ਅਫਗਾਨਿਸਤਾਨ ਦੀ 'ਤਿੰਨ ਲੱਖ ਦੀ ਸੰਗਠਿਤ ਫੌਜ' ਤਾਲਿਬਾਨ ਦੇ ਸਾਹਮਣੇ ਕਿਉਂ ਖੜੀ ਨਹੀਂ ਰਹਿ ਸਕੀ

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਤਰੀਕ˸ 8 ਜੁਲਾਈ, 2021, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਇੱਕ ਪੱਤਰਕਾਰ ਦੇ ਸਵਾਲ-ਜਵਾਬ 'ਤੇ ਗ਼ੌਰ ਕਰੋ।

ਸਵਾਲ˸ ਕੀ ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋਣਾ ਹੁਣ ਤੈਅ ਹੈ?

ਜਵਾਬ˸ ਨਹੀਂ, ਅਜਿਹਾ ਨਹੀਂ ਹੈ।

ਸਵਾਲ˸ ਅਜਿਹਾ ਕਿਉਂ?

ਜਵਾਬ˸ ਕਿਉਂਕਿ ਅਫ਼ਗਾਨ ਸਰਕਾਰ ਕੋਲ ਤਿੰਨ ਲੱਖ ਦੀ ਸੰਗਠਿਤ ਫੌਜ ਹੈ, ਇੱਕ ਹਵਾਈ ਸੈਨਾ ਹੈ ਜਦਕਿ ਤਾਲਿਬਾਨ ਦੀ ਗਿਣਤੀ ਕਰੀਬ 75 ਹਜ਼ਾਰ ਹੈ। ਕਬਜ਼ਾ ਹੋਣਾ ਤੈਅ ਨਹੀਂ ਹੈ।

ਇਸ ਪੱਤਰਕਾਰ ਗੱਲਬਾਤ ਵਿੱਚ ਬਾਇਡਨ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਤਾਲਿਬਾਨ 'ਤੇ ਭਰੋਸਾ ਕਰਦੇ ਹਨ? ਬਾਇਡਨ ਨੇ ਜਵਾਬ ਵਿੱਚ ਪੁੱਛਿਆ ਕਿ ਕੀ ਇਹ ਗੰਭੀਰ ਸਵਾਲ ਹੈ?

ਇਹ ਵੀ ਪੜ੍ਹੋ-

ਜਦੋਂ ਪੱਤਰਕਾਰ ਨੇ ਕਿਹਾ ਕਿ ਇਹ ਬਿਲਕੁਲ ਗੰਭੀਰ ਸਵਾਲ ਹੈ ਤਾਂ ਬਾਇਡਨ ਨੇ ਕਿਹਾ, "ਨਹੀਂ, ਮੈਂ ਨਹੀਂ ਕਰਦਾ।"

ਜਦੋਂ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਸੀਂ ਤਾਲਿਬਾਨ ਨੂੰ ਦੇਸ ਸੌਂਪਣ 'ਤੇ ਭਰੋਸਾ ਕਰਦੇ ਹੋ, ਤਾਂ ਬਾਇਡਨ ਦਾ ਜਵਾਬ ਸੀ, "ਨਹੀਂ, ਮੈਨੂੰ ਤਾਲਿਬਾਨ 'ਤੇ ਭਰੋਸਾ ਨਹੀਂ ਹੈ।"

ਕੁਝ ਹੋਰਨਾਂ ਸਵਾਲਾਂ ਦੇ ਜਵਾਬ ਵਿੱਚ ਬਾਇਡਨ ਨੇ ਇਹ ਮੰਨਿਆ ਸੀ ਕਿ 2001 ਤੋਂ ਬਾਅਦ ਤਾਲਿਬਾਨ ਸੈਨਿਕ ਵਜੋਂ ਸਭ ਤੋਂ ਮਜ਼ਬੂਤ ਸਥਿਤੀ ਵਿੱਚ ਹੈ।

ਪਰ ਇਸ ਦੇ ਨਾਲ ਇਹ ਵੀ ਕਿਹਾ ਸੀ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਤਾਲਿਬਾਨ ਹਰ ਪਾਸੇ ਹਾਵੀ ਹੋ ਜਾਵੇ ਅਤੇ ਪੂਰੇ ਦੇਸ਼ 'ਤੇ ਕਾਬਿਜ਼ ਹੋ ਜਾਵੇ।

ਕਰੀਬ ਇੱਕ ਮਹੀਨੇ ਬਾਅਦ ਜਿਸ ਤਰ੍ਹਾਂ ਤਾਲਿਬਾਨ ਵੀ ਮੰਨ ਰਹੇ ਹਨ ਕਿ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਦੇਸ 'ਤੇ ਕਬਜ਼ਾ ਇੰਨਾ ਸੌਖਾ ਹੋਵੇਗਾ।

