You’re viewing a text-only version of this website that uses less data. View the main version of the website including all images and videos.
ਤਾਲਿਬਾਨ ਨਾਲ ਟੱਕਰ ਲੈਣ ਵਾਲੇ 'ਬੁੱਢੇ ਸ਼ੇਰ' ਨੇ ਵੀ ਕੀਤਾ ਆਤਮ-ਸਮਰਪਣ
- ਲੇਖਕ, ਬੀਬੀਸੀ ਮੌਨਿਟਰਿੰਗ
- ਰੋਲ, ਖਬਰਾਂ ਦੀ ਰਿਪੋਟਿੰਗ ਅਤੇ ਵਿਸ਼ਲੇਸ਼ਣ
ਅਫ਼ਗ਼ਾਨਿਸਤਾਨ ਦਾ 'ਬੁੱਢਾ ਸ਼ੇਰ' ਅਖਵਾਉਣ ਵਾਲੇ ਤੇ ਅਫ਼ਗ਼ਾਨਿਸਤਾਨ ਦੇ ਪੱਛਮੀ ਹੇਰਾਤ ਪ੍ਰਾਂਤ ਵਿੱਚ ਲਗਾਤਾਰ ਤਾਲਿਬਾਨ ਖ਼ਿਲਾਫ਼ ਜੰਗ ਲੜ ਰਹੇ ਮੁਹੰਮਦ ਇਸਮਾਈਲ ਖ਼ਾਨ ਨੂੰ ਵੀ ਬੀਤੀ 13 ਅਗਸਤ ਨੂੰ ਆਖ਼ਰ ਆਤਮ-ਸਮਰਪਣ ਕਰਨਾ ਪਿਆ।
ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਵੀ ਆਪਣਾ ਕਬਜ਼ਾ ਜਮਾ ਲਿਆ ਹੈ।
ਐਤਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਨੇ ਕਬਜ਼ਾ ਕਰ ਲਿਆ। ਉਸ ਮਗਰੋਂ ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ 'ਤੇ ਕਾਫੀ ਹਫ਼ੜਾ-ਤਫ਼ੜੀ ਦਾ ਮਾਹੌਲ ਬਣਿਆ ਸੀ।
ਲੋਕ ਕਿਸੇ ਵੀ ਹਾਲ ਵਿੱਚ ਫਲਾਈਟ ਵਿੱਚ ਚੜ੍ਹਨਾ ਚਾਹੁੰਦੇ ਸੀ। ਉੱਧਰ ਤਾਲਿਬਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਲੋਕਾਂ ਦੀਆਂ ਜਿੰਦਗੀਆਂ ਸੁਧਾਰਨ ਲਈ ਕੰਮ ਕਰਨਗੇ।
ਇਹ ਵੀ ਪੜ੍ਹੋ-
ਕੌਣ ਹੈ ਅਫ਼ਗ਼ਾਨਿਸਤਾਨ ਦਾ 'ਬੁੱਢਾ ਸ਼ੇਰ'
ਮੁਹੰਮਦ ਇਸਮਾਈਲ ਖ਼ਾਨ, ਜੰਗ ਦੇ ਮੈਦਾਨ ਦਾ ਉਹ ਪੁਰਾਣਾ ਨਾਂ ਜੋ ਅਫ਼ਗ਼ਾਨਿਸਤਾਨ ਦੇ ਹੇਰਾਤ ਪ੍ਰਾਂਤ ਦੀ ਲੜਾਈ ਵਿੱਚ ਇੱਕ ਪ੍ਰਮੁੱਖ ਚਿਹਰੇ ਵਜੋਂ ਉੱਭਰਿਆ ਹੈ।
ਪਿਛਲੇ ਕੁਝ ਹਫ਼ਤਿਆਂ ਵਿੱਚ, ਖ਼ਾਨ ਨੇ ਹਥਿਆਰ ਚੁੱਕ ਕੇ ਤਾਲਿਬਾਨ ਦੇ ਵਿਰੁੱਧ ਫੌਜੀ ਕਾਰਵਾਈ ਦੀ ਅਗਵਾਈ ਕੀਤੀ।
