You’re viewing a text-only version of this website that uses less data. View the main version of the website including all images and videos.

Take me to the main website

ਅਫ਼ਗਾਨਿਸਤਾਨ 'ਚ ਤਾਲਿਬਾਨ: ਅਫ਼ਗਾਨ ਵਿਚ ਲੋਕਤੰਤਰ ਨਹੀਂ ਹੋਵੇਗਾ , ਕਿੱਥੇ ਹੈ ਅਸ਼ਰਫ਼ ਗਨੀ

ਤਾਲਿਬਾਨ ਲੀਡਰਾਂ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਹੈ

ਲਾਈਵ ਕਵਰੇਜ

  1. ਤੁਹਾਡਾ ਧੰਨਵਾਦ

    ਅਫ਼ਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਨਾਲ ਜੁੜੀਆਂ ਅੱਜ ਦੀਆਂ ਘਟਨਾਵਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਹ ਲਾਈਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

    ਅੱਜ ਦੇ ਅਹਿਮ ਘਟਨਾਕ੍ਰਮ ਇਸ ਤਰ੍ਹਾਂ ਹਨ:

    • ਤਾਲਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਅਫ਼ਗਾਨ ਵਿਚ ਲੋਕਤੰਤਰ ਨਹੀਂ ਹੋਵੇਗਾ
    • ਅਫ਼ਗਾਨ ਦੇ ਪੱਛਮੀ ਸ਼ਹਿਰ ਹੇਰਾਤ ਵਿਚ ਕੁੜੀਆਂ ਸਕੂਲਾਂ ਵਿਚ ਪਰਤ ਆਈਆਂ ਹਨ
    • ਐਤਵਾਰ ਨੂੰ ਅਫ਼ਗਾਨ ਤੋਂ ਭੱਜੇ ਰਾਸ਼ਟਰਪਤੀ ਅਸ਼ਰਫ਼ ਗਨੀ ਸਮੇਤ ਪਰਿਵਾਰ ਯੂਏਈ ਪਹੁੰਚ ਗਏ ਹਨ
    • ਅਫ਼ਗਾਨ ਦੇ ਜਲਾਲਾਬਾਦ ਸ਼ਹਿਰ ਵਿਚ ਮੁਜ਼ਾਹਰਾਕਾਰੀਆਂ ਉੱਤੇ ਚੱਲੀ ਗੋਲ਼ੀ ਵਿਚ ਇੱਕ ਮੌਤ ਦੀ ਖ਼ਬਰ ਹੈ
    • ਹੱਕਾਨੀ ਨੈੱਟਵਰਕ ਦੇ ਤਾਲਿਬਾਨੀ ਆਗੂਆਂ ਨੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ
    • ਪੱਛਮੀ ਮੁਲਕ ਆਪਣੇ ਨਾਗਰਿਕਾਂ ਅਤੇ ਸਹਿਯੋਗੀਆਂ ਨੂੰ ਅਫ਼ਗਾਨ ਤੋਂ ਲਗਾਤਾਰ ਬਾਹਰ ਲਿਜਾ ਰਹੇ ਹਨ
  2. ਅਫ਼ਗਾਨਿਸਤਾਨ ’ਚ ਤਾਲਿਬਾਨ ਖ਼ਿਲਾਫ਼ ਕਈ ਸ਼ਹਿਰਾਂ ਵਿਚ ਮੁਜ਼ਾਹਰੇ

    ਜਲਾਲਾਬਾਦ ਸ਼ਹਿਰ ਵਿਚ ਕੌਮੀ ਝੰਡੇ ਨਾਲ ਲੋਕ ਕਰ ਰਹੇ ਹਨ ਮੁਜ਼ਾਹਾਰਾ ਅਤੇ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ

  3. ਅਫ਼ਗਾਨਿਸਤਾਨ ’ਚ ਲੋਕਤੰਤਰ ਨਹੀਂ ਹੋਵੇਗਾ˸ ਤਾਲਿਬਾਨ

    ਤਾਲਿਬਾਨ ਦੇ ਇੱਕ ਸੀਨੀਅਰ ਆਗੂ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਵਿੱਚ ਲੋਕਤੰਤਰ ਨਹੀਂ ਹੋਵੇਗਾ।

    ਵਹੀਦੁੱਲ੍ਹਾ ਹਾਸ਼ਮੀ ਕੋਲ ਸਮੂਹ ਦੇ ਫ਼ੈਸਲੇ ਲੈਣ ਦਾ ਅਧਿਕਾਰ ਹੈ, ਉਨ੍ਹਾਂ ਨੇ ਦੱਸਿਆ, “ਕੋਈ ਵੀ ਲੋਕਤਾਂਤਰਿਕ ਵਿਵਸਥਾ ਬਿਲਕੁਲ ਨਹੀਂ ਹੋਵੇਗੀ ਕਿਉਂਕਿ ਸਾਡੇ ਦੇਸ਼ ਵਿੱਚ ਇਸ ਦਾ ਕੋਈ ਆਧਾਰ ਨਹੀਂ ਹੈ।”

    “ਅਸੀਂ ਇਸ ’ਤੇ ਚਰਚਾ ਨਹੀਂ ਕਰਾਂਗੇ ਕਿ ਅਫ਼ਗਾਨਿਸਤਾਨ ਵਿੱਚ ਕਿਸ ਤਰ੍ਹਾਂ ਦੀ ਸਿਆਸੀ ਵਿਵਸਥਾ ਲਾਗੂ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਪੱਸ਼ਟ ਹੈ। ਇਹ ਸ਼ਰੀਆ ਕਾਨੂੰਨ ਹੈ ਅਤੇ ਇਹੀ ਹੈ।”

  4. ਭਾਰਤ ’ਚ ਰਹਿ ਰਹੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਤਾਲਿਬਾਨ ਦਾ ਕੀ ਡਰ ਸਤਾ ਰਿਹਾ ਹੈ, ਦਿਲਨਵਾਜ਼ ਪਾਸ਼ਾ, ਪੀਯੂਸ਼ ਨਾਗਪਲ

    ਰਾਹੀਲਾ ਆਪਣੇ ਦੌਰ ਵਿੱਚ ਅਫ਼ਗਾਨਿਸਤਾਨ 'ਚ ਕੰਮ ਕਰਨ ਵਾਲੀ ਪਹਿਲੀ ਮਹਿਲਾਵਾਂ ਚ ਸ਼ਾਮਲ ਸੀ। ਜਦੋਂ ਉਹ ਕੰਮ 'ਤੇ ਜਾਂਦੀ ਸੀ ਤਾਂ ਲੋਕ ਉਸ 'ਤੇ ਪੱਥਰ ਤੇ ਚਿੱਕੜ ਸੁੱਟਦੇ ਸੀ ਤੇ ਕਹਿੰਦੇ ਸੀ ਕਿ ਔਰਤ ਹੋ ਕੇ ਕੰਮ ਤੇ ਜਾਂਦੀ ਹੈ...ਸ਼ਰਮ ਨਹੀਂ ਆਉਂਦੀ...ਪਰ ਉਹ ਡਰੇ ਨਹੀਂ।

    ਫਿਰ ਅਫ਼ਗਾਨਿਸਾਨ ਚ ਤਾਲਿਬਾਨ ਦੀ ਹਕੁਮਤ ਆਈ ਅਤੇ ਉਨ੍ਹਾਂ ਨੂੰ ਘਰ ਵਿੱਚ ਕੈਦ ਹੋਣਾ ਪਿਆ। ਉਨ੍ਹਾਂ ਦੀ ਨੂੰਹ ਉਸ ਵੇਲੇ ਮੇਡੀਕਲ ਦੀ ਪੜਾਈ ਕਰ ਰਹੀ ਸੀ, ਉਨ੍ਹਾਂ ਨੂੰ ਉਹ ਛੱਡਣੀ ਪਈ।

    ਜਦੋਂ 2011 ਚ ਅਮਰੀਕਾ ਨੇ ਤਾਲਿਬਾਨ ਨੂੰ ਖਦੇੜ ਦਿੱਤਾ ਤਾਂ ਮਰਿਅਮ ਨੇ ਆਪਣੀ ਪੜਾਈ ਸ਼ੁਰੂ ਕੀਤੀ। ਉਹ ਪਿਛਲੇ 11 ਸਾਲਾਂ ਤੋਂ ਟੀਚਰ ਸੀ। ਹੁਣ ਇਕ ਵਾਰ ਫਿਰ ਅਫ਼ਗਾਨਿਸਤਾਨ ਤੇ ਤਾਲਿਬਾਨ ਦੀ ਹਕੁਮਤ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਘਰ ਵਿੱਚ ਬੰਦ ਹੋਣਾ ਪਵੇਗਾ।

    ਮੈਡੀਕਲ ਵੀਜ਼ਾ ਤੇ ਭਾਰਤ ਆਇਆ ਇਹ ਪਰਿਵਾਰ ਇੰਨਾਂ ਡਰਿਆ ਹੋਇਆ ਹੈ ਕਿ ਹੁਣ ਵਾਪਸ ਅਫ਼ਗਾਨਿਸਤਾਨ ਨਹੀਂ ਜਾਣਾ ਚਾਹੁੰਦਾ।

  5. ਅਫਗਾਨਿਸਤਾਨ ਦੀ 'ਤਿੰਨ ਲੱਖ ਦੀ ਸੰਗਠਿਤ ਫੌਜ' ਕਿਉਂ ਖੜੀ ਨਾ ਰਹਿ ਸਕੀ

    ਕਿਹਾ ਜਾ ਰਿਹਾ ਹੈ ਕਿ ਅਫ਼ਗਾਨ ਸੈਨਾ ਇੱਕ ‘ਕਾਗ਼ਜ਼ੀ ਸ਼ੇਰ’ ਸੀ ਜੋ ਪਿਛਲੇ ਕਈ ਸਾਲਾਂ ਤੋਂ ਭ੍ਰਿਸ਼ਟਾਚਾਰ, ਸਿਖਲਾਈ ਦੀ ਘਾਟ ਅਤੇ ਖ਼ਰਾਬ ਅਗਵਾਈ ਕਾਰਨ ਬੇਕਾਰ ਸਾਬਿਤ ਹੋਈ।

  6. 38 ਦਿਨ, ਜਿੰਨ੍ਹਾਂ ਅਫ਼ਗਾਨਿਸਤਾਨ ਦੇ ਨਕਸ਼ੇ ਦਾ ਰੰਗ ਬਦਲ ਦਿੱਤਾ, 9 ਜੁਲਾਈ ਤੋਂ 15 ਅਗਸਤ ਤੱਕ ਤਾਲਿਬਾਨ ਦੀ ਅਫ਼ਗਾਨ ਕਬਜ਼ੇ ਦੀ ਕਹਾਣੀ

  7. ਅਫ਼ਗਾਨਿਸਤਾਨ ਸੰਕਟ: ਤਾਲਿਬਾਨ ਦੇ ਜਸੂਸੀ ਨੈੱਟਵਰਕ ਬਾਰੇ ਕੀ ਤੁਸੀਂ ਇਹ ਜਾਣਦੇ ਹੋ

    ਦੋ ਦਹਾਕੇ ਬਾਅਦ ਤਾਲਿਬਾਨ ਅਫ਼ਗਾਨ ਦੀ ਸੱਤਾ ਉੱਤੇ ਮੁੜ ਕਾਬਜ਼ ਹੋ ਰਿਹਾ ਹੈ। ਬੀਤੇ ਐਤਵਾਰ ਨੂੰ ਤਾਲਿਬਾਨ ਨੇ ਕਾਬੁਲ ਵਿਚ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਇਸ ਤੋਂ ਪਹਿਲਾਂ ਹੀ ਮੁਲਕ ਛੱਡ ਗਏ ਸਨ।

    2001 ਵਿਚ ਤਾਲਿਬਾਨ ਨੂੰ ਅਮਰੀਕਾ ਨੇ ਆਪਣੇ ਮੁਲਕ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਵਿਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।

    ਅਮਰੀਕਾ ਦੀ ਅਗਵਾਈ ਵਿਚ ਨਾਟੋ ਗਠਜੋੜ ਦੀਆਂ ਫੌਜਾਂ ਨੇ ਹਵਾਈ ਹਮਲੇ ਕੀਤੇ ਅਤੇ ਤਾਲਿਬਾਨ ਨੂੰ ਖਦੇੜ ਦਿੱਤਾ। ਚੋਣਾਂ ਤੋਂ ਬਾਅਦ ਸਰਕਾਰ ਹੋਂਦ ਵਿਚ ਆ ਗਈ। ਪਰ ਤਾਲਿਬਾਨ ਨੇ ਹਾਰ ਨਹੀਂ ਮੰਨੀ ਅਤੇ ਵਿਦੇਸ਼ੀ ਫੌਜਾਂ ਨਾਲ ਦੋ ਦਹਾਕੇ ਲੜਦਾ ਰਿਹਾ , ਹੁਣ ਇਨ੍ਹਾਂ ਫੌਜਾਂ ਦੇ ਮੁਲਕ ਛੱਡਦਿਆਂ ਹੀ ਤਾਲਿਬਾਨ ਮੁੜ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।

    ਤਾਲਿਬਾਨ ਵਲੋਂ ਅਫਗਾਨ ਦੇ ਇੱਕ ਤੋਂ ਬਾਅਦ ਇੱਕ ਸੂਬੇ ਉੱਤੇ ਕਾਬਜ਼ ਹੋ ਦੌਰਾਨ ਬੀਬੀਸੀ ਨੇ ਕੁਝ ਦਿਨ ਪਹਿਲਾਂ ਇਹ ਰਿਪੋਰਟ ਤਿਆਰ ਕੀਤੀ ਸੀ ਅਤੇ ਤਾਲਿਬਾਨੀ ਤੰਤਰ ਬਾਰੇ ਜਾਣਿਆ ਸੀ।

    ਰਿਪੋਰਟ- ਖ਼ੁਦਾ-ਏ-ਨੂਰ ਨਾਸਿਰ, ਬੀਬੀਸੀ, ਇਸਲਾਮਾਬਾਦ ਐਡਿਟ - ਰਾਜਨ ਪਪਨੇਜਾ

  8. ਜਲਾਲਾਬਾਦ ਵਿੱਚ ਵਿਰੋਧ-ਪ੍ਰਦਰਸ਼ਨ ਦੌਰਾਨ ਮੌਤ ਦੀ ਖ਼ਬਰ

    ਪੂਰਬੀ ਅਫ਼ਗਾਨ ਦੇ ਸ਼ਹਿਰ ਜਲਾਲਾਬਾਦ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ।

    ਸਥਾਨਕ ਲੋਕਾਂ ਵੱਲੋਂ ਸ਼ਹਿਰ ਦੇ ਇੱਕ ਚੌਕ ’ਤੇ ਅਫ਼ਗਾਨਿਸਤ ਦਾ ਕੌਮੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਤੋਂ ਬਾਅਦ ਤਾਲਿਬਾਨ ਮਿਲੀਟੈਂਟ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਮੌਤ ਹੋ ਗਈ।

  9. ਯੂਏਈ ਵਿੱਚ ਹਨ ਅਫ਼ਗਾਨ ਦੇ ਰਾਸ਼ਰਪਤੀ ਗਨੀ

    ਖਾੜੀ ਸਟੇਟ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਅਫ਼ਗਾਨ ਦੇ ਭਗੌੜੇ ਰਾਸ਼ਟਰਪਤੀ ਅਸ਼ਰਫ਼ ਗਨੀ ਸੰਯੁਕਤ ਅਰਬ ਅਮੀਰਾਤ ਵਿੱਚ ਹਨ।

    ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਹੈ, “ਯੂਏਈ ਵਿਦੇਸ਼ ਮਾਮਲਿਆਂ ਅਤੇ ਕੌਮਾਂਤਰੀ ਸਹਿਯੋਗ ਮੰਤਰਾਲਾ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਯੂਏਈ ਨੇ ਮਨੁੱਖੀ ਆਧਾਰ ’ਤੇ ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਦੇਸ਼ ਵਿੱਚ ਸੁਆਗਤ ਕੀਤਾ ਹੈ।”

    ਗਨੀ ਐਤਵਾਰ ਨੂੰ ਰਾਜਧਾਨੀ ਕਾਬੁਲ ਤੋਂ ਭੱਜੇ ਸਨ।

  10. ਕਰਜ਼ਈ ਤੇ ਅਬਦੁੱਲਾ ਨਾਲ ਤਾਲਿਬਾਨ ਆਗੂਆਂ ਦੀ ਬੈਠਕ

    ਤਾਲਿਬਾਨ ਆਗੂ ਸਿਰਾਜਊਦੀਨ ਹੱਕਾਨੀ ਦੇ ਭਰਾ ਅਨਸ ਹੱਕਾਨੀ ਨੇ ਕਾਬੁਲ ਵਿਚ ਸਾਬਕਾ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਨੈਸ਼ਨਲ ਰੀਕੰਨਸਾਇਲੇਸ਼ਨ ਕਮੇਟੀ ਦੇ ਮੁਖੀ ਅਬਦੁੱਲਾ- ਅਬਦੁੱਲਾ ਨਾਲ ਮੁਲਾਕਾਤ ਕੀਤੀ।

    ਬੁੱਧਵਾਰ ਨੂੰ ਹੋਈ ਇਸ ਬੈਠਕ ਬਾਰੇ ਤਾਲਿਬਾਨ ਦੇ ਸੂਤਰਾਂ ਨੇ ਦੱਸਿਆ ਕਿ ਇਸ ਵਿਚ ਅਫ਼ਗਾਨ ਸੈਨੇਟ ਦੇ ਚੇਅਰਮੈਨ ਅਬਦੁਲ ਹਾਦੀ ਮੁਸਲੀਮੇਆਰ ਵੀ ਸ਼ਾਮਲ ਹਨ।

    ਕਰਜ਼ਈ ਤੇ ਅਬਦੁੱਲਾ ਇੱਕ ਹੋਰ ਤਾਲਿਬਾਨ ਆਗੂ ਆਮਿਰ ਖ਼ਾਨ ਮੋਤਾਕੀ ਨੂੰ ਵੀ ਮਿਲ ਚੁੱਕੇ ਹਨ।

    ਕਰਜ਼ਈ ਦੇ ਸੂਤਰਾਂ ਦੇ ਹਵਾਲੇ ਮੁਤਾਬਕ ਇਸ ਬੈਠਕ ਵਿਚ ਹੋਈ ਗੱਲਬਾਤ ਦਾ ਫੋਕਸ ਨਵੀਂ ਸਰਕਾਰ ਦੇ ਗਠਨ ਉੱਤੇ ਸੀ, ਜੋ ਸਾਰਿਆਂ ਨੂੰ ਪ੍ਰਵਾਨ ਹੋਵੇ ਅਤੇ ਜੋ ਵਿਕਾਸ ਦਾ ਰਾਹ ਅਪਣਾ ਸਕੇ।

  11. ਅਫ਼ਗਾਨ ਸ਼ਹਿਰ ਵਿੱਚ ਤਾਲਿਬਾਨ ਵਿਰੋਧੀ ਪ੍ਰਦਰਸ਼ਨ

    ਬੀਬੀਸੀ ਪਸ਼ਤੋ ਸਰਵਿਸ ਦੀ ਰਿਪੋਰਟ ਮੁਤਾਬਕ, ਜਲਾਲਾਬਾਦ, ਕੁਨਾਰ ਅਤੇ ਖੋਸਤ ਵਿੱਚ ਤਾਲਿਬਾਨ ਵਿਰੋਧੀ ਪ੍ਰਦਰਸ਼ਨ ਦੇਖੇ ਗਏ ਹਨ।

    ਜਿਸ ਦੌਰਾਨ ਮੁਜ਼ਹਰਾਕਾਰੀ ਅਫ਼ਗਾਨੀ ਝੰਡੇ ਲਹਿਰਾ ਰਹੇ ਸਨ।

    ਸਾਡੇ ਪੱਤਰਕਾਰ ਦਾ ਕਹਿਣਾ ਹੈ ਕਿ ਇਹ ਦੇਸ਼ ਭਰ ਵਿਚ ਫੈਲੇਗਾ, ਅਜਿਹਾ ਅਜੇ ਕਹਿਣਾ ਬਹੁਤ ਜਲਦਬਾਜ਼ੀ ਹੋਵੇਗਾ ਪਰ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਅਤੇ ਤਾਲਿਬਾਨ ਪ੍ਰੇਸ਼ਾਨ ਹੈ।

    ਪੰਜਸ਼ੀਰ ਵੈਲੇ ਦੀਆਂ ਅਪੁਸ਼ਟ ਵੀਡੀਓਜ਼ ਵਿੱਚ ਸਾਬਕਾ ਨੌਰਥਨ ਗਠਜੋੜ ਵਾਲਿਆਂ ਦਾ ਝੰਡੇ ਵਾਲੇ ਮੋਟਰ ਸਾਈਕਲਾਂ ਦਾ ਵੱਡਾ ਕਾਫ਼ਲਾ ਦੇਖਿਆ ਗਿਆ ਹੈ।

    ਉਨ੍ਹਾਂ ਨੂੰ ਸਾਬਕਾ ਉਪ ਰਾਸ਼ਟਰਪਤੀ ਉਮਰਉੱਲਾ ਸਾਲੇਹ ਦੀ “ਵਿਰੋਧ ਵਾਲੀ ਸੈਨਾ” ਕਿਹਾ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨਿਆ ਸੀ।

    ਤਾਜਿਕਸਤਾਨ ਦੇ ਅਫ਼ਗਾਨ ਦੂਤਾਵਾਸ ਦੇ ਅਧਿਕਾਰੀਆਂ ਨੇ ਸਾਲੇਹ ਦੀਆਂ ਤਸਵੀਰਾਂ ਪਹਿਲਾ ਹੀ ਲਗਾ ਦਿੱਤੀਆਂ ਸਨ, ਉਨ੍ਹਾਂ ਨੇ ਸਾਲੇਹ ਨੂੰ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਹੈ।

    ਤਾਲਿਬਾਨ ਨੇ ਅਜੇ ਤੱਕ ਕਿਸੇ ਵੀ ਘਟਨਾਕ੍ਰਮ ’ਤੇ ਕੋਈ ਟਿੱਪਣੀ ਨਹੀਂ ਕੀਤੀ।

  12. ਮੈਨੂੰ ਔਰਤਾਂ ਦੇ ਹੱਕਾਂ ਬਾਰੇ ਤਾਲਿਬਾਨ ’ਤੇ ਭਰੋਸਾ ਨਹੀਂ ਹੈ˸ ਪ੍ਰੀਤੀ ਪਟੇਲ

    ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਨੇ ਕਿਹਾ ਕਿ ਔਰਤਾਂ “ਇਸਲਾਮੀ ਢਾਂਚੇ ਤਹਿਤ” ਸਮਾਜ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣਗੀਆਂ।

    ਉਨ੍ਹਾਂ ਨੇ ਕਿਹਾ ਕਿ ਉਹ ਇਸਲਾਮ ਦੀ ਕਾਨੂੰਨ ਵਿਵਸਥਾ ਤਹਿਤ ਦੇਸ਼ ’ਤੇ ਸ਼ਾਸਨ ਕਰੇਗਾ।

    ਜਦੋਂ ਤਾਲਿਬਾਨ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ, ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਬੀਬੀਸੀ ਨੂੰ ਦੱਸਿਆ, “ਵਰਤਮਾਨ ਵਿੱਚ ਅਸੀਂ ਜੋ ਪੀਆਰ ਆਪਰੇਸ਼ਨ ਦੇਖ ਰਹੇ ਹਾਂ ਉਸ ’ਤੇ ਭਰੋਸਾ ਕਰਨਾ ਔਖਾ ਹੈ।”

    ਉਨ੍ਹਾਂ ਬੀਬੀਸੀ ਰੇਡੀਓ 4 ਦੇ ਵੂਮੈਨ ਓਵਰ ਨੂੰ ਦੱਸਿਆ, “ਮੈਂ ਪਹਿਲੀ ਵਾਰ ਅਸਹਿਣਯੋਗ ਹਾਲਾਤ, ਤਸੀਹੇ, ਔਰਤਾਂ ਦੇ ਸ਼ੋਸ਼ਣ ਨੂੰ ਦੇਖਿਆ ਹੈ। ਇਹ ਰਾਤੋਰਾਤ ਨਹੀਂ ਬਦਲਣ ਵਾਲਾ।”

  13. ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦਾ ਭਾਰਤ 'ਤੇ ਕੀ ਅਸਰ ਹੋਵੇਗਾ

    ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਜਿਸ ਤੇਜ਼ੀ ਨਾਲ ਤਾਲਿਬਾਨ ਦਾ ਕਬਜ਼ਾ ਹੋਇਆ ਹੈ, ਇਸ ਦਾ ਅੰਦਾਜ਼ਾ ਸ਼ਾਇਦ ਕਈ ਦੇਸ਼ਾਂ ਅਤੇ ਖ਼ੁਦ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਵੀ ਨਹੀਂ ਸੀ।

    ਨਹੀਂ ਤਾਂ ਇੱਕ ਦਿਨ ਪਹਿਲਾਂ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ਵਾਸੀਆਂ ਨੂੰ ਵੀਡੀਓ ਸੰਦੇਸ਼ ਦੇ ਕੇ ਅਗਲੇ ਹੀ ਦਿਨ ਦੇਸ਼ ਛੱਡ ਕੇ ਨਹੀਂ ਜਾਂਦੇ।

    ਇਸ ਦੇ ਨਾਲ ਹੀ ਅਮਰੀਕਾ ਐਮਰਜੈਂਸੀ ਵਿੱਚ ਆਪਣੇ ਦੂਤਾਵਾਸ ਨੂੰ ਬੰਦ ਕਰ ਕੇ ਲੋਕਾਂ ਨੂੰ ਹਫੜਾ-ਦਫੜੀ ਵਿੱਚ ਨਾ ਕੱਢਦਾ।

    ਅਜਿਹੇ ਵਿੱਚ ਅਫ਼ਗਾਨਿਸਤਾਨ ਦੀ ਗਨੀ ਸਰਕਾਰ ਅਤੇ ਅਮਰੀਕਾ ਦਾ ਸਾਥੀ ਭਾਰਤ ਵੀ ਅੱਜ ਖ਼ੁਦ ਨੂੰ ਅਜੀਬ ਹਾਲਾਤ ਵਿੱਚ ਮਹਿਸੂਸ ਕਰ ਰਿਹਾ ਹੈ।

    ਪੂਰਾ ਵਿਸ਼ਲੇਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ।

  14. ਤਾਲਿਬਾਨ ਪਾਕਿਸਤਾਨ ਦੀ ਸਰਹੱਦ 'ਤੇ, ਕੀ ਹਨ ਹਾਲਾਤ, ਇਹ ਵੀਡੀਓ ਰਿਪੋਰਟ 17 ਅਗਸਤ ਦੀ ਹੈ

    ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ਦੀ ਸਰਹੱਦ ਅੰਦਰ ਲੋਕਾਂ ਦਾ ਆਉਣਾ ਜਾਰੀ ਹੈ।

    ਬਾਰਡਰ 'ਤੇ ਸੁਰੱਖਿਆ ਬਲਾਂ ਦੇ ਨਾਲ ਨਾਲ ਤਾਲਿਬਾਨ ਦੇ ਲੜਾਕੇ ਵੀ ਮੌਜੂਦ ਹਨ।

    ਬੀਬੀਸੀ ਪੱਤਰਕਾਰ ਸਾਰਾ ਅਤੀਕ ਨੇ 17 ਅਗਸਤ ਨੂੰ ਸਰਹੱਦ ਦੀਆਂ ਸਰਗਰਮੀਆਂ ਦਾ ਜਾਇਜ਼ਾ ਲਿਆ।

  15. ਜਲਾਲਾਬਾਦ ਵਿੱਚ ਰੋਸ-ਪ੍ਰਦਰਸ਼ਨ

    ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਲਾਲਾਬਾਦ ਦੀਆਂ ਸੜਕਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ।

    ਉਹ ਤਾਲਿਬਾਨ ਨੂੰ ਅਫ਼ਾਗਨਿਸਤਾਨ ਦਾ ਕੌਮੀ ਝੰਡਾ ਨਾ ਬਦਲਣ ਲਈ ਕਹਿ ਰਹੇ ਹਨ।

    ਬੀਤੇ ਦਿਨ ਅਜਿਹੇ ਹੀ ਪ੍ਰਦਰਸ਼ਨ ਹੋਰਨਾਂ ਇਲਾਕਿਆਂ ਵਿੱਚ ਰਿਪੋਰਟ ਹੋਏ ਹਨ।

    ਕਈ ਵੀਡੀਓ ਵਿੱਚ ਉਨ੍ਹਾਂ ਇਲਾਕਿਆਂ ਵਿੱਚ ਗੋਲੀਆਂ ਚਲਦੀਆਂ ਵੀ ਨਜ਼ਰ ਆਈਆਂ, ਜਿੱਥੇ ਭੀੜ ਸੀ।

    ਅਜੇ ਇਹ ਸਪੱਸ਼ਟ ਨਹੀਂ ਹੈ ਇਸ ਵਿੱਚ ਕਿਸੇ ਨੂੰ ਨੁਕਸਾਨ ਹੋਇਆ ਹੈ ਜਾਂ ਨਹੀਂ।

  16. ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਬਾਰੇ ਪਾਕਿਸਤਾਨ ਬੋਲਿਆ, “ਇੰਝ ਹੀ ਨਹੀਂ ਦੇਵੇਗਾ”

    ਪਾਕਿਸਤਾਨ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਬਾਰੇ ਇੱਕ ਪਾਸੜ ਫ਼ੈਸਲਾ ਨਹੀਂ ਕਰੇਗਾ।

    ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਖੇਤਰੀ ਅਤੇ ਕੌਮਾਂਤਰੀ ਸ਼ਕਤੀਆਂ ਦੇ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕਰਾਂਗੇ।

    ਫਵਾਦ ਨੇ ਚੌਧਰੀ ਨੇ ਕਿਹਾ, “ਜੋ ਵੀ ਫ਼ੈਸਲਾ ਹੋਵੇਗਾ, ਉਹ ਇੱਕਪਾਸੜ ਜਾਂ ਦੋਪਾਸੜ ਨਹੀਂ ਬਲਕਿ ਇਹ ਬਹੁਪੱਖੀ ਫ਼ੈਸਲਾ ਹੋਵੇਗਾ। ਇਸ ਲਈ ਅਸੀਂ ਇਕੱਲੇ ਕੋਈ ਫ਼ੈਸਲਾ ਨਹੀਂ ਕਰਨਾ ਚਾਹੁੰਦੇ।”

    “ਅਸੀਂ ਖੇਤਰ ਵਿੱਚ ਵੀ ਅਤੇ ਆਪਣੇ ਕੌਮਾਂਤਰੀ ਸਾਥੀਆਂ ਦੇ ਸੰਪਰਕ ਹਾਂ ਅਤੇ ਅਸੀਂ ਉਸੇ ਹਿਸਾਬ ਨਾਲ ਫ਼ੈਸਲਾ ਲਵਾਂਗੇ।”

    ਪਾਕਿਸਤਾਨ ਨੇ ਪਹਿਲਾ ਦਿੱਤੀ ਸੀ ਮਾਨਤਾ

    ਤਾਲਿਬਾਨ ਨੇ ਜਦੋਂ ਪਿਛਲੀ ਵਾਰ 90 ਦੇ ਦਹਾਕੇ ਵਿੱਚ ਆਫ਼ਗਾਨਿਸਤਾਨ ਦੀ ਸੱਤਾ ਹੱਥ ਵਿੱਚ ਲਈ ਸੀ ਤਾਂ ਕੇਵਲ ਤਿੰਨ ਦੇਸ਼ਾਂ ਨੇ ਉਸ ਦੀ ਸਰਕਾਰ ਨੂੰ ਮਾਨਤਾ ਦਿੱਤੀ ਸੀ।

    ਉਹ ਦੇਸ਼ ਸਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ।

    ਪਰ 1996 ਤੋਂ 2001 ਦੇ ਦੌਰ ਵਿੱਚ ਅਫ਼ਗਾਨਿਸਤਾਨ ਬਾਕੀ ਦੁਨੀਆਂ ਨਾਲੋਂ ਲਗਭਗ ਕੱਟਿਆ ਹੋਇਆ ਸੀ।

  17. ਅਫ਼ਗਾਨਿਸਤਾਨ˸ ਅਸ਼ਰਫ਼ ਗਨੀ ਕਿੱਥੇ ਹੈ?

    ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਤੀ ਪਿਛਲੇ ਐਤਵਾਰ ਨੂੰ ਦੇਸ਼ ਛੱਡ ਕੇ ਭੱਜ ਗਏ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਵੇਲੇ ਉਹ ਕਿੱਥੇ ਹਨ ਤੇ ਕਿਸ ਦੇਸ਼ ਵਿੱਚ ਹਨ।

    ਕਾਬੁਲ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੇ ਉਜਬੇਕਿਸਤਾਨ ਜਾਂ ਤਜਾਕਿਸਤਾਨ ਵਰਗੇ ਗੁਆਂਢੀ ਮੁਲਕਾਂ ਵਿੱਚ ਯਾਤਰਾ ਕੀਤੀ ਹੈ ਅਤੇ ਹੋਰ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਓਮਾਨ ਵੱਲ ਜਾਣ ਦੇ ਵੀ ਕਿਆਸ ਹਨ।

    ਬੁੱਧਵਾਰ ਨੂੰ ਗ਼ੈਰ-ਤਸਦੀਕਸ਼ੁਦਾ ਅਤੇ ਅਪੁਸ਼ਟ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਆਬੂ ਧਾਬੀ ਵਿੱਚ ਦੇਖਿਆ ਗਿਆ ਹੈ।

    2014 ਤੋਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਰਹੇ ਗਨੀ ਦਾ ਇੰਝ ਜਾਣਾ ਵਿਵਾਦ ਦਾ ਵਿਸ਼ਾ ਬਣ ਗਿਆ ਹੈ। ਸਰਕਾਰ ਦੇ ਮੰਤਰੀ ਵੀ ਉਨ੍ਹਾਂ ਦੇ ਭੱਜਣ ਦੀ ਆਲੋਚਨਾ ਕਰ ਰਹੇ ਹਨ।

    ਗਨੀ ਨੇ ਇਸ ਕਦਮ ਦਾ ਬਚਾਅ ਕਰਦਿਆਂ ਫੇਸਬੁੱਕ ਉੱਤੇ ਕਿਹਾ ਹੈ, “ਖ਼ੂਨ-ਖ਼ਰਾਬੇ ਤੋਂ ਬਚਣ ਲਈ ਮੈਂ ਸੋਚਿਆ ਕਿ ਛੱਡ ਦੇਣਾ ਬਿਹਤਰ ਹੈ।”

  18. ਅਫ਼ਗਾਨਿਸਤਾਨ:ਪ੍ਰਮੁੱਖ ਘਟਨਾਕ੍ਰਮ

    • ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਜੋ ਐਤਵਾਰ ਨੂੰ ਦੇਸ਼ ਛੱਡ ਕੇ ਚਲੇ ਗਏ ਸਨ। ਅਜੇ ਤੱਕ ਉਨ੍ਹਾਂ ਦੇ ਪਤੇ-ਟਿਕਾਣੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।
    • ਤਾਲਿਬਾਨ ਆਗੂਆਂ ਨੇ ਕਿਹਾ ਹੈ ਕਿ ਉਹ ਆਪਣੇ ਪਿਛਲੇ ਰਾਜ ਦੇ ਉਲਟ ਜਲਦੀ ਹੀ ਦੁਨੀਆਂ ਦੇ ਸਾਹਮਣੇ ਆਉਣਗੇ।
    • ਤਾਲਿਬਾਨ ਦੇ ਸਹਿ-ਮੋਢੀ ਮੁੱਲ੍ਹਾ ਬਰਦਾਰ ਕੰਧਾਰ ਪਹੁੰਚ ਗਏ ਹਨ ਅਤੇ ਉਮੀਦ ਹੈ ਕਿ ਉਹ ਬੁੱਧਵਾਰ ਜਾਂ ਵੀਰਵਾਰ ਤੱਕ ਰਾਜਧਾਨੀ ਕਾਬੁਲ ਪਹੁੰਚ ਜਾਣਗੇ।
    • ਅਫ਼ਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਅਤੇ ਅਫ਼ਗਾਨ ਲੋਕਾਂ ਨੂੰ ਲਿਜਾਣ ਗਈਆਂ ਉਡਾਣਾਂ ਆਪੋ-ਆਪਣੇ ਦੇਸ਼ਾਂ ਨੂੰ ਪਰਤਣੀਆਂ ਸ਼ੁਰੂ ਹੋ ਗਈਆਂ ਹਨ।
    • ਆਸਟਰੇਲੀਆ ਦੀ ਉਡਾਣ ਵਿੱਚ 26 ਜਣੇ, ਜਰਮਨੀ ਨੇ 131 ਅਤੇ ਡੱਚ ਉਡਾਣ ਵਿੱਚ 40 ਜਣੇ ਅਫ਼ਗਾਨਿਸਤਾਨ ਵਿੱਚੋਂ ਕੱਢੇ ਗਏ ਹਨ।
    • ਰਾਜਧਾਨੀ ਕਾਬੁਲ ਵਿੱਚ ਜ਼ਿੰਦਗੀ ਵਾਪਸੀ ਰਵਾਨਗੀ ਫੜ੍ਹ ਰਹੀ ਹੈ।
    • ਅਲਜਜ਼ੀਰਾ ਦੇ ਇੱਕ ਪੱਤਰਕਾਰ ਮੁਤਾਬਕ ਦੁਕਾਨ ਅਤੇ ਰੈਸਟੋਰੈਂਟ ਮੁੜ ਤੋਂ ਖੁੱਲ੍ਹ ਰਹੇ ਹਨ। ਕੁਝ ਔਰਤਾਂ ਵੀ ਸੜਕਾਂ ਉੱਪਰ ਦੇਖੀਆਂ ਗਈਆਂ ਹਨ।
  19. ਸ਼ਰੀਆ ਕਨੂੰਨ ਕੀ ਹੈ?

    ਤਾਲਿਬਾਨ ਨੇ ਅਫ਼ਗਾਨਿਸਤਾਨ ਦਾ ਸ਼ਾਸਨ ਸੰਭਾਲਣ ਤੋਂ ਬਾਅਦ ਕਿਹਾ ਹੈ ਕਿ ਔਰਤਾਂ ਨੂੰ ਸ਼ਰੀਆ ਕਾਨੂੰਨ ਮੁਤਾਬਕ ਹੱਕ ਹਾਸਲ ਹੋਣਗੇ। ਉਨ੍ਹਾਂ ਨੇ ਔਰਤਾਂ ਨੂੰ ਤਾਲਿਬਾਨ ਪ੍ਰਸ਼ਾਸਨ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ ਸੀ।

    ਸ਼ਰੀਆ ਕਨੂੰਨ ਇਸਲਾਮਿਕ ਕਨੂੰਨ ਪ੍ਰਣਾਲੀ ਹੈ ਜੋ ਇਸਲਾਮ ਦੀ ਪਵਿੱਤਰ ਮੰਨੀ ਜਾਣ ਵਾਲੀ ਕਿਤਾਬ ਕੁਰਾਨ, ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ ਉੱਪਰ ਅਧਾਰਿਤ ਇਸਲਾਮ ਦੀਆਂ ਮੁੱਢਲੀਆਂ ਸਿੱਖਿਆਵਾਂ ਅਤੇ ਇਸਲਾਮੀ ਵਿਦਵਾਨਾਂ ਦੇ ਫ਼ਤਵਿਆਂ ਉੱਪਰ ਅਧਾਰਿਤ ਹੈ।

    ਸ਼ਰੀਆ ਦਾ ਸ਼ਬਦੀ ਅਰਥ ਹੈ- “ਮੰਜ਼ਿਲ ਤੱਕ ਪਹੁੰਚਣ ਲਈ ਸਪਸ਼ਟ ਰਾਹ।”

    ਸਾਰੇ ਮੁਸਲਮਾਨਾਂ ਲਈ ਸ਼ਰੀਆ ਕਾਨੂੰਨ ਇੱਕ ਜੀਵਨ ਜਾਚ ਦਾ ਕੰਮ ਕਰਦਾ ਹੈ। ਇਸ ਵਿੱਚ ਦੁਆ ਕਰਨਾ, ਰੋਜ਼ੇ ਰੱਖਣਾ ਅਤੇ ਗ਼ਰੀਬਾਂ ਅਤੇ ਲੋੜਵੰਦਾਂ ਲਈ ਕੰਮ ਕਰਨਾ ਸ਼ਾਮਲ ਹੈ।

    ਸ਼ਰੀਆ ਕਨੂੰਨ ਕਿਸੇ ਮੁਸਲਮਾਨ ਦੀ ਜ਼ਿੰਦਗੀ ਦੇ ਹਰ ਪਹਿਲੂ ਜਾਣੀ ਪਰਿਵਾਰ, ਆਰਥਿਕ ਅਤੇ ਕਾਰੋਬਾਰੀ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।

    ਇਸ ਵਿੱਚ ਸਜ਼ਾ ਦਾ ਬੰਦੋਬਸਤ ਵੀ ਹੈ- ਜਿਵੇਂ ਚੋਰੀ ਲਈ ਚੋਰ ਦੇ ਹੱਥ ਕੱਟ ਦੇਣਾ ਅਤੇ ਵਿਭਾਚਾਰ ਲਈ ਸੰਗਸਾਰ (ਪੱਥਰ ਮਾਰ ਕੇ ਮਾਰ ਦੇਣਾ) ਵਰਗੀਆਂ ਸਖ਼ਤ ਸਜ਼ਾਵਾਂ ਸ਼ਾਮਲ ਹਨ।

  20. 50 ਸਾਲ ਪੁਰਾਣਾ ਅਫ਼ਗਾਨਿਸਤਾਨ ਤੁਹਾਨੂੰ ਹੈਰਾਨ ਕਰ ਦੇਵੇਗਾ, ਬੀਬੀਸੀ ਮਰਾਠੀ, ਐਡਿਟ- ਦੀਪਕ ਜਸਰੋਟੀਆ

    ਇਸ ਵੀਡੀਓ ਵਿੱਚ ਅਜਿਹੀਆਂ ਤਸਵੀਰਾਂ ਦਾ ਜ਼ਿਕਰ ਜਿਨ੍ਹਾਂ ਨੂੰ ਦੇਖ ਤੁਹਾਨੂੰ ਹੈਰਾਨੀ ਹੋਵੇਗੀ।

    50 ਸਾਲ ਪਹਿਲਾਂ ਦੀਆਂ ਤਸਵੀਰਾਂ ਅੱਜ ਦੇ ਅਫ਼ਗਾਨਿਸਤਾਨ ਤੋਂ ਬਿਲਕੁਲ ਉਲਟ ਸਨ।

    ਔਰਤਾਂ ਨੂੰ ਬੁਰਕਾ ਪਾਉਣ ਦੀ ਮਜ਼ਬੂਰੀ ਨਹੀਂ ਸੀ, ਉਹ ਆਜ਼ਾਦੀ ਨਾਲ ਕਾਬੁਲ ਦੀਆਂ ਸੜਕਾਂ ’ਤੇ ਘੁੰਮ ਸਕਦੀਆਂ ਸਨ।

    1990 ਦੇ ਦਹਾਕੇ ਵਿੱਚ ਆਕੇ ਬਹੁਤ ਕੁਝ ਬਦਲ ਗਿਆ।