ਹਾਲ ਵਿੱਚ ਹੀ ਲੀਕ ਹੋਈ ਇੱਕ ਅਮਰੀਕੀ ਖ਼ੁਫ਼ੀਆ ਰਿਪੋਰਟ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਕਾਬੁਲ 'ਤੇ ਹਫ਼ਤਿਆਂ ਅੰਦਰ ਹਮਲਾ ਹੋ ਸਕਦਾ ਹੈ ਅਤੇ ਸਰਕਾਰ 90 ਦਿਨਾਂ ਅੰਦਰ ਡਿੱਗ ਸਕਦੀ ਹੈ।

ਦੁਨੀਆਂ ਭਰ ਦੇ ਦੇਸਾਂ ਵਿੱਚ ਵੀ ਇਹੀ ਕਿਆਸ ਲਗਾਏ ਜਾ ਰਹੇ ਸਨ ਕਿ ਆਉਣ ਵਾਲੇ ਮਹੀਨਿਆਂ ਵਿੱਚ ਤਾਲਿਬਾਨ ਪੂਰੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਸਕਦਾ ਹੈ।

ਪਰ ਅਫ਼ਗਾਨਿਸਤਾਨ ਵਿੱਚ ਜੋ ਘਟਨਾਕ੍ਰਮ ਪਿਛਲੇ ਦਿਨਾਂ 'ਚ ਦੇਖਿਆ ਗਿਆ, ਸ਼ਾਇਦ ਹੀ ਕਿਸੇ ਨੂੰ ਕੋਈ ਅੰਦਾਜ਼ਾ ਸੀ ਕਿ ਇਹ ਸਭ ਇੰਨੀ ਜਲਦੀ ਅਤੇ ਇੰਨੇ ਸੌਖੇ ਤਰੀਕੇ ਨਾਲ ਹੋ ਜਾਵੇਗਾ।

9 ਜੁਲਾਈ ਤੋਂ 15 ਅਗਸਤ ਤੱਕ ਤਾਲਿਬਾਨ ਦਾ ਸਫ਼ਰ

9 ਜੁਲਾਈ ਅਤੇ 15 ਅਗਸਤ ਵਿਚਾਲੇ ਵਕਫ਼ੇ ਨੂੰ ਕਰੀਬ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਤਾਲਿਬਾਨ ਕਿੰਨੀ ਤੇਜ਼ੀ ਨਾਲ ਅਫ਼ਗਾਨਿਸਤਾਨ ਵਿੱਚ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਅੱਗੇ ਵਧਿਆ।

9 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਕੁਲ 398 ਜ਼ਿਲ੍ਹਿਆਂ ਵਿੱਚੋਂ ਤਾਲਿਬਾਨ ਦੇ ਕੰਟ੍ਰੋਲ ਕੇਵਲ 90 ਜ਼ਿਲ੍ਹਿਆਂ ਤੱਕ ਸੀਮਤ ਸੀ। ਬਾਕੀ ਬਚੇ ਜ਼ਿਲ੍ਹਿਆਂ ਵਿੱਚੋਂ ਇੱਕ 141 ਅਫ਼ਗਾਨ ਸਰਕਾਰ ਦੇ ਕਬਜ਼ੇ ਵਿੱਚ ਸਨ ਅਤੇ 167 ਜ਼ਿਲ੍ਹਿਆਂ 'ਤੇ ਅਫ਼ਗਾਨ ਸੈਨਾ ਅਤੇ ਤਾਲਿਬਾਨ ਵਿੱਚ ਸੰਘਰਸ਼ ਜਾਰੀ ਸੀ।

ਤਾਲਿਬਾਨ ਦੇ ਕੰਟ੍ਰੋਲ ਵਿੱਚ ਹੋਣ ਦਾ ਮਤਲਬ ਇਹ ਹੈ ਕਿ ਪ੍ਰਸ਼ਾਸਨਿਕ ਕੇਂਦਰ, ਪੁਲਿਸ ਦੇ ਮੁੱਖ ਦਫ਼ਤਰ ਅਤੇ ਹੋਰ ਸਾਰੀਆਂ ਸਰਕਾਰੀ ਸੰਸਥਾਵਾਂ ਤਾਲਿਬਾਨ ਦੇ ਹੱਥਾਂ ਵਿੱਚ ਸਨ।

9 ਜੁਲਾਈ ਨੂੰ ਹੀ ਤਾਲਿਬਾਨ ਨੇ ਪੂਰੇ ਉੱਤਰੀ ਅਫ਼ਗਾਨਿਸਤਾਨ ਵਿੱਚ ਕੀਤੇ ਗਏ ਵੱਡੇ ਹਮਲਿਆਂ ਵਿੱਚ ਇਰਾਨ ਅਤੇ ਤੁਰਕਮੇਨਿਸਤਾਨ ਦੇ ਨਾਲ ਲੱਗੇ ਅਹਿਮ ਬਾਰਡਰ ਕ੍ਰੋਸਿੰਗ 'ਤੇ ਕਬਜ਼ਾ ਕਰ ਲਿਆ।

ਇਹ ਬਾਰਡਰ ਕ੍ਰੋਸਿੰਗ ਸੀ, ਇਰਾਨ ਸੀਮਾ ਦੇ ਕੋਲ ਇਸਲਾਮਕਲਾਂ ਅਤੇ ਤੁਰਕਮੇਨਿਸਤਾਨ ਦੀ ਸੀਮਾ ਨਾਲ ਲੱਗੀ ਤੋਰਗੁੰਡੀ।

29 ਜੁਲਾਈ ਤੱਕ ਤਾਲਿਬਾਨ ਨੇ 105 ਜ਼ਿਲ੍ਹਿਆਂ 'ਤੇ ਕੰਟ੍ਰੋਲ ਕਰ ਲਿਆ ਸੀ ਅਤੇ ਅਫ਼ਗਾਨ ਸਰਕਾਰ ਦੇ ਕੰਟ੍ਰੋਲ ਵਿੱਚ ਸਿਰਫ਼ 135 ਜ਼ਿਲ੍ਹੇ ਹੀ ਰਹੇ ਗਏ ਸਨ। ਅਜੇ ਵੀ 158 ਜ਼ਿਲ੍ਹਿਆਂ ਵਿੱਚ ਦੋਵਾਂ ਵਿਚਾਲੇ ਸੰਘਰਸ਼ ਜਾਰੀ ਸੀ।

10 ਅਗਸਤ ਤੱਕ ਆਉਂਦਿਆਂ-ਆਉਂਦਿਆਂ ਹਾਲਾਤ ਵਿੱਚ ਵੱਡਾ ਬਦਲਾਅ ਨਹੀਂ ਆਇਆ, ਤਾਲਿਬਾਨ ਦੇ ਕੰਟ੍ਰੋਲ ਵਿੱਚ 109 ਜ਼ਿਲ੍ਹੇ, ਅਫ਼ਗਾਨ ਸਰਕਾਰ ਦੇ ਕੰਟ੍ਰੋਲ ਵਿੱਚ 127 ਜ਼ਿਲ੍ਹੇ ਅਤੇ ਦੋਵਾਂ ਦੇ ਸੰਘਰਸ਼ ਵਾਲੇ 162 ਜ਼ਿਲ੍ਹੇ ਸਨ।

ਪਰ ਖ਼ਾਸ ਇਹ ਸੀ ਕਿ ਤੋਲੋਕਾਨ, ਕੁੰਦੂਜ਼ ਅਤੇ ਸ਼ਬਰਗ਼ਾਨ ਵਰਗੇ ਸ਼ਹਿਰਾਂ 'ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਸੀ।

ਪਰ 11 ਅਗਸਤ ਤੋਂ ਤਾਲਿਬਾਨ ਦੇ ਰੁਖ਼ ਵਿੱਚ ਇੱਕ ਤੇਜ਼ੀ ਆਈ। ਇਹ ਉਹ ਦਿਨ ਸੀ ਜਦੋਂ ਤਾਲਿਬਾਨ ਨੇ ਫ਼ੈਜ਼ਾਬਾਦ ਅਤੇ ਪੁਲ-ਏ-ਖੁਮਰੀ 'ਤੇ ਕਬਜ਼ਾ ਜਮਾਇਆ ਅਤੇ ਕੁੱਲ 117 ਜ਼ਿਲ੍ਹਿਆਂ ਵਿੱਚ ਆਪਣਾ ਝੰਡੇ ਲਹਿਰਾ ਦਿੱਤਾ।

11 ਅਗਸਤ ਤੱਕ ਅਫ਼ਗਾਨ ਸਰਕਾਰ ਦੇ ਕੰਟ੍ਰੋਲ ਵਿੱਚ 122 ਜ਼ਿਲ੍ਹੇ ਹੀ ਬਚ ਗਏ ਸਨ ਅਤੇ 159 ਜ਼ਿਲ੍ਹੇ ਅਜਿਹੇ ਸਨ, ਜਿਨ੍ਹਾਂ ਵਿੱਚ ਹੁਣ ਵੀ ਦੋਵਾਂ ਵਿਚਾਲੇ ਸੰਘਰਸ਼ ਜਾਰੀ ਸੀ।

12 ਅਗਸਤ ਨੂੰ ਤਾਲਿਬਾਨ ਨੇ ਗ਼ਜ਼ਨੀ ਅਤੇ ਹੇਰਾਤ ਆਪਣੇ ਕਬਜ਼ੇ ਵਿੱਚ ਕਰ ਲਏ ਅਤੇ 13 ਅਗਸਤ ਆਉਂਦਿਆਂ-ਆਉਂਦਿਆਂ ਕੰਧਾਰ ਅਤੇ ਲਸ਼ਕਰ ਗਾਹ ਵੀ ਉਨ੍ਹਾਂ ਦੇ ਕੰਟ੍ਰੋਲ ਵਿੱਚ ਗਿਆ ਸੀ।

13 ਅਗਸਤ ਨੂੰ ਤਾਲਿਬਾਨ ਦੇ ਕਬਜ਼ੇ ਵਿੱਚ 132 ਜ਼ਿਲ੍ਹੇ, ਅਫ਼ਗ਼ਾਨ ਸਰਕਾਰ ਦੇ ਕੰਟ੍ਰੋਲ ਵਿੱਚ 114 ਜ਼ਿਲ੍ਹੇ ਅਤੇ ਦੋਵਾਂ ਦੇ ਟਕਰਾਅ ਵਾਲੇ 152 ਜ਼ਿਲ੍ਹੇ ਸਨ।

ਇਸ ਸੰਘਰਸ਼ ਦਾ ਰੁਖ਼ ਪੂਰੀ ਤਰ੍ਹਾਂ 15 ਅਗਸਤ ਨੂੰ ਪਲਟ ਗਿਆ, ਜਦੋਂ ਤਾਲਿਬਾਨ ਨੇ ਕੁੱਲ 398 ਜ਼ਿਲ੍ਹਿਆਂ ਵਿੱਚੋਂ ਇੱਕ 345 'ਤੇ ਆਪਣਾ ਕਬਜ਼ਾ ਜਮਾ ਲਿਆ।

ਇਹ ਉਹ ਦਿਨ ਸੀ ਜਦੋਂ ਤਾਲਿਬਾਨ ਨੇ ਮਜ਼ਾਰ-ਏ-ਸ਼ਰੀਫ਼ ਅਤੇ ਜਲਾਲਾਬਾਦ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ।

ਉਸ ਦਿਨ ਅਫ਼ਗ਼ਾਨ ਸਰਕਾਰ ਦੇ ਕੰਟ੍ਰੋਲ ਵਿੱਚ ਸਿਰਫ਼ 12 ਜ਼ਿਲ੍ਹਿਆਂ ਹੀ ਬਚੇ ਅਤੇ 41 ਜ਼ਿਲ੍ਹੇ ਹੁਣ ਵੀ ਅਜਿਹੇ ਸਨ, ਜਿੱਥੇ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਦੋਵਾਂ ਵਿਚਾਲੇ ਸੰਘਰਸ਼ ਜਾਰੀ ਸੀ।

ਅਫ਼ਗਾਨ ਸੈਨਾ ਦੀ ਵਫ਼ਾਦਾਰੀ 'ਤੇ ਸਵਾਲ?

ਅਜਮਲ ਅਹਿਮਦੀ ਅਫ਼ਗਾਨ ਬੈਂਕ ਦੇ ਗਵਰਨਰ ਹੋਣ ਨਾਲ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇ ਆਰਥਿਕ ਸਲਾਹਕਾਰ ਵੀ ਰਹੇ ਹਨ 16 ਅਗਸਤ ਸ਼ਾਮ ਉਨ੍ਹਾਂ ਨੇ ਟਵੀਟਸ ਦੀ ਇੱਕ ਕੜੀ ਰਾਹੀਂ ਆਪਣੇ ਕਾਬੁਲ ਨਾਲ ਨਿਕਲ ਕੇ ਭੱਜਣ ਦੀ ਪੁਸ਼ਟੀ ਕੀਤੀ ਅਤੇ ਇਸ ਦੇ ਨਾਲ ਹੀ ਅਫ਼ਗਾਨ ਸੁਰੱਖਿਆ ਬਲਾਂ ਦੀ ਵਫ਼ਾਦਾਰੀ 'ਤੇ ਸਵਾਲ ਚੁੱਕਿਆ।

ਅਹਿਮਦੀ ਨੇ ਲਿਖਿਆ, "ਪਿਛਲੇ ਹਫ਼ਤੇ ਅਫ਼ਗਾਨਿਸਤਾਨ ਵਿੱਚ ਸਰਕਾਰ ਦਾ ਪੱਲਾ ਇੰਨਾ ਤੇਜ਼ ਅਤੇ ਮੁਕੰਮਲ ਸੀ ਕਿ ਇਹ ਬੇਚੈਨ ਕਰਨ ਵਾਲਾ ਅਤੇ ਸਮਝਣ ਵਿੱਚ ਮੁਸ਼ਕਿਲ ਸੀ।"

ਉਨ੍ਹਾਂ ਨੇ ਲਿਖਿਆ ਕਿ ਹਾਲਾਂਕਿ, ਪਿਛਲੇ ਕੁਝ ਮਹੀਨਿਆਂ ਵਿੱਚ ਵਧੇਰੇ ਪੇਂਡੂ ਇਲਾਕਿਆਂ ਵਿੱਚ ਤਾਲਿਬਾਨ ਦਾ ਕਬਜ਼ਾ ਹੋ ਗਿਆ ਸੀ ਪਰ ਪਹਿਲੀ ਰਾਜਧਾਨੀ ਸਿਰਫ਼ ਇੱਕ ਹਫ਼ਤੇ ਅਤੇ ਦੋ ਦਿਨ ਪਹਿਲਾਂ ਹੀ ਤਾਲਿਬਾਨ ਦੇ ਕਬਜ਼ੇ ਵਿੱਚ ਆਈ ਸੀ।

ਅਹਿਮਦੀ ਨੇ ਲਿਖਿਆ ਕਿ ਸ਼ੁੱਕਰਵਾਰ 6 ਅਗਸਤ ਨੂੰ ਜਰਾਂਜ ਤਾਲਿਬਾਨ ਦੇ ਕਬਜ਼ੇ ਵਿੱਚ ਆਇਆ ਅਤੇ ਅਗਲੇ 6 ਦਿਨਾਂ ਵਿੱਚ ਕਈ ਹੋਰਨਾਂ ਪ੍ਰਾਂਤ ਅਫ਼ਗਾਨ ਸਰਕਾਰ ਦੇ ਕੰਟ੍ਰੋਲ ਤੋਂ ਬਾਹਰ ਨਿਕਲ ਗਏ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਲਿਖਿਆ, "ਕਈ ਅਫਵਾਹਾਂ ਸਨ ਕਿ ਲੜਾਈ ਨਾ ਕਰਨ ਦੇ ਨਿਰਦੇਸ਼ ਕਿਸੇ ਤਰ੍ਹਾਂ ਉੱਤੋਂ ਆ ਰਹੇ ਸਨ। ਇਸ ਨੂੰ ਅੱਤਾ ਨੂਰ ਅਤੇ ਇਸਮਾਇਲ ਖ਼ਾਨ ਨੇ ਦੁਹਰਾਇਆ ਹੈ।"

ਅੱਤਾ ਨੂਰ ਬਲਖ਼ ਪ੍ਰਾਂਤ ਦੇ ਸਾਬਕਾ ਗਵਰਨਰ ਹੈ, ਜੋ ਮਜ਼ਾਰ-ਏ-ਸ਼ਰੀਫ਼ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਵੇਲੇ ਸਥਾਨਕ ਸੈਨਾ ਦੀ ਕਮਾਨ ਸੰਭਾਲ ਰਹੇ ਸਨ।

ਨੂਰ ਦੇ ਟਵਿੱਟਰ 'ਤੇ ਲਿਖਿਆ, "ਸਾਡੇ ਸਖ਼ਤ ਵਿਰੋਧ ਦੇ ਬਾਵਜੂਦ ਦੁੱਖ ਦੀ ਗੱਲ ਹੈ ਕਿ ਇੱਕ ਵੱਡੇ ਸੰਗਠਿਤ ਅਤੇ ਕਾਇਰਾਨਾ ਸਾਜਿਸ਼ ਦੇ ਨਤੀਜੇ ਵਜੋਂ ਸਰਕਾਰੀ ਅਤੇ #ANDSF ਉਪਕਰਨ #ਤਾਲਿਬਾਨ ਨੂੰ ਸੌਂਪ ਦਿੱਤੇ ਗਏ।"

'ਹੇਰਾਤ ਦਾ ਸ਼ੇਰ' ਕਹੇ ਜਾਣ ਵਾਲੇ ਸਥਾਨਕ ਕਮਾਂਡਰ ਇਸਮਾਇਲ ਖ਼ਾਨ ਹੇਰਾਤ ਵਿੱਚ ਤਾਲਿਬਾਨ ਦੇ ਖ਼ਿਲਾਫ਼ ਅਫ਼ਗਾਨ ਸੈਨਾ ਦੀ ਅਗਵਾਈ ਕਰ ਰਹੇ ਸਨ, ਜਦੋਂ ਤਾਲਿਬਾਨ ਨੇ ਹੇਰਾਤ 'ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੂੰ ਫੜ੍ਹ ਲਿਆ।

ਅਹਿਮਦੀ ਲਿਖਦੇ ਹਨ, "ਵਿਸ਼ਵਾਸ਼ ਕਰਨਾ ਮੁਸ਼ਕਲ ਲਗਦਾ ਹੈ, ਪਰ ਇਸ ਗੱਲ 'ਤੇ ਸ਼ੱਕ ਬਰਕਰਾਰ ਹੈ ਕਿ ਏਐੱਨਐੱਸਐੱਫ ਨੇ ਇੰਨੀ ਜਲਦੀ ਪੋਸਟ ਕਿਉਂ ਛੱਡੀ। ਗੱਲ ਕੁਝ ਸਾਫ਼ ਨਹੀਂ ਹੈ।"

