ਤਾਲਿਬਾਨ ਕੌਣ ਹਨ? ਜੋ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਅਫ਼ਗਾਨਿਸਤਾਨ ’ਚ ਮੁੜ ਪੈਰ ਪਸਾਰ ਰਹੇ ਹਨ

ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਗਿਆ ਸੀ।

ਪਰ ਇਸ ਸਮੂਹ ਨੇ ਹੌਲੀ-ਹੌਲੀ ਆਪਣੀ ਤਾਕਤ ਵਧਾਈ ਅਤੇ ਹੁਣ ਦੁਬਾਰਾ ਇਸ ਖੇਤਰ ਉੱਤੇ ਦੁਬਾਰਾ ਕਬਜ਼ਾ ਕਰ ਰਿਹਾ ਹੈ।

ਦੋ ਦਹਾਕਿਆਂ ਦੀ ਜੰਗ ਤੋਂ ਬਾਅਦ ਹੁਣ ਜਦੋਂ ਅਮਰੀਕੀ ਸੈਨਾ 11 ਸਤੰਬਰ ਤੱਕ ਆਪਣੀ ਵਾਪਸੀ ਦੀ ਪੂਰੀ ਤਿਆਰੀ ਕਰ ਰਹੀ ਹੈ ਤਾਂ ਤਾਲਿਬਾਨ ਨੇ, ਅਫ਼ਗ਼ਾਨ ਫੌਜੀ ਚੌਕੀਆਂ, ਕਸਬਿਆਂ, ਪਿੰਡਾਂ ਅਤੇ ਨੇੜਲੇ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਨਾਲ ਇੱਕ ਵਾਰ ਫਿਰ ਡਰ ਪੈਦਾ ਹੋ ਗਿਆ ਹੈ ਕਿ ਤਾਲਿਬਾਨ ਇੱਥੋਂ ਦੀ ਸਰਕਾਰ ਨੂੰ ਢਾਹ ਸਕਦਾ ਹੈ।

ਇਸ ਸਮੂਹ ਨੇ 2018 ਵਿੱਚ ਅਮਰੀਕਾ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਫਰਵਰੀ 2020 ਵਿੱਚ ਦੋਵਾਂ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋਇਆ ਜਿਸ ਦੇ ਅਨੁਸਾਰ ਅਮਰੀਕਾ ਇੱਥੋਂ ਵਾਪਸ ਜਾਣ ਲਈ ਅਤੇ ਤਾਲਿਬਾਨ ਅਮਰੀਕੀ ਫੌਜਾਂ 'ਤੇ ਹਮਲੇ ਰੋਕਣ ਲਈ ਵਚਨਬੱਧ ਹੋਏ।

ਇਹ ਵੀ ਪੜ੍ਹੋ-

ਹੋਰ ਵਾਅਦਿਆਂ ਵਿੱਚ ਅਲ-ਕਾਇਦਾ ਜਾਂ ਹੋਰ ਅੱਤਵਾਦੀ ਸਮੂਹਾਂ ਨੂੰ ਉਨ੍ਹਾਂ ਦੇ ਕੰਟ੍ਰੋਲ ਵਾਲੇ ਖੇਤਰਾਂ ਵਿੱਚ ਕੰਮ ਨਾ ਕਰਨ ਦੇਣਾ ਅਤੇ ਕੌਮੀ ਸ਼ਾਂਤੀ ਗੱਲਬਾਤ ਨੂੰ ਅੱਗੇ ਵਧਾਉਣਾ ਸ਼ਾਮਲ ਹੈ।

ਪਰ ਉਸ ਤੋਂ ਬਾਅਦ ਵਾਲੇ ਸਾਲ ਵਿੱਚ ਤਾਲਿਬਾਨ ਨੇ ਅਫ਼ਗ਼ਾਨ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ।

ਹੁਣ ਜਦੋਂ ਕਿ ਯੂਐੱਸ ਇਸ ਦੇਸ਼ ਨੂੰ ਤਕਰੀਬਨ ਛੱਡ ਦਿੱਤਾ ਹੈ, ਤਾਲਿਬਾਨ ਮੁੜ ਤੋਂ ਉੱਭਰ ਰਿਹਾ ਹੈ ਅਤੇ ਤੇਜ਼ੀ ਨਾਲ ਦੇਸ਼ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ।

ਸ਼ਕਤੀਸ਼ਾਲੀ ਹੁੰਦਾ ਤਾਲਿਬਾਨ

ਤਾਲਿਬਾਨ ਜਿਸ ਦਾ ਪਸ਼ਤੋ ਭਾਸ਼ਾ ਵਿੱਚ ਅਰਥ ਹੈ 'ਵਿਦਿਆਰਥੀ', ਇਹ ਸਮੂਹ, 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਅਫ਼ਗ਼ਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਦੇ ਬਾਅਦ ਉੱਤਰੀ ਪਾਕਿਸਤਾਨ ਵਿੱਚ ਉੱਭਰਿਆ।

ਇਹ ਮੰਨਿਆ ਜਾਂਦਾ ਹੈ ਕਿ ਪਸ਼ਤੂਨ ਅੰਦੋਲਨ ਮੁੱਖ ਤੌਰ 'ਤੇ ਪਹਿਲਾਂ ਧਾਰਮਿਕ ਮਦਰੱਸਿਆਂ ਵਿੱਚ ਦਿਖਾਈ ਦਿੱਤਾ ਸੀ ਜੋ ਕਿ ਜ਼ਿਆਦਾਤਰ ਸਾਊਦੀ ਅਰਬ ਤੋਂ ਆਏ ਪੈਸੇ ਨਾਲ ਚੱਲਦਾ ਸੀ ਅਤੇ ਜੋ ਸੁੰਨੀ ਇਸਲਾਮ ਦੇ ਕੱਟੜ ਰੂਪ ਦਾ ਪ੍ਰਚਾਰ ਕਰਦਾ ਸੀ।

ਤਾਲਿਬਾਨ ਦਾ ਵਾਅਦਾ ਸੀ ਕਿ ਇੱਕ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਪਸ਼ਤੂਨ ਖੇਤਰਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਹਾਲ ਕਰਨਗੇ ਅਤੇ ਆਪਣੇ ਸਿੱਧੇ-ਸਾਦੇ ਸ਼ਰੀਆ ਜਾਂ ਇਸਲਾਮਿਕ ਕਾਨੂੰਨ ਲਾਗੂ ਕਰਨਗੇ।

ਤਾਲਿਬਾਨ ਨੇ ਤੇਜ਼ੀ ਨਾਲ ਅਫ਼ਗ਼ਾਨਿਸਤਾਨ ਦੇ ਦੱਖਣ-ਪੱਛਮੀ ਇਲਾਕੇ ਵਿੱਚ ਆਪਣੇ ਪ੍ਰਭਾਵ ਨੂੰ ਵਧਾਇਆ।

ਸਤੰਬਰ 1995 ਵਿੱਚ ਉਨ੍ਹਾਂ ਨੇ ਈਰਾਨ ਦੀ ਸਰਹੱਦ ਨਾਲ ਲੱਗਦੇ ਹੇਰਾਤ ਪ੍ਰਾਂਤ ਉੱਤੇ ਕਬਜ਼ਾ ਕਰ ਲਿਆ।

ਠੀਕ ਇੱਕ ਸਾਲ ਬਾਅਦ ਉਨ੍ਹਾਂ ਨੇ, ਸੋਵੀਅਤ ਕਬਜ਼ੇ ਦਾ ਵਿਰੋਧ ਕਰਨ ਵਾਲੇ ਅਫ਼ਗਾਨ ਮੁਜਾਹਿਦੀਨ ਦੇ ਸੰਸਥਾਪਕਾਂ ਵਿੱਚੋਂ ਇੱਕ, ਰਾਸ਼ਟਰਪਤੀ ਬੁਰਹਾਨੁਦੀਨ ਰੱਬਾਨੀ ਦੇ ਸ਼ਾਸਨ ਦਾ ਤਖ਼ਤਾ ਪਲਟ ਕਰਦਿਆਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਤੇ ਵੀ ਕਬਜ਼ਾ ਕਰ ਲਿਆ।

ਸਾਲ 1998 ਤੱਕ, ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਲਗਭਗ 90% ਹਿੱਸੇ 'ਤੇ ਕਬਜ਼ਾ ਕਰ ਲਿਆ ਸੀ।

ਮੁਜਾਹਿਦੀਨ ਦੀਆਂ ਵਧੀਕੀਆਂ ਤੋਂ ਥੱਕੇ ਹੋਏ ਅਤੇ ਸੋਵੀਅਤ ਸੰਘ ਨੂੰ ਬਾਹਰ ਕੱਢਣ ਤੋਂ ਬਾਅਦ, ਅਫ਼ਗਾਨ ਲੋਕਾਂ ਨੇ ਪਹਿਲੀ ਵਾਰ ਸਾਹਮਣੇ ਆਏ ਤਾਲਿਬਾਨ ਦਾ ਸਵਾਗਤ ਕੀਤਾ।

ਸ਼ੁਰੂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਸੀ, ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ, ਅਰਾਜਕਤਾ ਨੂੰ ਰੋਕਣਾ ਅਤੇ ਉਨ੍ਹਾਂ ਦੇ ਅਧੀਨ ਸੜਕਾਂ ਅਤੇ ਖੇਤਰਾਂ ਨੂੰ ਵਪਾਰ ਦੇ ਵਧਣ-ਫੁੱਲਣ ਲਈ ਸੁਰੱਖਿਅਤ ਬਣਾਉਣਾ।

ਪਰ ਤਾਲਿਬਾਨ ਨੇ ਸਖ਼ਤ ਸ਼ਰੀਆ ਕਾਨੂੰਨ ਦੇ ਨਾਲ-ਨਾਲ ਸਜ਼ਾ ਦੇਣ ਦੀ ਸ਼ੁਰੂਆਤ ਵੀ ਕੀਤੀ ਜਿਵੇਂ ਕਿ ਦੋਸ਼ੀ ਠਹਿਰਾਏ ਗਏ ਕਾਤਲਾਂ ਅਤੇ ਮਾੜੇ ਚਰਿੱਤਰ ਵਾਲੇ ਵਿਅਕਤੀਆਂ ਨੂੰ ਜਨਤਕ ਤੌਰ 'ਤੇ ਫਾਂਸੀ ਦੇਣਾ ਅਤੇ ਚੋਰੀ ਦੇ ਦੋਸ਼ੀ ਪਾਏ ਗਏ ਲੋਕਾਂ ਦੇ ਅੰਗ ਕੱਟਣੇ ਆਦਿ।

ਮਰਦਾਂ ਨੂੰ ਦਾੜ੍ਹੀ ਵਧਾਉਣੀ ਪੈਂਦੀ ਸੀ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਨਾਲ ਸ਼ਰੀਰ ਢਕਣ ਵਾਲਾ ਬੁਰਕਾ ਪਹਿਨਣਾ ਪੈਂਦਾ ਸੀ।

ਤਾਲਿਬਾਨ ਨੇ ਟੈਲੀਵਿਜ਼ਨ, ਸੰਗੀਤ ਅਤੇ ਸਿਨੇਮਾ 'ਤੇ ਵੀ ਪਾਬੰਦੀ ਲਗਾ ਦਿੱਤੀ ਅਤੇ 10 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਨੂੰ ਸਕੂਲ ਜਾਣ ਦੀ ਮਨਾਹੀ ਕਰ ਦਿੱਤੀ ਗਈ।