ਨਤੀਜੇ ਵਜੋਂ, ਬਹੁਤ ਸਾਰੀਆਂ ਅਫ਼ਗ਼ਾਨ ਸਮਾਚਾਰ ਏਜੰਸੀਆਂ ਨੇ ਹੇਰਾਤ ਸ਼ਹਿਰ ਦੇ ਬਚੇ ਰਹਿਣ ਦਾ ਸਿਹਰਾ ਖ਼ਾਨ ਅਤੇ ਉਨ੍ਹਾਂ ਦੇ ਲੜਾਕਿਆਂ ਦੇ ਸਿਰ ਬੰਨ੍ਹਿਆ।
ਨਿੱਜੀ ਅਖ਼ਬਾਰ ਅਰਮਾਨ-ਏ-ਮੇਲੀ ਨੇ ਆਪਣੇ ਸੰਪਾਦਕੀ ਵਿੱਚ ਲਿਖਿਆ, "ਜੇ ਆਮਿਰ ਇਸਮਾਈਲ ਖ਼ਾਨ ਅਤੇ ਉਨ੍ਹਾਂ ਦੀ ਕਮਾਂਡ ਵਿੱਚ ਕੰਮ ਕਰਨ ਵਾਲੇ ਲੋਕ ਉਨ੍ਹਾਂ ਪ੍ਰਤੀ ਵਫ਼ਾਦਾਰ ਨਾ ਹੁੰਦੇ, ਤਾਂ ਹੇਰਾਤ ਤਾਲਿਬਾਨ ਦੇ ਕਬਜ਼ੇ ਵਿੱਚ ਹੁੰਦਾ... ਇਸਮਾਈਲ ਖ਼ਾਨ ਅਤੇ 'ਜਨਤਕ ਵਿਦਰੋਹੀ ਬਲਾਂ' ਦੀ ਬਹਾਦਰੀ ਭਰੀ ਤੇਜ਼ ਪ੍ਰਤੀਕਿਰਿਆ ਨੇ ਖਤਰੇ ਨੂੰ ਦੂਰ ਕਰ ਦਿੱਤਾ ਅਤੇ ਤਾਲਿਬਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ।"
ਮੁਹੰਮਦ ਇਸਮਾਈਲ ਖ਼ਾਨ, ਜਿਨ੍ਹਾਂ ਨੂੰ ਹੁਣ ਉਨ੍ਹਾਂ ਦੇ ਸਮਰਥਕ 'ਬੁੱਢਾ ਸ਼ੇਰ' ਕਹਿੰਦੇ ਹਨ, ਇੱਕ ਨਸਲੀ ਤਾਜਿਕ (ਤਾਜਾਕਿਸਤਾਨ ਨਾਲ ਸਬੰਧ ਰੱਖਣ ਵਾਲੇ) ਹਨ ਅਤੇ ਉਨ੍ਹਾਂ ਨੂੰ ਇਸ ਸਮੂਹ ਦੇ ਮੈਂਬਰਾਂ ਦਾ ਮਜ਼ਬੂਤ ਸਮਰਥਨ ਪ੍ਰਾਪਤ ਹੈ।
ਉਨ੍ਹਾਂ ਦਾ ਜਨਮ 1946 ਵਿੱਚ ਹੇਰਾਤ ਦੇ ਸ਼ਿੰਦਾਂਦ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਉਹ ਲੰਮੇ ਸਮੇਂ ਤੋਂ ਜਮੀਅਤ-ਏ-ਇਸਲਾਮੀ ਰਾਜਨੀਤਿਕ ਪਾਰਟੀ ਦੇ ਪ੍ਰਮੁੱਖ ਮੈਂਬਰ ਹਨ।
1978 ਵਿੱਚ, ਅਫ਼ਗ਼ਾਨ ਸੈਨਾ ਵਿੱਚ ਇੱਕ ਕਪਤਾਨ ਦੇ ਤੌਰ 'ਤੇ, ਉਨ੍ਹਾਂ ਨੇ ਕਾਬੁਲ ਵਿੱਚ ਕਮਿਊਨਿਸਟ ਸਰਕਾਰ ਦੇ ਖਿਲਾਫ ਸਭ ਤੋਂ ਵੱਡੇ ਵਿਦਰੋਹ ਦੀ ਯੋਜਨਾ ਬਣਾਈ ਸੀ ਅਤੇ 1979 ਵਿੱਚ ਅਫ਼ਗ਼ਾਨਿਸਤਾਨ ਉੱਤੇ ਸੋਵੀਅਤ ਹਮਲੇ ਤੋਂ ਬਾਅਦ, ਉਹ ਇੱਕ ਪ੍ਰਮੁੱਖ ਮੁਜਾਹਿਦੀਨ ਕਮਾਂਡਰ ਬਣ ਗਏ।