ਤਾਲਿਬਾਨ ਇੰਨੀ ਤੇਜ਼ ਗਤੀ ਨਾਲ ਅੱਗੇ ਕਿਵੇਂ ਵਧ ਗਿਆ

ਜਿੱਥੇ ਕੁਝ ਇਲਾਕਿਆਂ ਨੂੰ ਤਾਲਿਬਾਨ ਨੇ ਤਾਕਤ ਨਾਲ ਖੋਹਿਆ, ਉੱਥੇ ਕੁਝ ਇਲਾਕਿਆਂ ਵਿੱਚ ਅਫ਼ਗਾਨ ਰਾਸ਼ਟਰੀ ਫ਼ੌਜ ਬਿਨਾ ਗੋਲੀ ਚਲਾਏ ਹੀ ਪਿੱਛੇ ਹੱਟ ਗਈ। 6 ਅਗਸਤ ਨੂੰ ਤਾਲਿਬਾਨ ਨੇ ਖੇਤਰੀ ਰਾਜਧਾਨੀ ਜਰਾਂਜ 'ਤੇ ਕਬਜ਼ਾ ਹਾਸਿਲ ਕਰ ਲਿਆ ਅਤੇ ਉਸ ਤੋਂ ਅਗਲੇ 10 ਦਿਨਾਂ ਵਿੱਚ ਦੇਸ਼ ਭਰ ਵਿੱਚ ਉਹ ਤੇਜ਼ੀ ਨਾਲ ਵਧਿਆ।

ਹਾਲਾਂਕਿ, ਵਧੇਰੇ ਅਮਰੀਕੀ ਸੈਨਿਕ ਜੁਲਾਈ ਵਿੱਚ ਚਲੇ ਗਏ ਪਰ ਕਈ ਹਜ਼ਾਰ ਅਮਰੀਕੀ ਸੈਨਿਕ ਆਪਣੇ ਨਾਗਰਿਕਾਂ ਨੂੰ ਰਾਜਧਾਨੀ ਤੋਂ ਕੱਢਣ ਵਿੱਚ ਮਦਦ ਕਰਨ ਲਈ ਕਾਬੁਲ ਵਾਪਸ ਆਏ।

ਅਫ਼ਗਾਨਿਸਤਾਨ ਦੇ ਬਾਹਰ ਸਥਿਤ ਅਮਰੀਕੀ ਬਲਾਂ ਨੇ ਹਾਲ ਹੀ ਵਿੱਚ ਤਾਲਿਬਾਨ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਪਰ ਉਨ੍ਹਾਂ ਦੀ ਆਮਦ ਨੂੰ ਢਿੱਲਾ ਕਰਨ ਅਸਫ਼ਲ ਰਹੇ।

ਰਿਪੋਰਟਾਂ ਮੁਤਾਬਕ, ਤਾਲਿਬਾਨ ਨੇ ਸਾਰੇ ਮੁੱਖ ਬਾਰਡਰ ਕ੍ਰੋਸਿੰਗ ਨੂੰ ਵੀ ਆਪਣੇ ਕੰਟ੍ਰੋਲ ਵਿੱਚ ਲੈ ਲਿਆ ਹੈ, ਜਿਸ ਦੀ ਬਦੌਲਤ ਦੇਸ ਤੋਂ ਬਾਹਰ ਨਿਕਲਣ ਦਾ ਸਿਰਫ਼ ਇੱਕ ਰਸਤਾ ਕਾਬੁਲ ਹਵਾਈ ਅੱਡਾ ਹੀ ਬਚਿਆ ਹੈ।

ਬੀਬੀਸੀ ਦੇ ਰੱਖਿਆ ਮਾਮਲਿਆਂ ਦੇ ਪੱਤਰਕਾਰ ਜੌਨਾਥਨ ਬੀਲ ਲਿਖਦੇ ਹਨ ਕਿ ਅਮਰੀਕਾ ਅਤੇ ਉਸ ਦੇ ਨੇਟੋ ਸਹਿਯੋਗੀਆਂ ਨੇ ਪਿਛਲੇ 20 ਸਾਲਾਂ ਦਾ ਇੱਕ ਵੱਡਾ ਹਿੱਸਾ ਅਫ਼ਗਾਨ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣ ਅਤੇ ਲੈਸ ਕਰਨ ਵਿੱਚ ਬਿਤਾਇਆ ਹੈ।

