You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: 'ਅਜਿਹਾ ਡਰ ਕਿ ਬਾਹਰ ਆਈ ਐਂਬੂਲੈਂਸ ਕਿਤੇ ਤੁਹਾਡੇ ਘਰੇ ਤਾਂ ਨਹੀਂ ਆ ਰਹੀ' ਗੁਲਜ਼ਾਰ ਰਹਿਣ ਵਾਲੇ ਨਿਊ ਯਾਰਕ ਦਾ ਮੌਜੂਦਾ ਹਾਲ
- ਲੇਖਕ, ਨਿਕ ਬ੍ਰਾਇਨ
- ਰੋਲ, ਬੀਬੀਸੀ ਪੱਤਰਕਾਰ, ਨਿਊ ਯਾਰਕ
ਸਾਡੇ ਕੋਲ ਬਹੁਤ ਸਾਰੀਆਂ ਖ਼ਬਰਾਂ ਪਹੁੰਚਣ ਲੱਗੀਆਂ ਕਿ ਕੋਰੋਨਾਵਾਇਰਸ ਅਮਰੀਕਾ ਪਹੁੰਚ ਗਿਆ।
ਇਹ ਨਿਊ ਯਾਰਕ ਦੇ ਬਾਹਰੀ ਖੇਤਰਾਂ ਵਿੱਚ ਆ ਗਿਆ ਸੀ। ਬ੍ਰੌਂਕਸ, ਬਰੁਕਲਿਨ, ਕੁਈਨਜ਼ ਅਤੇ ਮੈਨਹਟਨ ਵਿੱਚ ਮਾਮਲੇ ਸਾਹਮਣੇ ਆਏ ਸਨ।
ਹੁਣ ਤੱਕ ਮੂੰਹ ਜ਼ੁਬਾਨੀ ਖ਼ਬਰਾਂ ਆ ਰਹੀਆਂ ਸਨ। ਸਾਡੇ ਸ਼ਹਿਰ ਦੇ ਦਫ਼ਤਰੀ ਕੰਪਲੈਕਸ ਵਿੱਚ ਕਿਸੇ ਦੀ ਟੈਸਟ ਰਿਪੋਰਟ ਪੌਜ਼ਿਟਿਵ ਆਈ ਸੀ।
ਇੱਕ ਨਾਲ ਲੱਗਦੇ ਅਪਾਰਟਮੈਂਟ ਦੀ ਇਮਾਰਤ ਵਿੱਚ ਇੱਕ ਕਿਰਾਏਦਾਰ ਦੀ ਵੀ ਸਿਹਤ ਠੀਕ ਨਹੀਂ ਸੀ। ਸਾਰੇ ਸਕੂਲ ਬੰਦ ਹੋ ਰਹੇ ਸਨ।
ਪੂਰਾ ਨਿਊ ਯਾਰਕ ਜਲਦੀ ਹੀ ਲੌਕਡਾਊਨ ਹੋਣ ਵਾਲਾ ਸੀ।
ਉਸ ਸਮੇਂ ਮੈਨੂੰ ਇਹ ਯਾਦ ਆਉਂਦਾ ਹੈ ਕਿ ਇਹ ਅਤੀਤ ਦੀਆਂ ਕਹਾਣੀਆਂ ਨਾਲੋਂ ਕਿੰਨਾ ਵੱਖਰਾ ਸੀ। ਭਾਵੇਂ ਇਹ ਯੁੱਧ ਹੋਵੇ ਜਾਂ ਆਫ਼ਤ, ਹਮੇਸ਼ਾਂ ਤੁਹਾਡੀ ਸੁਰੱਖਿਆ ਕਰਨ ਲਈ ਇੱਕ ਜਹਾਜ਼ ਹੁੰਦਾ ਸੀ, ਹਮੇਸ਼ਾਂ ਇੱਕ ਦੁਖਦਾਈ ਪ੍ਰੀਖਿਆ ਤੋਂ ਬਾਅਦ ਰਾਹਤ ਮਿਲਦੀ ਸੀ, ਪਰ ਕੋਵਿਡ-19 ਦੌਰਾਨ ਕੋਈ ਜਹਾਜ਼ ਨਹੀਂ, ਕੋਈ ਰਾਹਤ ਨਹੀਂ। ਇਸ ਮਹਾਂਮਾਰੀ ਕਾਰਨ ਸਮੁੱਚੀ ਦੁਨੀਆਂ ਦੀ ਹਾਲਤ ਖ਼ਰਾਬ ਹੈ।
ਜਦੋਂ ਡਿਲਿਵਰੀ ਵਾਲੇ ਕਮਰੇ ਬਣੇ ਆਇਸੋਲੇਸ਼ਨ ਵਾਰਡ
ਇਸ ਤੋਂ ਇਲਾਵਾ ਇਹ ਪਹਿਲੀ ਵਾਰ ਸੀ ਜਦੋਂ ਮੇਰਾ ਪਰਿਵਾਰ ਆਫ਼ਤ ਦੀ ਉਹ ਕਹਾਣੀ ਸੁਣਾ ਰਿਹਾ ਸੀ, ਜਿਸ ਨੂੰ ਮੈਂ ਕਵਰ ਕਰਨਾ ਸੀ। ਉਹ ਇੱਕ ਹੀ ਤਰ੍ਹਾਂ ਦੇ ਜੋਖ਼ਮ ਅਤੇ ਖਤਰੇ ਵਿੱਚ ਫਸੇ ਹੋਏ ਸਨ।
ਉਨ੍ਹਾਂ ਨੇ ਉਹੀ ਤਣਾਅ ਅਤੇ ਚਿੰਤਾਵਾਂ ਮਹਿਸੂਸ ਕੀਤੀਆਂ। ਸਾਡੇ ਲਈ ਚਿੰਤਾਵਾਂ ਵਧੇਰੇ ਸਨ ਕਿਉਂਕਿ ਮੇਰੀ ਪਤਨੀ ਸੱਤ ਮਹੀਨੇ ਦੀ ਗਰਭਵਤੀ ਹੈ।
ਉਨ੍ਹਾਂ ਖ਼ਬਰਾਂ ਵਿੱਚੋਂ ਹੀ ਕੁਝ ਹੁਣ ਸਾਡੇ ਮਨਾਂ ਵਿੱਚ ਗਰਜ ਰਹੀਆਂ ਸਨ।
ਨਿਊ ਯਾਰਕ ਦਾ ਇੱਕ ਮੋਹਰੀ ਹਸਪਤਾਲ ਜਣੇਪੇ ਸਮੇਂ ਜੀਵਨ ਸਾਥੀ ਦੀ ਮੌਜੂਦਗੀ ਨੂੰ ਰੋਕ ਰਿਹਾ ਸੀ, ਪਰ ਕਈ ਹੋਰ ਜਣੇਪਾ ਵਾਰਡਾਂ ਵਿੱਚ ਇਹ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਸੀ।
ਡਿਲਿਵਰੀ ਵਾਲੇ ਕਮਰਿਆਂ ਨੂੰ ਕੋਵਿਡ ਆਇਸੋਲੇਸ਼ਨ ਵਾਰਡ ਬਣਾਇਆ ਜਾ ਰਿਹਾ ਸੀ, ਔਰਤਾਂ ਨੂੰ ਉਨ੍ਹਾਂ ਦੇ ਜੀਵਨ ਸਾਥੀਆਂ ਤੋਂ ਵੱਖ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਆਪਣੇ ਨਵਜੰਮੇ ਬੱਚਿਆਂ ਤੋਂ ਵੱਖ ਕੀਤਾ ਜਾ ਰਿਹਾ ਸੀ।
ਕੋਰੋਨਾਵਾਇਰਸ ਦੇ ਸਮੇਂ ਵਿੱਚ ਨਵਾਂ ਜੀਵਨ। ਜਨਮ ਦਾ ਜਾਦੂਈ ਯਥਾਰਥਵਾਦ ਪੂਰੀ ਤਰ੍ਹਾਂ ਮਨਹੂਸ ਬਣ ਰਿਹਾ ਸੀ।
ਮਹਾਂਮਾਰੀ ਤੋਂ ਪਹਿਲਾਂ ਦੇ ਸਮੇਂ-ਕਿੰਨੀ ਜਲਦੀ ਅਸੀਂ ਪਹਿਲਾਂ ਅਤੇ ਬਾਅਦ ਦੀ ਭਾਸ਼ਾ ਨੂੰ ਅਪਣਾਇਆ ਹੈ-ਬਹੁਤ ਸਾਰੇ ਨਿਊ ਯਾਰਕ ਵਾਸੀ 'ਫੋਮੋ' ਦੇ ਤੌਰ 'ਤੇ ਜਾਣੇ ਜਾਂਦੇ ਪਾਗਲਪਣ ਤੋਂ ਪੀੜਤ ਸਨ।
ਜਿਹੜੇ ਇਸ ਨੂੰ ਸਹਿਣ ਕਰ ਸਕਦੇ ਹਨ, ਉਹ ਫੈਸ਼ਨਪ੍ਰਸਤ ਨਵੇਂ ਰੈਸਟੋਰੈਂਟ ਵਿੱਚ ਖਾਣਾ ਚਾਹੁੰਦੇ ਹਨ, ਨਵਾਂ ਬਰੌਡਵੇਅ ਸ਼ੋਅ ਦੇਖਣਾ ਚਾਹੁੰਦੇ ਹਨ, ਗੈਲਰੀ ਦੇ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।
ਪਰ ਵਾਇਰਸ ਕੁਝ ਅਜਿਹਾ ਹੈ ਜਿਸ ਬਾਰੇ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ। ਕੋਈ ਵੀ ਇਸ ਬਾਰੇ ਆਪਣਾ ਨਿੱਜੀ ਅਨੁਭਵ ਸਾਂਝਾ ਨਹੀਂ ਕਰਨਾ ਚਾਹੁੰਦਾ।
ਜਿਵੇਂ-ਜਿਵੇਂ ਆਸਮਾਨ ਜਹਾਜ਼ਾਂ ਤੋਂ ਖਾਲੀ ਹੁੰਦਾ ਗਿਆ ਅਤੇ ਸਾਨੂੰ ਪੀਲੀਆਂ ਟੈਕਸੀਆਂ ਤੋਂ ਬਿਨਾਂ ਸੜਕਾਂ ਦੇਖਣ ਦੀ ਆਦਤ ਪੈ ਗਈ, ਸ਼ਹਿਰ ਦੀ ਆਵਾਜ਼ ਬਦਲ ਗਈ। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣ ਸਕਦੇ ਹਾਂ।
ਪਹਿਲਾਂ ਉਹ ਸਾਇਰਨਾਂ ਦੀਆਂ ਆਵਾਜ਼ਾਂ ਕਾਰਨ ਡਰ ਕੇ ਦੂਰ ਚਲੇ ਗਏ ਸਨ। ਸਵੇਰ, ਦੁਪਹਿਰ, ਰਾਤ ਨੂੰ ਨਾ ਬੰਦ ਹੋਣ ਵਾਲਾ ਸ਼ੋਰ, ਨਾ ਘਟਣ ਵਾਲਾ ਸ਼ੋਰ।
ਸ਼ਹਿਰ ਮੁੜ ਤੋਂ ਬਣਿਆ ਗਰਾਊਂਡ ਜ਼ੀਰੋ
ਜਿਹੜਾ ਸ਼ਹਿਰ ਕਦੇ ਨਹੀਂ ਸੌਂਦਾ ਸੀ, ਉਹ ਹੁਣ ਉਹ ਸ਼ਹਿਰ ਬਣ ਗਿਆ ਜਿਹੜਾ ਸੌਂ ਨਹੀਂ ਸਕਦਾ ਸੀ। ਇਹ ਡਰ ਪੈਦਾ ਹੋ ਗਿਆ ਕਿ ਤੁਹਾਡੀ ਖਿੜਕੀ 'ਚੋਂ ਦਿਖਦੀ ਐਂਬੂਲੈਂਸ ਤੁਹਾਡੇ ਵਿਹੜੇ ਦੇ ਅੰਦਰ ਆਈ ਹੋਈ ਐਂਬੂਲੈਂਸ ਨਾ ਬਣ ਜਾਵੇ।
ਇੱਕ ਅਜਿਹਾ ਸ਼ਹਿਰ ਜੋ ਆਪਣੀ ਬਹਾਦਰੀ ਅਤੇ ਜ਼ਿੰਦਗੀ ਭਰਪੂਰ ਸੁਭਾਅ ਲਈ ਮਸ਼ਹੂਰ ਹੈ, ਕੋਰੋਨਾਵਾਇਰਸ ਨੇ ਉਸਨੂੰ ਬੁਰੀ ਤਰ੍ਹਾਂ ਡਰਾ ਦਿੱਤਾ।
ਜਿਸ ਤਰ੍ਹਾਂ ਲੋਕ ਡਾਕਟਰੀ ਅਮਲੇ ਤੋਂ ਡਰ ਗਏ, ਹਸਪਤਾਲਾਂ ਤੋਂ ਡਰ ਗਏ-ਖਾਸ ਤੌਰ 'ਤੇ ਉਨ੍ਹਾਂ ਫਰਿੱਜਾਂ ਵਾਲੇ ਟਰਾਲਿਆਂ ਤੋਂ ਜਿਨ੍ਹਾਂ ਨੂੰ ਬਾਹਰ ਰੱਖਿਆ ਗਿਆ ਹੈ, ਉਹ ਸ਼ਹਿਰ ਦੇ ਮੋਬਾਇਲ ਮੁਰਦਾਘਰ ਹਨ ਜਿਨ੍ਹਾਂ ਨੂੰ ਅਸੀਂ 9/11 ਤੋਂ ਬਾਅਦ ਕਦੇ ਸੜਕਾਂ 'ਤੇ ਨਹੀਂ ਦੇਖਿਆ ਸੀ।
ਲਾਵਾਰਸਾਂ ਦੀਆਂ ਲਾਸ਼ਾਂ, ਜਿਨ੍ਹਾਂ ਦੇ ਵਾਰਸਾਂ ਦਾ ਕੋਈ ਅਤਾ ਪਤਾ ਨਹੀਂ ਸੀ, ਉਨ੍ਹਾਂ ਨੂੰ ਸਾਦੇ ਲੱਕੜ ਦੇ ਬਕਸਿਆਂ ਵਿੱਚ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਬ੍ਰੌਂਕਸ ਕੋਲ ਇੱਕ ਦੀਪ 'ਤੇ ਲਿਜਾ ਕੇ ਸਮੂਹਿਕ ਕਬਰ ਵਿੱਚ ਦਫ਼ਨ ਕਰ ਦਿੱਤਾ।
ਦੁਨੀਆ ਦਾ ਸਭ ਤੋਂ ਗਲੋਬਲ ਸ਼ਹਿਰ ਆਲਮੀ ਸੰਕਰਮਣ ਦਾ ਕੇਂਦਰ ਬਣ ਗਿਆ ਸੀ, ਪਰ ਅਜਿਹੇ ਬਹੁਤ ਥੋੜ੍ਹੇ ਸਨ ਜਿਨ੍ਹਾਂ ਨੂੰ ਇੰਨੀਆਂ ਮੌਤਾਂ ਹੋਣ ਦਾ ਖਦਸ਼ਾ ਸੀ।
ਇੱਕ ਵਾਰ ਫਿਰ ਇਹ ਸ਼ਹਿਰ ਗਰਾਊਂਡ ਜ਼ੀਰੋ ਬਣ ਗਿਆ ਹੈ: 11 ਸਤੰਬਰ ਨੂੰ ਹੋਏ ਭਿਆਨਕ ਹਮਲੇ ਤੋਂ ਬਾਅਦ ਨਿਊ ਯਾਰਕ ਦੇ ਲੋਕਾਂ ਨੂੰ ਉਮੀਦ ਸੀ ਕਿ ਦੁਬਾਰਾ ਅਜਿਹਾ ਕੁਝ ਨਹੀਂ ਹੋਵੇਗਾ। ਇਹ ਯਕੀਨੀ ਤੌਰ 'ਤੇ ਸ਼ਹਿਰ ਦੇ ਸਭ ਤੋਂ ਭਿਆਨਕ ਦਿਨ ਹਨ। ਇਹ ਨਿਸ਼ਚਤ ਤੌਰ 'ਤੇ ਇਸਦਾ ਸਭ ਤੋਂ ਭਿਆਨਕ ਸੀਜ਼ਨ ਰਿਹਾ ਹੈ।
ਮੇਰੇ ਪਹਿਲੇ ਲੱਛਣਾਂ ਦੀ ਸ਼ੁਰੂਆਤ ਮਾਸਪੇਸ਼ੀਆਂ ਵਿੱਚ ਦਰਦ, ਖਾਂਸੀ, ਮੇਰੀਆਂ ਸੁਆਦ ਗ੍ਰੰਥੀਆਂ ਦਾ ਸੁੰਨ ਹੋਣ ਨਾਲ ਹੋਈ। ਸਭ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਸੀ ਕਿ ਮੇਰੀ ਪਤਨੀ ਨੂੰ ਬੁਖਾਰ ਚੜ੍ਹ ਰਿਹਾ ਸੀ।
ਫਿਰ ਉਸਨੂੰ ਖੰਘ ਹੋਈ, ਫਿਰ ਉਸਦੇ ਫੇਫੜਿਆਂ ਵਿੱਚ ਮੌਸਮੀ ਤਬਦੀਲੀ ਕਾਰਨ ਗੜਬੜ ਜਾਪੀ, ਪੁਰਾਣੀ ਚੱਲੀ ਆ ਰਹੀ ਥਕਾਵਟ ਅਤੇ ਸਾਹ ਦੀ ਸਮੱਸਿਆ ਹੋਣ ਲੱਗੀ।
ਨਿਊ ਯਾਰਕ ਆਸ਼ਾਵਾਦੀਆਂ ਨਾਲ ਭਰਪੂਰ ਹੈ। ਸਾਨੂੰ ਦੋਵਾਂ ਨੂੰ ਲੱਗਿਆ ਸੀ ਕਿ ਅਸੀਂ ਉਨ੍ਹਾਂ ਲੋਕਾਂ ਵਿੱਚੋਂ ਹਾਂ ਜਿਨ੍ਹਾਂ ਨੂੰ ਸਿਰਫ਼ ਹਲਕੇ ਲੱਛਣ ਹੀ ਮਹਿਸੂਸ ਹੁੰਦੇ ਹਨ, ਪਰ ਫਲੇਯੁਰ ਦੀ ਹਾਲਤ ਵਿਗੜਦੀ ਜਾ ਰਹੀ ਸੀ। ਬਾਹਰ ਸੜਕਾਂ 'ਤੇ ਵੱਜ ਰਹੇ ਸਾਇਰਨ ਪਹਿਲਾਂ ਨਾਲੋਂ ਵੀ ਜ਼ਿਆਦਾ ਡਰਾਉਣੇ ਲੱਗ ਰਹੇ ਸਨ।
ਸ਼ਾਮ ਨੂੰ ਇਹ ਲੱਛਣ ਬਦਤਰ ਹੋ ਗਏ। ਕੋਰੋਨਾਵਾਇਰਸ ਕਾਰਨ ਖਤਰੇ ਦੇ ਬੱਦਲ ਮੰਡਰਾ ਗਏ। ਰਾਤ ਨੂੰ ਮੇਰੀ ਪਤਨੀ ਠੀਕ ਤਰ੍ਹਾਂ ਸਾਹ ਲੈਣ ਲਈ ਸੰਘਰਸ਼ ਕਰ ਰਹੀ ਸੀ, ਸਾਨੂੰ ਡਰ ਸੀ ਕਿ ਸਾਨੂੰ ਬੇਹੱਦ ਡਰਾਉਣ ਵਾਲੇ ਨੰਬਰ 911 'ਤੇ ਫੋਨ ਕਰਨਾ ਪਵੇਗਾ।
ਸਾਹ ਮੁਸ਼ਕਿਲ ਨਾਲ ਆਉਣ ਕਾਰਨ ਤੁਰਨ ਫਿਰਨ ਵਿੱਚ ਕਿਸੇ ਅਜ਼ੀਜ਼ ਦੇ ਸੰਘਰਸ਼ ਨੂੰ ਵੇਖਣਾ ਬਹੁਤ ਡਰਾਉਣਾ ਹੁੰਦਾ ਹੈ, ਖਾਸ ਤੌਰ 'ਤੇ ਜਦੋਂ ਜੀਵਨ ਅਤੇ ਮੌਤ ਦਾ ਮਾਮਲਾ ਹੋਵੇ।
ਸਾਨੂੰ ਸੌਣ ਨਾਲ ਕੁਝ ਆਰਾਮ ਮਿਲਿਆ, ਪਰ ਇਹ ਦੁਬਾਰਾ ਹੋ ਗਿਆ। ਸ਼ੁਕਰ ਹੈ ਕਿ ਮੇਰੀ ਪਤਨੀ ਨੇ ਥੋੜ੍ਹੀ ਰਾਹਤ ਮਹਿਸੂਸ ਕੀਤੀ। ਉਸਦੀ ਸਾਹ ਦੀ ਸਮੱਸਿਆ ਵਿੱਚ ਸੁਧਾਰ ਹੋਇਆ।
ਅਸੀਂ ਦੇਖ ਸਕਦੇ ਸੀ ਕਿ ਉਸਦਾ ਆਕਸੀਜਨ ਦਾ ਪੱਧਰ ਠੀਕ ਸੀ। ਉਸ ਨੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਰਹੇਜ਼ ਕੀਤਾ। ਹੌਲੀ-ਹੌਲੀ ਅਗਲੇ ਕੁਝ ਦਿਨਾਂ 'ਚ ਸਭ ਕੁਝ ਠੀਕ ਹੋ ਗਿਆ।
ਸਾਨੂੰ ਕਿਸਮਤ ਵਾਲਿਆਂ ਵਿੱਚ ਗਿਣਿਆ ਜਾ ਸਕਦਾ ਹੈ ਅਤੇ ਅਸੀਂ ਮਰੇ ਹੋਏ ਲੋਕਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਪ੍ਰਤੀ ਹੋਰ ਵੀ ਸੰਵੇਦਨਸ਼ੀਲ ਹੋ ਗਏ ਜਿਹੜੇ ਪਿੱਛੇ ਰਹਿ ਗਏ ਹਨ। ਇੰਨੇ ਸੋਗ ਦੇ ਦਿਨਾਂ ਦੌਰਾਨ ਵੀ ਨਿਊ ਯਾਰਕ ਦੇ ਲੋਕਾਂ ਵਿੱਚੋਂ ਉਤਸ਼ਾਹ ਖਤਮ ਨਹੀਂ ਹੋਇਆ।
ਕੋਰੋਨਾਵਾਇਰਸ ਨੇ ਇਸ ਸ਼ਹਿਰ ਦੇ ਮਨਮੋਹਣੇ ਅਕਸ ਨੂੰ ਤਬਾਹ ਨਹੀਂ ਕੀਤਾ। ਅਸੀਂ ਫਾਇਰ ਫਾਈਟਰਜ਼ ਨੂੰ ਹਸਪਤਾਲਾਂ ਦੇ ਬਾਹਰ ਦੇਖਿਆ ਹੈ ਅਤੇ ਉਹ ਨਰਸਾਂ ਅਤੇ ਡਾਕਟਰਾਂ ਦੀ ਹੌਸਲਾ ਅਫ਼ਜਾਈ ਕਰਨ ਲਈ ਉੱਥੇ ਖੜ੍ਹੇ ਹਨ-9/11 ਦੇ ਨਾਇਕ ਕੋਵਿਡ-19 ਦੇ ਨਵੇਂ ਸੁਪਰਹੀਰੋਜ਼ ਨੂੰ ਸਲਾਮ ਕਰਦੇ ਹਨ।
ਮੈਨਹੈਟਨ ਦੀਆਂ ਗਗਨਚੁੰਬੀ ਇਮਾਰਤਾਂ ਦੇ ਸ਼ੀਸ਼ਿਆਂ ਵਿੱਚੋਂ ਰੋਜ਼ਾਨਾ ਸ਼ਾਮ ਨੂੰ ਸੱਤ ਵਜੇ ਚਿਹਰੇ ਬਾਹਰ ਨਿਕਲਦੇ ਹਨ ਅਤੇ ਭਾਂਡੇ ਖੜਕਾ ਕੇ ਆਕਾਸ਼ ਨੂੰ ਗੂੰਜਣ ਲਾ ਦਿੰਦੇ ਹਨ। ਧਾਰਮਿਕ ਗੀਤ ਵੀ ਗਾਏ ਜਾਂਦੇ ਹਨ।
ਇਹ ਉਨ੍ਹਾਂ ਲੋਕਾਂ ਲਈ ਸੀ ਜੋ ਨਾ ਸਿਰਫ਼ ਵਾਇਰਸ ਤੋਂ ਪੀੜਤ ਹਨ, ਬਲਕਿ ਇਸ ਸ਼ਹਿਰ ਨੂੰ ਤਬਾਹ ਕਰਨ ਵਾਲੇ ਆਰਥਿਕ ਸੰਕਟ ਨਾਲ ਜੂਝ ਰਹੇ ਲੋਕਾਂ ਲਈ ਵੀ ਸੀ।
ਪਰਵਾਸੀਆਂ ਦੀ ਅਭਿਲਾਸ਼ਾ ਅਤੇ ਅਮਰੀਕੀ ਭਰਪੂਰਤਾ ਦੇ ਇਸ ਕੇਂਦਰ ਵਿੱਚ ਅਸੀਂ ਉਨ੍ਹਾਂ ਦ੍ਰਿਸ਼ਾਂ ਦੇ ਗਵਾਹ ਬਣੇ ਹਾਂ ਜਿਹੜੇ ਗਹਿਰੀ ਡਿਪਰੈਸ਼ਨ ਦੇ ਦਿਨਾਂ ਤੋਂ ਵੀ ਵਧੇਰੇ ਭਿਆਨਕ ਹਨ।
ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਇੱਕ ਕੁਈਨਜ਼ ਵਿੱਚ ਕੋਰੋਨਾ ਨਾਂ ਦੀ ਜਗ੍ਹਾਂ ਹੈ। ਉੱਥੇ ਅਸੀਂ ਇੱਕ ਫੂਡ ਬੈਂਕ ਦੇ ਬਾਹਰ ਕਤਾਰਾਂ ਦੇਖੀਆਂ ਜੋ 200 ਗਜ਼ ਤੋਂ ਜ਼ਿਆਦਾ ਲੰਬੀਆਂ ਸਨ, ਕਤਾਰਾਂ ਦੀ ਲੰਬਾਈ ਡਿਪਰੈਸ਼ਨ ਦਾ ਪੱਧਰ ਦੱਸ ਰਹੀ ਸੀ।
ਸਫ਼ਾਈ ਕਰਮਚਾਰੀ, ਰੈਸਟੋਰੈਂਟ ਕਰਮਚਾਰੀ ਤੇ ਹੋਰ ਮਜ਼ਦੂਰ। ਕੋਵਿਡ-19 ਦੇ ਆਰਥਿਕ ਪੀੜਤ। ਜਿਨ੍ਹਾਂ ਕੋਲ ਛੇ ਹਫ਼ਤੇ ਪਹਿਲਾਂ ਫੁੱਲ ਟਾਈਮ ਨੌਕਰੀਆਂ ਸਨ, ਹੁਣ ਉਹ ਆਪਣੇ ਪਰਿਵਾਰਾਂ ਨੂੰ ਖਵਾਉਣ ਲਈ ਚੈਰੀਟੇਬਲ ਸੰਸਧਾਵਾਂ 'ਤੇ ਟੇਕ ਰੱਖਣ ਲਈ ਮਜਬੂਰ ਹਨ।
ਇੱਕ ਸੈਂਡਵਿਚ, ਕੁਝ ਮਿੱਠੇ ਕੌਰਨ, ਦੁੱਧ ਦਾ ਇੱਕ ਛੋਟਾ ਜਿਹਾ ਡੱਬਾ, ਸੇਬ ਦੀ ਚਟਣੀ ਦੀ ਇੱਕ ਸ਼ੀਸ਼ੀ, ਇਸ ਵਿੱਚ ਬਹੁਤ ਕੁਝ ਹੈ।
ਘੱਟ ਆਮਦਨ ਵਾਲੇ ਪਰਵਾਸੀ ਭਾਈਚਾਰੇ ਦੇ ਅਮਰੀਕਾ ਵਿੱਚ ਰਹਿਣ ਦੇ ਸੁਪਨੇ ਇਸ ਆਲਮੀ ਸੰਕਟ ਨਾਲ ਕੁਚਲੇ ਜਾ ਰਹੇ ਹਨ।
ਕਈ ਅਮੀਰ ਨਿਊ ਯਾਰਕ ਵਾਸੀਆਂ ਵਿੱਚੋਂ ਇੱਕ ਪ੍ਰਤੀਸ਼ਤ ਨੇ ਸ਼ਹਿਰ ਛੱਡ ਦਿੱਤਾ ਹੈ ਅਤੇ ਉਹ ਹਡਸਨ ਘਾਟੀ ਵਿੱਚ ਆਪਣੇ ਦੇਸ ਦੇ ਗੇਟਵੇ ਜਾਂ ਤੱਟੀ ਹੈਂਪਟਨਜ਼ ਵਿੱਚ ਚਲੇ ਗਏ ਹਨ।
ਗਰੀਬਾਂ ਲਈ ਇਹ ਵਿਕਲਪ ਨਹੀਂ ਹੈ, ਜਿਨ੍ਹਾਂ ਵਿੱਚੋਂ ਕਈ ਬਹੁ ਪੀੜ੍ਹੀਆਂ ਸਾਂਝੇ ਘਰਾਂ ਵਿੱਚ ਇਕੱਠੀਆਂ ਰਹਿੰਦੀਆਂ ਹਨ, ਕਦੇ-ਕਦੇ ਤਾਂ ਉਹ ਇੱਕ ਬੈੱਡਰੂਮ ਵਾਲੇ ਘਰ ਵਿੱਚ ਦਸ-ਦਸ ਲੋਕ ਵੀ ਇਕੱਠੇ ਰਹਿੰਦੇ ਹਨ।
ਇਸ ਲਈ ਕੋਰੋਨਾਵਾਇਰਸ ਦੋ ਸ਼ਹਿਰਾਂ ਦੀ ਕਹਾਣੀ ਰਹੀ ਹੈ ਜਿਸ ਵਿੱਚ ਗੋਰੇ ਲੋਕ ਅਤੇ ਅਫ਼ਰੀਕੀ ਅਮਰੀਕਨ, ਨਿਊ ਯਾਰਕ ਗੋਰੇ ਵਾਸੀਆਂ ਤੋਂ ਦੁੱਗਣੀ ਦਰ ਵਿੱਚ ਮਾਰੇ ਗਏ ਹਨ। ਗਰੀਬੀ ਮਹਾਂਮਾਰੀ ਦਾ ਪ੍ਰਚਾਰਕ ਰਹੀ ਹੈ। ਬਿਪਤਾ ਸੁਪਰ-ਸਪਰੈਡਰ ਹੈ।
ਜਦੋਂ ਕੋਵਿਡ ਦਾ ਕਹਿਰ ਵਾਪਰਿਆ ਹੈ, ਤਾਂ ਅਮਰੀਕਾ ਵੀ ਕਮਜ਼ੋਰ ਹੋ ਗਿਆ, ਅਤੇ ਵਾਇਰਸ ਨੇ ਆਪਣੀਆਂ ਲੰਬੇ ਸਮੇਂ ਦੀਆਂ ਬਿਮਾਰੀਆਂ, ਆਮਦਨ ਅਸਮਾਨਤਾ, ਨਸਲੀ ਅਸਮਾਨਤਾ, ਲੋਕਤੰਤਰ ਦਾ ਕਮਜ਼ੋਰ ਹੋਣਾ, ਅਯੋਗ ਸਰਕਾਰ, ਜ਼ਹਿਰੀਲਾ ਧਰੁਵੀਕਰਨ, ਕਾਰਨਾਂ ਦੀ ਘਾਟ, ਵਿਗਿਆਨ ਦਾ ਪਤਨ, ਇਸਦੇ ਆਲਮੀ ਪ੍ਰਭਾਵ ਘਟੇ ਅਤੇ ਆਲਮੀ ਅਗਵਾਈ ਦੀ ਅਣਹੋਂਦ ਪੈਦਾ ਕੀਤੀ।
ਇਨ੍ਹਾਂ ਘਾਤਕ ਪਲਾਂ ਵਿੱਚ ਇਨ੍ਹਾਂ ਸਾਰਿਆਂ ਨੇ ਇੱਕ ਦੂਜੇ ਨੂੰ ਤੋੜਿਆ ਅਤੇ ਸਭ ਪਾਸੇ ਤੇਜ਼ੀ ਨਾਲ ਫੈਲਾਇਆ ਹੈ। ਸਾਰੀ ਉਮਰ ਅਮਰੀਕਾ ਨੂੰ ਪਿਆਰ ਕਰਨ ਵਾਲਿਆਂ ਲਈ ਇਸ ਸਭ ਦਾ ਗਵਾਹ ਬਣਨਾ ਦੁਖਦਾਈ ਰਿਹਾ।
ਮੈਂ ਧਰਤੀ ਦੇ ਸਭ ਤੋਂ ਬੇਚੈਨ ਸ਼ਹਿਰ ਵਿੱਚ ਰਹਿੰਦਾ ਹਾਂ। ਐਮਰਜੈਂਸੀ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੇ ਸਨਮਾਨ ਵਿੱਚ ਹਰ ਰਾਤ ਨੌਂ ਵਜੇ ਐਮਪਾਇਰ ਸਟੇਟ ਬਿਲਡਿੰਗ ਨੂੰ ਲਾਲ ਅਤੇ ਸਫ਼ੈਦ ਰੋਸ਼ਨੀ ਨਾਲ ਰੋਸ਼ਨ ਕੀਤਾ ਜਾਂਦਾ ਹੈ।
ਇਹ ਇੱਕ ਰੀਤ ਹੈ, ਇਹ ਬਹੁਤ ਸੋਹਣਾ ਲੱਗਦਾ ਹੈ ਅਤੇ ਇਹ ਸੰਕਟ ਹੋਣ ਤੋਂ ਬਾਅਦ ਤੱਕ ਜਾਰੀ ਰਹੇਗਾ।
ਨਿਊ ਯਾਰਕ ਕਦੋਂ ਮੁੜ ਤੋਂ ਨਿਊ ਯਾਰਕ ਬਣੇਗਾ, ਪਤਾ ਨਹੀਂ।