You’re viewing a text-only version of this website that uses less data. View the main version of the website including all images and videos.
ਸੰਨੀ ਦਿਓਲ ਵਲੋਂ ਨਿਯੁਕਤ ਕੀਤਾ ਨੁੰਮਾਇਦਾ ਗੁਰਪ੍ਰੀਤ ਪਲਹੇੜੀ ਕੌਣ ਹੈ, ਤੇ ਕੀ ਸੰਸਦ ਮੈਂਬਰ ਅਜਿਹਾ ਕਰ ਸਕਦੈ
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
''ਆਪਣੇ ਸੰਸਦੀ ਹਲਕੇ ਦੇ ਲਟਕਦੇ ਕੰਮਾਂ ਦੀ ਪੈਰਵੀ ਅਤੇ ਸਬੰਧਤ ਅਧਿਕਾਰੀਆਂ ਨਾਲ ਬੈਠਕਾਂ ਕਰਨ ਲਈ ਮੈਂ ਗੁਰਪ੍ਰੀਤ ਸਿੰਘ ਪਲਹੇੜੀ ਪੁੱਤਰ ਸੁਰਿੰਦਰ ਸਿੰਘ ਪਲਹੇੜੀ , ਵਾਸੀ ਪਿੰਡ ਤੇ ਡਾਕਖਾਨਾ ਪਲਹੇੜੀ ਜਿਲ੍ਹਾ ਮੋਹਾਲੀ ਨੂੰ ਆਪਣਾ ਨੁੰਮਾਇਦਾ ਨਿਯੁਕਤ ਕਰਦਾ ਹਾਂ।''
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਤੇ ਸਿਨੇ ਸਟਾਰ ਸੰਨੀ ਦਿਓਲ ਦੀ 26 ਜੂਨ ਨੂੰ ਲਿਖੀ ਗਈ ਢਾਈ ਲਾਇਨਾਂ ਦੀ ਚਿੱਠੀ ਜਦੋਂ ਸੋਸ਼ਲ ਮੀਡੀਆ ਉੱਤੇ ਆਈ ਤਾਂ ਇਸ ਨੇ ਮੁਲਕ ਦੇ ਸਿਆਸੀ ਹਲਕਿਆ ਵਿਚ ਹਲਚਲ ਮਚਾ ਦਿੱਤੀ।
ਭਾਵੇਂ ਕਿ ਪਲਹੇੜੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿਚ ਖੁਦ ਨੂੰ ਸੰਸਦ ਮੈਂਬਰ ਦਾ ਨਿੱਜੀ ਸਹਾਇਕ ਦੱਸਿਆ ਪਰ ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਜੇਕਰ ਸਰਕਾਰੀ ਬੈਠਕਾਂ ਵਿਚ ਨੁੰਮਾਇਦੇ ਨੇ ਹੀ ਸ਼ਾਮਲ ਹੋਣਾ ਹੈ ਤਾਂ ਸੰਸਦ ਮੈਂਬਰ ਕੀ ਕਰਨਗੇ।
ਸੰਨੀ ਦਿਓਲ ਇਸ ਵਿਵਾਦ ਨੂੰ ਬੇਲ਼ੋੜਾ ਦੱਸਦੇ ਹਨ, ਆਪਣੀ ਫੇਸ ਬੁੱਕ ਪੋਸਟ ਉੱਤੇ ਉਨ੍ਹਾਂ ਕਿਹਾ ਗੁਰਪ੍ਰੀਤ ਮੇਰਾ ਪੀਏ ਹੈ ਅਤੇ ਮੇਰੀ ਗੈਰਹਾਜ਼ਰੀ ਵਿਚ ਹਲਕੇ ਦੇ ਕੰਮ ਨਾ ਰੁਕਣ ਇਸ ਲਈ ਉਸਦੀ ਨਿਯੁਕਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਸਵਾਲ ਇਹ ਹੈ ਵੀ ਕੀਤਾ ਜਾ ਰਿਹਾ ਹੈ ਕਿ ਕੀ ਕਿਸੇ ਸੰਸਦ ਮੈਂਬਰ ਕੋਲ ਇਹ ਅਧਿਕਾਰ ਹੈ ਕਿ ਉਹ ਸਰਕਾਰੀ ਬੈਠਕਾਂ ਵਿਚ ਆਪਣੀ ਥਾਂ ਕਿਸੇ ਨੁੰਮਾਇਦੇ ਨੂੰ ਭੇਜੇ।
ਪਾਰਲੀਮਾਨੀ ਮਾਮਲਿਆਂ ਦੇ ਸਾਬਕਾ ਮੰਤਰੀ ਤੇ ਸੀਨੀਅਰ ਵਕੀਲ ਪਵਨ ਬੰਸਲ ਇਸ ਦਾ ਜਵਾਬ ਨਾਂਹ ਵਿਚ ਦਿੰਦੇ ਹਨ।''ਆਪਣੇ ਸੰਸਦੀ ਹਲਕੇ ਦੇ ਲਟਕਦੇ ਕੰਮਾਂ ਦੀ ਪੈਰਵੀ ਅਤੇ ਸਬੰਧਤ ਅਧਿਕਾਰੀਆਂ ਨਾਲ ਬੈਠਕਾਂ ਕਰਨ ਲਈ ਮੈਂ ਗੁਰਪ੍ਰੀਤ ਸਿੰਘ ਪਲਹੇੜੀ ਪੁੱਤਰ ਸੁਰਿੰਦਰ ਸਿੰਘ ਪਲਹੇੜੀ , ਵਾਸੀ ਪਿੰਡ ਤੇ ਡਾਕਖਾਨਾ ਪਲਹੇੜੀ ਜਿਲ੍ਹਾ ਮੋਹਾਲੀ ਨੂੰ ਆਪਣਾ ਨੁੰਮਾਇਦਾ ਨਿਯੁਕਤ ਕਰਦਾ ਹਾਂ।''
ਕੀ ਕਹਿੰਦੇ ਹਨ ਪਲਹੇੜੀ
ਗੁਰਪ੍ਰੀਤ ਸਿੰਘ ਪਲਹੇੜੀ ਪਠਾਨਕੋਟ ਵਿੱਚ ਆਧੁਨਿਕ ਵਿਹਾਰ ਕਲੌਨੀ ਵਿੱਚ ਬਣੀ ਇੱਕ ਕੋਠੀ ਜਿਸ ਨੂੰ ਸੰਨੀ ਦਿਓਲ ਦਾ ਦਫ਼ਤਰ ਦੱਸਿਆ ਜਾਂਦਾ ਹੈ, ਉਸ ਵਿੱਚ ਰਹਿੰਦੇ ਹਨ।
ਗੁਰਪ੍ਰੀਤ ਪਲਹੇੜੀ ਨੇ ਦੱਸਿਆ, ''ਮੈਨੂੰ ਸੰਨੀ ਦਿਓਲ ਨੇ ਆਪਣਾ ਪੀਏ ਬਣਾਇਆ ਹੈ ਅਤੇ ਪੀਏ ਦੇ ਤੌਰ 'ਤੇ ਹੀ ਹਲਕੇ ਵਿੱਚ ਸੰਨੀ ਲਈ ਕੰਮ ਕਰ ਰਿਹਾਂ ਹਾਂ। ਹਰ ਇਕ ਨੇਤਾ ਦਾ ਪੀਏ ਹੁੰਦਾ ਹੈ, ਇਸ ਵਿੱਚ ਕੋਈ ਨਵੀਂ ਗੱਲ ਨਹੀਂ ਅਤੇ ਮੈਂ ਪਠਾਨਕੋਟ ਵਿੱਚ ਬਣਾਏ ਗਏ ਦਫ਼ਤਰ ਵਿੱਚ ਬੈਠ ਰਿਹਾਂ ਹਾਂ ਅਤੇ ਲੋਕਾਂ ਨੂੰ ਮਿਲ ਰਿਹਾ ਹਾਂ।''
ਉਨ੍ਹਾਂ ਅੱਗੇ ਕਿਹਾ ਕਿ ਉਹ ਭਾਜਪਾ ਦੇ ਨੁਮਾਇੰਦਿਆਂ ਨਾਲ ਵੀ ਜੁੜੇ ਹਨ ਅਤੇ ਜੇ ਕਿਸੇ ਵੀ ਤਰੀਕੇ ਦੇ ਲੋਕਾਂ ਦੇ ਕੰਮਾਂ ਅਤੇ ਮੁਸ਼ਕਿਲਾਂ ਨੂੰ ਸੰਸਦ ਮੈਂਬਰ ਤੱਕ ਪਹੁੰਚਾ ਰਹੇ ਹਨ ਤਾਂ ਜੋ ਕੰਮ ਹੋ ਸਕਣ ਅਤੇ ਹਲਕੇ ਦੇ ਕਾਰਜ ਸਿਰੇ ਚੜ੍ਹ ਸਕਣ।
ਪਲਹੇੜੀ ਨੇ ਅਖਿਆ ਕਿ ਉਨ੍ਹਾਂ ਨੂੰ ਆਪਣਾ ਪੀਏ ਬਣਾਇਆ ਗਿਆ ਹੈ ਅਤੇ ਇਸਦੇ ਨਾਲ-ਨਾਲ ਇੱਕ ਟੀਮ ਬਣਾਈ ਗਈ ਹੈ, ਜਿਸ ਵਿਚ ਭਾਜਪਾ ਮੰਡਲ ਦੇ ਪ੍ਰਧਾਨ ਤੇ ਹੋਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਸੀ, 'ਸੰਨੀ ਰਾਜਨੀਤੀ ਕਰਨ ਲਈ ਨਹੀਂ ਬਲਕਿ ਸੇਵਾ ਕਰਨ ਲਈ ਸੰਸਦ ਮੈਂਬਰ ਬਣੇ ਹਨ। ਇਸੇ ਮਕਸਦ ਨਾਲ ਪਠਾਨਕੋਟ ਵਿਚ ਦਫ਼ਤਰ ਖੋਲਿਆ ਗਿਆ ਹੈ।ਇਸ ਦਫ਼ਤਰ ਨੂੰ ਚਲਾਉਣ ਲਈ ਮੇਰੀ ਡਿਊਟੀ ਲਗਾਈ ਗਈ ਹੈ।'
ਮੈਂ ਸਿਰਫ਼ ਪੀਏ ਹਾਂ, ਤੇ ਸੰਸਦ ਮੈਂਬਰ ਸੰਨੀ ਦਿਓਲ ਹੀ ਹਨ। ਉਹ ਹਲਕੇ ਦੇ ਲੋਕਾਂ ਨਾਲ ਜੁੜੇ ਰਹਿਣਗੇ ਅਤੇ ਅਗਲੇ ਕੁਝ ਦਿਨਾਂ ਚ ਹਲਕੇ ਵਿਚ ਆ ਰਹੇ ਹਨ।
ਗੁਰਪ੍ਰੀਤ ਮੁਤਾਬਕ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਦੇ ਵਿਕਾਸ ਲਈ ਕੁਝ ਅਧੂਰੇ ਪਏ ਪ੍ਰੋਜੈਕਟਸ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਸੰਨੀ ਦਿਓਲ ਹਮੇਸ਼ਾ ਲਈ ਗੁਰਦਾਸਪੁਰ ਦੇ ਵਿਕਾਸ ਅਤੇ ਹਲਕੇ ਦੀ ਤਰੱਕੀ ਲਈ ਵਚਨਬੱਧ ਹਨ।
ਕੀ ਸੰਸਦ ਮੈਂਬਰ ਨੁੰਮਾਇਦੇ ਨੂੰ ਬੈਠਕ ਚ ਭੇਜ ਸਕਦੇ ਹੋ
ਪਟਿਆਲਾ ਦੇ ਸਾਬਕਾ ਐੱਮਪੀ ਧਰਮਵੀਰ ਗਾਂਧੀ ਨੇ ਇਸ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਗ਼ੈਰ-ਸੰਵਿਧਾਨਿਕ ਅਤੇ ਅਨੈਤਿਕ ਹੈ।
ਉਨ੍ਹਾਂ ਮੁਤਾਬਕ ਸੰਨੀ ਦਿਓਲ ਨੂੰ ਬਤੌਰ ਸੰਸਦ ਮੈਂਬਰ ਮੀਟਿੰਗਾਂ ਵਿੱਚ ਖ਼ੁਦ ਹਿੱਸਾ ਲੈਣਾ ਚਾਹੀਦਾ ਹੈ ਅਤੇ ਜ਼ਿਲ੍ਹੇ ਦੀ ਵਿਜੀਲੈਂਸ ਅਤੇ ਮੌਨੀਟਰਿੰਗ ਕਮੇਟੀ ਦੀ ਪ੍ਰਧਾਨਗੀ ਕਰਨੀ ਚਾਹੀਦੀ ਹੈ।
ਉਨ੍ਹਾਂ ਮੁਤਾਬਕ, ''ਐੱਮਪੀ ਆਪਣੇ ਕੰਮ ਕਿਸੇ ਹੋਰ ਨੂੰ ਨਹੀਂ ਸੌਂਪ ਸਕਦੇ। ਹਾਲਾਂਕਿ ਸਮਾਜਿਕ ਸਮਾਗਮਾਂ, ਵਿਆਹ-ਸ਼ਾਦੀਆਂ ਆਦਿ ਲਈ ਉਹ ਕਿਸੇ ਨੂੰ ਭੇਜ ਸਕਦੇ ਹਨ।''
ਉਧਰ ਸਾਬਕਾ ਸੰਸਦੀ ਮਾਮਲਿਆਂ ਦੇ ਮੰਤਰੀ ਵਕੀਲ ਪਵਨ ਕੁਮਾਰ ਬੰਸਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਤਜਵੀਜ਼ ਨਹੀਂ ਹੈ ਜਿਸ ਤਹਿਤ ਇੱਕ ਐੱਮਪੀ ਕਿਸੇ ਹੋਰ ਨੂੰ ਆਪਣਾ ਨੁਮਾਇੰਦਾ ਨਿਯੁਕਤ ਕਰੇ।
ਉਨ੍ਹਾਂ ਕਿਹਾ, ''ਕਮੇਟੀਆਂ ਵਿੱਚ ਕੋਈ ਹੋਰ ਐੱਮਪੀ ਦੀ ਥਾਂ ਨੁਮਾਇੰਦਗੀ ਨਹੀਂ ਕਰ ਸਕਦਾ। ਪੰਜਾਬ ਵਿੱਚ ਸ਼ਿਕਾਇਤਾਂ ਦੇ ਨਿਵਾਰਣ ਲਈ ਕਮੇਟੀਆਂ ਹਨ ਅਤੇ ਇਸ ਵਿੱਚ ਸੰਸਦ ਮੈਂਬਰ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ ਅਤੇ ਇਹ ਭੂਮਿਕਾ ਕੋਈ ਹੋਰ ਅਦਾ ਨਹੀਂ ਕਰ ਸਕਦਾ।''
ਇਹ ਵੀ ਪੜ੍ਹੋ:
ਗਾਂਧੀ ਅੱਗੇ ਕਹਿੰਦੇ ਹਨ ਐੱਮਪੀ ਨੇ 2-3 ਮਹੀਨਿਆਂ ਵਿੱਚ ਵਿਜਿਲੈਂਸ ਅਤੇ ਮੌਨੀਟਰਿੰਗ ਕਮੇਟੀ ਦੀ ਮੀਟਿੰਗ ਲੈਣੀ ਹੁੰਦੀ ਹੈ। ਸਰਕਾਰੀ ਕੰਮਾ ਲਈ ਐੱਮਪੀ ਨੇ ਹੀ ਮੀਟਿੰਗਾਂ ਦੀ ਅਗਵਾਈ ਕਰਨੀ ਹੁੰਦੀ ਹੈ। ਇਹ ਕਮੇਟੀ ਹਲਕੇ ਵਿੱਚ ਚੱਲ ਰਹੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਅਤੇ ਨਵੇਂ ਕੰਮਾਂ ਦੀ ਰਿਪੋਰਟ ਪੇਸ਼ ਕਰਦੀ ਹੈ ਅਤੇ ਐੱਮਪੀ ਨੂੰ ਤਫ਼ਸੀਲ ਨਾਲ ਦਸਦੀ ਹੈ।
ਸਨੀ ਦਿਓਲ ਦਾ ਸਪੱਸ਼ਟੀਕਰਨ
ਇਸ ਤੋਂ ਬਾਅਦ ਉਨ੍ਹਾਂ ਆਪਣੇ ਫ਼ੇਸਬੁੱਕ ਪੇਜ 'ਤੇ ਬਕਾਇਦਾ ਇੱਕ ਪੋਸਟ ਪਾ ਕੇ ਇਸ ਬਾਰੇ ਆਪਣਾ ਪੱਖ ਰੱਖਿਆ -
ਉਨ੍ਹਾਂ ਲਿਖਿਆ, ''ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਬੇਵਜ੍ਹਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਮੈਂ ਆਪਣੇ ਨਿੱਜੀ ਸਹਾਇਕ (PA) ਨੂੰ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਲਈ ਆਪਣਾ ਨੁਮਾਇੰਦਾ ਇਸ ਲਈ ਨਿਯੁਕਤ ਕੀਤਾ ਹੈ ਤਾਂ ਜੋ ਗੁਰਦਾਸਪੁਰ ਦੇ ਕੰਮ ਮੇਰੀ ਗ਼ੈਰ-ਹਾਜ਼ਰੀ ਵਿੱਚ ਨਾ ਰੁਕਣ। 'ਬਤੌਰ ਚੁਣੇ ਹੋਏ ਮੈਂਬਰ ਪਾਰਲੀਮੈਂਟ ਵਜੋਂ ਮੈਂ ਆਪਣੇ ਲੋਕਾਂ ਪ੍ਰਤੀ ਵਚਨਬੱਧ ਹਾਂ।''
ਕੌਣ ਹਨ ਗੁਰਪ੍ਰੀਤ ਸਿੰਘ ਪਲਹੇੜੀ ?
ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਮੁਤਾਬਕ ਗੁਰਪ੍ਰੀਤ ਸਿੰਘ ਪਲਹੇੜੀ ਪੰਜਾਬੀ ਮਨੋਰੰਜਨ ਜਗਤ ਦੇ ਨਾਲ-ਨਾਲ ਬਾਲੀਵੁੱਡ ਵਿੱਚ ਕਈ ਪ੍ਰੌਜੈਕਟਸ ਦਾ ਹਿੱਸਾ ਰਹਿ ਚੁੱਕੇ ਹਨ।
ਫ਼ਿਲਮੀ ਦੁਨੀਆਂ ਦੇ ਲੋਕ ਉਨ੍ਹਾਂ ਨੂੰ ਗਿਆਨੀ ਜੀ ਕਹਿ ਕੇ ਬੁਲਾਉਂਦੇ ਹਨ।
ਪ੍ਰੋਡਕਸ਼ਨ ਤੋਂ ਲੈ ਕੇ ਬਤੌਰ ਲੇਖਕ ਉਹ ਕਈ ਫ਼ਿਲਮਾਂ ਕਰ ਚੁੱਕੇ ਹਨ।
- ਉਨ੍ਹਾਂ ਨੇ ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਲਈ ਬਾਲੀਵੁੱਡ ਫ਼ਿਲਮ 'ਕਿਸਾਨ' ਲਈ ਕੰਮ ਕੀਤਾ।
- ਸੰਨੀ ਦਿਓਲ, ਬੌਬੀ ਤੇ ਧਰਮਿੰਦਰ ਦੀ ਯਮਲਾ ਪਗਲਾ ਦੀਵਾਨਾ ਫ਼ਿਲਮ ਬਤੌਰ ਲਾਈਨ ਪ੍ਰੋਡਿਊਸਰ।
- ਦਿਲਜੀਤ ਦੋਸਾਂਝ ਵੱਲੋਂ ਗਾਇਆ ਧਾਰਮਿਕ ਗੀਤ 'ਆਰ ਨਾਨਕ ਪਾਰ ਨਾਨਕ' ਦਾ ਪ੍ਰੋਜੈਕਟ ਅਤੇ ਕਾਂਸੈਪਟ।
- ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ 3 ਅਪ੍ਰੈਲ 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਕਬੂਤਰ' ਨੂੰ ਗੁਰਪ੍ਰੀਤ ਨੇ ਜਗਦੀਪ ਸਿੱਧੂ ਨਾਲ ਮਿਲ ਕੇ ਲਿਖਿਆ ਹੈ।
- ਐੱਮੀ ਵਿਰਕ ਦੀ ਨਿੱਕਾ ਜ਼ੈਲਦਾਰ-3 ਦੇ ਸਹਾਇਕ ਲੇਖਕ ਗੁਰਪ੍ਰੀਤ ਹੀ ਹਨ।
- ਦਿਲਜੀਤ ਦੋਸਾਂਝ ਤੇ ਸੁਨੰਦਾ ਸ਼ਰਮਾ ਦੀ ਫ਼ਿਲਮ 'ਰੰਗਰੂਟ' ਗੁਰਪ੍ਰੀਤ ਨੇ ਹੀ ਲਿਖੀ ਹੈ।
- ਐੱਮੀ ਵਿਰਕ ਦੀ ਸਾਬ ਬਹਾਦਰ ਦਾ ਸਕਰੀਨ ਪਲੇਅ ਗੁਰਪ੍ਰੀਤ ਨੇ ਜੱਸ ਗਰੇਵਾਲ ਨਾਲ ਮਿਲ ਕੇ ਲਿਖਿਆ।
ਇਹ ਵੀ ਪੜ੍ਹੋ:
ਇਹ ਵੀ ਵੇਖੋ: