You’re viewing a text-only version of this website that uses less data. View the main version of the website including all images and videos.
101 ਦਿਨਾਂ ਤੱਕ 'ਸੈਕਸ ਰਾਫਟ' ਕਹੀ ਜਾਂਦੀ ਬੇੜੀ 'ਤੇ ਕੈਦ 11 ਲੋਕਾਂ ਦੀ ਕਹਾਣੀ
- ਲੇਖਕ, ਡੇਲੀਆ ਵੇਂਚੁਰਾ
- ਰੋਲ, ਬੀਬੀਸੀ ਮੁੰਡੋ ਸੇਵਾ
ਹਿੰਸਾ ਅਤੇ ਸੈਕਸ ਨੂੰ ਲੈ ਕੇ 1973 ਵਿੱਚ ਇੱਕ ਪ੍ਰਯੋਗ ਕੀਤਾ ਗਿਆ ਸੀ, ਜਿਸ ਵਿੱਚ 11 ਲੋਕਾਂ ਨੂੰ ਤਿੰਨ ਮਹੀਨਿਆਂ ਲਈ ਸਮੁੰਦਰ 'ਚ ਤੈਰਦੇ ਇੱਕ ਰਾਫਟ (ਇੱਕ ਪ੍ਰਕਾਰ ਦੀ ਬੇੜੀ) 'ਤੇ ਰੱਖਿਆ ਗਿਆ।
ਆਪਣੇ ਵੇਲੇ ਦੇ ਦੁਨੀਆਂ ਦੇ ਮੋਹਰੀ ਵਿਗਿਆਨੀ ਅਤੇ ਬਾਓਲੋਜੀਕਲ ਐਂਥਰੋਪਾਲੋਜੀ ਦੇ ਮਾਹਿਰ ਰਹੇ ਸੈਂਟਿਆਗੋ ਜੀਨੋਵਸ ਨੂੰ ਇਹ ਵਿਚਾਰ ਨਵੰਬਰ 1972 ਵਿੱਚ ਇੱਕ ਜਹਾਜ਼ ਹਾਈਜੈਕ ਹੋਣ ਤੋਂ ਬਾਅਦ ਆਇਆ, ਜਿਸ ਵਿੱਚ ਉਹ ਆਪ ਵੀ ਸਵਾਰ ਸਨ।
ਇਹ ਜਹਾਜ਼ ਮਾਂਟੀਰੇ ਤੋਂ ਮੈਕਸੀਕੋ ਸਿਟੀ ਵੱਲ ਜਾ ਰਿਹਾ ਸੀ, ਜਦੋਂ ਪੰਜ ਹਥਿਆਰਬੰਦ ਲੋਕਾਂ ਨੇ ਜਹਾਜ਼ ਨੂੰ ਹਾਈਜੈਕ ਕਰ ਲਿਆ ਅਤੇ ਕਥਿਤ ਤੌਰ ਸਿਆਸੀ ਬੰਦੀਆਂ ਨੂੰ ਛੱਡਣ ਦੀ ਮੰਗ ਕੀਤੀ।
ਇਸ ਜਹਾਜ਼ ਵਿੱਚ ਸਵਾਰ ਜੀਨੋਵਸ ਹਿੰਸਾ ਦੇ ਇਤਿਹਾਸ 'ਤੇ ਹੋਏ ਇੱਕ ਸੰਮੇਲਨ ਵਿੱਚ ਸ਼ਿਰਕਤ ਕਰਕੇ ਵਾਪਸ ਆ ਰਹੇ ਸਨ ਅਤੇ ਉਨ੍ਹਾਂ ਦੇ ਨਾਲ 103 ਹਵਾਈ ਯਾਤਰੀ ਸਨ।
ਇਹ ਵੀ ਪੜ੍ਹੋ-
ਪ੍ਰਯੋਗ ਦਾ ਵਿਚਾਰ ਕਿਵੇਂ ਆਇਆ?
ਜੀਨੋਵਸ ਨੇ ਲਿਖਿਆ, "ਇਸ ਹਾਈਜੈਕ ਵਿੱਚ ਉਹ ਵਿਗਿਆਨੀ ਵੀ ਫਸ ਗਿਆ ਸੀ, ਜਿਸ ਦੀ ਪੂਰੀ ਜ਼ਿੰਦਗੀ ਹਿੰਸਾਤਮਕ ਵਿਹਾਰ ਦਾ ਅਧਿਐਨ ਕਰਦਿਆਂ ਲੰਘ ਗਈ ਸੀ। ਮੇਰੇ ਦਿਮਾਗ਼ ਵਿੱਚ ਹਮੇਸ਼ਾ ਇਹ ਜਾਣਨ ਦੀ ਗੱਲ ਆਉਂਦੀ ਰਹਿੰਦੀ ਸੀ ਕਿ ਆਖਿਰ ਲੋਕ ਕਿਉਂ ਲੜਾਈ ਕਰਦੇ ਹਨ ਅਤੇ ਉਨ੍ਹਾਂ ਦੇ ਦਿਮਾਗ਼ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਹੈ।"
ਹਾਈਜੈਕ ਦੀ ਇਸ ਘਟਨਾ ਨੇ ਉਨ੍ਹਾਂ ਨੂੰ ਇਨਸਾਨੀ ਵਿਹਾਰ 'ਤੇ ਅਧਿਐਨ ਕਰਨ ਦਾ ਇੱਕ ਆਈਡੀਆ ਦੇ ਦਿੱਤਾ। ਨਾਰਵੇ ਦੇ ਇੱਕ ਐਂਥਰੋਪਾਲੋਜਿਸਟ ਥੋਰ ਹਾਇਰਡਾਲ ਦੇ ਇੱਕ ਪ੍ਰਯੋਗ ਨਾਲ ਵੀ ਜੀਨੋਵਸ ਨੇ ਕੁਝ ਸਬਕ ਲਿਆ।
ਅਸਲ ਵਿੱਚ ਇਨ੍ਹਾਂ ਦੋਵਾਂ ਨੇ ਪੁਰਾਤਨ ਇਜਿਪਸ਼ਿਅਨ ਬੇੜੀ ਵਾਂਗ ਹੂ-ਬ-ਹੂ ਬਣੀ ਇੱਕ ਬੇੜੀ 'ਤੇ ਸਾਲ 1969 ਅਤੇ 1970 ਦੌਰਾਨ ਯਾਤਰਾ ਕੀਤੀ ਸੀ।
ਇਸ ਪ੍ਰਯੋਗ ਦਾ ਮਕਸਦ ਇਹ ਦਿਖਾਉਣਾ ਸੀ ਕਿ ਅਫਰੀਕੀ ਲੋਕ ਕੋਲੰਬਸ ਤੋਂ ਪਹਿਲਾਂ ਅਮਰੀਕਾ ਪਹੁੰਚ ਸਕਦੇ ਸਨ।
ਇਸੇ ਦੌਰਾਨ ਜੀਨੋਵਸ ਦੇ ਦਿਮਾਗ਼ ਵਿੱਚ ਵਿਚਾਰ ਆਇਆ ਕਿ ਸਮੁੰਦਰ ਦੀਆਂ ਲਹਿਰਾਂ 'ਤੇ ਤੈਰਦਾ ਕੋਈ ਸਮੂਹ, ਇਨਸਾਨੀ ਵਿਹਾਰ ਦੇ ਅਧਿਐਨ ਲਈ ਪ੍ਰਯੋਗਸ਼ਾਲਾ ਦਾ ਕੰਮ ਕਰ ਸਕਦਾ ਹੈ।
ਪਾਣੀ 'ਤੇ ਘਰ
ਹਾਲਾਂਕਿ ਉਨ੍ਹਾਂ ਦਾ ਪ੍ਰਯੋਗ ਖ਼ਾਸ ਤੌਰ 'ਤੇ ਤਣਾਅ ਭੜਕਾਉਣ ਲਈ ਡਿਜ਼ਾਈਨ ਕੀਤਾ ਗਿਆ ਸੀ।
ਮੈਕਸੀਕੋ ਨੈਸ਼ਨਲ ਯੂਨੀਵਰਸਿਟੀ ਦੀ ਮੈਗ਼ਜ਼ੀਨ 'ਚ ਉਨ੍ਹਾਂ ਨੇ 1974 ਵਿੱਚ ਲਿਖਿਆ, "ਜਾਨਵਰਾਂ ਦੇ ਨਾਲ ਕੀਤੇ ਗਏ ਪ੍ਰਯੋਗਾਂ ਤੋਂ ਪਤਾ ਲਗਦਾ ਹੈ ਕਿ ਜਦੋਂ ਇੱਕ ਸੀਮਤ ਥਾਂ 'ਚ ਕੋਈ ਚੂਹਿਆਂ ਨੂੰ ਰੱਖਦਾ ਹੈ ਤਾਂ ਉਹ ਗੁੱਸੇਖੋਰ ਹੋ ਜਾਂਦੇ ਹਨ। ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਅਜਿਹਾ ਇਨਸਾਨਾਂ ਨਾਲ ਵੀ ਹੁੰਦਾ ਹੈ।"
ਜੀਨੋਵਸ ਨੇ ਇਸ ਲਈ 12x7 ਮੀਟਰ ਦਾ ਇੱਕ ਰਾਫ਼ਟ ਤਿਆਰ ਕੀਤਾ, ਜਿਸ ਵਿੱਚ 4x3,7 ਮੀਟਰ ਦਾ ਇੱਕ ਕੇਬਿਨ ਬਣਿਆ ਸੀ, ਜਿਸ ਵਿੱਚ ਲੋਕ ਬਸ ਸੌਂ ਸਕਦੇ ਸਨ।
ਟਾਇਲਟ ਇਸ ਤੋਂ ਬਾਹਰ ਬਣਾਇਆ ਗਿਆ ਸੀ। ਇਸ ਰਾਫ਼ਟ ਦਾ ਨਾਮ ਏਕੈਲੀ ਸੀ ਜਿਸ ਦਾ ਮੈਕਸੀਕੋ ਵਿੱਚ ਅਰਥ ਹੁੰਦਾ ਹੈ, 'ਪਾਣੀ 'ਤੇ ਘਰ'।
ਇਸ ਰਾਫਟ ਵਿੱਚ 11 ਲੋਕਾਂ ਨੇ, ਜਿਨ੍ਹਾਂ ਵਿੱਚ ਜੀਨੋਵਸ ਵੀ ਸਨ, ਕੈਨੇਰੀ ਦੀਪ ਤੋਂ ਮੈਕਸੀਕੋ ਤੱਕ ਦੀ ਯਾਤਰਾ ਸ਼ੁਰੂ ਕੀਤੀ।
ਇਸ ਵਿੱਚ ਕੋਈ ਇੰਜਨ ਨਹੀਂ ਸੀ, ਨਾ ਬਿਜਲੀ ਦਾ ਪ੍ਰਬੰਧ ਅਤੇ ਨਾ ਹੀ ਸਪੋਰਟ ਲਈ ਕੋਈ ਹੋਰ ਬੇੜੀ ਸੀ।
ਪ੍ਰਯੋਗ ਵਿੱਚ ਲੋਕਾਂ ਨੂੰ ਸ਼ਾਮਿਲ ਕਰਨ ਲਈ ਜੀਨੋਵਸ ਨੇ ਪੂਰੀ ਦੁਨੀਆਂ ਵਿੱਚ ਇਸ਼ਤਿਹਾਰ ਕੱਢਿਆ।
ਸੈਂਕੜੇ ਲੋਕਾਂ ਦੀਆਂ ਅਰਜ਼ੀਆਂ ਆਈਆਂ ਪਰ ਉਨ੍ਹਾਂ ਵਿੱਚੋਂ ਕੇਵਲ 10 ਲੋਕਾਂ ਨੂੰ ਹੀ ਚੁਣਿਆ ਗਿਆ, ਜਿਨ੍ਹਾਂ ਵਿੱਚ 6 ਔਰਤਾਂ ਅਤੇ 4 ਮਰਦ ਸ਼ਾਮਿਲ ਸਨ।
ਇਹ ਵੀ ਪੜ੍ਹੋ:
ਇਨ੍ਹਾਂ ਨੂੰ ਰਾਸ਼ਟਰ ਧਰਮ ਅਤੇ ਸਮਾਜਿਕ ਪਿੱਠਭੂਮੀ ਦੇ ਆਧਾਰ 'ਤੇ ਚੁਣਿਆ ਗਿਆ। ਇਨ੍ਹਾਂ ਵਿੱਚੋਂ ਕੇਵਲ ਚਾਰ ਕੁਆਰਿਆਂ ਨੂੰ ਚੁਣਿਆ ਗਿਆ ਤਾਂ ਜੋ ਉਹ ਇਸ ਸਮੂਹ ਵਿੱਚ ਤਣਾਅ ਪੈਦਾ ਕਰ ਸਕਣ।
ਸਵੀਡਨ ਦੀ ਇੱਕ 30 ਸਾਲ ਦੀ ਔਰਤ ਮਾਰੀਆ ਜੋਰਨਸਟਮ ਨੂੰ ਕਪਤਾਨ ਬਣਾਇਆ ਗਿਆ ਅਤੇ ਸਾਰੇ ਮੁੱਖ ਕੰਮ ਔਰਤਾਂ ਨੂੰ ਦਿੱਤੇ ਗਏ ਅਤੇ ਪੁਰਸ਼ਾਂ ਨੂੰ ਗ਼ੈਰ-ਲਾਜ਼ਮੀ ਕੰਮ ਸੌਂਪੇ ਗਏ।
ਜੀਨੋਵਸ ਨੇ ਲਿਖਿਆ, "ਮੈਂ ਆਪਣੇ ਆਪ ਤੋਂ ਪੁੱਛਿਆ ਕਿ ਜੇਕਰ ਔਰਤਾਂ ਨੂੰ ਅਧਿਕਾਰ ਦਿੱਤੇ ਜਾਣ ਤਾਂ ਥੋੜ੍ਹੀ ਬਹੁਤ ਹਿੰਸਾ ਦੀ ਸੰਭਾਵਨਾ ਬਣਦੀ ਹੈ।"
ਏਕੈਲੀ ਨੇ 13 ਮਈ 1973 ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਮੈਕਸੀਕੋ ਦੇ ਦੀਪ ਕੋਜ਼ੁਮੇਲ ਵੱਲ ਰਵਾਨਾ ਹੋਈ।
ਸੈਕਸ ਰਾਫਟ ਦੀਆਂ ਅਫ਼ਵਾਹਾਂ
ਅੱਜ ਦੇ ਰਿਐਲਿਟੀ ਸ਼ੋਅ ਵਾਂਗ ਬੇੜੀ 'ਤੇ ਅਤਿ-ਆਧੁਨਿਕ ਉਪਕਰਨ ਨਹੀਂ ਸਨ, ਇਸ ਦੇ ਬਾਵਜੂਦ ਮੀਡੀਆ 'ਚ ਅਟਕਲਾਂ ਅਤੇ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ।
ਮੀਡੀਆ ਵਿੱਚ 'ਲਵ ਰਾਫਟ 'ਤੇ ਸੈਕਸ' ਦੀ ਹੈਡਿੰਗ ਨਾਲ ਕਹਾਣੀਆਂ ਆਉਣ ਲੱਗੀਆਂ, ਜਦ ਕਿ ਉਨ੍ਹਾਂ ਦਾ ਰਾਫਟ ਦੇ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਸੀ।
ਇਸ ਲਈ ਇਸ ਬੇੜੀ ਦਾ ਅਕਸ ਛੇਤੀ ਹੀ 'ਸੈਕਸ ਰਾਫਟ' ਵਿੱਚ ਬਦਲ ਗਿਆ ਪਰ ਉਥੇ ਹਾਲਾਤ ਕੁਝ ਹੋਰ ਸਨ।
ਆਪਣੇ ਲੇਖ 'ਚ ਜੀਨੋਵਸ ਦੱਸਦੇ ਹਨ, "ਵਿਗਿਆਨਕ ਅਧਿਐਨ ਦੱਸਦੇ ਹਨ ਕਿ ਹਿੰਸਾ ਅਤੇ ਸੈਕਸ ਵਿੱਚ ਸਬੰਧ ਹੁੰਦਾ ਹੈ, ਜਿਨ੍ਹਾਂ ਵਿੱਚ ਵਧੇਰੇ ਵਿਰੋਧ ਤਾਂ ਸੈਕਸ ਨੂੰ ਲੈ ਕੇ ਪੁਰਸ਼ਾਂ ਅਤੇ ਔਰਤਾਂ 'ਚ ਪੈਦਾ ਹੁੰਦਾ ਹਨ। ਇਸ ਦੀ ਜਾਂਚ ਲਈ ਅਸੀਂ ਸੈਕਸੂਅਲੀ ਆਕਰਸ਼ਣ ਵਾਲੀਆਂ ਚੀਜ਼ਾਂ ਨੂੰ ਚੁਣਿਆ ਕਿਉਂਕਿ ਸੈਕਸ ਅਪਰਾਧ ਬੋਧ ਨਾਲ ਜੁੜਿਆ ਹੋਇਆ ਹੁੰਦਾ ਹੈ, ਮੈਂ ਅੰਗੋਲਾ ਤੋਂ ਇੱਕ ਰੋਮਨ ਕੈਥੋਲਿਕ ਪਾਦਰੀ ਬਰਨਾਰਡ ਨੂੰ ਸ਼ਾਮਿਲ ਕੀਤਾ ਸੀ।"
ਹਾਲਾਂਕਿ, ਜੀਨੋਵਸ ਨੂੰ ਇਸ ਤੋਂ ਨਿਰਾਸ਼ ਹੋਣਾ ਪਿਆ ਕਿਉਂਕਿ ਕਈ ਮੈਂਬਰਾਂ ਵਿਚਾਲੇ ਸੈਕਸ਼ੂਅਲ ਗਤੀਵਿਧੀਆਂ ਦੇ ਬਾਵਜੂਦ ਕੋਈ ਤਣਾਅ ਜਾਂ ਗੁੱਸੇ ਵਾਲੀ ਘਟਨਾ ਨਹੀਂ ਵਾਪਰੀ।
ਪਰ ਜੀਨੋਵਸ ਦੇ ਇਸ ਪ੍ਰਯੋਗ ਦਾ ਹੋਰ ਵੱਡਾ ਮਕਸਦ ਸੀ। ਜੀਨੋਵਸ ਨੇ ਰਾਫਟ ਦੀ ਕਪਤਾਨ ਨੂੰ ਦੱਸਿਆ ਸੀ ਕਿ 'ਇਸ ਦਾ ਮਕਸਦ ਹੈ ਇਹ ਪਤਾ ਲਗਾਉਣਾ ਕਿ ਧਰਤੀ 'ਤੇ ਕਿਵੇਂ ਸ਼ਾਂਤੀ ਸਥਾਪਿਤ ਕੀਤੀ ਜਾਵੇ।'
ਪਰ ਦੀਆਂ ਜੀਨੋਵਸ ਦੀਆਂ ਆਸਾਂ 'ਤੇ ਪਾਣੀ ਫਿਰ ਰਿਹਾ ਸੀ ਕਿਉਂਕਿ ਸਿਰਫ਼ ਸ਼ਾਰਕ ਦੇਖ ਕੇ ਹੀ ਮੈਂਬਰਾਂ ਵਿੱਚ ਤਣਾਅ ਪੈਦਾ ਹੁੰਦਾ ਸੀ।
ਪ੍ਰਯੋਗ ਸ਼ੁਰੂ ਹੋਣ ਦੇ 51 ਦਿਨ ਬਾਅਦ ਜੀਨੋਵਸ ਨਿਰਾਸ਼ ਹੋ ਗਏ। ਉਹ ਲਿਖਦੇ ਹਨ, "ਸਾਨੂੰ ਉਸ ਮਹੱਤਵਪੂਰਨ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਕਿ ਅਸੀਂ ਜੰਗ ਜਾਂ ਲੜਾਈ ਝਗੜੇ ਤੋਂ ਬਿਨਾਂ ਜਿੰਦਾ ਰਹਿ ਸਕਦੇ ਹਾਂ?"
ਕਦੋਂ ਵਿਗੜੇ ਹਾਲਾਤ?
ਬਾਕੀ ਮੈਂਬਰਾਂ ਦੇ ਮੁਕਾਬਲੇ ਜੀਨੋਵਸ ਵਿੱਚ ਨਕਾਰਾਤਮਕ ਅਹਿਸਾਸ ਵਧੇਰੇ ਸੀ। ਏਕੈਲੀ ਦੇ ਕੁਝ ਮੈਂਬਰਾਂ ਨੇ ਸਵੀਕਾਰ ਕੀਤਾ ਸੀ ਕਿ ਕਰੀਬ 50 ਦਿਨਾਂ ਬਾਅਦ ਉਨ੍ਹਾਂ ਨੂੰ ਇਸ ਵਿਗਿਆਨੀ ਦੇ ਕਤਲ ਦਾ ਵਿਚਾਰ ਆਇਆ ਸੀ।
ਇਸ ਯਾਤਰਾ ਦੇ ਨਾਲ ਹੀ ਅਮਰੀਕੀ ਇੰਜੀਨੀਅਰ ਫੀ ਸੇਮੂਰ ਨੇ ਏਕੈਲੀ 'ਤੇ ਬਣਾਈ ਗਈ ਡਾਕੂਮੈਂਟਰੀ 'ਚ ਦੱਸਿਆ ਸੀ, "ਇਹ ਵਿਚਾਰ ਸਾਡੇ ਵਿੱਚ ਇੱਕੋ ਵੇਲੇ ਆਇਆ।"
ਸਵੀਡਨ ਦੀ ਡਾਇਰੈਕਟਰ ਲਿੰਡਿਨ ਨੇ ਇਸ ਪ੍ਰਯੋਗ ਵਿੱਚ ਸ਼ਾਮਿਲ ਰਹੇ 6 ਮੈਂਬਰਾਂ ਨੂੰ ਇੱਕ-ਦੂਜੇ ਨਾਲ ਮਿਲਾਇਆ ਸੀ।
ਜੋਨਰਸਟਾਮ ਨੇ ਮਾਰਕਸ ਲਿੰਡਿਨ ਨੂੰ ਦੱਸਿਆ ਕਿ ਜੀਨੋਵਸ ਆਪਣੇ ਪ੍ਰਯੋਗ ਨੂੰ ਪੂਰਾ ਕਰਨ ਲਈ ਤਾਨਾਸ਼ਾਹ ਵਾਂਗ ਵਿਹਾਰ ਕਰਨ ਲੱਗੇ ਸਨ, ਇੱਥੋਂ ਤੱਕ ਕਪਤਾਨ ਨੂੰ ਵੀ ਚੁਣੌਤੀ ਦੇਣ ਲੱਗੇ ਸਨ।
ਜਾਪਾਨ ਦੇ ਈਸੂਕੇ ਯਾਮਿਕੀ ਨੇ ਦੱਸਿਆ, "ਉਨ੍ਹਾਂ ਦੀ ਮਾਨਸਿਕ ਹਿੰਸਾ ਨਾਲ ਨਜਿੱਠਣਾ ਬੇਹੱਦ ਮੁਸ਼ਕਿਲ ਸੀ।"
ਇਹ ਵੀ ਪੜ੍ਹੋ-
ਇਸੇ ਕਾਰਨ ਹੀ ਬਾਕੀ ਮੈਂਬਰਾਂ ਵਿੱਚ ਉਨ੍ਹਾਂ ਦੇ ਕਤਲ ਦਾ ਖ਼ਿਆਲ ਆਇਆ। ਲੋਕਾਂ ਨੇ ਸੋਚਿਆ ਕਿ ਦੁਰਘਟਨਾ ਵਜੋਂ ਉਨ੍ਹਾਂ ਨੂੰ ਸਮੁੰਦਰ 'ਚ ਸੁੱਟ ਦਿੰਦੇ ਹਾਂ ਜਾਂ ਉਨ੍ਹਾਂ ਨੂੰ ਅਜਿਹੀ ਦਵਾਈ ਦੇ ਦੇ ਦਿੱਤੀ ਜਾਵੇ ਜਿਸ ਨਾਲ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਜਾਵੇ।
ਫੀ ਸੈਮੂਰ ਨੇ ਡਾਕੂਮੈਂਟਰੀ ਵਿੱਚ ਦੱਸਿਆ, "ਮੈਨੂੰ ਡਰ ਸੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਹਾਲਾਤ ਹੋਰ ਵਿਗੜ ਜਾਣਗੇ।"
ਹਾਲਾਂਕਿ ਅਜਿਹਾ ਕੁਝ ਨਹੀਂ ਹੋਇਆ। ਜੀਨੋਵਸ ਦੇ ਨਾਲ ਮਾਮਲਾ ਕੂਟਨੀਤਕ ਤਰੀਕਿਆਂ ਨਾਲ ਹੱਲ ਕਰ ਲਿਆ ਗਿਆ, ਉਸੇ ਤਰ੍ਹਾਂ ਜਿਵੇਂ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਸੀ।
ਜਦੋਂ ਏਕੈਲੀ ਮੈਕਸੀਕੋ ਪਹੁੰਚਿਆ ਤਾਂ ਕਰੂ ਦੇ ਸਾਰੇ ਲੋਕਾਂ ਨੂੰ ਹਸਪਤਾਲ 'ਚ ਵੱਖਰੇ-ਵੱਖਰੇ ਭਰਤੀ ਕਰ ਦਿੱਤਾ ਗਿਆ। ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਜਾਂਚ ਕੀਤੀ ਗਈ।
ਜੀਨੋਵਸ ਡਿਪਰੈਸ਼ਨ ਵਿੱਚ ਚਲੇ ਗਏ ਸਨ ਅਤੇ 'ਸੈਕਸ ਬੇੜੀ' ਦੀ ਖ਼ਬਰ ਤੋਂ ਬਾਅਦ ਤਾਂ ਉਨ੍ਹਾਂ ਦੀ ਯੂਨੀਵਰਸਿਟੀ ਵੀ ਦੂਰ ਹੋ ਗਈ ਸੀ।
ਹਾਲਾਂਕਿ 2013 ਵਿੱਚ ਆਪਣੀ ਮੌਤ ਤੱਕ ਉਹ ਅਕਾਦਮਿਕ ਕੰਮਾਂ ਵਿੱਚ ਸਰਗਰਮ ਰਹੇ।
ਉਨ੍ਹਾਂ ਦੇ ਨਾਲ ਜੋ ਲੋਕ ਪ੍ਰਯੋਗ ਵਜੋਂ ਗਏ ਸਨ ਉਨ੍ਹਾਂ ਲਈ ਇਹ ਯਾਤਰਾ ਐਡਵੈਂਚਰ ਵਜੋਂ ਖ਼ਤਮ ਹੋਈ।
'ਸਫ਼ਲ ਪ੍ਰਯੋਗ'
ਹਾਲਾਂਕਿ, ਇਸ ਯਾਤਰਾ ਦੌਰਾਨ ਉਨ੍ਹਾਂ ਦੇ ਸਾਹਮਣੇ ਔਖੇ ਸਮੇਂ ਵੀ ਆਏ ਪਰ ਗਰੁੱਪ ਵਿੱਚ ਕੋਈ ਮਤਭੇਦ ਨਹੀਂ ਹੋਇਆ ਬਲਕਿ ਉਨ੍ਹਾਂ ਵਿਚਾਲੇ ਭਾਵਨਾਤਮਕ ਸਬੰਧ ਹੋਰ ਮਜ਼ਬੂਤ ਹੋ ਹੋਏ।
ਇਸ ਲਈ ਫੀ ਇਸੇ ਨੂੰ ਇੱਕ ਸਫ਼ਲ ਪ੍ਰਯੋਗ ਮੰਨਦੀ ਹੈ।
ਬਰਤਾਨਵੀ ਅਖ਼ਬਾਰ ਗਾਰਡੀਅਨ ਨੂੰ ਉਨ੍ਹਾਂ ਕਿਹਾ, "ਜੀਨੋਵਸ ਹਿੰਸਾ ਅਤੇ ਸੰਘਰਸ਼ 'ਤੇ ਫੋਕਸ ਸਨ ਪਰ ਅਜਨਬੀ ਲੋਕ ਇੱਕ ਹੋ ਗਏ।"
ਲਿੰਡਿਨ ਨੇ ਇਸੇ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਜੇਕਰ ਜੀਨੋਵਸ ਨੇ ਸੁਣਿਆ ਹੁੰਦਾ ਕਿ ਲੋਕ ਕਿਉਂ ਉਸ ਬੇੜੀ 'ਤੇ ਸਵਾਰ ਸਨ, ਤਾਂ ਉਨ੍ਹਾਂ ਨੂੰ ਹਿੰਸਾ ਦੇ ਨਤੀਜੇ ਦੇ ਜਵਾਬ ਬਾਰੇ ਪਤਾ ਲਗ ਜਾਂਦਾ ਅਤੇ ਇਹ ਵੀ ਕਿ ਆਪਣੇ ਮਤਭੇਦਾਂ ਤੋਂ ਉਪਰ ਉੱਠ ਕੇ ਵੀ ਅਸੀਂ ਹਿੰਸਾ ਤੋਂ ਉਭਰ ਸਕਦੇ ਹਾਂ।"
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