You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਧਦੀ ਪਕੜ-ਜਕੜ ਨੂੰ ਸਮਝੋ
- ਲੇਖਕ, ਵਿਜ਼ੂਅਲ ਜਰਨਲਿਜ਼ਮ ਟੀਮ
- ਰੋਲ, ਬੀਬੀਸੀ ਨਿਊਜ਼
2001 ਵਿੱਚ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਮੁੜ ਉੱਭਰਦੇ ਤਾਲਿਬਾਨ ਨੇ ਪਿਛਲੇ ਦੋ ਮਹੀਨਿਆਂ ਵਿੱਚ ਅਫ਼ਗਾਨਿਸਤਾਨ 'ਚ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਹੈ।
ਪਿਛਲੇ 20 ਸਾਲਾਂ ਤੋਂ ਅਫ਼ਗਾਨਿਸਤਾਨ 'ਤੇ ਕਬਜ਼ੇ ਦਾ ਨਕਸ਼ਾ ਬਦਲਦਾ ਰਿਹਾ ਹੈ। ਇੱਥੇ, ਅਸੀਂ ਦੇਖਦੇ ਹਾਂ ਕਿ ਉਹ ਕਿਹੜੇ ਖੇਤਰਾਂ 'ਤੇ ਕਾਬਜ ਹਨ।
ਅਜਿਹਾ ਮਹਿਸੂਸ ਹੁੰਦਾ ਹੈ ਕਿ ਅਮਰੀਕੀ ਫ਼ੌਜਾਂ ਦੇ ਜਾਣ ਮਗਰੋਂ ਤਾਲਿਬਾਨ ਦੇ ਹੌਂਸਲੇ ਹਾਲੀਆਂ ਹਫ਼ਤਿਆਂ ਦੌਰਾਨ ਕਾਫ਼ੀ ਵਧੇ ਹਨ।
ਬੀਬੀਸੀ ਅਫ਼ਗਾਨ ਸੇਵਾ ਦੀ ਰਿਸਰਚ ਮੁਤਾਬਕ ਉੱਤਰ ਅਤੇ ਉੱਤਰ-ਪੂਰਬੀ ਅਤੇ ਕੇਂਦਰੀ ਸੂਬਿਆਂ ਜਿਵੇਂ ਗਜ਼ਨੀ ਅਤੇ ਮੈਦਾਨ ਵਰਦਕ ਸਮੇਤ ਪੂਰੇ ਦੇਸ਼ ਵਿੱਚ ਹੁਣ ਇਨ੍ਹਾਂ ਦੀ ਮਜ਼ਬੂਤ ਮੌਜੂਦਗੀ ਹੈ।
ਉਹ ਕੁੰਦੂਜ਼, ਹੇਰਾਤ, ਕੰਧਾਰ ਅਤੇ ਲਸ਼ਕਰ ਗਾਹ ਵਰਗੇ ਪ੍ਰਮੁੱਖ ਸ਼ਹਿਰਾਂ 'ਤੇ ਵੀ ਕਬਜ਼ਾ ਕਰਨ ਦੇ ਕਰੀਬ ਹਨ।
ਇਹ ਵੀ ਪੜ੍ਹੋ:
ਕੰਟਰੋਲ ਤੋਂ ਸਾਡਾ ਮਤਲਬ ਉਹ ਜ਼ਿਲ੍ਹੇ ਹਨ ਜਿੱਥੇ ਪ੍ਰਬੰਧਕੀ ਕੇਂਦਰ, ਪੁਲਿਸ ਹੈੱਡਕੁਆਰਟਰ ਅਤੇ ਹੋਰ ਸਾਰੇ ਸਰਕਾਰੀ ਅਦਾਰੇ ਤਾਲਿਬਾਨ ਦੇ ਅਧੀਨ ਹਨ।
ਅਮਰੀਕੀ ਫ਼ੌਜਾਂ ਅਤੇ ਉਨ੍ਹਾਂ ਦੇ ਨਾਟੋ ਅਤੇ ਖੇਤਰੀ ਸਹਿਯੋਗੀਆਂ ਨੇ ਨਵੰਬਰ 2001 ਵਿੱਚ ਤਾਲਿਬਾਨ ਨੂੰ ਸੱਤਾ ਤੋਂ ਖਦੇੜ ਦਿੱਤਾ ਸੀ।