1980 ਦੇ ਦਹਾਕੇ ਤੋਂ ਸੋਵੀਅਤ ਸੈਨਾ ਦੀ ਵਾਪਸੀ ਤੱਕ, ਜ਼ਿਆਦਾਤਰ ਪੱਛਮੀ ਅਫ਼ਗ਼ਾਨਿਸਤਾਨ ਵਿੱਚ ਉਨ੍ਹਾਂ ਨੇ ਇੱਕ ਵੱਡੀ ਮੁਜਾਹਿਦੀਨ ਫ਼ੌਜ ਨੂੰ ਨਿਯੰਤਰਿਤ ਕੀਤਾ।
ਜਦੋਂ ਉਨ੍ਹਾਂ ਨੂੰ ਈਰਾਨ ਭੱਜਣਾ ਪਿਆ
1992 ਤੋਂ ਲੈ ਕੇ 1995 ਤੱਕ, ਖ਼ਾਨ ਹੇਰਾਤ ਦੇ ਰਾਜਪਾਲ ਰਹੇ। ਪ੍ਰਾਂਤ ਉੱਤੇ ਤਾਲਿਬਾਨ ਦੁਆਰਾ ਕਬਜ਼ਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਈਰਾਨ ਭੱਜਣ ਲਈ ਮਜਬੂਰ ਹੋਣਾ ਪਿਆ।
ਇਸ ਤੋਂ ਤੁਰੰਤ ਬਾਅਦ, ਤਾਲਿਬਾਨ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ, ਪਰ ਸਾਲ 2000 ਵਿੱਚ ਉਹ ਭੱਜਣ ਵਿੱਚ ਕਾਮਯਾਬ ਹੋ ਗਏ ਜਿਸ ਤੋਂ ਬਾਅਦ ਉਹ ਤਾਲਿਬਾਨ ਵਿਰੋਧੀ ਉੱਤਰੀ ਗੱਠਜੋੜ ਵਿੱਚ ਸ਼ਾਮਲ ਹੋ ਗਏ।
ਸਾਲ 2001 ਵਿੱਚ ਜਦੋਂ ਅਫ਼ਗ਼ਾਨਿਸਤਾਨ ਉੱਤੇ ਅਮਰੀਕੀ ਹਮਲੇ ਨੇ ਤਾਲਿਬਾਨ ਸ਼ਾਸਨ ਦਾ ਅੰਤ ਕੀਤਾ, ਉਹ ਇੱਕ ਵਾਰ ਫਿਰ ਹੇਰਾਤ ਦੇ ਗਵਰਨਰ ਬਣੇ।
ਖ਼ਾਨ ਦੇ ਸਮਰਥਕ, ਉਨ੍ਹਾਂ ਦੇ ਸ਼ਾਸਨ ਦੌਰਾਨ ਪ੍ਰਾਂਤ ਵਿੱਚ ਜਨਤਕ ਬੁਨਿਆਦੀ ਢਾਂਚੇ ਅਤੇ ਸਰਕਾਰੀ ਸੇਵਾਵਾਂ ਵਿੱਚ ਵੱਡੇ ਸੁਧਾਰਾਂ ਦੀ ਪ੍ਰਸ਼ੰਸਾ ਕਰਦੇ ਹਨ।
ਇਹ ਵੀ ਪੜ੍ਹੋ-
ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਕੁਝ ਵਿਰੋਧੀ ਵੀ ਹਨ ਜੋ ਸੀਮਾ ਕਰ (ਟੈਕਸ) ਦੁਆਰਾ ਇਕੱਠੀ ਕੀਤੀ ਗਈ ਰਕਮ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਵਿੱਚ ਅਸਫਲ ਰਹਿਣ 'ਤੇ ਉਨ੍ਹਾਂ ਦੀ ਆਲੋਚਨਾ ਕਰਦੇ ਹਨ।
2005 ਵਿੱਚ ਹਾਮਿਦ ਕਰਜ਼ਈ ਸਰਕਾਰ ਵਿੱਚ ਖ਼ਾਨ ਨੂੰ ਜਲ ਅਤੇ ਊਰਜਾ ਮੰਤਰੀ ਨਿਯੁਕਤ ਕੀਤਾ ਗਿਆ ਸੀ। ਸਾਲ 2013 ਤੱਕ ਉਹ ਇਸ ਅਹੁਦੇ 'ਤੇ ਬਣੇ ਰਹੇ।
2014 ਵਿੱਚ ਖ਼ਾਨ ਅਤੇ ਅਬਦੁਲ ਰਬ ਰਸੂਲ ਸਯੱਫ਼ ਨੇ ਇੱਕ ਸਾਂਝੀ ਟਿਕਟ ਉੱਤੇ ਰਾਸ਼ਟਰਪਤੀ ਦੀ ਚੋਣ ਵੀ ਲੜੀ, ਪਰ ਉਹ ਹਾਰ ਗਏ।
ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ
ਪਿਛਲੇ ਕੁਝ ਸਾਲਾਂ ਵਿੱਚ ਅਤੇ ਖਾਸ ਤੌਰ 'ਤੇ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੀ ਹਿੰਸਾ ਵਧਣ ਤੋਂ ਬਾਅਦ, ਖ਼ਾਨ ਅਫ਼ਗ਼ਾਨਿਸਤਾਨ ਵਿੱਚ ਪਾਕਿਸਤਾਨ ਦੀ ਭੂਮਿਕਾ ਦੀ ਨਿੰਦਾ ਕਰਦੇ ਹਨ।
ਇੱਕ ਸਥਾਨਕ ਪ੍ਰਾਈਵੇਟ ਟੀਵੀ ਚੈਨਲ ਨੇ 4 ਅਗਸਤ ਨੂੰ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਦਿਖਾਇਆ, "ਮੈਂ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਸਪੱਸ਼ਟ ਤੌਰ 'ਤੇ ਦੱਸਣਾ ਚਾਹੁੰਦਾ ਹਾਂ ਕਿ ਇਹ ਲੜਾਈ ਤਾਲਿਬਾਨ ਅਤੇ ਅਫ਼ਗ਼ਾਨਿਸਤਾਨ ਦੀ ਸਰਕਾਰ ਵਿਚਾਲੇ ਨਹੀਂ ਹੈ, ਇਹ ਅਫ਼ਗ਼ਾਨਿਸਤਾਨ ਰਾਸ਼ਟਰ ਦੇ ਖਿਲਾਫ ਪਾਕਿਸਤਾਨ ਦਾ ਯੁੱਧ ਹੈ। ਤਾਲਿਬਾਨ ਇੱਕ ਜ਼ਰੀਆ ਹੈ ਅਤੇ ਇਹ ਕਿਰਾਏ ਦੇ ਸੈਨਿਕਾਂ ਦੀ ਤਰ੍ਹਾਂ ਕੰਮ ਕਰਦੇ ਹਨ।"
ਇਸੇ ਤਰ੍ਹਾਂ, ਮਾਰਚ 2017 ਵਿੱਚ ਅਰਿਆਨਾ ਨਿਊਜ਼ ਟੀਵੀ ਚੈਨਲ ਨਾਲ ਗੱਲ ਕਰਦਿਆਂ ਖ਼ਾਨ ਨੇ ਕਿਹਾ, "ਚੰਗਾ ਹੋਵੇਗਾ ਜੇ ਤਾਲਿਬਾਨ ਨੂੰ ਇਸ ਸੱਚਾਈ ਦਾ ਅਹਿਸਾਸ ਹੋਵੇ ਕਿ ਚੀਨ, ਰੂਸ, ਈਰਾਨ, ਪਾਕਿਸਤਾਨ ਅਤੇ ਹੋਰ ਦੇਸ਼ਾਂ ਦਾ ਸਮਰਥਨ ਪ੍ਰਾਪਤ ਕਰਕੇ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ, ਜਦੋਂ ਤੱਕ ਕਿ ਸਾਰੇ ਅਫ਼ਗ਼ਾਨ ਮਿਲ ਕੇ ਇੱਕ ਸੰਯੁਕਤ ਅਫ਼ਗ਼ਾਨਿਸਤਾਨ ਬਣਾਉਣ ਦਾ ਫੈਸਲਾ ਨਹੀਂ ਕਰਦੇ।"
ਜੁਲਾਈ 2021 ਵਿੱਚ, ਜਿਉਂ ਹੀ ਤਾਲਿਬਾਨ ਹੇਰਾਤ ਸ਼ਹਿਰ ਦੇ ਨੇੜੇ ਪਹੁੰਚਿਆ, ਉਨ੍ਹਾਂ ਨੇ ਪ੍ਰਾਂਤ ਦੇ ਲੋਕਾਂ ਦੇ ਸਾਹਸ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ, "ਸਾਡੇ ਲੋਕਾਂ ਦਾ ਕਹਿਣਾ ਸਹੀ ਹੈ ਕਿ ਉਨ੍ਹਾਂ (ਤਾਲਿਬਾਨ) ਨੂੰ ਸ਼ਹਿਰ ਦੇ ਨੇੜੇ ਨਹੀਂ ਆਉਣਾ ਚਾਹੀਦਾ ਸੀ।"
"ਜ਼ਿਲ੍ਹਿਆਂ ਦੇ ਪਤਨ ਨੇ ਯੁੱਧ ਨੂੰ ਸ਼ਹਿਰ ਦੇ ਬਹੁਤ ਨੇੜੇ ਲੈ ਆਉਂਦਾ ਹੈ। ਪਰ ਸਾਡੇ ਲੋਕਾਂ, ਭਰਾਵਾਂ ਅਤੇ ਭੈਣਾਂ ਦੁਆਰਾ ਚੁੱਕੇ ਗਏ ਕਦਮਾਂ (ਤਾਲਿਬਾਨ ਦੇ ਵਿਰੁੱਧ ਬਗਾਵਤ) ਨੇ ਬਹੁਤ ਮਦਦ ਕੀਤੀ ਹੈ।"
ਹੇਰਾਤ ਵਿੱਚ ਤਾਲਿਬਾਨ ਨਾਲ ਲੜਨ ਵਾਲੇ ਲੋਕਾਂ ਨੂੰ ਲੋੜੀਂਦਾ ਸਮਰਥਨ ਦੇਣ ਵਿੱਚ ਅਸਫ਼ਲ ਰਹਿਣ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
4 ਅਗਸਤ ਨੂੰ ਅਰਿਆਨਾ ਨਿਊਜ਼ ਟੀਵੀ ਚੈਨਲ 'ਤੇ ਇਸ ਬਾਰੇ ਗੱਲ ਕਰਦਿਆਂ ਖ਼ਾਨ ਨੇ ਕਿਹਾ, "ਉਹ (ਸਰਕਾਰ) ਆਪਣੇ ਵਾਅਦਿਆਂ ਨੂੰ ਸਹੀ ਢੰਗ ਨਾਲ ਪੂਰਾ ਨਹੀਂ ਕਰਦੇ। ਉਦਾਹਰਣ ਵਜੋ, ਹਥਿਆਰ ਅਤੇ ਜੋ ਸਹੂਲਤਾਂ ਉਨ੍ਹਾਂ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਹੁਣ ਤੱਕ ਸਾਨੂੰ ਨਹੀਂ ਮਿਲੇ। ਹਜ਼ਾਰਾਂ ਨੌਜਵਾਨ ਹੇਰਾਤ ਸ਼ਹਿਰ ਦੀ ਰੱਖਿਆ ਲਈ ਤਿਆਰ ਹਨ।"
ਦੂਸਰਿਆਂ ਦਾ ਕੀ ਕਹਿਣਾ ਹੈ
ਹੇਰਾਤ ਵਿੱਚ ਤਾਲਿਬਾਨ ਵਿਰੋਧੀ ਫੌਜੀ ਕਾਰਵਾਈ ਦਾ ਕੇਂਦਰ ਸਰਕਾਰ ਅਤੇ ਪ੍ਰਮੁੱਖ ਅਫ਼ਗ਼ਾਨ ਰਾਜਨੀਤਕ ਹਸਤੀਆਂ ਨੇ ਖੁੱਲ੍ਹ ਕੇ ਸਵਾਗਤ ਕੀਤਾ।
ਹਾਈ ਕਾਉਂਸਿਲ ਆਫ਼ ਨੈਸ਼ਨਲ ਰਿਕੰਸਿਲਿਏਸ਼ਨ ਦੇ ਚੇਅਰਮੈਨ ਅਬਦੁੱਲਾ ਅਬਦੁੱਲਾ ਨੇ ਕਿਹਾ, "ਅਸੀਂ ਆਪਣੇ ਮੁਜਾਹਿਦ ਭਰਾ ਆਮਿਰ ਮੁਹੰਮਦ ਇਸਮਾਈਲ ਖ਼ਾਨ, ਨਾਗਰਿਕਾਂ ਅਤੇ ਫੌਜੀ ਅਧਿਕਾਰੀਆਂ ਦੀ ਜੰਗੀ ਅਗਵਾਈ ਅਤੇ ਸਾਹਸ ਦੀ ਪ੍ਰਸ਼ੰਸਾ ਕਰਦੇ ਹਾਂ, ... ਅਸੀਂ ਇਸ ਮੁੱਦੇ 'ਤੇ ਆਪਣੇ ਲੋਕਾਂ ਨਾਲ ਪੂਰੀ ਤਾਕਤ ਨਾਲ ਖੜ੍ਹੇ ਹਾਂ।"
