ਸਾਊਦੀ ਅਰਬ ਨੇ ਅਣ-ਵਿਆਹੇ ਜੋੜਿਆਂ ਲਈ ਹੋਟਲਾਂ 'ਚ ਕਮਰਾ ਲੈਣ ਦੇ ਨਿਯਮ ਬਦਲੇ

ਅਣ-ਵਿਆਹੇ ਵਿਦੇਸ਼ੀ ਜੋੜੇ ਹੁਣ ਸਾਊਦੀ ਅਰਬ ਦੇ ਹੋਟਲਾਂ ਵਿੱਚ ਕਮਰਾ ਲੈ ਕੇ ਨਾਲ ਰਹਿ ਸਕਦੇ ਹਨ। ਸਾਊਦੀ ਸਰਕਾਰ ਵੱਲੋਂ ਨਵੇਂ ਵੀਜ਼ਾ ਨਿਯਮ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਔਰਤ ਇਕੱਲੀ ਵੀ ਹੋਟਲ ਵਿੱਚ ਕਮਰਾ ਲੈ ਕੇ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਜੋੜਿਆਂ ਨੂੰ ਇਹ ਸਾਬਿਤ ਕਰਨਾ ਪੈਂਦਾ ਸੀ ਕਿ ਉਹ ਵਿਆਹੇ ਹੋਏ ਹਨ। ਇਸ ਨੂੰ ਸਾਊਦੀ ਸਰਕਾਰ ਦੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਕੀ ਹੈ ਨਵਾਂ ਬਦਲਾਅ?

ਇਸ ਤੋਂ ਪਹਿਲਾਂ ਸਾਊਦੀ ਅਰਬ ਵਿੱਚ ਆਉਣ ਵਾਲੇ ਵਿਦੇਸ਼ੀ ਜੋੜਿਆਂ ਨੂੰ ਵਿਆਹ ਦੇ ਦਸਤਾਵੇਜ਼ ਦਿਖਾਉਣੇ ਪੈਂਦੇ ਸਨ ਪਰ ਹੁਣ ਵਿਦੇਸ਼ੀ ਜੋੜਿਆਂ ਨੂੰ ਸਾਊਦੀ ਅਰਬ ਆਉਣ 'ਤੇ ਇਕੱਠਿਆਂ ਰਹਿਣ ਲਈ ਖ਼ੁਦ ਨੂੰ ਵਿਆਹੁਤਾ ਸਾਬਿਤ ਨਹੀਂ ਕਰਨਾ ਪਵੇਗਾ।

ਸਾਊਦੀ ਦੇ ਟੂਰਿਜ਼ਮ ਅਤੇ ਨੈਸ਼ਨਲ ਹੈਰੀਟੇਜ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ, "ਸਾਊਦੀ ਅਰਬ ਦੇ ਨਾਗਰਿਕਾਂ ਨੂੰ ਪਰਿਵਾਰਕ ਆਈਡੀ ਜਾਂ ਰਿਲੇਸ਼ਨਸ਼ਿਪ ਦੇ ਸਬੂਤ ਦੇ ਦਸਤਾਵੇਜ਼ ਹੋਟਲ ਚੈਕਿੰਗ ਦੌਰਾਨ ਦਿਖਾਉਣੇ ਹੋਣਗੇ ਜਦ ਕਿ ਵਿਦੇਸ਼ੀ ਜੋੜਿਆਂ ਲਈ ਇਹ ਜ਼ਰੂਰੀ ਨਹੀਂ ਹੈ। ਸਾਰੀਆਂ ਔਰਤਾਂ ਆਈਡੀ ਦੇ ਕੇ ਹੋਟਲ ਵਿੱਚ ਕਮਰਾ ਬੁੱਕ ਕਰ ਸਕਦੀਆਂ ਹਨ। ਅਜਿਹਾ ਸਾਊਦੀ ਔਰਤਾਂ ਵੀ ਕਰ ਸਕਦੀਆਂ ਹਨ।"

ਇਹ ਵੀ ਪੜ੍ਹੋ-

ਮੰਤਰਾਲੇ ਨੇ ਕਿਹਾ ਹੈ, "ਨਵੇਂ ਵੀਜ਼ਾ ਨਿਯਮ ਮੁਤਾਬਕ ਔਰਤ ਸੈਲਾਨੀਆਂ ਲਈ ਪੂਰੀ ਤਰ੍ਹਾਂ ਖ਼ੁਦ ਨੂੰ ਕਵਰ ਕਰਨ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਕੋਲੋਂ ਆਸ ਕੀਤੀ ਜਾਂਦੀ ਹੈ ਕਿ ਉਹ 'ਮਰਿਆਦਾ' ਵਾਲੇ ਕੱਪੜੇ ਪਹਿਨਣ। ਹਾਲਾਂਕਿ ਸ਼ਰਾਬ 'ਤੇ ਹੁਣ ਵੀ ਪਾਬੰਦੀ ਹੈ।"

ਇਸ ਬਦਲਾਅ ਦੇ ਪਿੱਛੇ ਕੀ ਹੈ?

ਸਾਊਦੀ ਅਰਬ ਦੀ ਪਛਾਣ ਧਰਤੀ 'ਤੇ ਸਭ ਤੋਂ ਪਾਬੰਦੀਸ਼ੁਦਾ ਥਾਂ ਵਜੋਂ ਰਹੀ ਹੈ। ਪਰ ਖੁੱਲ੍ਹੇ ਬਾਜ਼ਾਰ ਵਾਲੇ ਅਰਥਚਾਰੇ ਵਿੱਚ ਸਾਊਦੀ ਅਰਬ ਖ਼ੁਦ ਨੂੰ ਹੁਣ ਓਨਾਂ ਬੰਦ ਨਹੀਂ ਰੱਖਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਥੇ ਵਿਦੇਸ਼ੀ ਸੈਲਾਨੀ ਆਉਣ ਅਤੇ ਵਿਦੇਸ਼ੀ ਨਿਵੇਸ਼ ਵਧੇ।

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ-ਸਲਮਾਨ ਨੇ ਸਖ਼ਤ ਰੂੜੀਵਾਦੀ ਮੁਲਕ ਵਿੱਚ ਕਈ ਬਦਲਾਅ ਲਿਆਂਦੇ ਹਨ। ਕ੍ਰਾਊਨ ਪ੍ਰਿੰਸ ਸਲਮਾਨ ਨੇ ਸਾਊਦੀ ਅਰਬ ਦੀਆਂ ਔਰਤਾਂ 'ਤੇ ਗੱਡੀ ਚਲਾਉਣ 'ਤੇ ਲੱਗੀ ਪੰਬਾਦੀ ਨੂੰ ਵੀ ਖ਼ਤਮ ਕੀਤਾ ਸੀ ਅਤੇ ਇਸ ਨਾਲ ਹੀ ਔਰਤਾਂ ਦੇ ਬਿਨਾਂ ਪੁਰਸ਼ ਗਾਰਜੀਅਨਸ਼ਿਪ ਦੇ ਵਿਦੇਸ਼ ਜਾਣ 'ਤੇ ਲੱਗੀ ਪਾਬੰਦੀ ਨੂੰ ਵੀ ਹਟਾ ਦਿੱਤਾ ਸੀ।

ਹਾਲਾਂਕਿ ਇਨ੍ਹਾਂ ਬਦਲਾਵਾਂ 'ਤੇ ਕਈ ਵਿਵਾਦਿਤ ਮੁੱਦੇ ਉੱਠਦੇ ਰਹੇ ਹਨ। ਇਨ੍ਹਾਂ ਵਿੱਚ ਸਬ ਤੋਂ ਵੱਡਾ ਮੁੱਦਾ ਰਿਹਾ ਹੈ ਜਮਾਲ ਖਾਸ਼ੋਜੀ ਨਾਮ ਦੇ ਪੱਤਰਕਾਰ ਦਾ ਤੁਰਕੀ ਦੇ ਸਾਊਦੀ ਦੂਤਾਵਾਸ ਵਿੱਚ ਕਤਲ।

ਦਿ ਇੰਡਟੀਪੈਂਡੇਂਟ ਦੇ ਟ੍ਰੈਵੇਲ ਐਡੀਟਰ ਸਿਮੋਨ ਕੈਲਡਰ ਦਾ ਮੰਨਣਾ ਹੈ ਕਿ ਸਾਊਦੀ ਅਰਬ ਦੇ ਇਸ ਫ਼ੈਸਲੇ ਨਾਲ ਉਥੇ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਧੇਗੀ।

ਸਿਮੋਨ ਨੇ ਬੀਬੀਸੀ ਨੂੰ ਕਿਹਾ, "ਵੀਜ਼ਾ ਨਿਯਮਾਂ ਵਿੱਚ ਢਿੱਲ ਨਾਲ ਸਾਊਦੀ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ। ਜੋ ਅਰਬ ਵਿਸ਼ਵ ਵਿੱਚ ਦਿਲਚਸਪੀ ਰੱਖਦੇ ਹਨ ਉਨ੍ਹਾਂ ਲਈ ਇਹ ਖੁਸ਼ਖ਼ਬਰੀ ਹੈ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)