ਸ਼ਰੀਆ ਕੀ ਹੈ? ਜਿਸ ਨੂੰ ਤਾਲਿਬਾਨ ਕੱਟੜਵਾਦੀ ਤਰੀਕੇ ਨਾਲ ਲਾਗੂ ਕਰਦਾ ਹੈ

ਤਾਲਿਬਾਨ ਨੇ ਕਿਹਾ ਹੈ ਕਿ ਉਹ ਸ਼ਰੀਆ, ਇਸਲਾਮਿਕ ਕਾਨੂੰਨ ਪ੍ਰਣਾਲੀ ਦੀ ਸਖ਼ਤ ਵਿਆਖਿਆ ਦੇ ਮੁਤਾਬਕ ਹੀ ਅਫ਼ਗਾਨਿਸਤਾਨ ਵਿੱਚ ਸ਼ਾਸਨ ਚਲਾਉਣਗੇ।

ਤਾਲਿਬਾਨ ਨੇ ਰਾਜਧਾਨੀ ਕਾਬੁਲ ਵਿੱਚ ਆਪਣੀ ਜਿੱਤ ਮਗਰੋਂ ਅਫ਼ਗਾਨਿਸਤਾਨ ਉੱਤੇ ਜਿੱਤ ਦਾ ਦਾਅਵਾ ਕੀਤਾ ਹੈ।

ਇਸ ਦੇ ਨਾਲ ਹੀ ਖਿੱਤੇ ਵਿੱਚ ਅਮਰੀਕੀ ਫ਼ੌਜਾਂ ਦੀ ਦੋ ਦਹਾਕਿਆਂ ਤੋਂ ਚੱਲੀ ਆ ਰਹੀ ਮੌਜੂਦਗੀ ਖ਼ਤਮ ਹੋ ਗਈ ਹੈ।

ਤਾਲਿਬਾਨ ਨੇ ਕੀ ਕਿਹਾ ਹੈ

ਦੇਸ਼ ਉੱਤੇ ਆਪਣਾ ਅਧਿਕਾਰ ਕਾਇਮ ਕਰਨ ਤੋਂ ਬਾਅਦ ਸੱਦੀ ਗਈ ਪਹਿਲੀ ਪ੍ਰੈੱਸ ਕਾਨਫ਼ਰੰਸ ਵਿੱਚ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਮੀਡੀਆ ਅਤੇ ਔਰਤਾਂ ਦੇ ਹੱਕਾਂ ਵਰਗੇ ਮਸਲਿਆਂ ਵਿੱਚ, "ਇਸਲਾਮਿਕ ਕਾਨੂੰਨੀ ਢਾਂਚੇ ਤਹਿਤ" ਨਿਪਟਿਆ ਜਾਵੇਗਾ।

ਹਾਲਾਂਕਿ ਤਾਲਿਬਾਨ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਅਮਲੀ ਰੂਪ ਵਿੱਚ ਇਸ ਦੇ ਕੀ ਮਾਅਨੇ ਹੋਣਗੇ।

ਤਾਲਿਬਾਨ ਸ਼ਰੀਆ ਦੀ ਕੱਟੜਵਾਦੀ ਤਰੀਕੇ ਨਾਲ ਪਰਿਭਾਸ਼ਤ ਕਰਨ ਲਈ ਜਾਣਿਆ ਜਾਂਦਾ ਹੈ। ਜਿਸ ਵਿਚ ਕਤਲ ਅਤੇ ਬਲਾਤਕਾਰ ਵਰਗੇ ਜੁਰਮਾਂ ਦੀ ਜਨਤਕ ਤੌਰ ਉੱਤੇ ਸਜ਼ਾ ਦੇਣਾ ਸਾਮਲ ਹੈ।

ਨੋਬਲ ਅਮਨ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਕੁੜੀਆਂ ਦੀ ਸਿੱਖਿਆ ਦੀ ਵਕਾਲਤ ਕੀਤੀ ਸੀ, ਨੂੰ ਤਾਲਿਬਾਨ ਨੇ 15 ਸਾਲ ਦੀ ਉਮਰ ਵਿੱਚ ਗੋਲ਼ੀ ਮਾਰ ਦਿੱਤੀ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਰੀਆ ਕਾਨੂੰਨ ਦੀ ਪ੍ਰਣਾਲੀ ਅਫ਼ਗਾਨਿਸਤਾਨ ਵਿੱਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਲਈ ਘਾਤਕ ਸਾਬਤ ਹੋ ਸਕਦੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਅਫ਼ਗਾਨਿਸਤਾਨ ਵਿੱਚ ਔਰਤਾਂ ਦੇ ਹੱਕਾਂ ਦੇ ਕਾਰਕੁਨਾਂ ਸਮੇਤ ਕੁਝ ਕਾਰਕੁਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਅੱਗੇ ਆਪਣੀ ਜ਼ਿੰਦਗੀ ਬਾਰੇ ਭਰੋਸਾ ਨਹੀਂ ਹੋ ਰਿਹਾ।"

