦਾ ਨੇਤਾ ਕੌਣ ਚੁਣਿਆ ਜਾਂਦਾ ਹੈ? ਸਰਕਾਰ ਕਿਵੇਂ ਕੰਮ ਕਰਦੀ ਹੈ?

ਉਹ ਸਾਉਦੀ ਅਰਬ ਵਰਗੇ ਬਣਦੇ ਹਨ ਜਾਂ ਯੂਏਈ ਵਰਗੇ ਬਣਦੇ ਹਨ ਜਾਂ ਆਪਣਾ ਕੋਈ ਰਸਤਾ ਚੁਣਦੇ ਹਨ? ਇਹ ਸਭ ਵੇਖਣ ਵਾਲੀ ਗੱਲ ਹੋਵੇਗੀ।''

''ਇਸ ਸਮੇਂ, ਸਿਰਫ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ 20 ਸਾਲਾਂ ਵਿੱਚ, ਅਫ਼ਗ਼ਾਨਿਸਤਾਨ ਵਾਂਗ ਉਹ ਵੀ ਕੁਝ ਬਦਲ ਗਏ ਹੋਣ।"

ਪਿਛਲੇ 20 ਸਾਲਾਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਕੀ-ਕੀ ਬਦਲਿਆ ਹੈ?

20 ਸਾਲਾਂ ਵਿੱਚ ਅਫ਼ਗ਼ਾਨਿਸਤਾਨ ਕਿੰਨਾ ਬਦਲਿਆ ਹੈ, ਇਸ ਬਾਰੇ ਇੰਦਰਾਣੀ ਨੇ ਸਾਨੂੰ ਜੋ ਵੀ ਦੱਸਿਆ ਉਸ ਨਾਲ ਜੁੜੇ ਕੁਝ ਅੰਕੜੇ ਅਸੀਂ ਕੱਢੇ ਹਨ।

ਇਹ ਸੱਚ ਹੈ ਕਿ ਪਿਛਲੇ 20 ਸਾਲਾਂ ਵਿੱਚ ਦੁਨੀਆ ਦੇ ਨਾਲ-ਨਾਲ ਅਫ਼ਗ਼ਾਨਿਸਤਾਨ ਵਿੱਚ ਵੀ ਬਹੁਤ ਕੁਝ ਬਦਲ ਗਿਆ ਹੈ।

ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ, 2001 ਤੱਕ ਲੜਕੀਆਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲਈ ਨਹੀਂ ਜਾਂਦੀਆਂ ਸਨ।

ਅਫ਼ਗ਼ਾਨਿਸਤਾਨ ਵਿੱਚ ਉਸ ਸਮੇਂ ਕੇਵਲ 10 ਲੱਖ ਲੜਕੇ ਹੀ ਪ੍ਰਾਇਮਰੀ ਸਕੂਲ ਜਾਂਦੇ ਸਨ।

ਪਰ ਵਿਸ਼ਵ ਬੈਂਕ ਦੀ 2012 ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਅਫ਼ਗ਼ਾਨਿਸਤਾਨ ਵਿੱਚ 80 ਲੱਖ ਬੱਚੇ ਪ੍ਰਾਇਮਰੀ ਸਕੂਲ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਤਕਰੀਬਨ 30 ਲੱਖ ਲੜਕੀਆਂ ਸਨ।

ਹਾਲਾਂਕਿ ਇਹ ਵੀ ਸੱਚ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਸੈਕੰਡਰੀ ਸਕੂਲ ਤੱਕ ਨਹੀਂ ਪਹੁੰਚਦੀਆਂ ਅਤੇ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਦਿੰਦੀਆਂ ਹਨ।

ਇੱਕ ਸੱਚਾਈ ਇਹ ਵੀ ਹੈ ਕਿ 52 ਫੀਸਦੀ ਲੜਕੀਆਂ ਦਾ ਵਿਆਹ 20 ਸਾਲ ਦੀ ਉਮਰ ਤੱਕ ਹੀ ਹੋ ਜਾਂਦਾ ਹੈ।

ਯੂਨੀਸੈਫ ਦੀ 2010-11 ਦੀ ਰਿਪੋਰਟ ਅਨੁਸਾਰ, 15 ਤੋਂ 24 ਸਾਲ ਦੀ ਉਮਰ ਵਾਲੀਆਂ ਮਹਿਲਾਵਾਂ ਦੀ ਸਾਖਰਤਾ ਦਰ 22 ਫੀਸਦੀ ਹੈ, ਜਿਸ ਨੂੰ ਬਹੁਤ ਉਤਸ਼ਾਹਜਨਕ ਨਹੀਂ ਕਿਹਾ ਜਾ ਸਕਦਾ।

