ਅਫ਼ਗਾਨਿਸਤਾਨ: ਤਾਲਿਬਾਨ ਨੇ ਜਾਰੀ ਕੀਤੇ ਕਿਹੜੇ ਨਵੇਂ ਫ਼ਰਮਾਨ, ਨਾ ਮੰਨੇ ਤਾਂ ਸਖ਼ਤ ਸਜ਼ਾ

ਖ਼ਬਰ ਏਜੰਸੀ ਏਫ਼ਪੀ ਮੁਤਾਬਕ ਉੱਤਰੀ ਅਫ਼ਗਾਨਿਸਤਾਨ ਦੇ ਇੱਕ ਦੂਰ-ਦੁਰਾਡੇ ਖੇਤਰ ਉੱਪਰ ਕਬਜ਼ਾ ਕਰਨ ਤੋਂ ਬਾਅਦ ਕਟੱੜਪੰਥੀ ਸੰਗਠਨ ਤਾਲਿਬਾਨ ਨੇ ਆਪਣਾ ਪਹਿਲਾ ਹੁਕਮ ਜਾਰੀ ਕਰ ਦਿੱਤਾ ਹੈ।

ਤਾਲਿਬਾਨ ਦੇ ਤਾਜ਼ਾ ਹੁਕਮ ਮੁਤਾਬਕ 'ਔਰਤਾਂ ਕਿਸੇ ਮਰਦ ਨਾਲ ਬਜ਼ਾਰ ਨਹੀਂ ਜਾ ਸਕਦੀਆਂ ਅਤੇ ਮਰਦ ਦਾੜ੍ਹੀ ਨਹੀਂ ਕੱਟ ਸਕਦੇ ਅਤੇ ਨਾ ਹੀ ਤੰਬਾਕੂ ਪੀ ਸਕਦੇ ਹਨ।'

ਏਜੰਸੀ ਨੇ ਕੁਝ ਸਥਾਨਕ ਵਾਸੀਆਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਸਥਾਨਕ ਇਮਾਮ ਨੂੰ ਇਹ ਗੱਲਾਂ ਇੱਕ ਚਿੱਠੀ ਲਿਖ ਕੇ ਦੱਸੀਆਂ ਹਨ।

ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਹੁਕਮ ਅਦੂਲੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਨਾਟੋ ਫ਼ੌਜਾਂ ਦੇ ਅਫ਼ਗਾਨਿਸਤਾਨ ਛੱਡਦਿਆਂ ਹੀ ਅਫ਼ਗਾਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਚੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ ਸੀ।

ਤਾਲਿਬਾਨ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਅਫ਼ਗਾਨਿਸਤਾਨ ਦੀ ਸਰਕਾਰ ਨਾਲੋਂ ਜ਼ਿਆਦਾ ਵੱਡਾ ਇਲਾਕਾ ਅਤੇ ਵਸੀਲੇ ਹਨ।

ਗੁਆਂਢੀ ਦੇਸ਼ਾਂ ਨਾਲ ਲਗਦੀਆਂ ਕੁਝ ਸਰਹੱਦੀ ਚੌਂਕੀਆਂ ਉੱਪਰ ਵੀ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ।

ਇਹ ਵੀ ਪੜ੍ਹੋ :

ਇਸ ਦੇ ਨਾਲ ਹੀ ਤਾਲਿਬਾਨ ਨੇ ਅਫ਼ਗਾਨਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੇ ਫ਼ੌਜੀਆਂ ਨੂੰ ਆਤਮ ਸਮਰਪਣ ਕਰਨ ਲਈ ਕਹੇ ਕਿਉਂਕਿ ਉਹ ਸ਼ਹਿਰਾਂ ਵਿੱਚ ਲੜਾਈ ਨਹੀਂ ਲੜਨਾ ਚਾਹੁੰਦੇ।

ਪਿਛਲੇ ਮਹੀਨੇ ਅਫ਼ਗਾਨਿਸਤਾਨ ਦੇ ਸ਼ੇਰ ਖਾਂ ਬਾਂਦੇਰ ਇਲਾਕੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਸਥਾਨਕ ਲੋਕਾਂ ਨੂੰ ਹੁਕਮ ਕੀਤਾ ਸੀ ਕਿ- 'ਔਰਤਾਂ ਘਰਾਂ ਤੋਂ ਬਾਹਰ ਨਾ ਨਿਕਲਣ।'

ਇਸ ਤੋਂ ਬਾਅਦ ਕਈ ਰਿਪੋਰਟਾਂ ਆਈਆਂ, ਜਿਸ ਵਿੱਚ ਕਿਹਾ ਗਿਆ ਕਿ ਸ਼ੇਰ ਖ਼ਾਂ ਬਾਂਦੇਰ ਇਲਾਕੇ ਵਿੱਚ ਬਹੁਤ ਸਾਰੀਆਂ ਔਰਤਾਂ ਕਸੀਦਾਕਾਰੀ, ਸਿਲਾਈ-ਬੁਣਾਈ ਅਤੇ ਜੁੱਤੀਆਂ ਬਣਾਉਣ ਦੇ ਕੰਮ ਵਿੱਚ ਸ਼ਾਮਲ ਹਨ ਪਰ ਸਾਰੀਆਂ ਨੂੰ ਤਾਲਿਬਾਨਾਂ ਦੇ ਭੈਅ ਕਾਰਨ ਕੰਮ ਬੰਦ ਕਰਨਾ ਪਿਆ ਹੈ।

ਹਾਲਾਂਕਿ ਕੁਝ ਜਾਣਕਾਰਾ ਮੰਨਦੇ ਹਨ ਕਿ ਅਫ਼ਗਾਨਿਸਤਾਨ ਮੂਲ ਰੂਪ ਵਿੱਚ ਇੱਕ ਰੂੜ੍ਹੀਵਾਦੀ ਦੇਸ਼ ਹੈ। ਜਿੱਥੇ ਕੁਝ ਪੇਂਡੂ ਇਲਾਕਿਆਂ ਵਿੱਚ ਤਾਲਿਬਾਨ ਤੋਂ ਬਿਨਾਂ ਵੀ ਅਜਿਹੇ ਨੇਮ-ਕਾਇਦੇ ਬਣਾਏ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਰਾਸ਼ਟਰਪਤੀ ਜੋਅ ਬਾਇਡਨ ਕਹਿ ਚੁੱਕੇ ਹਨ ਕਿ ਅਫ਼ਗਾਨਿਸਤਾਨ ਵਿੱਚ ਅਮਰੀਕੀ ਫ਼ੌਜੀ ਮਿਸ਼ਨ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਨੇ ਆਪਣੇ ਹਾਲੀਆ ਬਿਆਨ ਵਿੱਚ ਕਿਹਾ ਕਿ ਉਹ ਅਮਰੀਕੀਆਂ ਦੀ ਇੱਕ ਹੋਰ ਪੀੜ੍ਹੀ ਨੂੰ ਉੱਥੇ ਲੜਨ ਲਈ ਨਹੀਂ ਭੇਜਣਗੇ।

ਜਦਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਜੌਰਜ ਬੁਸ਼, ਜਿਨ੍ਹਾਂ ਦੇ ਕਾਰਜਕਾਲ ਵਿੱਚ ਅਮਰੀਕਾ ਅਫ਼ਗਾਨਿਸਤਾਨ ਵਿੱਚ ਦਾਖ਼ਲ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿੱਚੋਂ ਮਿਲਟਰੀ ਕੱਢਣਾ ਭੁੱਲ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)