ਜਮੀਅਤ-ਏ-ਇਸਲਾਮੀ ਦੇ ਨੇਤਾ ਸਲਾਹੁਦੀਨ ਰੱਬਾਨੀ ਨੇ ਟਿੱਪਣੀ ਕੀਤੀ, "ਇਨ੍ਹਾਂ ਦਿਨੀਂ, ਨਾਇਕ ਆਮਿਰ ਮੁਹੰਮਦ ਇਸਮਾਈਲ ਖ਼ਾਨ ਦੀ ਅਗਵਾਈ ਵਿੱਚ ਹੇਰਾਤ ਵਿੱਚ ਹੋ ਰਿਹਾ ਵੀਰ ਲੋਕਾਂ ਦਾ ਪ੍ਰਤੀਰੋਧ ਮਾਣ ਦੀ ਗੱਲ ਹੈ ਅਤੇ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਇਹ ਪ੍ਰਤੀਰੋਧ ਦੱਸਦਾ ਹੈ ਕਿ ਇਸ ਸੰਵੇਦਨਸ਼ੀਲ ਮੋੜ 'ਤੇ ਲੋਕ ਆਪਣੀ, ਆਪਣੇ ਮਾਣ ਅਤੇ ਕਦਰਾਂ-ਕੀਮਤਾਂ ਦੀ ਰੱਖਿਆ ਕਰ ਸਕਦੇ ਹਨ।"
'ਬੁੱਢੇ ਸ਼ੇਰ' ਦਾ ਆਤਮ-ਸਮਰਪਣ
ਬੀਤੀ 13 ਅਗਸਤ ਨੂੰ, ਅਫ਼ਗ਼ਾਨਿਸਤਾਨ ਦੇ ਪੱਛਮੀ ਹੇਰਾਤ ਪ੍ਰਾਂਤ ਵਿੱਚ ਲਗਾਤਾਰ ਤਾਲਿਬਾਨ ਖ਼ਿਲਾਫ਼ ਜੰਗ ਲੜ ਰਹੇ ਖ਼ਾਨ ਨੂੰ ਆਤਮ-ਸਮਰਪਣ ਕਰਨਾ ਪਿਆ।
ਉਨ੍ਹਾਂ ਦਾ ਇਹ ਸਮਰਪਣ ਤਾਲਿਬਾਨ ਲਈ ਬਹੁਤ ਖ਼ਾਸ ਹੈ ਕਿਉਂਕਿ ਖ਼ਾਨ ਇੱਕ ਪੂਰੀ ਸੈਨਾ ਦੀ ਅਗਵਾਈ ਕਰ ਰਹੇ ਸਨ ਅਤੇ ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੀ ਸੈਨਾ ਦੇ ਹੌਂਸਲੇ ਵੀ ਪਸਤ ਹੋ ਜਾਣਗੇ।
ਹਿੰਦੂਸਤਾਨ 'ਚ ਛਪੀ ਇੱਕ ਰਿਪੋਰਟ ਅਨੁਸਾਰ ਮੁਹੰਮਦ ਇਸਮਾਇਲ ਖ਼ਾਨ, ਪੁਲਿਸ ਦੇ ਕਈ ਵੱਡੇ ਅਧਿਕਾਰੀ ਅਤੇ ਸਥਾਨਕ ਸੈਨਾ ਪ੍ਰਮੁੱਖ ਇੱਕ ਹੈਲੀਕਾਪਟਰ ਦੇ ਜ਼ਰੀਏ ਹੇਰਾਤ ਵਿੱਚੋਂ ਨਿਕਲਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਅਫ਼ਗ਼ਾਨ ਸੈਨਿਕਾਂ ਨੇ ਹੀ ਰੋਕ ਲਿਆ।
ਰੌਇਟਰਸ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਕਿ ਇੱਕ ਸਮਝੌਤੇ ਦੇ ਤਹਿਤ ਖ਼ਾਨ ਅਤੇ ਕੁਝ ਸੁਰੱਖਿਆ ਅਧਿਕਾਰੀਆਂ ਨੂੰ ਤਾਲਿਬਾਨ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ: