You’re viewing a text-only version of this website that uses less data. View the main version of the website including all images and videos.
ਵਰਲਡ ਕੱਪ 2019: ਜਦੋਂ ਨਵਜੋਤ ਸਿੱਧੂ ਦੇ ਆਊਟ ਹੋਣ ’ਤੇ ਭਾਰਤ ਹੱਥੋਂ ਮੈਚ ਫਿਸਲਿਆ, 11 ਟੂਰਨਾਮੈਂਟਾਂ ਦੇ 11 ਰੋਮਾਂਚਕ ਮੁਕਾਬਲੇ
- ਲੇਖਕ, ਅਭਿਜੀਤ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਕ੍ਰਿਕਟ ਦੇ ਮਹਾਂਕੁੰਭ ਆਈਸੀਸੀ ਵਿਸ਼ਵ ਕੱਪ 2019 ਦੀ ਸ਼ੁਰੂਆਤ 30 ਮਈ ਤੋਂ ਹੋ ਗਈ ਹੈ। ਟੂਰਨਾਮੈਂਟ ਦਾ ਇਹ 12ਵਾਂ ਐਡੀਸ਼ਨ ਹੈ।
1975 ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਕਈ ਮੁਕਾਬਲੇ ਬੇਹੱਦ ਰੋਮਾਂਚਕ ਖੇਡੇ ਗਏ ਹਨ ।
ਅੱਜ ਅਸੀਂ ਤੁਹਾਡੇ ਲਈ ਹਰੇਕ ਵਿਸ਼ਵ ਕੱਪ ਦੌਰਾਨ ਖੇਡੇ ਗਏ ਘੱਟੋ-ਘੱਟ ਉਸ ਦੇ ਇੱਕ ਮੈਚ ਦੇ ਰੋਮਾਂਚ ਨੂੰ ਲੈ ਕੇ ਆਏ ਹਾਂ ਜਿਸਦੀਆਂ ਯਾਦਾਂ ਅੱਜ ਵੀ ਕ੍ਰਿਕਟ ਦੇ ਚਾਹੁਣ ਵਾਲਿਆਂ ਦੇ ਜ਼ਹਿਨ ਵਿੱਚ ਤਾਜ਼ਾ ਹਨ।
1975: ਕਛੂਏ ਤੋਂ ਵੀ ਹੌਲੀ ਪਾਰੀ ਅਤੇ ਉਦੋਂ ਦੀ ਸਭ ਤੋਂ ਵੱਡੀ ਹਾਰ
ਪਹਿਲਾ ਵਿਸ਼ਵ ਕੱਪ ਅੱਠ ਟੀਮਾਂ ਵੈਸਟ ਇੰਡੀਜ਼, ਭਾਰਤ, ਪਾਕਿਸਤਾਨ, ਇੰਗਲੈਡ, ਆਸਟਰੇਲੀਆ, ਨਿਊਜ਼ੀਲੈਂਡ, ਸ਼੍ਰੀਲੰਕਾ ਅਤੇ ਈਸਟ ਅਫਰੀਕਾ ਵਿਚਾਲੇ ਖੇਡਿਆ ਗਿਆ ਸੀ।
ਟੂਰਨਾਮੈਂਟ ਦੀ ਵਿਜੇਤਾ ਵੈਸਟ ਇੰਡੀਜ਼ ਟੀਮ ਬਣੀ। ਪਰ 44 ਸਾਲ ਪਹਿਲਾਂ 7 ਜੂਨ ਨੂੰ ਸ਼ੁਰੂ ਹੋਏ ਇਸ 4 ਸਲਾਨਾ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਨੂੰ ਅੱਜ ਵੀ ਸੁਨੀਲ ਗਾਵਸਕਰ ਦੀ ਹੌਲੀ ਬੱਲੇਬਾਜ਼ੀ ਲਈ ਯਾਦ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ:
ਉਸ ਮੈਚ ਵਿੱਚ ਇੰਗਲੈਡ ਨੇ ਪਹਿਲੇ ਖੇਡਦੇ ਹੋਏ 60 ਓਵਰਾਂ ਵਿੱਚ 4 ਵਿਕਟ 'ਤੇ 334 ਦੌੜਾਂ ਬਣਾਈਆਂ ਸਨ। ਪਰ ਜਵਾਬ ਵਿੱਚ ਭਾਰਤੀ ਟੀਮ ਸਿਰਫ਼ 132 ਦੌੜਾਂ ਹੀ ਬਣਾ ਸਕੀ।
ਗਾਵਸਕਰ ਨੇ ਇਸ ਦੌਰਾਨ 174 ਗੇਂਦਾਂ ਦਾ ਸਾਹਮਣਾ ਕੀਤਾ, ਯਾਨਿ 60 ਓਵਰਾਂ ਦੇ ਲਗਭਗ ਅੱਧੇ ਅਤੇ ਉਨ੍ਹਾਂ ਦੇ ਬੱਲੇ ਤੋਂ ਰਨ ਨਿਕਲੇ ਸਿਰਫ਼ 36। ਭਾਰਤ 202 ਦੌੜਾਂ ਤੋਂ ਹਾਰ ਗਿਆ। ਦੌੜਾਂ ਦੇ ਫਰਕ ਨਾਲ ਇਹ ਵਿਸ਼ਵ ਕੱਪ ਦੀ ਸਭ ਤੋਂ ਵੱਡੀ ਹਾਰ ਦਾ ਰਿਕਾਰਡ ਸੀ ਜਿਹੜਾ 28 ਸਾਲ ਬਾਅਦ ਟੁੱਟਿਆ।
ਇਮਰਾਨ ਖ਼ਾਨ ਨੇ ਆਪਣੀ ਕਿਤਾਬ ਵਿੱਚ ਇਸ ਮੈਚ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਗਾਵਸਕਰ ਦੀ ਪਾਰੀ ਇਹ ਦਰਸਾਉਂਦੀ ਹੈ ਕਿ ਟੈਸਟ ਮੈਚਾਂ ਤੋਂ ਵਨਡੇ ਮੈਚ ਕਿੰਨਾ ਵੱਖਰਾ ਹੈ।
1979: ਵੈਸਟ ਇੰਡੀਜ਼ ਦਾ ਕਹਿਰ, 12 ਦੌੜਾਂ 'ਤੇ 8 ਵਿਕਟਾਂ ਝਟਕਾ ਕੇ ਮੁੜ ਬਣੇ ਚੈਂਪੀਅਨ
ਦੂਜੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ, ਨਿਊਜ਼ੀਲੈਂਡ ਅਤੇ ਪਾਕਿਸਤਾਨ ਨੂੰ ਹਰਾ ਕੇ ਪਹੁੰਚੀ ਚੈਂਪੀਅਨ ਵੈਸਟ ਇੰਡੀਜ਼ ਦੀ ਟੀਮ ਦਾ ਮੁਕਾਬਲਾ ਆਸਟਰੇਲੀਆ, ਕੈਨੇਡਾ, ਪਾਕਿਸਤਾਨ ਅਤੇ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਇੰਗਲੈਂਡ ਨਾਲ ਸੀ।
ਟਾਸ ਜਿੱਤ ਕੇ ਇੰਗਲਿਸ਼ ਕੈਪਟਨ ਮਾਈਕ ਬ੍ਰੇਯਰਲੀ ਦਾ ਫਿਲਡਿੰਗ ਲੈਣ ਦਾ ਫ਼ੈਸਲਾ ਉਦੋਂ ਸਹੀ ਹੁੰਦਾ ਦਿਖਿਆ ਜਦੋਂ ਗਾਰਡਨ ਗ੍ਰੀਨਿਜ, ਡੇਸਮੰਡ ਹੇਂਸ, ਐਡਵਿਨ ਕਾਲੀਚਰਨ ਅਤੇ ਕਪਤਾਨ ਕਲਾਈਵ ਲਾਇਡ 99 ਦੌੜਾਂ ਬਣਨ ਤੱਕ ਪੈਵੀਲੀਅਨ ਪਰਤ ਗਏ। ਪਰ ਇਸ ਤੋਂ ਬਾਅਦ ਵੀਵੀਅਨ ਰਿਚਰਡਜ਼ ਨੇ ਆਪਣੇ ਕ੍ਰਿਕਟ ਕਰੀਅਰ ਦੀ ਇੱਕ ਬੇਹੱਦ ਸ਼ਾਨਦਾਰ ਪਾਰੀ ਖੇਡੀ।
ਉਨ੍ਹਾਂ ਨੇ ਅਖ਼ੀਰ ਤੱਕ ਆਊਟ ਹੋਏ ਬਿਨਾਂ ਟੀਮ ਦੇ ਕੁੱਲ 286 ਵਿੱਚੋਂ ਲਗਭਗ ਅੱਧੀਆਂ 138 ਦੌੜਾਂ ਬਣਾਈਆਂ। ਰਿਚਰਡਸ ਤੋਂ ਇਲਾਵਾ ਕਾਲਿਸ ਕਿੰਗ ਨੇ 86 ਦੌੜਾਂ ਦਾ ਯੌਗਦਾਨ ਦਿੱਤਾ।
ਵੈਸ ਇੰਡੀਜ਼ ਦੇ ਤਿੰਨ ਬੱਲੇਬਾਜ਼ ਐਂਡੀ ਰਾਬਰਟਸ, ਜੋਇਲ ਗਾਰਨਰ ਅਤੇ ਮਾਈਕ ਹੋਲਡਿੰਗ ਜ਼ੀਰੋ 'ਤੇ ਆਊਟ ਹੋਏ।