ਸਮੂਹ ਉੱਤੇ ਵੱਖ-ਵੱਖ ਮਨੁੱਖੀ ਅਧਿਕਾਰਾਂ ਅਤੇ ਸੱਭਿਆਚਾਰਕ ਸ਼ੋਸ਼ਣ ਦੇ ਦੋਸ਼ ਵੀ ਲਗਾਏ ਗਏ।

ਇੱਕ ਵੱਡਾ ਉਦਾਹਰਣ ਉਹ ਸੀ ਜਦੋਂ 2001 ਵਿੱਚ ਤਾਲਿਬਾਨ ਨੇ ਅੰਤਰਰਾਸ਼ਟਰੀ ਰੋਸ ਦੇ ਬਾਵਜੂਦ ਵੀ, ਮੱਧ ਅਫ਼ਗ਼ਾਨਿਸਤਾਨ ਵਿੱਚ ਬਾਮਿਆਨ ਬੁੱਧ ਦੀਆਂ ਮਸ਼ਹੂਰ ਮੂਰਤੀਆਂ ਨੂੰ ਨਸ਼ਟ ਕਰ ਦਿੱਤਾ ਸੀ।

ਹਾਲਾਂਕਿ, ਪਾਕਿਸਤਾਨ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਉਹ ਤਾਲਿਬਾਨ ਦਾ ਨਿਰਮਾਤਾ ਸੀ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਅਫ਼ਗ਼ਾਨ, ਜੋ ਸ਼ੁਰੂ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਏ ਸਨ, ਪਾਕਿਸਤਾਨ ਦੇ ਮਦਰੱਸਿਆਂ (ਧਾਰਮਿਕ ਸਕੂਲਾਂ) ਵਿੱਚ ਪੜ੍ਹੇ ਸਨ।

ਪਾਕਿਸਤਾਨ ਵੀ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਾਲ, ਮਹਿਜ਼ ਉਨ੍ਹਾਂ ਤਿੰਨ ਦੇਸ਼ਾਂ ਵਿੱਚੋਂ ਇੱਕ ਸੀ, ਜਿਸ ਨੇ ਤਾਲਿਬਾਨ ਨੂੰ ਉਦੋਂ ਮਾਨਤਾ ਦਿੱਤੀ ਜਦੋਂ ਉਹ ਅਫ਼ਗ਼ਾਨਿਸਤਾਨ ਵਿੱਚ ਸੱਤਾ ਵਿੱਚ ਸੀ।

ਇਸ ਦੇ ਨਾਲ ਹੀ ਇਹ, ਸਮੂਹ ਤੋਂ ਕੂਟਨੀਤਕ ਸੰਬੰਧ ਤੋੜਨ ਵਾਲਾ ਆਖ਼ਰੀ ਦੇਸ਼ ਵੀ ਸੀ।

ਇੱਕ ਸਮੇਂ, ਤਾਲਿਬਾਨ ਨੇ ਉੱਤਰ-ਪੱਛਮ ਵਿੱਚ ਆਪਣੇ ਕੰਟ੍ਰੋਲ ਵਾਲੇ ਖੇਤਰਾਂ ਤੋਂ ਪਾਕਿਸਤਾਨ ਨੂੰ ਅਸਥਿਰ ਕਰਨ ਦੀ ਧਮਕੀ ਦੇ ਦਿੱਤੀ ਸੀ।

ਪਾਕਿਸਤਾਨ ਵਿੱਚ ਹੋਏ ਸਾਰੇ ਤਾਲਿਬਾਨ ਹਮਲਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਉਸ ਹਮਲੇ ਦੀ ਹੋਈ, ਜਦੋਂ ਅਕਤੂਬਰ 2012 ਵਿੱਚ ਸਕੂਲ ਦੀ ਵਿਦਿਆਰਥਣ ਮਲਾਲਾ ਯੂਸਫਜ਼ਈ ਨੂੰ ਮਿੰਗੋਰਾ ਕਸਬੇ ਵਿੱਚ ਉਸ ਦੇ ਘਰ ਪਰਤਦੇ ਸਮੇਂ ਗੋਲੀ ਮਾਰੀ ਗਈ ਸੀ।

ਹਾਲਾਂਕਿ, ਪੇਸ਼ਾਵਰ ਸਕੂਲ ਦੇ ਕਤਲੇਆਮ ਦੇ ਦੋ ਸਾਲਾਂ ਬਾਅਦ ਇੱਕ ਵੱਡੇ ਫੌਜੀ ਹਮਲੇ ਨੇ ਪਾਕਿਸਤਾਨ ਵਿੱਚ ਇਸ ਸਮੂਹ ਦੇ ਪ੍ਰਭਾਵ ਨੂੰ ਕਾਫ਼ੀ ਘਟਾ ਦਿੱਤਾ।

ਫਿਰ 2013 ਦੇ ਅਮਰੀਕੀ ਡਰੋਨ ਹਮਲਿਆਂ ਵਿੱਚ ਪਾਕਿਸਤਾਨੀ ਤਾਲਿਬਾਨ ਦੇ ਘੱਟੋ-ਘੱਟ ਤਿੰਨ ਪ੍ਰਮੁੱਖ ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚ ਸਮੂਹ ਦੇ ਨੇਤਾ ਹਕੀਮਉੱਲਾ ਮਹਿਸੂਦ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ-

ਅਲ-ਕਾਇਦਾ ਦਾ ਪਨਾਹਗਾਹ

11 ਸਤੰਬਰ 2001 ਨੂੰ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲਿਆਂ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦਾ ਧਿਆਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਵੱਲ ਗਿਆ।

ਤਾਲਿਬਾਨ 'ਤੇ ਇਲਜ਼ਮਾ ਲੱਗਿਆ ਕਿ ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਅਤੇ ਉਸ ਦੇ ਅਲ-ਕਾਇਦਾ ਸਮੂਹ ਨੂੰ ਪਨਾਹ ਦਿੱਤੀ ਸੀ।

7 ਅਕਤੂਬਰ 2001 ਨੂੰ, ਅਮਰੀਕਾ ਦੀ ਅਗਵਾਈ ਵਾਲੇ ਫੌਜੀ ਬਹੁਦਲਾਂ ਨੇ ਅਫ਼ਗ਼ਾਨਿਸਤਾਨ ਵਿੱਚ ਹਮਲੇ ਸ਼ੁਰੂ ਕੀਤੇ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਤਾਲਿਬਾਨ ਸ਼ਾਸਨ ਢਹਿ-ਢੇਰੀ ਹੋ ਗਿਆ।

ਦੁਨੀਆਂ ਦੀਆਂ ਸਭ ਤੋਂ ਵੱਡੀਆਂ ਮਨੁੱਖੀ ਖੋਜੀ ਮੁਹਿੰਮਾਂ ਦੇ ਬਾਵਜੂਦ ਵੀ, ਇਸ ਸਮੂਹ ਦੇ ਤਤਕਾਲੀ ਨੇਤਾ ਮੁੱਲਾ ਮੁਹੰਮਦ ਉਮਰ ਅਤੇ ਬਿਨ ਲਾਦੇਨ ਸਮੇਤ ਕਈ ਹੋਰ ਸੀਨੀਅਰ ਆਗੂ ਬਚ ਨਿੱਕਲਣ ਵਿੱਚ ਕਾਮਯਾਬ ਹੋ ਗਏ।

ਤਾਲਿਬਾਨ ਦੇ ਕਈ ਸੀਨੀਅਰ ਨੇਤਾਵਾਂ ਨੇ ਕਥਿਤ ਤੌਰ 'ਤੇ ਪਾਕਿਸਤਾਨੀ ਸ਼ਹਿਰ ਕਵੇਟਾ ਵਿੱਚ ਪਨਾਹ ਲਈ ਅਤੇ ਉਹ ਉੱਥੋਂ ਹੀ ਤਾਲਿਬਾਨ ਦੀ ਅਗਵਾਈ ਕਰਨ ਲੱਗੇ।

ਪਰ ਜਿਸ ਨੂੰ 'ਕਵੇਟਾ ਸ਼ੁਰਾ' ਕਿਹਾ ਜਾਂਦਾ ਸੀ, ਉਸ ਦੀ ਹੋਂਦ ਨੂੰ ਇਸਲਾਮਾਬਾਦ ਨੇ ਨਕਾਰ ਦਿੱਤਾ ਸੀ।

ਵੱਡੀ ਸੰਖਿਆ ਵਿੱਚ ਵਿਦੇਸ਼ੀ ਸੈਨਿਕਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਤਾਲਿਬਾਨ ਹੌਲੀ-ਹੌਲੀ ਮੁੜ ਖੜ੍ਹਾ ਹੋਇਆ ਅਤੇ ਇਸ ਨੇ ਫਿਰ ਅਫ਼ਗ਼ਾਨਿਸਤਾਨ ਵਿੱਚ ਆਪਣਾ ਪ੍ਰਭਾਵ ਵਧਾਉਣਾ ਸ਼ੁਰੂ ਕਰ ਦਿੱਤਾ।

ਜਿਸ ਨਾਲ ਦੇਸ਼ ਦੇ ਵੱਡੇ ਖੇਤਰ ਵਿੱਚ ਅਸੁਰੱਖਿਆ ਦਾ ਮਾਹੌਲ ਬਣ ਗਿਆ ਅਤੇ ਦੇਸ਼ ਵਿੱਚ ਹਿੰਸਾ ਦਾ ਉਹੀ ਪੱਧਰ ਨਜ਼ਰ ਆਉਣ ਲੱਗਾ ਜੋ ਸਾਲ 2001 ਤੋਂ ਬਾਅਦ ਨਹੀਂ ਦਿਖਾਈ ਦਿੱਤਾ ਸੀ।

ਕਾਬੁਲ ਉੱਤੇ ਕਈ ਤਾਲਿਬਾਨੀ ਹਮਲੇ ਹੋਏ ਅਤੇ ਸਤੰਬਰ 2012 ਵਿੱਚ, ਸਮੂਹ ਨੇ ਨਾਟੋ ਦੇ ਕੈਂਪ ਬੈਸਟਨ ਬੇਸ ਉੱਤੇ ਇੱਕ ਵੱਡਾ ਹਮਲਾ ਕੀਤਾ ਸੀ।

ਗੱਲਬਾਤ ਤੋਂ ਸ਼ਾਂਤੀ ਦੀ ਉਮੀਦ 2013 ਵਿੱਚ ਹੋਈ, ਜਦੋਂ ਤਾਲਿਬਾਨ ਨੇ ਕਤਰ ਵਿੱਚ ਇੱਕ ਦਫਤਰ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ। ਪਰ ਹਰ ਪਾਸਿਓਂ ਅਵਿਸ਼ਵਾਸ ਕਾਇਮ ਰਿਹਾ ਅਤੇ ਹਿੰਸਾ ਜਾਰੀ ਰਹੀ।

ਅਗਸਤ 2015 ਵਿੱਚ, ਤਾਲਿਬਾਨ ਨੇ ਮੰਨਿਆ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਪਾਕਿਸਤਾਨ ਦੇ ਇੱਕ ਹਸਪਤਾਲ ਵਿੱਚ ਸਿਹਤ ਸਮੱਸਿਆਵਾਂ ਦੇ ਕਾਰਨ ਹੋਈ ਮੁੱਲਾ ਉਮਰ ਦੀ ਮੌਤ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਛੁਪਾਇਆ ਸੀ।

ਅਗਲੇ ਹੀ ਮਹੀਨੇ, ਸਮੂਹ ਨੇ ਕਿਹਾ ਕਿ ਇਸ ਨੇ ਆਪਣੇ ਹਫਤਿਆਂ ਤੱਕ ਚੱਲੇ ਅੰਦਰੂਨੀ ਕਲੇਸ਼ ਨੂੰ ਇੱਕ ਪਾਸੇ ਰੱਖਦੇ ਹੋਏ ਅਤੇ ਮੁੱਲਾ ਮਨਸੂਰ ਦੇ ਰੂਪ ਵਿੱਚ ਇੱਕ ਨਵੇਂ ਨੇਤਾ ਦੀ ਅਗਵਾਈ ਵਿੱਚ ਆਪਣੇ-ਆਪ ਨੂੰ ਇਕੱਠੀਆਂ ਕੀਤਾ ਹੈ। ਮੁੱਲਾ ਮਨਸੂਰ, ਮੁੱਲਾ ਉਮਰ ਦੇ ਡਿਪਟੀ ਸਨ।

ਲਗਭਗ ਉਸੇ ਸਮੇਂ, ਤਾਲਿਬਾਨ ਨੇ 2001 ਵਿੱਚ ਆਪਣੀ ਹਾਰ ਤੋਂ ਬਾਅਦ ਪਹਿਲੀ ਵਾਰ ਸੂਬਾਈ ਰਾਜਧਾਨੀ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸ਼ਹਿਰ ਕੁੰਦੁਜ਼ ਉੱਤੇ ਕਬਜ਼ਾ ਕਰ ਲਿਆ।

ਮਈ 2016 ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮੁੱਲਾ ਮਨਸੂਰ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਡਿਪਟੀ, ਮੌਲਵੀ ਹਿਬਤੁੱਲਾ ਅਖੁੰਦਜ਼ਾਦਾ ਨੇ ਲੈ ਲਈ, ਜੋ ਕਿ ਸਮੂਹ ਦੇ ਕੰਟ੍ਰੋਲ ਵਿੱਚ ਰਹਿੰਦੇ ਹਨ।

ਵਾਪਸੀ ਲਈ ਉਲਟੀ ਗਿਣਤੀ ਸ਼ੁਰੂ

ਇੱਕ ਲੰਬੇ ਦੌਰ ਦੀ ਸਿੱਧੀ ਗੱਲਬਾਤ ਮਗਰੋਂ ਫਰਵਰੀ 2020 ਦੇ ਯੂਐਸ-ਤਾਲਿਬਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਦੇ ਸਾਲ ਵਿੱਚ - ਤਾਲਿਬਾਨ ਨੇ ਸ਼ਹਿਰਾਂ, ਫੌਜੀ ਚੌਕੀਆਂ 'ਤੇ ਹਮਲੇ ਅਤੇ ਕਈ ਯੋਜਨਾਬੱਧ ਹੱਤਿਆਵਾਂ ਕਰਦਿਆਂ ਹੋਇਆਂ ਆਪਣੀ ਨੀਤੀ ਲਾਗੂ ਕਰਨੀ ਸ਼ੁਰੂ ਕਰ ਦਿੱਤੀ। ਇਸ ਨੇ ਅਫ਼ਗ਼ਾਨ ਨਾਗਰਿਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ।

ਤਾਲਿਬਾਨ ਦੇ ਨਿਸ਼ਾਨੇ 'ਤੇ ਰਹਿੰਦੇ, ਪੱਤਰਕਾਰ, ਜੱਜ, ਸ਼ਾਂਤੀ ਕਾਰਕੁਨ, ਸੱਤਾ ਵਿੱਚ ਔਰਤਾਂ, ਇਹ ਸੰਕੇਤ ਦਿੰਦੇ ਹਨ ਕਿ ਤਾਲਿਬਾਨ ਨੇ ਆਪਣੀ ਕੱਟੜਪੰਥੀ ਵਿਚਾਰਧਾਰਾ ਨਹੀਂ ਬਦਲੀ ਹੈ, ਸਿਰਫ ਉਨ੍ਹਾਂ ਦੀ ਰਣਨੀਤੀ ਬਦਲ ਗਈ ਹੈ।

ਅਫ਼ਗ਼ਾਨ ਅਧਿਕਾਰੀਆਂ ਨੇ ਇਸ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਕਿ ਉਨ੍ਹਾਂ ਲਈ ਕੌਮਾਂਤਰੀ ਸਮਰਥਨ ਤੋਂ ਬਿਨਾਂ ਤਾਲਿਬਾਨ ਨੂੰ ਰੋਕਣਾ ਮੁਸ਼ਕਿਲ ਹੈ।

ਪਰ ਬਾਵਜੂਦ ਇਸ ਦੇ, ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਨੇ ਅਪ੍ਰੈਲ 2021 ਵਿੱਚ ਐਲਾਨ ਕੀਤਾ ਕਿ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਦੇ ਦੋ ਦਹਾਕਿਆਂ ਬਾਅਦ, ਸਾਰੀਆਂ ਅਮਰੀਕੀ ਫੌਜਾਂ 11 ਸਤੰਬਰ ਤੱਕ ਦੇਸ਼ ਛੱਡ ਦੇਣਗੀਆਂ।

ਜਿਸ ਤਾਲਿਬਾਨ ਨੂੰ ਇੱਕ ਮਹਾਂਸ਼ਕਤੀ ਨੇ ਪੂਰੇ ਦੋ ਦਹਾਕਿਆਂ ਦੇ ਯੁੱਧ ਦੁਆਰਾ ਖਦੇੜ ਦਿੱਤਾ ਸੀ, ਉਹ ਤਾਲਿਬਾਨ ਇੱਕ ਵਾਰ ਫਿਰ ਵਿਦੇਸ਼ੀ ਸ਼ਕਤੀ ਦੇ ਪਿੱਛੇ ਹੱਟਣ ਨਾਲ, ਕਾਬੁਲ ਵਿੱਚ ਸਰਕਾਰ ਨੂੰ ਗਿਰਾਉਣ ਦੀ ਧਮਕੀ ਦੇ ਰਿਹਾ ਹੈ ਅਤੇ ਦੇਸ਼ ਦੇ ਵੱਡੇ ਇਲਾਕੇ 'ਤੇ ਕਾਬਿਜ਼ ਹੁੰਦਾ ਜਾ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਨਾਟੋ ਦੇ ਹਾਲੀਆ ਅਨੁਮਾਨਾਂ ਦੇ ਅਨੁਸਾਰ 2001 ਤੋਂ ਬਾਅਦ, ਸਮੂਹ ਨੂੰ ਹੁਣ ਕਿਸੇ ਵੀ ਤੌਰ 'ਤੇ ਸੰਖਿਆ ਵਿੱਚ ਵਧੇਰੇ ਮਜ਼ਬੂਤ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਇਸ ਕੋਲ 85,000 ਫੁੱਲ-ਟਾਈਮ ਲੜਾਕੇ ਹਨ।

ਉਨ੍ਹਾਂ ਦੇ ਕੰਟ੍ਰੋਲ ਵਾਲੇ ਖੇਤਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਉਹ ਅਤੇ ਸਰਕਾਰੀ ਜ਼ਿਲ੍ਹਿਆਂ ਉੱਤੇ ਵਾਰੀ-ਵਾਰੀ ਕਬਜ਼ੇ ਕਰਦੇ ਰਹਿੰਦੇ ਹਨ।

ਅਫ਼ਗ਼ਾਨਿਸਤਾਨ ਵਿੱਚ ਯੂਐਸ ਦੀ ਅਗਵਾਈ ਵਾਲੇ ਮਿਸ਼ਨ ਦੇ ਕਮਾਂਡਰ, ਜਨਰਲ ਔਸਟਿਨ ਮਿਲਰ ਨੇ ਜੂਨ ਵਿੱਚ ਚਿਤਾਵਨੀ ਦਿੱਤੀ ਸੀ ਕਿ ਦੇਸ਼ ਇੱਕ ਅਰਾਜਕ ਘਰੇਲੂ ਯੁੱਧ ਵੱਲ ਵੱਧ ਸਕਦਾ ਹੈ, ਜਿਸ ਨੂੰ ਉਨ੍ਹਾਂ ਨੇ "ਵਿਸ਼ਵ ਭਰ ਲਈ ਚਿੰਤਾ ਦਾ ਵਿਸ਼ਾ" ਦੱਸਿਆ ਹੈ।

ਉਸੇ ਮਹੀਨੇ ਇੱਕ ਅਮਰੀਕੀ ਖੁਫ਼ੀਆ ਮੁਲਾਂਕਣ ਨੇ ਕਥਿਤ ਤੌਰ 'ਤੇ ਇਹ ਸਿੱਟਾ ਕੱਢਿਆ ਸੀ ਕਿ ਅਮਰੀਕੀ ਫੌਜ ਦੀ ਰਵਾਨਗੀ ਦੇ ਬਾਅਦ, ਅਫ਼ਗ਼ਾਨ ਸਰਕਾਰ ਛੇ ਮਹੀਨਿਆਂ ਦੇ ਅੰਦਰ ਹੀ ਡਿੱਗ ਸਕਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)