ਪਰ ਬੇਸ਼ੱਕ ਇਹ ਇੱਕ ਵੱਡਾ ਬਦਲਾਅ ਹੈ ਜੋ ਤਾਲਿਬਾਨ ਦੇ ਸੱਤਾ ਤੋਂ ਬਾਹਰ ਜਾਣ ਤੋਂ ਬਾਅਦ ਆਇਆ ਹੈ।

ਸੈਂਟਰਲ ਸਟੈਟਿਸਟਿਕਸ ਆਰਗੇਨਾਈਜੇਸ਼ਨ ਦੀ 2009 ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਕੰਮ-ਕਾਜ ਵਿੱਚ ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਜੇ 2020 ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ 40 ਫੀਸਦੀ ਔਰਤਾਂ ਕੰਮ ਕਰ ਰਹੀਆਂ ਹੋਣਗੀਆਂ।

9-11 ਤੋਂ ਬਾਅਦ ਬਦਲੀ ਦੁਨੀਆ

ਦਿੱਲੀ ਸਥਿਤ ਥਿੰਕ ਟੈਂਕ 'ਆਬਜ਼ਰਵਰ ਰਿਸਰਚ ਫਾਊਂਡੇਸ਼ਨ' ਵਿੱਚ ਸਟ੍ਰੇਟੇਜਿਕ ਸਟੱਡੀਜ਼ ਪ੍ਰੋਗਰਾਮ ਦੇ ਮੁੱਖ ਪ੍ਰੋਫੈਸਰ ਹਰਸ਼ ਪੰਤ ਵੀ ਮੰਨਦੇ ਹਨ ਕਿ ਤਾਲਿਬਾਨ ਦੇ ਬਦਲਦੇ ਸੁਰ ਦੇ ਪਿੱਛੇ ਦਾ ਕਾਰਨ ਦੁਨੀਆ ਵਿੱਚ ਆਈ ਤਬਦੀਲੀ ਹੈ।

ਉਹ ਕਹਿੰਦੇ ਹਨ, "9-11 ਨੂੰ ਅਮਰੀਕਾ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਅੱਤਵਾਦ ਪ੍ਰਤੀ ਨਜ਼ਰੀਆ ਵੀ ਬਦਲਿਆ ਹੈ ਅਤੇ ਉਸ ਦੇ ਸਹਿਣ ਦੀ ਗੁੰਜਾਇਸ਼ ਵੀ ਘਟੀ ਹੈ। ਤਾਲਿਬਾਨ ਦੇ ਬਦਲਦੇ ਚਿਹਰੇ ਨੂੰ ਵੇਖਦੇ ਹੋਏ ਸਾਨੂੰ, ਇਸ ਨੂੰ ਵੀ ਯਾਦ ਰੱਖਣ ਦੀ ਜ਼ਰੂਰਤ ਹੈ।"

ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਕਾਬੁਲ ਦੇ ਹਾਲਾਤ- ਵੀਡੀਓ

1996 ਤੋਂ 2001 ਤੱਕ ਦੇ ਅਫ਼ਗ਼ਾਨਿਸਤਾਨ ਬਾਰੇ ਪ੍ਰੋਫੈਸਰ ਹਰਸ਼ ਵੀ ਪੰਤ ਕਹਿੰਦੇ ਹਨ, "ਉਸ ਸਮੇਂ ਦੇ ਤਾਲਿਬਾਨ ਕੋਲ ਸ਼ਾਸਨ ਕਰਨ ਦਾ ਕੋਈ ਮਾਡਲ ਨਹੀਂ ਸੀ।

"ਪੱਛਮੀ ਦੇਸ਼ਾਂ ਵਿੱਚ ਵੀ ਅਮਰੀਕਾ ਦਾ ਵੀ ਅਫ਼ਗ਼ਾਨਿਸਤਾਨ ਨਾਲ ਕੋਈ ਖਾਸ ਮਤਲਬ ਨਹੀਂ ਰਹਿ ਗਿਆ ਸੀ।

"ਅਮਰੀਕਾ ਵੀ ਉਸ ਸਮੇਂ ਸਭ ਕੁਝ ਤਾਲਿਬਾਨ 'ਤੇ ਛੱਡ ਕੇ ਉੱਥੋਂ ਨਿੱਕਲ ਚੁੱਕਿਆ ਸੀ। ਸ਼ਰੀਆ ਕਾਨੂੰਨ ਦਾ ਰਾਜ ਸੀ। ਉਸ ਸ਼ਾਸਨ ਵਿੱਚ ਘੱਟ ਗਿਣਤੀਆਂ ਨੂੰ ਵੀ ਵੱਡੇ ਤੌਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਸੀ।"

ਪਰ 9-11 ਦੀ ਘਟਨਾ ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਜੋ ਹੋ ਰਿਹਾ ਹੈ ਉਸ 'ਤੇ ਹੁਣ ਦੁਨੀਆ ਭਰ ਦੀਆਂ ਨਜ਼ਰਾਂ ਹਨ।

ਅਮਰੀਕਾ ਦੀ ਫੰਡਿੰਗ ਹੁਣ ਬੰਦ ਹੋ ਗਈ ਹੈ। ਕਾਬੁਲ 'ਤੇ ਭਾਵੇਂ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੋਵੇ, ਪਰ ਜਦੋਂ ਉੱਥੋਂ ਦੇ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚੀ ਤਾਂ ਅਮਰੀਕਾ ਨੇ ਆਪਣੀ ਫੌਜ ਭੇਜ ਕੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਤਾਲਿਬਾਨ ਅੱਜ ਵੀ ਅਮਰੀਕਾ ਦੀ ਸ਼ਕਤੀ ਨੂੰ ਘੱਟ ਨਹੀਂ ਸਮਝਦਾ। ਉਹ ਜਾਣਦਾ ਹੈ ਕਿ ਉਸ ਦੇ (ਅਮਰੀਕਾ ਦੇ) ਇੱਕ ਇਸ਼ਾਰੇ 'ਤੇ, ਅੰਤਰਰਾਸ਼ਟਰੀ ਮਤ ਉਸਦੇ ਵਿਰੁੱਧ ਕਿਵੇਂ ਪ੍ਰਭਾਵਿਤ ਹੋ ਸਕਦੇ ਹਨ।

ਅਜਿਹੀ ਸਥਿਤੀ ਵਿੱਚ, ਅਫ਼ਗ਼ਾਨਿਸਤਾਨ ਵਿੱਚ ਸਰਕਾਰ ਅਤੇ ਸ਼ਾਸਨ ਚਲਾਉਣ ਲਈ ਤਾਲਿਬਾਨ ਨੂੰ ਅੰਤਰਰਾਸ਼ਟਰੀ ਮਾਨਤਾ ਦੀ ਜ਼ਰੂਰਤ ਹੋਵੇਗੀ।

ਚੀਨ ਅਤੇ ਪਾਕਿਸਤਾਨ ਦੇ ਬਿਆਨ, ਉਸ ਦਿਸ਼ਾ ਵਿੱਚ ਤਾਲਿਬਾਨ ਦਾ ਉਤਸ਼ਾਹ ਵਧਾ ਸਕਦੇ ਹਨ, ਪਰ ਰੂਸ ਨੇ ਵੀ ਤਾਲਿਬਾਨ ਨੂੰ ਸਮਰਥਨ ਦੇਣ ਦੇ ਪੱਖ ਵਿੱਚ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ।

ਇਸ ਲਈ ਅੱਜ ਦਾ ਤਾਲਿਬਾਨ ਦੁਨੀਆ ਦੇ ਸਾਹਮਣੇ ਆਪਣਾ ਅਕਸ ਸੁਧਾਰਨ ਲਈ ਅੰਗਰੇਜ਼ੀ ਬੋਲਣ ਵਾਲੇ ਬੁਲਾਰੇ ਦੀ ਮਦਦ ਲੈ ਰਿਹਾ ਹੈ।

ਤਾਲਿਬਾਨ ਨੂੰ ਬਦਲਣ ਦੀ ਲੋੜ ਕਿਉਂ ਹੈ?

ਤਾਲਿਬਾਨ ਨੂੰ ਬਦਲਣ ਦੀ ਜ਼ਰੂਰਤ 'ਤੇ, ਇੰਦਰਾਣੀ ਦੋ ਮਹੱਤਵਪੂਰਨ ਗੱਲਾਂ ਕਹਿੰਦੇ ਹਨ।

"ਤਾਲਿਬਾਨ ਨੂੰ ਵੀ ਅਫ਼ਗ਼ਾਨਿਸਤਾਨ ਵਿੱਚ ਆਏ ਬਦਲਾਅ ਦਾ ਅੰਦਾਜ਼ਾ ਹੋਵੇਗਾ। ਕੀ ਇਸ ਬਦਲੇ ਹੋਏ ਅਫ਼ਗ਼ਾਨਿਸਤਾਨ ਵਿੱਚ ਉਹ ਇੱਕ ਵਾਰ ਫਿਰ ਔਰਤਾਂ ਨੂੰ ਬੰਦੂਕ ਦੀ ਨੋਕ 'ਤੇ ਘਰਾਂ ਵਿੱਚ ਕੈਦ ਕਰਕੇ, ਉਨ੍ਹਾਂ ਨੂੰ ਬੱਚੇ ਪੈਦਾ ਕਰਨ ਲਈ ਕਹਿ ਸਕਣਗੇ? ਉਨ੍ਹਾਂ ਨੂੰ ਇਹ ਵੀ ਵੇਖਣਾ ਅਤੇ ਸਮਝਣਾ ਪਵੇਗਾ।''

ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸਾਏ ਹੇਠ 'ਸਭ ਤੋਂ ਖ਼ਤਰਨਾਕ ਨੌਕਰੀ' 'ਚ ਇਹ ਬੀਬੀ- ਵੀਡੀਓ

''ਮੰਗਲਵਾਰ ਨੂੰ, ਹੱਥਾਂ ਵਿੱਚ ਤਾਲਿਬਾਨ ਵਿਰੋਧੀ ਪੋਸਟਰ ਫੜ੍ਹੀ, ਮਹਿਲਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ। ਲੋਕ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨਿਡਰ ਔਰਤਾਂ ਦੀ ਹਿਮੰਤ ਦੀ ਖੂਬ ਪ੍ਰਸ਼ੰਸਾ ਕਰ ਰਹੇ ਸਨ।"

"ਇਕ ਹੋਰ ਗੱਲ ਇਹ ਹੈ ਕਿ 21ਵੀਂ ਸਦੀ ਵਿੱਚ ਮਨੁੱਖੀ ਅਧਿਕਾਰ, ਔਰਤਾਂ ਦੇ ਅਧਿਕਾਰ, ਲਿੰਗ ਸਮਾਨਤਾ ਵਰਗੇ ਮੁੱਦੇ ਪੱਛਮੀ ਦੇਸ਼ਾਂ ਦੇ ਗੰਭੀਰ ਮੁੱਦੇ ਹਨ। ਸੱਤਾ ਵਿੱਚ ਬਣੇ ਰਹਿਣ ਲਈ ਤਾਲਿਬਾਨ ਨੂੰ ਪੱਛਮੀ ਦੇਸ਼ਾਂ ਦੀ ਪ੍ਰਵਾਨਗੀ ਦੀ ਲੋੜ ਹੋਵੇਗੀ।"

"ਉਨ੍ਹਾਂ ਤੋਂ ਵਿੱਤੀ ਅਤੇ ਤਕਨੀਕੀ ਸਹਾਇਤਾ ਵਰਗੀਆਂ ਚੀਜ਼ਾਂ ਚਾਹੀਦੀਆਂ ਹੋਣਗੀਆਂ। ਅਜਿਹੀ ਸਥਿਤੀ ਵਿੱਚ, ਇਸ ਕਾਰਨ ਵੀ ਉਹ ਥੋੜ੍ਹਾ 'ਉਦਾਰ' ਚਿਹਰਾ ਦਿਖਾ ਸਕਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)