ਜਵਾਬ ਵਿੱਚ ਇੰਗਲੈਂਡ ਦੀ ਟੀਮ ਸਿਰਫ਼ ਦੋ ਵਿਕਟ ਗੁਆ ਕੇ 183 ਦੌੜਾਂ ਬਣਾ ਚੁੱਕੀ ਸੀ। ਪਰ ਇਸ ਤੋਂ ਬਾਅਦ ਇੰਗਲੈਡ ਦੀ ਟੀਮ 'ਤੇ ਜੋਇਲ ਗਾਰਨਰ ਅਤੇ ਕੋਲਿਨ ਕ੍ਰਾਫਟ ਇਸ ਤਰ੍ਹਾਂ ਕਹਿਰ ਬਣ ਕੇ ਟੁੱਟੇ ਕਿ ਅਗਲੀਆਂ 12 ਦੌੜਾਂ ਬਣਾਉਣ ਵਿੱਚ 8 ਵਿਕਟ ਡਿੱਗ ਗਏ ਅਤੇ ਪੂਰੀ ਟੀਮ 194 ਦੌੜਾਂ 'ਤੇ ਆਊਟ ਹੋ ਗਈ।
ਇੰਗਲੈਂਡ ਦੇ ਪੰਜ ਬੱਲੇਬਾਜ਼ਾਂ ਨੂੰ ਇਨ੍ਹਾਂ ਦੋ ਗੇਂਦਬਾਜ਼ਾਂ ਨੇ ਖਾਤਾ ਤੱਕ ਨਹੀਂ ਖੋਲ੍ਹਣ ਦਿੱਤਾ। ਗਾਰਨਰ ਨੇ ਪੰਜ ਜਦਕਿ ਕਰਾਫਟ ਨੇ ਤਿੰਨ ਵਿਕਟ ਲਏ ਅਤੇ ਵੈਸਟ ਇੰਡੀਜ਼ ਦੀ ਟੀਮ ਲਗਾਤਾਰ ਦੂਜੀ ਵਾਰ ਚੈਂਪੀਅਨ ਬਣੀ।
1983: ਵਿਸ਼ਵ ਕੱਪ ਦਾ ਤੀਜਾ ਸੀਜ਼ਨ - ਭਾਰਤ ਨੇ ਫਾਈਨਲ ਤੋਂ ਪਹਿਲਾਂ ਹੀ ਵੈਸਟ ਇੰਡੀਜ਼ ਦਾ ਜਲਵਾ ਫਿੱਕਾ ਕਰ ਦਿੱਤਾ
1983 ਵਿਸ਼ਵ ਕੱਪ ਦੀ ਜਦੋਂ ਗੱਲ ਆਉਂਦੀ ਤਾਂ ਕਿਹਾ ਜਾਂਦਾ ਹੈ ਕਿ ਭਾਵੇਂ ਭਾਰਤ ਨੇ ਫਾਈਨਲ ’ਚ ਵੈਸਟ ਇੰਡੀਜ਼ ਨੂੰ ਹਰਾ ਦਿੱਤਾ ਪਰ ਉਸ ਫਾਈਨਲ ਦੀ ਕਹਾਣੀ ਬਹੁਤ ਪਹਿਲਾਂ ਹੀ ਲਿੱਖੀ ਜਾ ਚੁੱਕੀ ਸੀ।
ਦਰਅਸਲ ਕਪਤਾਨ ਕਪਿਲ ਦੇਵ ਨੇ ਕਰੀਬ 50 ਗਜ ਦੌੜਦੇ ਹੋਏ ਰਿਚਰਡਜ਼ ਦਾ ਕੈਚ ਫੜਿਆ ਤੇ ਮੈਚ ਦਾ ਪਾਸਾ ਪਲਟਿਆ ਤੇ ਭਾਰਤ ਵਿਸ਼ਵ ਚੈਂਪੀਅਨ ਬਣ ਗਿਆ।
ਐਨਾ ਹੀ ਨਹੀਂ ਕਪਿਲ ਦੇਵ ਨੇ ਆਪਣੇ 11 ਵਿੱਚੋਂ 4 ਓਵਰਾਂ 'ਚ ਕੋਈ ਰਨ ਨਹੀਂ ਦਿੱਤਾ ਸੀ।
1987: ਪਹਿਲੀ ਵਾਰ 1 ਦੌੜ ਨਾਲ ਹੋਇਆ ਵਿਸ਼ਵ ਕੱਪ 'ਚ ਫ਼ੈਸਲਾ
ਅਕਤੂਬਰ-ਨਵੰਬਰ 1987 ਵਿੱਚ ਖੇਡੇ ਗਏ ਚੌਥੇ ਵਿਸ਼ਵ ਕੱਪ ਵਿੱਚ ਮੈਚ ਦੌਰਾਨ ਓਵਰਾਂ ਦੀ ਗਿਣਤੀ 60 ਤੋਂ ਘੱਟ ਕੇ 50 ਕਰ ਦਿੱਤੀ ਗਈ।
ਪਹਿਲੀ ਵਾਰ ਇੰਗਲੈਂਡ ਤੋਂ ਬਾਹਰ ਨਿਕਲਦੇ ਹੋਏ ਰਿਲਾਇੰਸ ਵਰਲਡ ਕੱਪ ਦੇ ਨਾਮ ਨਾਲ ਖੇਡੇ ਗਏ ਇਸ ਵਿਸ਼ਵ ਕੱਪ ਦਾ ਭਾਰਤ ਅਤੇ ਪਾਕਿਸਤਾਨ ਨੇ ਸੰਯੁਕਤ ਰੂਪ ਤੋਂ ਆਯੋਜਨ ਕੀਤਾ।
ਇਸ ਟੂਰਨਾਮੈਂਟ ਦਾ ਤੀਜਾ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਜੋ ਬੇਹੱਦ ਰੋਮਾਂਚਕ ਅਤੇ ਦਿਲ ਫੜ ਕੇ ਦੇਖਣ ਵਾਲਾ ਮੁਕਾਬਲਾ ਸੀ।