ਤਾਲਿਬਾਨ ਅਮਰੀਕਾ ਵਿੱਚ 11 ਸਤੰਬਰ 2001 ਦੇ ਹਮਲਿਆਂ ਨਾਲ ਜੁੜੇ ਓਸਾਮਾ ਬਿਨ ਲਾਦੇਨ ਅਤੇ ਅਲ-ਕਾਇਦਾ ਦੇ ਹੋਰ ਵਿਅਕਤੀਆਂ ਨੂੰ ਪਨਾਹ ਦੇ ਰਿਹਾ ਸੀ।
ਫਿਰ ਵੀ ਇਸ ਖੇਤਰ ਵਿੱਚ ਲਗਾਤਾਰ ਕਾਇਮ ਰਹੀ ਕੌਮਾਂਤਰੀ ਮੌਜੂਦਗੀ, ਅਫਗਾਨ ਸਰਕਾਰੀ ਸੁਰੱਖਿਆ ਦਸਤਿਆਂ ਦੀ ਸਿਖਲਾਈ ਲਈ ਅਰਬਾਂ ਡਾਲਰ ਦੀ ਮਦਦ ਦੇ ਬਾਵਜੂਦ ਤਾਲਿਬਾਨ ਮੁੜ ਸੰਗਠਿਤ ਹੋ ਗਿਆ ਅਤੇ ਹੌਲੀ-ਹੌਲੀ ਹੋਰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਤਾਕਤ ਫੜ ਲਈ।
ਉਨ੍ਹਾਂ ਦੇ ਪ੍ਰਭਾਵ ਦੇ ਮੁੱਖ ਖੇਤਰ ਦੱਖਣ ਅਤੇ ਦੱਖਣ-ਪੱਛਮ ਵਿੱਚ ਉਨ੍ਹਾਂ ਦੇ ਰਵਾਇਤੀ ਗੜ੍ਹਾਂ ਦੇ ਆਸਪਾਸ ਹਨ - ਉੱਤਰੀ ਹੇਲਮੰਡ, ਕੰਧਾਰ, ਉਰੂਜ਼ਗਨ ਅਤੇ ਜ਼ਾਬੁਲ ਸੂਬੇ।
ਇਨ੍ਹਾਂ ਦੀ ਸਥਿਤੀ ਉੱਤਰ-ਪੱਛਮ ਵਿੱਚ ਦੱਖਣੀ ਫਰਿਆਬ ਦੀਆਂ ਪਹਾੜੀਆਂ ਅਤੇ ਉੱਤਰ-ਪੂਰਬ ਵਿੱਚ ਬਦਖਸ਼ਨ ਦੇ ਪਹਾੜਾਂ ਵਿੱਚ ਵੀ ਮਜ਼ਬੂਤ ਹੈ।
2017 ਵਿੱਚ ਬੀਬੀਸੀ ਦੇ ਇੱਕ ਅਧਿਐਨ ਮੁਤਾਬਕ ਤਾਲਿਬਾਨ ਦਾ ਕਈ ਜ਼ਿਲ੍ਹਿਆਂ 'ਤੇ ਪੂਰਾ ਕੰਟਰੋਲ ਸੀ।
ਅਧਿਐਨ ਨੇ ਇਹ ਵੀ ਦਿਖਾਇਆ ਕਿ ਉਹ ਦੇਸ਼ ਦੇ ਹੋਰ ਬਹੁਤ ਸਾਰੇ ਹਿੱਸਿਆਂ ਵਿੱਚ ਸਰਗਰਮ ਸਨ, ਕੁਝ ਖੇਤਰਾਂ ਵਿੱਚ ਹਫ਼ਤਾਵਾਰੀ ਜਾਂ ਮਹੀਨਾਵਾਰ ਹਮਲੇ ਵਧ ਰਹੇ ਸਨ, ਜੋ ਪਿਛਲੇ ਅਨੁਮਾਨਾਂ ਦੀ ਤੁਲਨਾ ਵਿੱਚ ਕਾਫ਼ੀ ਜ਼ਿਆਦਾ ਸ਼ਕਤੀਸ਼ਾਲੀ ਸਨ।
ਲਗਭਗ ਡੇਢ ਕਰੋੜ ਲੋਕ - ਅੱਧੀ ਆਬਾਦੀ - ਜਾਂ ਤਾਂ ਤਾਲਿਬਾਨੀ ਕੰਟਰੋਲ ਵਾਲੇ ਵਿੱਚ ਰਹਿ ਰਹੇ ਸਨ ਜਾਂ ਫਿਰ ਤਾਲਿਬਾਨਾਂ ਦੀ ਖੁੱਲ੍ਹੀ ਮੌਜੂਦਗੀ ਵਾਲੇ ਖੇਤਰਾਂ ਵਿੱਚ ਰਹਿ ਰਹੇ ਸਨ।
ਕੀ ਤਾਲਿਬਾਨ ਡਟੇ ਹੋਏ ਹਨ?
ਹਾਲਾਂਕਿ ਉਹ ਹੁਣ 2001 ਤੋਂ ਬਾਅਦ ਤੋਂ ਵਧੇਰੇ ਖੇਤਰਾਂ 'ਤੇ ਕੰਟਰੋਲ ਰੱਖਦੇ ਹਨ, ਪਰ ਜ਼ਮੀਨੀ ਸਥਿਤੀ ਪੇਤਲੀ ਹੈ।
ਸਰਕਾਰ ਨੂੰ ਕੁਝ ਜ਼ਿਲ੍ਹਾ ਪ੍ਰਬੰਧਕੀ ਕੇਂਦਰ ਛੱਡਣੇ ਪਏ, ਜਿੱਥੇ ਉਹ ਤਾਲਿਬਾਨ ਦੇ ਦਬਾਅ ਦਾ ਸਾਹਮਣਾ ਨਹੀਂ ਕਰ ਸਕਦੀ ਸੀ।
ਜਿੱਥੇ ਸਰਕਾਰ ਆਪਣੀਆਂ ਫ਼ੌਜਾਂ ਜਾਂ ਸਥਾਨਕ ਮਿਲਿਸ਼ੀਆ ਨੂੰ ਇਕੱਠਾ ਕਰਨ ਵਿੱਚ ਕਾਮਯਾਬ ਰਹੀ ਹੈ, ਉਸ ਨੇ ਕੁਝ ਖੇਤਰਾਂ ਨੂੰ ਮੁੜ ਹਾਸਲ ਕਰ ਲਿਆ ਹੈ - ਜਾਂ ਉਨ੍ਹਾਂ ਖੇਤਰਾਂ ਵਿੱਚ ਲੜਾਈ ਜਾਰੀ ਹੈ।
ਹਾਲਾਂਕਿ ਬਹੁਤੇ ਅਮਰੀਕੀ ਫ਼ੌਜੀ ਇਸੇ ਸਾਲ ਜੂਨ ਵਿੱਚ ਚਲੇ ਗਏ, ਕੁਝ ਮੁੱਠੀ ਭਰ ਕਾਬੁਲ ਵਿੱਚ ਰਹਿ ਗਏ ਅਤੇ ਅਮਰੀਕੀ ਹਵਾਈ ਫੌਜ ਨੇ ਪਿਛਲੇ ਕੁਝ ਦਿਨਾਂ ਤੋਂ ਤਾਲਿਬਾਨ ਦੇ ਟਿਕਾਣਿਆਂ ਉੱਤੇ ਹਵਾਈ ਹਮਲੇ ਵੀ ਕੀਤੇ ਹਨ।
ਅਫ਼ਗਾਨ ਸਰਕਾਰ ਦੀਆਂ ਫ਼ੌਜਾਂ ਮੁੱਖ ਰੂਪ ਨਾਲ ਉਨ੍ਹਾਂ ਸ਼ਹਿਰਾਂ ਅਤੇ ਜ਼ਿਲ੍ਹਿਆਂ 'ਤੇ ਕਾਬਜ਼ ਹਨ ਜੋ ਮੈਦਾਨੀ ਇਲਾਕਿਆਂ ਜਾਂ ਨਦੀ ਘਾਟੀਆਂ ਵਿੱਚ ਹਨ - ਇਹੀ ਉਹ ਥਾਂ ਹੈ ਜਿੱਥੇ ਜ਼ਿਆਦਾਤਰ ਆਬਾਦੀ ਰਹਿੰਦੀ ਹੈ।
ਇਹ ਵੀ ਪੜ੍ਹੋ:
ਜਿਨ੍ਹਾਂ ਖੇਤਰਾਂ ਵਿੱਚ ਤਾਲਿਬਾਨ ਸਭ ਤੋਂ ਮਜ਼ਬੂਤ ਹਨ, ਉਹ ਬਹੁਤ ਘੱਟ ਆਬਾਦੀ ਵਾਲੇ ਹਨ, ਬਹੁਤ ਸਾਰੇ ਖੇਤਰਾਂ ਵਿੱਚ ਪ੍ਰਤੀ ਵਰਗ ਕਿਲੋਮੀਟਰ ਵਿੱਚ 50 ਤੋਂ ਘੱਟ ਲੋਕ ਹਨ।
ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਸੁਰੱਖਿਆ ਦਸਤੇ ਭੇਜੇ ਹਨ ਜਿਨ੍ਹਾਂ 'ਤੇ ਤਾਲਿਬਾਨ ਦਾ ਖ਼ਤਰਾ ਹੈ ਅਤੇ ਤਾਲਿਬਾਨ ਨੂੰ ਸ਼ਹਿਰਾਂ ਉੱਤੇ ਹਮਲਾ ਕਰਨ ਤੋਂ ਰੋਕਣ ਲਈ ਲਗਭਗ ਸਾਰੇ ਦੇਸ਼ ਵਿੱਚ ਰਾਤ ਭਰ ਦਾ ਕਰਫਿਊ ਲਗਾ ਦਿੱਤਾ ਗਿਆ ਹੈ।
ਹਾਲਾਂਕਿ ਤਾਲਿਬਾਨ ਹੇਰਾਤ ਅਤੇ ਕੰਧਾਰ ਵਰਗੇ ਕੇਂਦਰਾਂ ਵਿੱਚ ਨਜ਼ਦੀਕ ਹੁੰਦੇ ਜਾਪਦੇ ਹਨ, ਪਰ ਤਾਲਿਬਾਨ ਅਜੇ ਤੱਕ ਕਿਸੇ ਇੱਕ 'ਤੇ ਕਬਜ਼ਾ ਕਰਨ ਵਿੱਚ ਸਫਲ ਨਹੀਂ ਹੋਏ ਹਨ।
ਹਾਲਾਂਕਿ ਉਹ ਖੇਤਰ ਦਾ ਲਾਹਾ ਲੈ ਕੇ ਗੱਲਬਾਤ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹਨ ਅਤੇ ਟੈਕਸਾਂ ਅਤੇ ਜੰਗੀ ਲੁੱਟ ਦੇ ਰੂਪ ਵਿੱਚ ਆਮਦਨ ਵੀ ਪੈਦਾ ਕਰਦੇ ਹਨ।
ਇਸ ਸਾਲ ਦੇ ਪਹਿਲੇ ਅੱਧ ਵਿੱਚ ਸੰਘਰਸ਼ ਦੇ ਨਤੀਜੇ ਵਜੋਂ ਰਿਕਾਰਡ ਗਿਣਤੀ ਵਿੱਚ ਨਾਗਰਿਕ ਮਾਰੇ ਗਏ ਹਨ। ਸੰਯੁਕਤ ਰਾਸ਼ਟਰ 1,600 ਨਾਗਰਿਕਾਂ ਦੀ ਮੌਤ ਦਾ ਸਭ ਤੋਂ ਵੱਧ ਇਲਜ਼ਾਮ ਤਾਲਿਬਾਨ ਅਤੇ ਹੋਰ ਸਰਕਾਰ ਵਿਰੋਧੀ ਤੱਤਾਂ ਨੂੰ ਦਿੰਦਾ ਹੈ।
ਲੜਾਈ ਨੇ ਬਹੁਤ ਸਾਰੇ ਲੋਕਾਂ ਨੂੰ ਬੇਘਰੇ ਕੀਤਾ ਹੈ - ਸਾਲ ਦੀ ਸ਼ੁਰੂਆਤ ਤੋਂ ਲਗਭਗ 300,000 ਲੋਕ ਬੇਘਰ ਹੋ ਗਏ ਹਨ। ਯੂਐੱਨਐੱਚਸੀਆਰ ਦਾ ਕਹਿਣਾ ਹੈ ਕਿ ਬਦਖਸ਼ਨ, ਕੁੰਦੂਜ਼, ਬਲਖ, ਬਘਲਾਨ ਅਤੇ ਤਖਰ ਸੂਬਿਆਂ ਵਿੱਚ ਅੰਦਰੂਨੀ ਪਰਵਾਸ ਦੀ ਇੱਕ ਨਵੀਂ ਲਹਿਰ ਆਈ ਹੈ ਕਿਉਂਕਿ ਤਾਲਿਬਾਨ ਨੇ ਪੇਂਡੂ ਖੇਤਰ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਹੈ।
ਕੁਝ ਲੋਕ ਪਿੰਡਾਂ ਜਾਂ ਨੇੜਲੇ ਜ਼ਿਲ੍ਹਿਆਂ ਵਿੱਚ ਭੱਜ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਘਰ ਪਰਤਦੇ ਹਨ, ਦੂਸਰੇ ਕੁਝ ਸਮੇਂ ਲਈ ਉੱਜੜੇ ਰਹਿੰਦੇ ਹਨ।
ਏਐੱਫਪੀ ਖ਼ਬਰ ਏਜੰਸੀ ਦੀ ਰਿਪੋਰਟ ਹੈ ਕਿ ਤਾਲਿਬਾਨ ਦੇ ਹਮਲਿਆਂ ਨੇ ਅਫ਼ਗਾਨ ਸ਼ਰਨਾਰਥੀਆਂ ਅਤੇ ਸਰਕਾਰੀ ਫੌਜਾਂ ਨੂੰ ਵੀ ਤਜ਼ਾਕਿਸਤਾਨ ਵਿੱਚ ਸਰਹੱਦ ਪਾਰ ਦਾਖਲ ਹੋਣ ਲਈ ਮਜਬੂਰ ਕੀਤਾ ਹੈ।
ਤਾਲਿਬਾਨ ਵੱਲੋਂ ਪਾਕਿਸਤਾਨ ਦੇ ਇੱਕ ਪ੍ਰਮੁੱਖ ਪ੍ਰਵੇਸ਼ ਦੁਆਰ ਸਪਿਨ ਬੋਲਡਕ ਸਮੇਤ ਕਈ ਪ੍ਰਮੁੱਖ ਸਰਹੱਦੀ ਕ੍ਰਾਸਿੰਗ ਨੂੰ ਕਾਬੂ ਕਰਨ ਦੀ ਵੀ ਖ਼ਬਰ ਹੈ।
ਉਨ੍ਹਾਂ ਵੱਲੋਂ ਕੰਟਰੋਲ ਕੀਤੇ ਜਾਣ ਵਾਲੇ ਕ੍ਰਾਸਿੰਗਜ਼ ਰਾਹੀਂ ਦੇਸ਼ ਵਿੱਚ ਦਾਖਲ ਹੋਣ ਵਾਲੇ ਸਾਮਾਨ 'ਤੇ ਕਸਟਮ ਡਿਊਟੀ ਹੁਣ ਤਾਲਿਬਾਨ ਵੱਲੋਂ ਇਕੱਠੀ ਕੀਤੀ ਜਾਂਦੀ ਹੈ - ਹਾਲਾਂਕਿ ਸਟੀਕ ਮਾਤਰਾ ਸਪੱਸ਼ਟ ਨਹੀਂ ਹੈ ਕਿਉਂਕਿ ਲੜਾਈ ਦੇ ਨਤੀਜੇ ਵਜੋਂ ਵਪਾਰ ਵੀ ਘੱਟ ਗਿਆ ਹੈ।
ਉਦਾਹਰਨ ਵਜੋਂ ਈਰਾਨ ਦੀ ਸਰਹੱਦ 'ਤੇ ਇਸਲਾਮ ਕਾਲਾ (Islam Qala) ਪ੍ਰਤੀ ਮਹੀਨਾ 20 ਮਿਲੀਅਨ ਡਾਲਰ ਤੋਂ ਵੱਧ ਪੈਦਾ ਕਰਨ ਦੇ ਸਮਰੱਥ ਸੀ।
ਦਰਾਮਦ ਅਤੇ ਬਰਾਮਦ ਦੇ ਪ੍ਰਵਾਹ ਵਿੱਚ ਵਿਘਨ ਨੇ ਬਾਜ਼ਾਰਾਂ ਵਿੱਚ ਜ਼ਰੂਰੀ ਸਾਮਾਨ ਦੀਆਂ ਕੀਮਤਾਂ 'ਤੇ ਅਸਰ ਪਾਇਆ ਹੈ - ਖਾਸ ਕਰਕੇ ਈਂਧਣ ਅਤੇ ਖਾਧ ਪਦਾਰਥ।
ਬੀਬੀਸੀ ਅਫ਼ਗਾਨ ਸੇਵਾ ਵੱਲੋਂ ਐਡੀਸ਼ਨਲ ਰਿਪੋਰਟਿੰਗ
ਇਹ ਵੀ ਪੜ੍ਹੋ: