ਬਿੱਟੂ ਦਾ ਸ਼ਰਧਾਜ਼ਲੀ ਸਮਾਗਮ: ਡੇਰਾ ਪ੍ਰੇਮੀਆਂ ਦੇ ਸਬਰ ਦਾ ਸਰਕਾਰਾਂ ਹੋਰ ਇਮਤਿਹਾਨ ਨਾ ਲੈਣ - ਰਾਮ ਸਿੰਘ

    • ਲੇਖਕ, ਕੋਟਕਪੁਰਾ ਤੋਂ ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਨਾਭਾ ਜੇਲ੍ਹ ਵਿਚ ਹੋਏ ਕਤਲ ਨੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੂੰ ਜਿੱਥੇ ਇਕਜੁਟ ਕਰ ਦਿੱਤਾ ਹੈ, ਉੱਥੇ ਡੇਰੇ ਦੇ ਇਕੱਠਾਂ ਨੂੰ 12 ਸਾਲ ਬਾਅਦ ਨਾਮ ਚਰਚਾ ਘਰਾਂ ਤੋਂ ਬਾਹਰ ਕੱਢ ਕੇ ਜਨਤਕ ਤੌਰ ਉੱਤੇ ਲੈ ਆਉਂਦਾ ਹੈ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ 29 ਅਪ੍ਰੈਲ 2007 ਵਿਚ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਦਾ ਸਵਾਂਗ ਰਚਣ ਤੋਂ ਬਾਅਦ ਡੇਰੇ ਦੀਆਂ ਗਤੀਵਿਧੀਆਂ ਪੰਜਾਬ ਵਿਚ ਨਾਮ ਚਰਚਾ ਘਰਾਂ ਜਾਂ ਡੇਰਾ ਪ੍ਰੇਮੀਆਂ ਦੇ ਨਿੱਜੀ ਘਰਾਂ ਤੱਕ ਸੀਮਤ ਹੋ ਕੇ ਰਹਿ ਗਈਆਂ ਸਨ।

ਕਈ ਸਿੱਖ ਸੰਗਠਨਾਂ ਦੇ ਕਾਰਕੁਨਾਂ ਨੇ ਤਾਂ ਡੇਰਾ ਪ੍ਰੇਮੀਆਂ ਦੇ ਨਿੱਜੀ ਘਰਾਂ ਵਿਚ ਹੋਣ ਵਾਲੇ ਸਮਾਗਮ ਤੱਕ ਰੁਕਵਾ ਦਿੱਤੇ ਸਨ। ਪੰਜਾਬ ਵਿਚ 2015 ਦੀਆਂ ਬੇਅਦਬੀ ਦੀਆਂ ਘਟਾਨਾਵਾਂ ਤੋਂ ਬਾਅਦ ਤਾਂ ਡੇਰੇ ਦੀਆਂ ਜਨਤਕ ਥਾਵਾਂ ਉੱਤੇ ਗਤੀਵਿਧੀਆਂ ਲਗਪਗ ਖਤਮ ਹੀ ਹੋ ਗਈਆਂ ਸਨ।

2007 ਦੀ ਸਵਾਂਗ ਰਚਣ ਵਾਲੀ ਘਟਨਾ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਪੈਦਾ ਹੋਏ ਤਣਾਅ ਨੇ ਇਸ ਅਰਸੇ ਦੌਰਾਨ ਦੋਵਾਂ ਧਿਰਾਂ ਦੀਆਂ 10 ਜਾਨਾਂ ਲਈਆਂ ਹਨ।

ਇਹ ਵੀ ਪੜ੍ਹੋ:

12 ਸਾਲ ਬਾਅਦ ਜਨਤਕ ਇਕੱਠ

ਕੋਟਕਪੁਰਾ ਵਿਚ ਮਹਿੰਦਰਪਾਲ ਸਿੰਘ ਬਿੱਟੂ ਦਾ ਸ਼ਰਧਾਜ਼ਲੀ ਸਮਾਗਮ ਸਥਾਨਕ ਮੰਡੀ ਵਿਚ ਇੱਕ ਵੱਡੇ ਇਕੱਠ ਦੇ ਰੂਪ ਵਿਚ ਕੀਤਾ ਗਿਆ। ਇਹ 2007 ਤੋਂ ਬਾਅਦ ਕਿਸੇ ਜਨਤਕ ਥਾਂ ਉੱਤੇ ਹੋਇਆ ਡੇਰੇ ਪ੍ਰੇਮੀਆਂ ਦਾ ਸਭ ਤੋਂ ਵੱਡਾ ਇਕੱਠ ਸੀ।

ਇਸ ਇਕੱਠ ਦੌਰਾਨ ਡੇਰਾ ਪ੍ਰੇਮੀਆਂ ਨੇ ਪਹਿਲੀ ਵਾਰ ਬੇਅਦਬੀ ਕਾਂਡ ਉੱਤੇ ਆਪਣਾ ਪੱਖ ਰੱਖਿਆ, ਉੱਥੇ ਸੂਬੇ ਦੀਆਂ ਸਿਆਸੀ ਪਾਰਟੀਆਂ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ।

ਨਾਭਾ ਜੇਲ੍ਹ 'ਚ 22 ਜੂਨ ਨੂੰ ਕਤਲ ਕੀਤੇ ਗਏ ਮਹਿੰਦਰਪਾਲ ਬਿੱਟੂ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਸਨ।

ਮਹਿੰਦਰਪਾਲ ਬਿੱਟੂ ਬੇਅਦਬੀ ਦੇ ਮਾਮਲੇ ਵਿੱਚ ਨਾਭਾ ਦੀ ਜੇਲ੍ਹ 'ਚ ਹਵਾਲਾਤੀ ਸਨ।

ਹਰ ਬੁਲਾਰੇ ਨੇ ਦਿੱਤੀ ਬੇਅਦਬੀ 'ਤੇ ਸਫ਼ਾਈ

ਸੂਬੇ ਦੀਆਂ ਵੱਖ-ਵੱਖ ਸਿਆਸੀ ਦਲਾਂ ਦੇ ਆਗੂ ਜਿਹੜੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ 'ਦਰਬਾਰ' ਦੀ ਹਾਜ਼ਰੀ ਭਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦੇ ਸਨ, ਦੀ ਡੇਰਾ ਪ੍ਰੇਮੀਆਂ ਤੋਂ ਦੂਰੀ ਕਾਰਨ ਬੁਲਾਰਿਆਂ ਦੇ ਭਾਸ਼ਣਾਂ ਵਿਚ ਗੁੱਸਾ ਵੀ ਸਾਫ਼ ਦਿਖ ਰਿਹਾ ਸੀ।

ਇਸ ਇਕੱਠ ਦੀ ਸਭ ਤੋਂ ਅਹਿਮ ਗੱਲ ਇਹ ਵੀ ਰਹੀ ਕਿ ਮਹਿੰਦਰਪਾਲ ਬਿੱਟੂ ਨੂੰ ਸ਼ਰਧਾਜਲੀ ਭੇਂਟ ਕਰਨ ਵਾਲੇ ਡੇਰੇ ਦੇ ਕਰੀਬ ਹਰ ਬੁਲਾਰੇ ਨੇ ਬੇਅਦਬੀ ਦੇ ਮਾਮਲਿਆਂ ਬਾਰੇ ਕੁਝ ਨਾ ਕੁਝ ਜ਼ਰੂਰ ਬੋਲਿਆ।

ਇਹ ਪਹਿਲਾ ਮੌਕਾ ਹੈ ਜਦੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਬਦੀ ਬਾਰੇ ਡੇਰਾ ਸੱਚਾ ਸੌਦਾ ਨੇ ਇੰਝ ਖੁੱਲ੍ਹ ਕੇ ਆਪਣਾ ਪੱਖ ਪੇਸ਼ ਕੀਤਾ ਹੋਵੇ।

ਕੋਟਕਪੂਰਾ ਦੀ ਅਨਾਜ ਮੰਡੀ 'ਚ ਮਹਿੰਦਰਪਾਲ ਬਿੱਟੂ ਦੇ ਸ਼ਰਧਾਜਲੀ ਸਮਾਗਮ ਮੌਕੇ ਡੇਰਾ ਪ੍ਰੇਮੀਆਂ ਨੇ ਇਕ ਵੱਡਾ ਇਕੱਠ ਕਰਕੇ 'ਨਾਮ ਚਰਚਾ' ਕੀਤੀ।

ਭਾਵੇਂ ਇਹ ਸਮਾਗਮ ਪੰਜਾਬ ਪੁਲਿਸ ਤੇ ਨੀਮ ਫੌਜੀ ਦਲਾਂ ਦੀ ਭਾਰੀ ਸੁਰੱਖਿਆ ਹੇਠ ਹੋਇਆ ਪਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਦੀ ਇਹ ਸਭ ਤੋਂ ਵੱਡੀ 'ਨਾਮ ਚਰਚਾ' ਮੰਨੀ ਜਾ ਸਕਦੀ ਹੈ।

'ਸ਼ਰਧਾਜ਼ਲੀ ਜਾਂ ਸ਼ਕਤੀ ਪ੍ਰਦਰਸ਼ਨ'

ਡੇਰੇ ਦੇ ਇਸ ਇਕੱਠ ਨੂੰ 'ਸ਼ਕਤੀ ਪ੍ਰਦਰਸ਼ਨ' ਵਜੋਂ ਇਸ ਕਾਰਨ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਇਕੱਠ 'ਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਵੀ ਡੇਰਾ ਪ੍ਰੇਮੀ ਹਾਜ਼ਰ ਸਨ।

ਇਸ ਮੌਕੇ ਡੇਰੇ ਦੇ ਪ੍ਰਬੰਧਕਾਂ ਨੇ ਇੱਕ ਸੁਰ ਹੁੰਦਿਆਂ ਬਗੈਰ ਕਿਸੇ ਸਿਆਸੀ ਦਲ ਜਾਂ ਸਰਕਾਰ ਦਾ ਨਾਂ ਲਏ ਕਿਹਾ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਇੱਕ ਸਾਜਿਸ਼ ਤਹਿਤ ਆਪੋ-ਆਪਣੇ ਸਿਆਸੀ ਮੁਫ਼ਾਦ ਲਈ ਡੇਰਾ ਪ੍ਰੇਮੀਆਂ ਨੂੰ ਕਥਿਤ ਤੌਰ 'ਤੇ ਝੂਠੇ ਮਾਮਲਿਆਂ 'ਚ ਫਸਾ ਕੇ ਆਪਣੀਆਂ ਸਿਆਸੀ 'ਰੋਟੀਆਂ ਸੇਕ' ਰਹੀਆਂ ਹਨ।

ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ, ''ਇਸ ਵੇਲੇ ਪੰਜਾਬ ਦੇ ਹਾਲਤ ਇਸ ਕਦਰ ਗੰਭੀਰ ਹੋ ਗਏ ਹਨ ਕਿ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸਰਕਾਰਾਂ ਡੇਰਾ ਪ੍ਰੇਮੀਆਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲੈਣ ਤਾਂ ਹੀ ਚੰਗਾ ਹੈ। ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਸਿਆਸੀ ਆਗੂਆਂ ਦੇ ਬਿਆਨ ਬਲਦੀ 'ਤੇ ਤੇਲ ਪਾਉਣ ਵਾਲੇ ਹਨ।''

ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ 2007 ਤੋਂ ਬਾਅਦ ਪਹਿਲੀ ਵਾਰ ਕਿਸੇ ਜਨਤਕ ਥਾਂ 'ਤੇ ਵੱਡਾ ਇਕੱਠ ਕਰਕੇ ਆਪਣੀ ਹੋਂਦ ਦਾ ਜਨਤਕ ਪ੍ਰਗਟਾਵਾ ਕੀਤਾ ਹੈ।

ਉਂਝ, ਇਸ ਤੋਂ ਪਹਿਲਾਂ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਆਪਣੇ ਨਾਮ ਚਰਚਾ ਘਰਾਂ 'ਚ ਇਕੱਠ ਕਰਕੇ ਆਪਣੇ 'ਸ਼ਕਤੀ ਪ੍ਰਦਰਸ਼ਨ' ਕੀਤੇ ਸਨ।

ਇਹ ਵੀ ਪਹਿਲੀ ਵਾਰ ਦੇਖਿਆ ਗਿਆ ਹੈ ਕਿ 'ਨਾਮ ਚਰਚਾ' ਤੋਂ ਬਾਅਦ ਬੋਲਣ ਵਾਲੇ ਡੇਰੇ ਦੇ ਬੁਲਾਰਿਆਂ ਨੇ ਇੰਨੇ ਸਖ਼ਤ ਲਹਿਜ਼ੇ 'ਚ ਆਪਣੇ ਵਿਰੋਧੀਆਂ 'ਤੇ ਸ਼ਬਦੀ ਹਮਲੇ ਕੀਤੇ ਹੋਣ।

ਚੇਅਰਮੈਨ ਰਾਮ ਸਿਘ ਨੇ ਇਸ ਮੌਕੇ ਕਿਹਾ,''ਪੰਜਾਬ ਪਹਿਲਾਂ ਹੀ ਕਾਲੇ ਦੌਰ ਦਾ ਸੰਤਾਪ ਝੱਲ ਚੁੱਕਿਆ ਹੈ। ਸੂਬੇ ਵਿੱਚ ਸ਼ਰਾਰਤੀਆਂ ਦੀ ਇੱਕ ਬਰਾਬਰ ਸਰਕਾਰ ਚੱਲ ਰਹੀ ਹੈ। ਅਜਿਹੇ ਵਿੱਚ ਧਰਮ ਦੇ ਠੇਕੇਦਾਰ ਅਖਵਾਉਣ ਵਾਲੇ ਆਗੂ ਫੋਕੀ ਚੌਧਰ ਲਈ ਸ਼ਰਾਰਤੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਤੋਂ ਬਾਜ਼ ਆਉਣ। ਜਿਹੜੇ ਅਨਸਰ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਖੁਸ਼ੀ ਮਨਾ ਰਹੇ ਹਨ, ਉਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅੱਗ ਉਨਾਂ ਦੇ ਘਰ ਤੱਕ ਵੀ ਆ ਸਕਦੀ ਹੈ।''

ਬੇਅਦਬੀ ਦੇ ਮਾਮਲਿਆਂ ਸਬੰਧੀ ਡੇਰੇ ਦੇ ਪ੍ਰਬੰਧਕਾਂ ਨੇ ਸਫ਼ਾਈ ਪੇਸ਼ ਕਰਕੇ ਡੇਰਾ ਪ੍ਰੇਮੀਆਂ 'ਤੇ ਲੱਗਿਆ ਧੱਬਾ ਧੋਣ ਲਈ ਆਪਣੇ ਭਾਸ਼ਨਾਂ 'ਚ ਧਾਰਮਿਕ ਗ੍ਰੰਥਾਂ ਦੇ ਸਤਿਕਾਰ ਦਾ ਵਾਰ-ਵਾਰ ਜ਼ਿਕਰ ਕੀਤਾ।

ਇਹ ਵੀ ਪੜ੍ਹੋ:

ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ, ''ਡੇਰਾ ਸੱਚਾ ਸੌਦਾ ਹਰ ਧਰਮ ਦਾ ਬਰਾਬਰ ਸਤਿਕਾਰ ਕਰਦਾ ਹੈ। ਅਜਿਹੇ ਵਿੱਚ ਕੋਈ ਵੀ ਡੇਰਾ ਪ੍ਰੇਮੀ ਮਹਾਨ ਧਾਰਮਿਕ ਗ੍ਰੰਥ ਦੀ ਬੇਅਦਬੀ ਕਿਵੇਂ ਕਰ ਸਕਦਾ ਹੈ। ਸਿਆਸੀ ਆਗੂਆਂ ਦੀ ਸਾਜ਼ਿਸ ਦਾ ਸੱਚ ਇੱਕ ਨਾ ਇੱਕ ਦਿਨ ਜ਼ਰੂਰ ਸਾਹਮਣੇ ਆਵੇਗਾ।''

ਸਿਆਸੀ ਆਗੂਆਂ ਦਾ ਨਜ਼ਰੀਆ

ਡੇਰਾ ਪ੍ਰੇਮੀਆਂ ਦੇ ਇਕੱਠ 'ਚ ਨਾ ਜਾਣ ਬਾਰੇ ਸਿਆਸੀ ਦਲਾਂ ਦੇ ਆਗੂਆਂ ਦੀ ਪ੍ਰਤੀਕ੍ਰਿਆ ਤੋ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਬਹੁਤੇ ਸਿਆਸੀ ਆਗੂ ਇਸ ਬਾਰੇ ਖੁੱਲ ਕੇ ਬੋਲਣ ਲਈ ਤਿਆਰ ਹੀ ਨਹੀਂ ਹਨ।

ਇਹ ਗੱਲ ਤਾਂ ਸਾਫ਼ ਹੈ ਕਿ ਭਾਵੇਂ ਸਿਆਸੀ ਦਲਾਂ ਦੇ ਆਗੂ ਡੇਰਾ ਪ੍ਰੇਮੀਆਂ ਦੇ ਇਕੱਠ 'ਚ ਜਾ ਕੇ ਸਿੱਖ ਭਾਈਚਾਰੇ ਦਾ ਵਿਰੋਧ ਨਹੀਂ ਝੱਲਣਾ ਚਾਹੁੰਦੇ ਪਰ ਹਕੀਕਤ ਇਹ ਵੀ ਹੈ ਕਿ ਡੇਰਾ ਸੱਚਾ ਸੌਦਾ ਦਾ ਵੱਡਾ ਵੋਟ ਬੈਂਕ ਉਨਾਂ ਲਈ ਕਿਤੇ ਨਾ ਕਿਤੇ ਸਹਾਰਾ ਬਣਦਾ ਹੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਡਾ. ਤਾਰਾ ਸਿੰਘ ਸੰਧੂ ਦਾ ਕਹਿਣਾ ਹੈ,''ਅਸਲ ਵਿੱਚ ਬੇਅਦਬੀ ਦੀਆਂ ਘਟਨਾਵਾਂ ਨਾਲ ਕੁਝ ਡੇਰਾ ਪ੍ਰੇਮੀਆਂ ਦਾ ਨਾਂ ਜੁੜਣ ਕਾਰਨ ਕੋਈ ਵੀ ਸਿਆਸੀ ਆਗੂ ਅਜਿਹੇ ਸਮਾਗਮ 'ਚ ਜਾ ਕੇ ਆਪਣਾ ਸਿਆਸੀ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੁੰਦਾ। ਬਿਨਾਂ ਸ਼ੱਕ, ਉੱਥੇ ਜਾਣਾ ਸਿਆਸੀ ਦਲਾਂ ਲਈ ਕਿਸੇ ਵੇਲੇ ਇੱਕ ਵੱਡਾ ਰਿਸਕ ਬਣ ਸਕਦਾ ਸੀ।''

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਹਰ ਵਰਕਰ ਨੇ ਹਮੇਸ਼ਾ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ ਹੈ।

''ਪਹਿਲਾਂ ਇੱਕ ਸਾਜਸ਼ ਤਹਿਤ ਅਕਾਲੀ ਦਲ 'ਤੇ ਬੇਅਦਬੀ ਦੇ ਨਾਜਾਇਜ਼ ਇਲਜ਼ਾਮ ਲਾਏ ਗਏ ਪਰ ਹੁਣ ਹੌਲੀ-ਹੌਲੀ ਹਕੀਕਤ ਸਾਹਮਣੇ ਆ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮਾਮਲਾ ਕੋਈ ਸਧਾਰਨ ਗੱਲ ਨਹੀਂ ਹੈ ਤੇ ਫਿਰ ਅਜਿਹੇ ਸਮਾਗਮਾਂ 'ਚ ਜਾਣ ਦੀ ਤਾਂ ਕੋਈ ਤੁਕ ਨਹੀਂ ਰਹਿ ਜਾਂਦੀ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)