ਭਾਰਤ ਦੇ ਕਪਤਾਨ ਕਪਿਲ ਦੇਵ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਬੱਲੇਬਾਜ਼ੀ ਲਈ ਉਤਾਰਿਆ ਪਰ ਕੰਗਾਰੂ ਟੀਮ ਨੇ ਡੇਵਿਡ ਬੂਨ ਅਤੇ ਜਯੋਫ਼ ਮਾਰਸ਼ ਦੀ ਸਾਂਝੇਦਾਰੀ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ।
ਆਸਟਰੇਲੀਆ ਨੇ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 270 ਦੌੜਾਂ ਬਣਾ ਦਿੱਤੀਆਂ।
ਇਸਦੇ ਜਵਾਬ ਵਿੱਚ ਭਾਰਤ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸ਼੍ਰੀਕਾਂਤ ਦੇ 70 ਤੇ ਨਵਜੋਤ ਸਿੱਧੂ ਦੀਆਂ 73 ਦੌੜਾਂ ਦੀ ਬਦੌਲਤ ਦੋ ਵਿਕਟਾਂ ਦੇ ਨੁਕਸਾਨ 'ਤੇ 207 ਦੌੜਾਂ ਬਣਾ ਲਈਆਂ ਸਨ। ਪਰ ਇਸੇ ਸਕੋਰ 'ਤੇ ਸਿੱਧੂ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਖਿਲਰਨੀ ਸ਼ੁਰੂ ਹੋ ਗਈ ਅਤੇ ਪੂਰੀ ਟੀਮ ਆਸਟੇਰਲੀਆ ਦੀਆਂ 270 ਦੌੜਾਂ ਤੋਂ ਸਿਰਫ਼ ਇੱਕ ਰਨ ਦੂਰ 269 'ਤੇ ਆਲ ਆਊਟ ਹੋ ਗਈ।
ਦੌੜਾਂ ਦੇ ਲਿਹਾਜ਼ ਤੋਂ ਅਜਿਹਾ ਪਹਿਲੀ ਵਾਰ ਸੀ ਕਿ ਵਿਸ਼ਵ ਕੱਪ ਵਿੱਚ ਕਿਸੇ ਮੈਚ ਦਾ ਫ਼ੈਸਲਾ ਸਿਰਫ਼ 1 ਦੌੜ ਦੇ ਫਰਕ ਨਾਲ ਹੋਇਆ ਸੀ। ਹਾਲਾਂਕਿ ਇਸ ਮੁਕਾਬਲੇ ਤੋਂ ਪਹਿਲਾਂ ਵਨਡੇ ਕ੍ਰਿਕਟ ਵਿੱਚ ਤਿੰਨ ਵਾਰ 1 ਦੌੜ ਤੋਂ ਫੈਸਲਾ ਹੋ ਚੁੱਕਿਆ ਸੀ।
1992: ਡਕਵਰਥ ਲੁਇਸ ਦੀ ਸ਼ੁਰੂਆਤ ਅਤੇ 1 ਗੇਂਦ 'ਤੇ 22 ਦੌੜਾਂ ਬਣਾਉਣ ਦਾ ਟੀਚਾ
ਇਹ ਉਹ ਟੂਰਨਾਮੈਂਟ ਸੀ ਜਦੋਂ ਇੰਟਰਨੈਸ਼ਲ ਕ੍ਰਿਕਟ ਵਿੱਚ ਵਾਪਸੀ ਤੋਂ ਬਾਅਦ ਪਹਿਲੀ ਵਾਰ ਦੱਖਣੀ ਅਫ਼ਰੀਕੀ ਟੀਮ ਨੇ ਵਿਸ਼ਵ ਕੱਪ ਵਿੱਚ ਸ਼ਿਰਕਤ ਕੀਤੀ ਅਤੇ ਸੈਮੀਫਾਈਨਲ ਤੱਕ ਪੁੱਜਣ ਵਿੱਚ ਕਾਮਯਾਬ ਰਹੀ।
ਇੰਗਲੈਂਡ ਦੇ ਖ਼ਿਲਾਫ਼ ਇਸ ਮੁਕਾਬਲੇ ਵਿੱਚ 253 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਬੇਹੱਦ ਦਮਦਾਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਹੀ ਸੀ।
ਉਸ ਨੂੰ ਜਿੱਤਣ ਲਈ 13 ਗੇਂਦਾਂ 'ਤੇ 22 ਦੌੜਾਂ ਬਣਾਉਣੀਆਂ ਸਨ ਪਰ ਉਦੋਂ ਮੀਂਹ ਪੈ ਗਿਆ। ਜਦੋਂ ਮੈਚ ਮੁੜ ਸ਼ੁਰੂ ਹੋਇਆ ਤਾਂ ਨਵੇਂ ਨਿਯਮ ਡਕਵਰਥ ਲੁਇਸ ਨੂੰ ਲਾਗੂ ਕਰਦੇ ਹੋਏ ਅਫ਼ਰੀਕੀ ਟੀਮ ਨੂੰ ਅਸੰਭਵ ਟੀਚਾ ਦਿੱਤਾ ਗਿਆ ਸੀ। ਅਫਰੀਕੀ ਟੀਮ ਨੂੰ 1 ਗੇਂਦ ’ਤੇ 22 ਦੌੜਾਂ ਬਣਾਉਣੀਆਂ ਸਨ।
ਇੰਗਲੈਂਡ ਸੈਮੀਫਾਈਨਲ ਤਾਂ ਜਿੱਤ ਗਿਆ ਪਰ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੇ ਉਸ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ।
1996: ਵਿਸ਼ਵ ਕੱਪ ਦਾ 6ਵਾਂ ਸੀਜ਼ਨ ਲੂੰ-ਕੰਡੇ ਖੜ੍ਹੇ ਕਰਨ ਵਾਲਾ ਭਾਰਤ-ਪਾਕਿਸਤਾਨ ਮੁਕਾਬਲਾ
ਭਾਰਤ, ਪਾਕਿਸਤਾਨ ਅਤੇ ਸ੍ਰੀਲੰਕਾ ’ਚ ਸਾਂਝੇ ਤੌਰ ’ਤੇ ਹੋਏ ਇਸ ਟੂਰਨਾਮੈਂਟ ਵਿੱਚ ਸੁਰੱਖਿਆ ਕਾਰਨਾਂ ਕਰਕੇ ਆਸਟਰੇਲੀਆ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਨੇ ਸ੍ਰੀਲੰਕਾ ਵਿੱਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ।
ਕਈ ਵਿਵਾਦਾਂ ਵਿਚਾਲੇ ਟੂਰਨਾਮੈਂਟ ਦਾ ਸਭ ਤੋਂ ਰੋਮਾਂਚਕ ਮੈਚ ਭਾਰਤ-ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਟਾਸ ਤੋਂ ਕੁਝ ਦੇਰ ਪਹਿਲਾਂ ਹੀ ਕਪਤਾਨ ਵਸੀਮ ਅਕਰਮ ਨੇ ਸੱਟ ਕਾਰਨ ਮੈਚ ਨਾ ਖੇਡਣ ਦਾ ਫ਼ੈਸਲਾ ਲਿਆ।
ਸੈਮੀਫ਼ਾਈਨਲ ’ਚ ਭਾਰਤ ਅਤੇ ਫਾਈਨਲ ’ਚ ਆਸਟ੍ਰੇਲੀਆ ਨੂੰ ਹਰਾ ਕੇ ਸ੍ਰੀਲੰਕਾਈ ਟੀਮ ਚੈਂਪੀਅਨ ਬਣੀ।
1999: "ਦੋਸਤ ਤੁਮਨੇ ਤੋਂ ਵਰਲਡ ਕਪ ਗਿਰਾ ਦੀਆ"
ਇਹ ਬੰਗਲਾਦੇਸ਼ ਦਾ ਪਹਿਲਾ ਵਰਲਡ ਕੱਪ ਟੂਰਨਾਮੈਂਟ ਸੀ। ਨਿਊਜ਼ੀਲੈਂਡ, ਵੈਸਟ ਇੰਡੀਜ਼ ਅਤੇ ਆਸਟੇਰਲੀਆ ਤੋਂ ਹਾਰ ਕੇ ਇਸ ਟੀਮ ਨੇ ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕੀਤੀ।
ਪਾਕਿਸਤਾਨ ਨੂੰ ਉਨ੍ਹਾਂ ਨੇ 62 ਦੌੜਾਂ ਨਾਲ ਹਰਾਇਆ। ਹਾਲਾਂਕਿ ਪਾਕਿਸਤਾਨ ਨੇ ਵੈਸਟ ਇੰਡੀਜ਼, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਜਿੱਤ ਦਰਜ ਕਰਕੇ ਨਾਕ ਆਊਟ ਦੌਰ ਵਿੱਚ ਪਹਿਲਾਂ ਹੀ ਆਪਣੀ ਥਾਂ ਬਣਾ ਲਈ ਸੀ ਅਤੇ ਫਿਰ ਸੈਮੀਫਾਈਨਲ ਜਿੱਤਦੇ ਹੋਏ ਫਾਈਨਲ ਤੱਕ ਪੁੱਜਿਆ।
ਪਰ ਇਸ ਟੂਰਨਾਮੈਂਟ ਦੀ ਜੇਤੂ ਬਣੀ ਆਸਟਰੇਲੀਆਈ ਟੀਮ ਨੂੰ ਸੈਮੀਫਾਈਨਲ ਵਿੱਚ ਬੜੀ ਮੁਸ਼ਕਿਲ ਨਾਲ ਦੱਖਣੀ ਅਫਰੀਕਾ 'ਤੇ ਰੋਮਾਂਚਕ ਜਿੱਤ ਮਿਲੀ ਸੀ। ਦੱਖਣੀ ਅਫਰੀਕਾ ਲਾਂਸ ਕਲੂਜ਼ਨਰ ਦੀ ਯਾਗਦਾਰ ਪਾਰੀਆਂ ਦੀ ਬਦੌਲਤ ਸੈਮੀਫਾਈਨਲ ਤੱਕ ਪੁੱਜੀ ਸੀ।
ਇਹ ਵੀ ਪੜ੍ਹੋ:
ਦੱਖਣੀ ਅਫਰੀਕੀ ਟੀਮ ਨੇ ਆਸਟੇਰਲੀਆ ਨੂੰ ਤੈਅ 50 ਓਵਰਾਂ ਦੀ ਖੇਡ ਵਿੱਚ 213 'ਤੇ ਆਲ ਆਊਟ ਕਰ ਦਿੱਤਾ। ਇਸ ਤੋਂ ਬਾਅਦ ਸ਼ੇਨ ਵਾਰਨ ਨੇ ਆਪਣੀ ਸਧੀ ਹੋਈ ਫਿਰਕੀ 'ਤੇ ਅਫਰੀਕੀ ਬੱਲੇਬਾਜ਼ਾਂ ਨੂੰ ਨਚਾਉਂਦੇ ਹੋਏ ਸ਼ੁਰੂਆਤੀ ਤਿੰਨ ਵਿਕਟ ਝਟਕੇ। ਪਹਿਲੇ ਚਾਰ ਵਿਕਟ ਡਿੱਗਣ ਤੱਕ ਅਫ਼ਰੀਕਾ ਦਾ ਸਕੋਰ 61 ਰਨ ਸੀ।
ਇਸੇ ਟੂਰਨਾਮੈਂਟ ਦੇ ਅੰਤਿਮ ਲੀਗ ਮੈਚ ਵਿੱਚ ਵੀ ਇਨ੍ਹਾਂ ਦੋਵਾਂ ਟੀਮਾਂ ਦਾ ਹੀ ਮੁਕਾਬਲਾ ਹੋਇਆ ਸੀ। ਅਫ਼ਰੀਕੀ ਟੀਮ ਨੇ ਪਹਿਲਾਂ ਖੇਡਦੇ ਹੋਏ ਹਰਸ਼ਲ ਗਿਬਸ ਦੀ 101 ਦੌੜਾਂ ਦੀ ਪਾਰੀ ਦੀ ਬਦੌਲਤ 271 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟੇਰਲੀਆ ਨੇ ਦੋ ਗੇਂਦਾਂ ਰਹਿਣ ਤੱਕ ਜਿੱਤ ਦਰਜ ਕੀਤੀ। ਇਸ ਵਿੱਚ ਕਪਤਾਨ ਸਟੀਵ ਵਾ ਦੀਆਂ 110 ਗੇਂਦਾਂ 'ਤੇ ਖੇਡੀ ਗਈ 120 ਦੌੜਾਂ ਦੀ ਪਾਰੀ ਦਾ ਯੋਗਦਾਨ ਦਿੱਤਾ ਸੀ।
ਵਾ ਦੀ ਪਾਰੀ ਦੀ ਸ਼ੁਰੂਆਤ ਵਿੱਚ ਹੀ ਗਿਬਸ ਨੇ ਉਨ੍ਹਾਂ ਦਾ ਇੱਕ ਸੌਖਾ ਕੈਚ ਡਿਗਾ ਦਿੱਤਾ ਸੀ। ਆਸਟਰੇਲੀਆ ਜੇਕਰ ਇਹ ਮੈਚ ਹਾਰ ਜਾਂਦਾ ਤਾਂ ਵਿਸ਼ਵ ਕੱਪ ਤੋਂ ਬਾਹਰ ਹੋ ਜਾਂਦਾ। ਉਸ ਵੇਲੇ ਵਾ ਨੇ ਗਿਬਸ ਨੂੰ ਕਿਹਾ ਸੀ, "ਦੋਸਤ ਤੂੰ ਤਾਂ ਵਿਸ਼ਵ ਕੱਪ ਡਿੱਗਾ ਦਿੱਤਾ।"
ਗਿਬਸ ਦੇ ਆਸਾਨ ਕੈਚ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ ਪਰ ਵਿਵਾਦ ਇਹ ਨਹੀਂ ਸੀ ਕਿ ਕੈਚ ਕਿਵੇਂ ਡਿੱਗਿਆ ਸਗੋਂ ਗੱਲ ਇਹ ਸਾਹਮਣੇ ਆਈ ਕਿ ਸ਼ੇਨ ਵਾਰਨ ਨੇ ਪਹਿਲਾਂ ਹੀ ਕਿਹਾ ਸੀ ਕਿ ਗਿਬਸ ਕੈਚ ਡਿਗਾਏਗਾ ਅਤੇ ਉਸੇ ਤਰ੍ਹਾਂ ਹੀ ਹੋਇਆ।
2003: ਸਚਿਨ-ਸ਼ੋਇਬ ਅਤੇ ਗੇਂਦ ਬੱਲੇ ਦੀ ਜੰਗ
1983 ਤੋਂ ਬਾਅਦ ਪਹਿਲੀ ਵਾਰ ਇਸ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਪਰ ਹਾਰ ਗਈ। ਹਾਲਾਂਕਿ ਭਾਰਤੀ ਦਰਸ਼ਕਾਂ ਲਈ ਟੂਰਨਾਮੈਂਟ ਦੌਰਾਨ ਖੇਡਿਆ ਗਿਆ ਭਾਰਤ-ਪਾਕਿਸਤਾਨ ਮੁਕਾਬਲਾ ਵੱਧ ਅਹਿਮ ਸੀ।
ਇਹ ਉਹ ਦਿਨ ਸੀ ਜਦੋਂ ਭਾਰਤੀ ਬੱਲੇਬਾਜ਼ਾਂ ਨੇ ਪਾਕਿਸਤਾਨ ਦੇ ਗੇਂਦਾਬਾਜ਼ਾਂ ਦੀ ਚੰਗੀ ਧੁਲਾਈ ਕੀਤੀ ਸੀ। ਇਹ ਉਸ ਸਮੇਂ ਦੇ ਸਭ ਤੋਂ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਅਤੇ ਸਭ ਤੋਂ ਬਿਹਤਰ ਬੱਲੇਬਾਜ਼ਾਂ ਵਿੱਚੋਂ ਇੱਕ ਸਚਿਨ ਤੇਂਦੁਲਕਰ ਵਿਚਾਲੇ ਮੁਕਾਬਲਾ ਸੀ। ਮੈਚ ਦੌਰਾਨ ਸਚਿਨ ਸ਼ੋਇਬ ਦੀਆਂ ਗੇਂਦਾਂ ਨੂੰ ਵਾਰ-ਵਾਰ ਬਾਊਂਡਰੀ ਤੋਂ ਪਾਰ ਪਹੁੰਚਾ ਰਹੇ ਸਨ।
ਅਖ਼ੀਰ ਰਾਹੁਲ ਦ੍ਰਾਵਿੜ ਅਤੇ ਯੁਵਰਾਜ ਸਿੰਘ ਨੇ ਵੀ ਸੈਂਕੜੇ ਦੀ ਸਾਂਝੇਦਾਰੀ ਕੀਤੀ ਤੇ ਭਾਰਤ ਮੈਚ ਜਿੱਤ ਗਿਆ। ਮੈਨ ਆਫ਼ ਦਿ ਮੈਚ ਬਣੇ ਸਚਿਨ ਤੇਂਦੁਲਕਰ।
ਸਚਿਨ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਕਿਹਾ ਸੀ ਕਿ ਵਿਸ਼ਵ ਕੱਪ ਦਾ ਉਨ੍ਹਾਂ ਦਾ ਸਭ ਤੋਂ ਬਿਹਤਰੀਨ ਮੈਚ 2003 ਵਿੱਚ ਪਾਕਿਤਸਤਾਨ ਖ਼ਿਲਾਫ਼ ਖੇਡਿਆ ਗਿਆ ਮੈਚ ਸੀ।
2007: ਭਾਰਤ-ਪਾਕਿਸਤਾਨ ਪਹਿਲੇ ਦੌਰ ਤੋਂ ਬਾਹਰ, ਬੌਬ ਵੂਲਮਰ ਦੀ ਮੌਤ
2007 ਦਾ ਵਿਸ਼ਵ ਕੱਪ ਆਪਣੀ ਸਭ ਤੋਂ ਦੁਖਦ ਘਟਨਾ ਪਾਕਿਸਤਾਨ ਦੇ ਦੱਖਣੀ ਅਫਰੀਕੀ ਕੋਚ ਬੌਬ ਵੂਲਮਰ ਦੀ ਉਨ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਮੌਤ ਲਈ ਯਾਦ ਕੀਤਾ ਜਾਂਦਾ ਹੈ। ਇਹ ਵਿਸ਼ਵ ਕੱਪ ਵੈਸਟ ਇੰਡੀਜ਼ ਵਿੱਚ ਖੇਡਿਆ ਗਿਆ ਸੀ।
ਵੂਲਮਰ ਦੀ ਮੌਤ ਉਸੀ ਰਾਤ ਹੋਈ ਜਿਸ ਦਿਨ ਪਾਕਿਸਤਾਨ ਦੀ ਆਇਰਲੈਂਡ ਦੇ ਹੱਥੋਂ ਸ਼ਰਮਨਾਕ ਹਾਰ ਦੇ ਨਾਲ ਵਿਸ਼ਪ ਕੱਪ ਤੋਂ ਵਿਦਾਈ ਹੋਈ।
ਪਾਕਿਸਤਾਨ ਦੇ ਨਾਲ ਹੀ ਭਾਰਤ ਵੀ ਪਹਿਲੇ ਦੌਰ ਵਿੱਚ ਮੁਕਾਬਲੇ ਤੋਂ ਬਾਹਰ ਹੋ ਗਿਆ। ਦੋਵੇਂ ਹੀ ਟੀਮਾਂ ਸੁਪਰ-8 ਵਿੱਚ ਨਹੀਂ ਪਹੁੰਚ ਸਕੀਆਂ। ਭਾਰਤ ਦੀ ਟੀਮ ਆਪਣੇ ਤਿੰਨ ਲੀਗ ਮੈਚਾਂ ਵਿੱਚੋਂ ਦੋ ਹਾਰ ਗਈ। ਉਸ ਨੂੰ ਬੰਗਲਾਦੇਸ਼ ਅਤੇ ਸ੍ਰੀਲੰਕਾ ਨੇ ਹਰਾ ਦਿੱਤਾ।
2011: ਪਾਕਿਸਤਾਨ ਨੂੰ ਹਰਾਇਆ, ਵਿਸ਼ਵ ਕੱਪ ਵੀ ਜਿੱਤੇ
1983 ਵਿੱਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ 28 ਸਾਲ ਬਾਅਦ ਭਾਰਤੀ ਟੀਮ ਨੇ 2011 ਦਾ ਵਿਸ਼ਵ ਕੱਪ ਖਿਤਾਬ ਆਪਣੇ ਨਾਮ ਕੀਤਾ।
ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਖਿਲਾਫ਼ ਕੈਪਟਨ ਮਹਿੰਦਰ ਸਿੰਘ ਧੋਨੀ (91 ਨਾਟ ਆਊਟ) ਅਤੇ ਗੌਤਮ ਗੰਭੀਰ (97) ਦੀ ਪਾਰੀਆਂ ਦੀ ਬਦੌਲਤ ਭਾਰਤ ਨੇ ਇੱਕ ਵਾਰ ਮੁੜ ਵਰਲਡ ਕੱਪ ਆਪਣੇ ਨਾਮ ਕਰ ਲਿਆ। ਮੈਨ ਆਫ਼ ਦਿ ਸੀਰੀਜ਼ ਸੀ ਯੁਵਰਾਜ ਸਿੰਘ।
ਇਸ ਟੂਰਨਾਮੈਂਟ ਦਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਜੋ ਬੇਹੱਦ ਰੋਮਾਂਚਕ ਸੀ।
2015: ਪਾਕਿਸਤਾਨ ਦੇ ਮੁਕਾਬਲੇ ਭਾਰਤ 6-0 ਨਾਲ ਅੱਗੇ
ਹੁਣ ਤੱਕ ਦੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਕੋਈ ਨਵੀਂ ਗੱਲ ਨਹੀਂ ਰਹਿ ਗਈ ਸੀ। 2015 ਵਿੱਚ ਇੱਕ ਵਾਰ ਮੁੜ ਭਾਰਤ ਨੇ ਪਾਕਿਸਤਾਨ 'ਤੇ ਜਿੱਤ ਦਰਜ ਕੀਤੀ ਅਤੇ ਵਿਸ਼ਵ ਕੱਪ ਵਿੱਚ ਜਿੱਤ ਦੇ ਫਰਕ ਨੂੰ 6-0 ਕੀਤਾ। ਪਰ ਇਹ ਉਹ ਟੂਰਨਾਮੈਂਟ ਸੀ ਜਿਸ ਵਿੱਚ ਕਿਸੇ ਇੱਕ ਮੈਚ ਦੀ ਗੱਲ ਨਹੀਂ ਕੀਤੀ ਜਾ ਸਕਦੀ ਸਗੋਂ ਟੂਰਨਾਮੈਂਟ ਦੇ ਕਈ ਮੈਚ ਯਾਦਗਾਰ ਸਨ।
ਭਾਰਤੀ ਟੀਮ ਪਹਿਲੀ ਵਾਰ ਦੱਖਣੀ ਅਫਰੀਕਾ ਤੋਂ ਵਿਸ਼ਵ ਕੱਪ ਵਿੱਚ ਜਿੱਤੀ ਅਤੇ ਲਗਾਤਾਰ ਸੱਤ ਵਾਰ ਵਿਰੋਧੀ ਟੀਮ ਨੂੰ ਆਲ ਆਊਟ ਕਰਨ ਦਾ ਕਾਰਨਾਮਾ ਕੀਤਾ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