ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਵਧਦੇ ਜ਼ੋਰ ਵਿਚਾਲੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭੇਜੀ ਫੌਜ, ਹੋਰ ਕੀ ਹਨ ਹਾਲਾਤ

ਅਫ਼ਗਾਨਿਸਤਾਨ ਵਿੱਚ ਦਿਨੋਂ-ਦਿਨ ਵਿਗੜ ਰਹੀ ਸਥਿਤੀ ਦੇ ਮੱਦੇ ਨਜ਼ਰ ਦੇਸ਼ ਉੱਥੋਂ ਆਪਣੇ ਕੂਟਨੀਤਿਕਾਂ ਅਤੇ ਹੋਰ ਅਮਲੇ ਨੂੰ ਕੱਢਣ ਵਿੱਚ ਲੱਗੇ ਹੋਏ ਹਨ।

ਇਸੇ ਕੜੀ ਵਿੱਚ ਅਮਰੀਕੀ ਫ਼ੌਜਾਂ ਦਾ ਪਹਿਲਾਂ ਦਸਤਾ ਆਪਣੇ ਲੋਕਾਂ ਨੂੰ ਉੱਥੋਂ ਕੱਢਣ ਲਈ ਅਫ਼ਗਾਨਿਸਤਾਨ ਪਹੁੰਚ ਚੁੱਕਿਆ ਹੈ।

ਸ਼ੁੱਕਰਵਾਰ ਨੂੰ ਤਾਲਿਬਾਨ ਨੇ ਪੁਲ-ਏ-ਆਲਮ ਜੋ ਕੇ ਲੋਗ਼ਰ ਸੂਬੇ ਦੀ ਰਾਜਧਾਨੀ ਅਤੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਮਹਿਜ਼ 80 ਕਿੱਲੋਮੀਟਰ ਦੂਰ ਹੈ, ਉੱਪਰ ਕਬਜ਼ਾ ਕਰ ਲਿਆ ਹੈ।

ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ ਜੋ ਕਿ ਨਾਗਰਿਕਾਂ ਲਈ ਭਿਆਨਕ ਹੈ।

ਹੁਣ ਤੱਕ ਅਫ਼ਗਾਨਿਸਤਾਨ ਵਿੱਚ ਜਾਰੀ ਹਿੰਸਾ ਕਾਰਨ ਢਾਈ ਲੱਖ ਤੋਂ ਜ਼ਿਆਦਾ ਲੋਕ ਉਜੜ ਚੁੱਕੇ ਹਨ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਵਿੱਚ ਬੀਤੇ 20 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ। 9/11 ਦੇ ਅਮਰੀਕਾ 'ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕਾ ਤੇ ਹੋਰ ਦੇਸਾਂ ਦੀਆਂ ਫੌਜਾਂ ਅਫ਼ਗਾਨਿਸਤਾਨ ਵਿੱਚ ਜੰਗ ਲੜ ਰਹੀਆਂ ਸਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸਾਂਭਣ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਹੁਕਮ ਦਿੱਤੇ ਸਨ ਜਿਸ ਮਗਰੋਂ ਸਾਰੀਆਂ ਵਿਦੇਸ਼ੀ ਫੌਜਾਂ ਵਾਪਸ ਚਲੀ ਗਈਆਂ ਹਨ।

ਵਿਦੇਸ਼ੀ ਫੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਲਗਾਤਾਰ ਆਪਣੇ ਇਲਾਕੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ।

ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਪਿਛਲੇ ਵੀਹ ਸਾਲਾਂ ਦੌਰਾਨ ਅਫ਼ਗਾਨਿਸਤਾਨ ਨੇ ਜੋ ਤਰੱਕੀ ਕੀਤੀ ਹੈ ਅਤੇ ਮਨੁੱਖੀ ਹਕੂਕ ਦੇ ਮਾਮਲੇ ਵਿੱਚ ਜੋ ਵਿਕਾਸ ਹੋਇਆ ਹੈ ਉਸ ਸਭ ਇਸ ਹਿੰਸਾ ਦੀ ਭੇਂਟ ਚੜ੍ਹ ਜਾਵੇਗਾ।

1990 ਦੇ ਦਹਾਕੇ ਵਿੱਚ ਜਦੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਸੀ ਤਾਂ ਬਹੁਤ ਕਟੱੜ ਇਸਲਾਮਿਕ ਕਾਨੂੰਨ ਲਾਗੂ ਸਨ। ਹੁਣ ਹਾਲਾਂਕਿ ਕੌਮਾਂਤਰੀ ਤਾਲਿਬਾਨ ਆਗੂ ਤਾਂ ਕਹਿ ਰਹੇ ਹਨ ਕਿ ਉਹ ਇੱਕ ਆਧੁਨਿਕ ਕਦਰਾਂ ਕੀਮਤਾਂ ਵਾਲ਼ਾ ਸ਼ਾਸਨ ਦੇਸ ਵਿੱਚ ਦੇਣਗੇ ਪਰ ਜ਼ਮੀਨੀ ਕਮਾਂਡਰ ਪੁਰਾਣੀਆਂ ਰਵਾਇਤਾਂ ਨੂੰ ਸੁਰਜੀਤ ਕਰਨ ਦੇ ਯਤਨਾਂ ਵਿੱਚ ਲੱਗੇ ਨਜ਼ਰ ਆਉਂਦੇ ਹਨ।

ਸ਼ੁੱਕਰਵਾਰ ਨੂੰ ਵੀ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ਅਤੇ ਕਰੀਬੀ ਸ਼ਹਿਰ ਲਸ਼ਕਰਗਾਹ ਨੂੰ ਅਤੇ ਪੱਛਮ ਵਿੱਚ ਹੈਰਾਤ ਨੂੰ ਆਪਣੇ ਅਧਿਕਾਰ ਵਿੱਚ ਲਿਆ।

ਤਾਲਿਬਾਨ ਦਾ ਹੁਣ ਅਫ਼ਗਾਨਿਸਤਾਨ ਦੀਆਂ ਇੱਕ ਤਿਹਾਈ ਸੂਬਾਈ ਰਾਜਧਾਨੀਆਂ ਉੱਪਰ ਅਧਿਕਾਰ ਹੈ।

ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਤਾਲਿਬਾਨ ਦੀ ਚੜ੍ਹਤ ਨੂੰ ਚਿੰਤਾ ਦਾ ਸਬੱਬ ਜ਼ਰੂਰ ਦੱਸਿਆ ਪਰ ਕਿਹਾ ਹੈ ਕਿ ਰਾਜਧਾਨੀ ਕਾਬੁਲ ਨੂੰ ਅਜੇ ਕੋਈ ਖ਼ਤਰਾ ਨਹੀਂ ਹੈ।

ਅਮਰੀਕਾ ਕੂਟਨੀਤਿਕਾਂ ਅਤੇ ਹੋਰ ਅਮਲੇ ਨੂੰ ਕੱਢਣ ਲਈ ਅਫ਼ਗਾਨਿਸਤਾਨ ਵਿੱਚ ਫ਼ੌਜ ਭੇਜ ਰਿਹਾ ਹੈ ਅਤੇ ਹਫ਼ਤੇ ਦੇ ਅੰਤ ਤੱਕ ਅਮਰੀਕਾ ਹਜ਼ਾਰਾਂ ਲੋਕਾਂ ਨੂੰ ਉੱਥੋਂ ਹਵਾਈ ਜਹਾਜ਼ ਰਾਹੀਂ ਕੱਢਣਾ ਚਾਹੁੰਦਾ ਹੈ।

ਅਮਰੀਕਾ ਦੀ ਤਾਜ਼ਾ ਸੂਹੀਆ ਰਿਪੋਰਟ ਮੁਤਾਬਕ ਤਾਲਿਬਾਨ ਆਉਣ ਵਾਲੇ 30 ਦਿਨਾਂ ਦੌਰਾਨ ਰਾਜਧਾਨੀ ਕਾਬੁਲ ’ਤੇ ਹਮਲਾ ਕਰ ਸਕਦੇ ਹਨ।

ਅਫ਼ਗਾਨਿਸਤਾਨ ਵਿੱਚ ਅਮਰੀਕੀ ਅੰਬੈਸੀ ਦੇ ਸਟਾਫ਼ ਨੂੰ ਦੱਸ ਦਿੱਤਾ ਗਿਆ ਹੈ ਕਿ ਝੰਡਿਆਂ ਸਮੇਤ ਸੰਵੇਦਨਸ਼ੀਲ ਸਮੱਗਰੀ ਨੂੰ ਨਸ਼ਟ ਕਰਨ ਦੀ ਸਹੂਲਤ ਉੱਥੇ ਉਪਲਬਧ ਹੈ ਤਾਂ ਜੋ ਤਾਲਿਬਾਨ ਇਸ ਸਮੱਗਰੀ ਦੀ ਪ੍ਰਾਪੇਗੰਡਾ ਕਰਨ ਲਈ ਵਰਤੋਂ ਨਾ ਕਰ ਸਕਣ।

ਭਾਰਤੀ ਅੰਬੈਸੀ ਦੇ ਬੰਦ ਹੋਣ ਦੀਆਂ ਮੀਡੀਆ ਰਿਪੋਰਟਾਂ ਸਨ ਅਤੇ ਭਾਰਤੀ ਅੰਬੈਸੀ ਨੇ ਦੇਸ਼ ਦੇ ਨਾਗਰਿਕਾਂ ਨੂੰ ਅਡਵਾਇਜ਼ਰੀ ਵੀ ਜਾਰੀ ਕੀਤੀ ਸੀ। ਹਾਲਾਂਕਿ ਵਿਦੇਸ਼ ਮੰਤਰਾਲਾ ਨੇ ਅੰਬੈਸੀ ਬੰਦ ਹੋਣ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਿਆ ਹੈ।

ਬ੍ਰਿਟੇਨ ਨੇ ਕਿਹਾ ਹੈ ਕਿ ਉਸ ਦੀ ਅੰਬੈਸੀ ਜਰਮਨੀ ਵਾਂਗ ਘੱਟੋ-ਘੱਟ ਸਟਾਫ਼ ਨਾਲ ਕੰਮ ਕਰਦੀ ਰਹੇਗੀ। ਜਦਕਿ ਡੈਨਮਾਰਕ ਅਤੇ ਨਾਰਵੇ ਨੇ ਆਪਣੀਆਂ ਅੰਬੈਸੀਆਂ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)