ਉਨ੍ਹਾਂ ਨੇ ਕਿਹਾ, "ਉਨ੍ਹਾਂ ਵਿੱਚੋਂ ਕਈ ਜਣੇ 1996-2001 ਦਰਮਿਆਨ ਜੋ ਕੁਝ ਦੇਸ਼ ਵਿੱਚ ਹੋਇਆ ਸੀ, ਉਸ ਨੂੰ ਯਾਦ ਕਰ ਰਹੇ ਹਨ ਅਤੇ ਉਹ ਆਪਣੀ ਹਿਫ਼ਾਜ਼ਤ ਅਤੇ ਸਕੂਲ ਜਾਣ ਦੇ ਹੱਕ ਬਾਰੇ ਫਿਕਰਮੰਦ ਹਨ।"

ਅਸਲ ਵਿੱਚ ਪਹਿਲਾਂ ਜਦੋਂ ਤਾਲਿਬਾਨ ਸਰਕਾਰ ਵਿੱਚ ਸਨ, ਉਸ ਸਮੇਂ ਔਰਤਾਂ ਨੂੰ ਕੰਮ ਕਰਨ ਜਾਂ ਸਿੱਖਿਆ ਹਾਸਲ ਕਰਨ ਦੀ ਆਗਿਆ ਨਹੀਂ ਸੀ। ਅੱਠ ਸਾਲ ਦੀ ਉਮਰ ਵਿੱਚ ਕੁੜੀਆਂ ਨੂੰ ਬੁਰਕਾ ਪਾਉਣਾ ਪੈਂਦਾ ਸੀ। ਇਹੀ ਨਹੀਂ ਔਰਤਾਂ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਸੀ ਜਦੋਂ ਤੱਕ ਉਨ੍ਹਾਂ ਨਾਲ ਕੋਈ ਪੁਰਸ਼ ਸੰਬੰਧੀ ਨਾ ਹੋਵੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਔਰਤਾਂ ਨੂੰ ਜਨਤਕ ਤੌਰ 'ਤੇ ਕੋੜੇ ਮਾਰੇ ਜਾਂਦੇ ਸਨ।

ਸ਼ਰੀਆ ਕੀ ਹੈ?

ਸ਼ਰੀਆ ਕਾਨੂੰਨ, ਇਸਲਾਮ ਦੀ ਕਾਨੂੰਨੀ ਪ੍ਰਣਾਲੀ ਹੈ। ਇਹ ਇਸਲਾਮ ਦੀ ਸਭ ਤੋਂ ਪਵਿੱਤਰ ਮੰਨੀ ਜਾਂਦੀ ਕਿਤਾਬ, ਕੁਰਾਨ, ਸੁੰਨਤ, ਹਦੀਸ ਅਤੇ ਇਸਲਾਮੀ ਵਿਦਵਾਨਾਂ ਦੁਆਰਾ ਦਿੱਤੇ ਗਏ ਫੈਸਲਿਆਂ-ਫ਼ਤਵਿਆਂ ਨੂੰ ਮਿਲਾ ਕੇ ਬਣੀ ਹੈ।

ਇਨ੍ਹਾਂ ਤੋਂ ਸਿੱਧੇ ਸਵਾਲਾਂ ਦੇ ਜਵਾਬ ਨਹੀਂ ਲਏ ਜਾਂਦੇ, ਬਲਕਿ ਧਾਰਮਿਕ ਵਿਵਦਾਨ ਕਿਸੇ ਮੁੱਦੇ ਅਤੇ ਸਵਾਲ ਬਾਰੇ ਮਾਰਗ ਦਰਸ਼ਨ ਕਰਦੇ ਹਨ।

ਸ਼ਰੀਆ ਕਾਨੂੰਨ, ਇਸਲਾਮੀ ਜੀਵਨ ਜਿਉਣ ਦਾ ਇੱਕ ਤਰੀਕਾ ਹੈ, ਜਿਸ ਦੇ ਤਹਿਤ ਮੁਸਲਮਾਨਾਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਜਿਸ ਵਿੱਚ ਨਮਾਜ਼ ਪੜ੍ਹਨਾ, ਰੋਜ਼ੇ ਰੱਖਣਾ ਅਤੇ ਗਰੀਬਾਂ ਨੂੰ ਦਾਨ ਦੇਣਾ ਸ਼ਾਮਲ ਹਨ।

ਇਸ ਦਾ ਉਦੇਸ਼ ਮੁਸਲਮਾਨਾਂ ਨੂੰ ਇਹ ਸਮਝਣ ਵਿੱਚ ਸਹਾਇਤਾ ਕਰਨਾ ਹੈ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਰੱਬ ਦੀ ਇੱਛਾ ਅਨੁਸਾਰ ਜਿਉਣਾ ਚਾਹੀਦਾ ਹੈ।

ਪਾਲਣਾ ਕਰਨ ਵਿੱਚ ਸ਼ਰੀਆ ਦਾ ਕੀ ਅਰਥ ਹੈ?

ਸ਼ਰੀਆ ਇੱਕ ਮੁਸਲਮਾਨ ਲਈ ਰੋਜ਼ਾਨਾ ਜੀਵਨ ਦੇ ਹਰ ਇੱਕ ਪਹਿਲੂ ਦੀ ਜਾਣਕਾਰੀ ਦੇ ਸਕਦਾ ਹੈ।

ਉਦਾਹਰਣ ਵਜੋਂ, ਜੇਕਰ ਇੱਕ ਮੁਸਲਮਾਨ ਵਿਅਕਤੀ ਨੂੰ ਉਨ੍ਹਾਂ ਦੇ ਸਹਿਕਰਮੀ, ਕੰਮ ਤੋਂ ਬਾਅਦ ਕਿਸੇ ਪੱਬ ਆਦਿ ਵਿੱਚ ਆਉਣ ਦਾ ਸੱਦਾ ਦਿੰਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਉਹ ਮੁਸਲਮਾਨ ਵਿਅਕਤੀ ਇੱਕ ਸ਼ਰੀਆ ਵਿਦਵਾਨ ਤੋਂ ਇਸ ਬਾਰੇ ਰਾਏ ਲੈ ਸਕਦਾ ਹੈ ਤਾਂ ਜੋ ਉਹ ਧਾਰਮਿਕ ਕਾਨੂੰਨਾਂ ਦੇ ਦਾਇਰੇ ਅੰਦਰ ਰਹਿੰਦੇ ਹੋਏ ਹੀ ਕੋਈ ਕੰਮ ਜਾਂ ਫੈਸਲਾ ਕਰੇ।

ਇਸ ਤੋਂ ਇਲਾਵਾ, ਮੁਸਲਮਾਨ ਆਪਣੇ ਰੋਜ਼ਾਨਾ ਜੀਵਨ ਦੀਆਂ ਹੋਰ ਚੀਜ਼ਾਂ ਜਿਵੇਂ ਕਿ ਪਰਿਵਾਰਕ ਕਾਨੂੰਨ, ਵਿੱਤੀ ਮੁੱਦੇ ਅਤੇ ਕਾਰੋਬਾਰ ਆਦਿ ਨਾਲ ਜੁੜੇ ਮਾਮਲਿਆਂ ਲਈ ਵੀ ਸ਼ਰੀਆ ਤੋਂ ਸੁਝਾਅ ਲੈ ਸਕਦੇ ਹਨ।

ਸ਼ਰੀਆ ਦੀਆਂ ਕੁਝ ਸਖਤ ਸਜ਼ਾਵਾਂ ਕੀ ਹਨ?

ਸ਼ਰੀਆ ਕਾਨੂੰਨ ਅਪਰਾਧਾਂ ਨੂੰ ਦੋ ਆਮ ਸ਼੍ਰੇਣੀਆਂ ਵਿੱਚ ਵੰਡਦਾ ਹੈ-

"ਹੱਦ" ਅਪਰਾਧ, ਜੋ ਕਿ ਗੰਭੀਰ ਅਪਰਾਧ ਹੁੰਦੇ ਹਨ ਅਤੇ ਜਿਨ੍ਹਾਂ ਲਈ ਪਹਿਲਾਂ ਹੀ ਸਜ਼ਾਵਾਂ ਤੈਅ ਕੀਤੀਆਂ ਹੁੰਦੀਆਂ ਹਨ।

ਦੂਸਰੀ ਸ਼੍ਰੇਣੀ ਹੈ "ਤਾਜ਼ੀਰ" ਅਪਰਾਧਾਂ ਦੀ, ਜਿੱਥੇ ਸਜ਼ਾ ਨਿਆ ਕਰਨ ਵਾਲੇ ਦੇ ਫ਼ੈਸਲੇ ਜੱਜ 'ਤੇ ਛੱਡ ਦਿੱਤੇ ਜਾਂਦੇ ਹਨ।

ਹੱਦ ਅਪਰਾਧਾਂ ਵਿੱਚ ਚੋਰੀ ਵੀ ਆਉਂਦੀ ਹੈ, ਜਿਸ ਵਿੱਚ ਅਪਰਾਧੀ ਦੇ ਹੱਥ ਵੱਢਣ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ- ਵੀਡੀਓ

ਇਸ ਤੋਂ ਇਲਾਵਾ, ਇਨ੍ਹਾਂ ਵਿੱਚ ਚਰਿੱਤਰਹੀਣ ਹੋਣ ਦਾ ਅਪਰਾਧ ਵੀ ਸ਼ਾਮਲ ਹੈ, ਜਿਸ ਵਿੱਚ ਅਪਰਾਧੀ ਨੂੰ ਪੱਥਰ ਮਾਰ-ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

ਕੁਝ ਇਸਲਾਮਿਕ ਸੰਗਠਨਾਂ ਦਾ ਕਹਿਣਾ ਹੈ ਕਿ ''ਹੱਦ'' ਅਪਰਾਧਾਂ ਦੇ ਮਾਮਲਿਆ ਵਿਚ ਬਹੁਤ ਸਾਰੇ ਸੇਫਟੀ ਗਾਰਡ ਹਨ ਅਤੇ ਸਬੂਤ ਬਹੁਤ ਜ਼ਿਆਂਦਾ ਪੁਖ਼ਤਾ ਕਰਨ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ-

ਕਈ ਮੁਸਲਿਮ ਮੁਲਕ ''ਹੱਦ'' ਅਪਰਾਧਾ ਦੀਆਂ ਸਜ਼ਾਵਾਂ ਲਈ ਦੇਣ ਲ਼ਈ ਇਸ ਸਿਸਟਮ ਨੂੰ ਲਾਗੂ ਕਰਦੇ ਹਨ ਅਤੇ ਸਰਵੇ ਦੱਸਦੇ ਹਨ ਕਿ ਸਜ਼ਾਵਾਂ ਦੇਣ ਦੀ ਸਖ਼ਤੀ ਦਾ ਪੱਧਰ ਵੱਖੋ ਵੱਖਰਾ ਹੈ।

ਸੰਯੁਕਤ ਰਾਸ਼ਟਰ ਨੇ, ਪੱਥਰ ਮਾਰ ਕੇ ਮੌਤ ਦੀ ਸਜ਼ਾ ਦੇਣ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ "ਇਸ ਵਿੱਚ ਤਸੀਹੇ ਦੇਣਾ ਜਾਂ ਅਣਮਨੁੱਖੀ ਤੇ ਘਿਣਾਉਣੇ ਤਰੀਕੇ ਨਾਲ ਜ਼ੁਲਮ ਕਰਨਾ ਜਾਂ ਸਜ਼ਾ ਦੇਣਾ ਸ਼ਾਮਲ ਹੈ ਅਤੇ ਇਸ ਲਈ ਇਸ ਦੀ ਸਪਸ਼ਟ ਤੌਰ 'ਤੇ ਮਨਾਹੀ ਹੈ।"

ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ- ਵੀਡੀਓ

ਕੀ ਮੁਸਲਮਾਨਾਂ ਨੂੰ ਧਰਮ ਪਰਿਵਰਤਨ ਲਈ ਫਾਂਸੀ ਦਿੱਤੀ ਜਾ ਸਕਦੀ ਹੈ?

ਧਰਮ ਦਾ ਤਿਆਗ ਜਾਂ ਧਰਮ 'ਚ ਵਿਸ਼ਵਾਸ ਛੱਡਣਾ, ਮੁਸਲਿਮ ਜਗਤ ਵਿੱਚ ਇੱਕ ਬਹੁਤ ਹੀ ਵਿਵਾਦਪੂਰਨ ਮੁੱਦਾ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮੁਸਲਿਮ ਵਿਦਵਾਨ ਮੰਨਦੇ ਹਨ ਕਿ ਇਸ ਦੇ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਪਰ ਮੁਸਲਿਮ ਚਿੰਤਕਾਂ ਦੀ ਇੱਕ ਘੱਟ ਗਿਣਤੀ, ਖਾਸ ਕਰਕੇ ਜੋ ਪੱਛਮੀ ਸਮਾਜਾਂ ਨਾਲ ਜੁੜੇ ਹੋਏ ਹਨ, ਇਹ ਦਲੀਲ ਦਿੰਦੇ ਹਨ ਕਿ ਆਧੁਨਿਕ ਸੰਸਾਰ ਦੀ ਅਸਲੀਅਤ ਦਾ ਮਤਲਬ ਹੈ ਕਿ "ਸਜ਼ਾ" ਰੱਬ 'ਤੇ ਛੱਡ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਕਿ ਇਸਲਾਮ ਨੂੰ ਧਰਮ-ਤਿਆਗ ਤੋਂ ਕੋਈ ਖ਼ਤਰਾ ਨਹੀਂ ਹੈ।

ਖ਼ੁਦ ਕੁਰਾਨ ਇਹ ਐਲਾਨ ਕਰਦਾ ਹੈ ਕਿ ਧਰਮ ਵਿੱਚ "ਕੋਈ ਮਜਬੂਰੀ ਨਹੀਂ" ਹੈ।

ਫੈਸਲੇ ਕਿਵੇਂ ਲਏ ਜਾਂਦੇ ਹਨ?

ਕਿਸੇ ਵੀ ਕਾਨੂੰਨੀ ਪ੍ਰਣਾਲੀ ਵਾਂਗ, ਸ਼ਰੀਆ ਕਾਫੀ ਗੁੰਝਲਦਾਰ ਹੈ ਅਤੇ ਇਸ ਦੀ ਪਾਲਣ ਪੂਰੀ ਤਰ੍ਹਾਂ ਗੁਣਵੱਤਾ ਅਤੇ ਮਾਹਿਰਾਂ ਦੀ ਸਿਖਲਾਈ 'ਤੇ ਨਿਰਭਰ ਕਰਦੀ ਹੈ।

ਇਸਲਾਮੀ ਨਿਆਇਕ, ਨਿਰਦੇਸ਼ ਅਤੇ ਫ਼ੈਸਲੇ ਜਾਰੀ ਕਰਦੇ ਹਨ। ਨਿਰਦੇਸ਼ (ਗਾਈਡੈਂਸ) ਜਿਸ ਨੂੰ ਰਸਮੀਂ ਕਾਨੂੰਨੀ ਫ਼ੈਸਲਾ ਮੰਨਿਆ ਜਾਂਦਾ ਹੈ, ਉਸ ਨੂੰ ਫ਼ਤਵਾ ਕਿਹਾ ਜਾਂਦਾ ਹੈ।

ਸ਼ਰੀਆ ਕਾਨੂੰਨ ਦੇ ਪੰਜ ਵੱਖ-ਵੱਖ ਸਕੂਲ ਹਨ। ਇੱਥੇ ਚਾਰ ਸੁੰਨੀ ਸਿਧਾਂਤ ਹਨ- ਹੰਬਲੀ, ਮਾਲਿਕੀ, ਸ਼ਫਈ ਅਤੇ ਹਨਫੀ, ਅਤੇ ਇੱਕ ਸ਼ੀਆ ਹੈ ਜਿਸ ਨੂੰ ਸਿਧਾਂਤ- ਸ਼ੀਆ ਜਾਫ਼ਰੀ ਕਿਹਾ ਜਾਂਦਾ ਹੈ।

ਇਹ ਪੰਜ ਸਿਧਾਂਤ ਭਿੰਨ-ਭਿੰਨ ਹਨ ਅਤੇ ਇਨ੍ਹਾਂ ਦੀ ਇਹ ਭਿੰਨਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਉਨ੍ਹਾਂ ਗ੍ਰੰਥਾਂ ਦੀ ਸ਼ਾਬਦਿਕ ਵਿਆਖਿਆ ਕਿਵੇਂ ਕਰਦੇ ਹਨ, ਜਿਨ੍ਹਾਂ ਤੋਂ ਸ਼ਰੀਆ ਕਾਨੂੰਨ ਲਿਆ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)