ਉਨ੍ਹਾਂ ਮੁਤਾਬਕ ਅਣਗਿਣਤ ਅਮਰੀਕੀ ਅਤੇ ਬ੍ਰਿਟਿਸ਼ ਜਨਰਲਾਂ ਨੇ ਇੱਕ ਵਧੇਰੇ ਸ਼ਕਤੀਸ਼ਾਲੀ ਅਤੇ ਸਮਰੱਥ ਅਫ਼ਗਾਨ ਸੈਨਾ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਅਜਿਹੇ ਵਾਅਦੇ ਖੋਖਲੇ ਨਜ਼ਰ ਆਉਂਦੇ ਹਨ।

ਬੀਲ ਕਹਿੰਦੇ ਹਨ ਕਿ ਸਿਧਾਂਤਕ ਤੌਰ 'ਤੇ ਅਫ਼ਗਾਨ ਸਰਕਾਰ ਦਾ ਪੱਲਾ ਭਾਰੀ ਹੋਣਾ ਚਾਹੀਦਾ ਸੀ ਕਿਉਂਕਿ ਘੱਟੋ-ਘੱਟ ਕਾਗ਼ਜ਼ 'ਤੇ ਹੀ ਸਹੀ, ਅਫ਼ਗਾਨ ਸੁਰੱਖਿਆ ਬਲਾਂ ਦੀ ਗਿਣਤੀ ਤਿੰਨ ਲੱਖ ਤੋਂ ਵਧੇਰੇ ਹੈ।

ਉਹ ਕਹਿੰਦੇ ਹਨ, "ਪਰ ਅਸਲ ਵਿੱਚ ਦੇਸ ਨੇ ਆਪਣੇ ਭਾਰਤੀ ਟੀਚੇ ਨੂੰ ਪੂਰਾ ਕਰਨ ਲਈ ਹਮੇਸ਼ਾ ਸੰਘਰਸ਼ ਕੀਤਾ ਹੈ। ਅਫ਼ਗਾਨਿਸਤਾਨ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਇਤਿਹਾਸ ਰਿਹਾ ਹੈ। ਕੁਝ ਬੇਇਮਾਨ ਕਮਾਂਡਰਾਂ ਨੇ ਉਨ੍ਹਾਂ ਸੈਨਿਕਾਂ ਦੀਆਂ ਤਨਖਾਹਾਂ ਵਸੂਲੀਆਂ ਜੋ ਅਸਲ ਸੀ ਨਹੀਂ।"

ਬੀਲ ਮੁਤਾਬਕ ਅਫ਼ਗਾਨਿਸਤਾਨ ਲਈ ਸਪੈਸ਼ਲ ਇੰਸਪੈਕਟਰ ਜਨਰਲ ਫਾਰ ਆਫ਼ਗਾਨਿਸਤਾਨ ਰਿਕੰਸਟ੍ਰਕਸ਼ (ਐੱਸਆਈਜੀਏਆਰ) ਨੇ "ਭ੍ਰਿਸ਼ਟਾਚਾਰ ਦੇ ਬੁਰੇ ਅਸਰ ਬਾਰੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ ਸਨ ਅਤੇ ਤਾਕਤ ਦੀ ਅਸਲੀਅਤ 'ਤੇ ਵੀ ਸ਼ੱਕ" ਜ਼ਾਹਿਰ ਕੀਤਾ ਸੀ।

ਤਾਲਿਬਾਨ ਦਾ ਪੱਲਾ ਕਿਉਂ ਭਾਰੀ

ਜੇਕਰ ਅਫ਼ਗਾਨ ਸਰਕਾਰ ਨੂੰ ਪਿਛਲੇ ਕਈ ਸਾਲਾ ਵਿੱਚ ਮਿਲੀ ਵਿੱਤੀ ਸਹਾਇਤਾ ਨੂੰ ਦੇਖਿਆ ਜਾਵੇ ਤਾਂ ਧਨ ਅਤੇ ਹਥਿਆਰਾਂ ਦੇ ਮਾਮਲਿਆਂ ਵਿੱਚ ਉਸ ਦਾ ਪੱਲਾ ਭਾਰੀ ਹੋਣਾ ਚਾਹੀਦਾ ਸੀ।

ਪੱਛਮੀ ਦੇਸਾਂ ਵਿੱਚ ਖ਼ਾਸ ਤੌਰ 'ਤੇ ਅਮਰੀਕਾ ਨੇ ਹੀ ਸੈਨਿਕਾਂ ਦੀ ਤਨਖ਼ਾਹ ਅਤੇ ਉਪਕਰਨਾਂ ਦੇ ਭੁਗਤਾਨ ਲਈ ਅਫ਼ਗਾਨਿਸਤਾਨ ਨੂੰ ਅਰਬਾਂ ਡਾਲਰ ਦਿੱਤੇ ਹਨ।

ਜੁਲਾਈ 2021 ਦੀ ਆਪਣੀ ਰਿਪੋਰਟ ਵਿੱਚ ਐੱਸਾਈਏਆਰ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸੁਰੱਖਿਆ 'ਤੇ 88 ਬਿਲੀਅਨ ਡਾਲਰ ਤੋਂ ਵੱਧ ਖਰਚਾ ਕੀਤਾ ਗਿਆ ਹੈ।

ਇਹ ਵੀ ਆਸ ਲਗਾਈ ਜਾ ਰਹੀ ਸੀ ਕਿ ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਤਾਲਿਬਾਨ ਦੇ ਖ਼ਿਲਾਫ਼ ਜੰਗ ਵਿੱਚ ਇੱਕ ਮਹੱਤਵਪੂਰਨ ਵਾਧਾ ਦਵਾਏਗੀ। ਪਰ ਅਫ਼ਗਾਨ ਹਵਾਈ ਫ਼ੌਜ ਆਪਣੇ 211 ਜਹਾਜ਼ਾਂ ਅਤੇ ਚਾਲਕ ਦਲ ਨੂੰ ਕਾਇਮ ਰੱਖਣ ਲਈ ਲਗਾਤਾਰ ਜੂਝਦੀ ਰਹੀ ਹੈ।

ਇਹੀ ਕਾਰਨ ਹੈ ਕਿ ਅਫ਼ਗਾਨ ਹਵਾਈ ਫ਼ੌਜ ਜ਼ਮੀਨ 'ਤੇ ਕਮਾਂਡਰਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਮਰੱਥ ਰਹੀ ਹੈ। ਤਾਲਿਬਾਨ ਦੇ ਪਾਇਲਟਾਂ ਨੂੰ ਨਿਸ਼ਾਨਾ ਬਣਾਉਣ ਕਾਰਨ ਅਫ਼ਗਾਨ ਹਵਾਈ ਸੈਨਾ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ।

ਦੂਜੇ ਪਾਸੇ, ਇਹ ਗੱਲ ਵੀ ਉੱਠ ਰਹੀ ਹੈ ਕਿ ਅਫ਼ਗਾਨ ਫ਼ੌਜ ਇੱਕ ਕਾਗ਼ਜ਼ੀ ਸ਼ੇਰ ਸੀ, ਜੋ ਪਿਛਲੇ ਕਈ ਸਾਲਾਂ ਤੋਂ ਭ੍ਰਿਸ਼ਟਾਚਾਰ, ਸਿਖਲਾਈ ਦੀ ਘਾਟ ਅਤੇ ਖ਼ਰਾਬ ਅਗਵਾਈ ਕਾਰਨ ਡਿੱਗਦੇ ਹੋਏ ਮਨੋਬਲ ਦੀ ਸ਼ਿਕਾਰ ਸੀ।

ਸ਼ਾਇਦ ਇਹ ਡਿੱਗਦਾ ਮਨੋਬਲ ਹੀ ਕਾਰਨ ਰਿਹਾ ਹੈ ਕਿ ਕਈ ਥਾਵਾਂ 'ਤੇ ਅਫ਼ਗਾਨ ਜਵਾਨਾਂ ਨੇ ਤਾਲਿਬਾਨ ਦੇ ਸਾਹਮਣੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰ ਕੇ ਜਾਨ ਬਚਾਉਣ ਵਿੱਚ ਸਮਝਦਾਰੀ ਸਮਝੀ।

ਇੱਕ ਅੰਦਾਜ਼ਾ ਇਹ ਹੈ ਕਿ ਤਾਲਿਬਾਨ ਨੇ ਮਨੋਵਿਗਿਆਨਕ ਜੰਗ ਦਾ ਤਰੀਕਾ ਅਪਣਾ ਕੇ ਸੈਨਿਕਾਂ ਅਤੇ ਸਥਾਨਕ ਕਮਾਂਡਰਾਂ ਤੱਕ ਸੰਦੇਸ਼ ਪਹੁੰਚਾਏ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਹ ਆਤਮ-ਸਮਰਪਣ ਕਰ ਦੇਣਗੇ ਜਾਂ ਤਾਲਿਬਾਨ ਦੇ ਨਾਲ ਸਹਿਯੋਗ ਕਰਨਗੇ ਤਾਂ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ।

ਕਿਆਸ ਲਗਾਏ ਜਾ ਰਹੇ ਹਨ ਕਿ ਤਾਲਿਬਾਨ ਨੇ ਕਈ ਥਾਵਾਂ 'ਤੇ ਲੜਾਈ ਨਾ ਕਰ ਕੇ ਅਫ਼ਗਾਨ ਸੈਨਿਕਾਂ ਨੂੰ ਸੁਰੱਖਿਅਤ ਮਾਰਗ ਦੇਣ ਦੀ ਪੇਸ਼ਕਸ਼ ਕੀਤੀ, ਜੋ ਕਈ ਥਾਈਂ ਮੰਨ ਲਈ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)