Result 2019: ਨਰਿੰਦਰ ਮੋਦੀ ਦੀ ਜਿੱਤ 'ਤੇ ਮੁਸਲਿਮ ਦੇਸ਼ਾਂ ਦੇ ਮੀਡੀਆ ਨੇ ਕੀ ਕਿਹਾ

ਭਾਰਤ ਦੀਆਂ 17ਵੀਂਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਜਿੱਤ ਨੂੰ ਦੁਨੀਆਂ ਭਰ ਦੇ ਮੀਡੀਆ ਨੇ ਕਵਰ ਕੀਤਾ ਹੈ।

ਵਿਸ਼ਵ ਦੇ ਮੀਡੀਆ ਵਿੱਚ ਮੋਦੀ ਦੀ ਜਿੱਤ ਨੂੰ ਹਿੰਦੂ ਰਾਸ਼ਟਰਵਾਦੀ ਪਾਰਟੀ ਦੀ ਜਿੱਤ ਕਿਹਾ ਜਾ ਰਿਹਾ ਹੈ। ਮੁਸਲਮਾਨ ਦੇਸ਼ਾਂ ਦੇ ਮੀਡੀਆ ਵਿੱਚ ਵੀ ਮੋਦੀ ਦੀ ਜਿੱਤ ਨੂੰ ਕਾਫੀ ਅਹਿਮੀਅਤ ਦਿੱਤੀ ਗਈ ਹੈ।

ਅਰਬ ਨਿਊਜ਼ ਵਿੱਚ ਤਲਮੀਜ਼ ਅਹਿਮਦ ਨੇ ਲਿਖਿਆ ਕਿ ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਖਾੜੀ ਦੇਸਾਂ ਨਾਲ ਮਜ਼ਬੂਤ ਰਿਸ਼ਤੇ ਕਾਇਮ ਕੀਤੇ ਸੀ ਤੇ ਇਹ ਅੱਗੇ ਵੀ ਜਾਰੀ ਰਹਿਣਗੇ।

ਉਨ੍ਹਾਂ ਲਿਖਿਆ, ''ਭਾਰਤ ਦੀ ਊਰਜਾ ਸੁਰੱਖਿਆ ਤੇ ਵਿਕਾਸ ਖਾੜੀ ਦੇ ਦੇਸਾਂ ਤੋਂ ਤੇਲ ਦੀ ਪੂਰਤੀ 'ਤੇ ਨਿਰਭਰ ਹੈ। ਭਾਰਤ 80 ਫੀਸਦ ਪੈਟ੍ਰੋਲੀਅਮ ਜ਼ਰੂਰਤਾਂ ਦੀ ਪੂਰਤੀ ਖਾੜੀ ਦੇ ਦੇਸਾਂ ਤੋਂ ਕਰਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਇੰਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਖਾੜੀ ਦੇ ਦੇਸਾਂ ਦਾ ਨਿਵੇਸ਼ ਕਾਫੀ ਅਹਿਮ ਹੈ।''

ਅਰਬ ਨਿਊਜ਼ ਦੇ ਇਸ ਲੇਖ ਮੁਤਾਬਕ, ''ਖਾੜੀ ਦੇ ਦੇਸਾਂ ਵਿੱਚ ਲੱਖਾਂ ਭਾਰਤੀ ਕੰਮ ਕਰਦੇ ਹਨ। ਇਹੀ ਕਾਰਨ ਹੈ ਕਿ ਮੋਦੀ ਖਾੜੀ ਦੇ ਦੇਸਾਂ ਨੂੰ ਕਾਫ਼ੀ ਅਹਿਮੀਅਤ ਦਿੰਦੇ ਹਨ।''

ਇਹ ਵੀ ਪੜ੍ਹੋ :

ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਇਨ੍ਹਾਂ ਮੁਸਲਿਮ ਦੇਸਾਂ ਦਾ ਕੌਰਾ ਕੀਤਾ ਸੀ। ਇੱਥੋ ਤੱਕ ਕਿ ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ ਨੇ ਮੋਦੀ ਨੂੰ ਆਪਣੇ ਦੇਸ ਦਾ ਸਭ ਤੋਂ ਉੱਚਾ ਸਨਮਾਨ ਵੀ ਦਿੱਤਾ।

ਪਾਕਿਸਤਾਨੀ ਮੀਡੀਆ ਨੇ ਕੀ ਕਿਹਾ

ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ਖਾੜੀ ਦੇਸਾਂ ਤੇ ਭਾਰਤ ਦਾ ਸਬੰਧ ਪੁਰਾਤਨ ਕਾਲ ਤੋਂ ਹੀ ਰਿਹਾ ਹੈ ਤੇ ਮੋਦੀ ਦੀ ਇਸ ਜਿੱਤ ਤੋਂ ਬਾਅਦ ਇਹ ਸਬੰਧ ਹੋਰ ਵੀ ਮਜ਼ਬੂਤ ਹੋਣਗੇ।

ਪਾਕਿਸਤਾਨੀ ਮੀਡੀਆ ਵਿੱਚ ਮੋਦੀ ਦੀ ਜਿੱਤ ਦੀ ਚਰਚਾ ਤਾਂ ਹੈ ਹੀ ਪਰ ਭੋਪਾਲ ਤੋਂ ਪ੍ਰਗਿਆ ਸਿੰਘ ਠਾਕੁਰ ਦੀ ਜਿੱਤ ਬਾਰੇ ਵੀ ਲਿਖਿਆ ਗਿਆ ਹੈ।

ਪਾਕਿਸਤਾਨੀ ਅਖਬਾਰ 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਇੱਕ ਰਿਪੋਰਟ ਵਿੱਚ ਲਿਖਿਆ ਹੈ, ''ਭਾਰਤ ਵਿੱਚ ਮੁਸਲਮਾਨਾਂ ਦੇ ਖਿਲਾਫ਼ ਬੰਬ ਹਮਲੇ ਦੀ ਮੁਲਜ਼ਮ ਹਿੰਦੂ ਯੋਗੀ ਪ੍ਰਗਿਆ ਸਿੰਘ ਠਾਕੁਰ ਨੂੰ ਵੀ ਭੋਪਾਲ ਤੋਂ ਹਿੰਦੂ ਰਾਸ਼ਟਰਵਾਦੀ ਦਲ ਭਾਜਪਾ ਦੇ ਟਿਕਟ 'ਤੇ ਜਿੱਤ ਮਿਲੀ ਹੈ।''

''ਇਹ ਪਹਿਲੀ ਵਾਰ ਹੈ ਕਿ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਝੱਲ ਰਹੀ ਆਗੂ ਭਾਰਤੀ ਸੰਸਦ ਵਿੱਚ ਪਹੁੰਚੇਗੀ।''

ਪਾਕਿਸਤਾਨ ਦੇ ਮਸ਼ਹੂਰ ਅਖ਼ਬਾਰ 'ਡਾਨ' ਨੇ ਵੀ ਮੋਦੀ ਦੀ ਜਿੱਤ 'ਤੇ ਸਖ਼ਤ ਟਿੱਪਣੀ ਕੀਤੀ ਹੈ।

ਡਾਨ ਨੇ ਲਿਖਿਆ, ''ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਨੇ ਦੱਸ ਦਿੱਤਾ ਹੈ ਕਿ ਉੱਥੇ ਫਿਰਕੂ ਸਿਆਸਤ ਕਾਫੀ ਵੱਧ ਰਹੀ ਹੈ ਤੇ ਭਾਰਤੀ ਗਣਤੰਤਰ ਦੇ ਭਵਿੱਖ 'ਤੇ ਇਸਦਾ ਅਸਰ ਦਿਖੇਗਾ।''

''ਸਿਆਸੀ ਮਾਹਰ ਭਵਿੱਖਬਾਣੀ ਕਰ ਰਹੇ ਸੀ ਕਿ ਮੋਦੀ ਆਪਣੇ ਵਾਅਦੇ ਪੂਰੇ ਕਰਨ 'ਚ ਅਸਫ਼ਲ ਰਹੇ ਹਨ ਤੇ ਮਤਦਾਨ ਵਿੱਚ ਉਨ੍ਹਾਂ ਨੂੰ ਇਸਦਾ ਨੁਕਸਾਨ ਹੋਵੇਗਾ ਪਰ ਅਜਿਹਾ ਨਹੀਂ ਹੋਇਆ ਤੇ ਮੋਦੀ ਨੂੰ ਵੱਡੀ ਜਿੱਤ ਮਿਲੀ।''

''ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ ਅਤੇ ਇਹ ਸਾਬਤ ਹੋ ਰਿਹਾ ਹੈ ਕਿ ਧਾਰਮਿਕ ਨਫ਼ਰਤ ਤੇ ਫਿਰਕੂ ਸਿਆਸਤ ਨਾਲ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕਦਾ ਹੈ।''

ਇਹ ਵੀ ਪੜ੍ਹੋ:

ਡਾਨ ਨੇ ਅੱਗੇ ਲਿਖਿਆ, ''ਮਹੀਨਿਆਂ ਤੱਕ ਚੱਲੇ ਚੋਣਾਂ ਦੇ ਪ੍ਰਚਾਰ ਵਿੱਚ ਮੋਦੀ ਨੇ ਮੁਸਲਮਾਨ ਤੇ ਪਾਕਿਸਤਾਨ ਵਿਰੋਧੀ ਨੈਰੇਟਿਵ ਦਾ ਖੂਬ ਇਸਤੇਮਾਲ ਕੀਤਾ। ਭਾਰਤ ਨੇ ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਕਰਕੇ ਰਾਸ਼ਟਰਵਾਦੀ ਭਾਵਨਾ ਨੂੰ ਉਕਸਾਉਣ ਦਾ ਕੰਮ ਕੀਤਾ ਹੈ।''

''ਹੁਣ ਚੋਣਾਂ ਖਤਮ ਹੋ ਗਈਆਂ ਹਨ ਤੇ ਉਮੀਦ ਹੈ ਕਿ ਮੋਦੀ ਨੇ ਜਿਸ ਹਿੰਦੂ ਕੱਟੜਵਾਦ ਦਾ ਸਹਾਰਾ ਲਿਆ ਉਸ ਨੂੰ ਕਾਬੂ ਵਿੱਚ ਰੱਖਣਗੇ ਤਾਂਕਿ ਘਟਗਿਣਤੀ ਦੇ ਮਨਾਂ ਵਿੱਚ ਵੀ ਸੁਰੱਖਿਆ ਦੀ ਭਾਵਨਾ ਕਾਇਮ ਰਹੇ।''

''ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਵਿੱਚ ਸਾਂਤੀ ਤੇ ਵਿਕਾਸ ਲਈ ਕੰਮ ਕਰਨਗੇ। ਇਹ ਵੀ ਉਮੀਦ ਹੈ ਕਿ ਪਾਕਿਸਤਾਨ ਦੇ ਨਾਲ ਮੁੜ ਗੱਲਬਾਤ ਸ਼ੁਰੂ ਹੋਵੇਗੀ।''

ਮੋਦੀ ਦੀ ਜਿੱਤ ਮੁਸਲਮਾਨਾਂ ਲਈ ਕੀ ਮਾਇਨੇ ਰੱਖਦੀ ਹੈ?

ਪਾਕਿਸਤਾਨੀ ਨਿਊਜ਼ ਵੈੱਬਸਾਈਟ 'ਦਿ ਨਿਊਜ਼' ਵਿੱਚ ਸੀਨੀਅਰ ਪੱਤਰਕਾਰ ਏਜਾਜ਼ ਸਈਦ ਨੇ ਲਿਖਿਆ, ''ਵਿਰੋਧੀ ਪਾਰਟੀਆਂ ਤੇ 20 ਕਰੋੜ ਮੁਸਲਮਾਨਾਂ ਲਈ 2014 ਦੀ ਜਿੱਤ ਦੀ ਤੁਲਨਾ ਵਿੱਚ ਮੋਦੀ ਦੀ ਇਹ ਜਿੱਤ ਵੱਧ ਅਹਿਮ ਹੈ।''

''ਜਦੋਂ ਅਯੁੱਧਿਆ ਵਿੱਚ ਰਾਮ ਮੰਦਿਰ ਲਈ ਅੰਦੋਲਨ ਚੱਲ ਰਿਹਾ ਸੀ ਉਦੋਂ ਭਾਜਪਾ ਨੂੰ ਇੰਨੀ ਵੱਡੀ ਜਿੱਤ ਨਹੀਂ ਮਿਲੀ ਸੀ। ਜ਼ਾਹਿਰ ਹੈ ਕਿ ਇਸ ਜਿੱਤ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਵਫਾਦਾਰ ਅਮਿਤ ਸ਼ਾਹ ਦਾ ਅਹਿਮ ਯੋਗਦਾਨ ਹੈ।''

''ਪਰ ਮੋਦੀ ਜਿਸ ਮੰਤਰ ਨੂੰ ਵਾਰ-ਵਾਰ ਦਹੁਰਾਉਂਦੇ ਹਨ, ਸਭ ਦਾ ਸਾਥ ਸਭ ਦਾ ਵਿਕਾਸ, ਉਸ ਨੂੰ ਵਾਕਈ ਜ਼ਮੀਨ 'ਤੇ ਉਤਾਰ ਸਕਣਗੇ?''

ਉਨ੍ਹਾਂ ਅੱਗੇ ਲਿਖਿਆ, ''ਇਹ ਤੈਅ ਹੈ ਕਿ ਇਸ ਬਹੁਮਤ ਦੇ ਦਮ 'ਤੇ ਮੋਦੀ ਭਾਰਤੀ ਗਣਤੰਤਰ ਤੇ ਸੰਵਿਧਾਨ ਨੂੰ ਆਪਣੇ ਹਿਸਾਬ ਨਾਲ ਆਕਾਰ ਦੇਣਗੇ।''

''ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਮੋਦੀ 'ਤੇ ਸੁਪਰੀਮ ਕੋਰਟ, ਯੂਨੀਵਰਸਿਟੀ ਤੇ ਹੋਰ ਅਦਾਰਿਆਂ ਨੂੰ ਆਪਣੇ ਹਿਸਾਬ ਨਾਲ ਤੋੜਣ- ਮਰੋੜਣ ਦੇ ਇਲਜ਼ਾਮ ਲਗਦੇ ਰਹੇ ਹਨ। ਭਾਰਤ ਦੇ ਮੁਸਲਮਾਨਾਂ ਦੇ ਮਨ ਵਿੱਚ ਵਿਸ਼ਵਾਸ ਪੈਦਾ ਕਰਨਾ ਵੀ ਮੋਦੀ ਦੀ ਜ਼ਿੰਮੇਵਾਰੀ ਹੈ।''

ਗਲਫ਼ ਨਿਊਜ਼ ਨੇ ਆਪਣੇ ਇੱਕ ਓਪੀਨਿਅਨ ਪੀਸ ਵਿੱਚ ਲਿਖਿਆ ਹੈ ਕਿ ਮੋਦੀ ਆਪਣੇ ਪਹਿਲੇ ਕਾਰਜਕਾਲ ਤੋਂ ਵੱਧ ਹਿੰਮਤੀ ਕਦਮ ਚੁੱਕ ਸਕਦੇ ਹਨ।

ਇਹ ਵੀ ਪੜ੍ਹੋ:

ਕਤਰ ਦੇ ਮਸ਼ਹੂਰ ਮੀਡੀਆ ਨੈੱਟਵਰਕ ਅਲ-ਜਜ਼ੀਰਾ ਨੇ ਲਿਖਿਆ, ''ਭਾਜਪਾ ਨੇ ਕੰਪੇਨ ਨੂੰ ਇੰਝ ਚਲਾਇਆ ਜਿਵੇਂ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੋਵੇ।''

''ਭਾਜਪਾ ਦੇ ਏਜੰਡਾ ਵਿੱਚ ਹਿੰਦੂਵਾਦ ਦੀ ਸਿਆਸਤ ਮੁੱਖ ਰਹੀ। ਇੰਨੀ ਬਹੁਮਤ ਨਾਲ ਮੋਦੀ ਦੀ ਸੱਤਾ ਵਿੱਚ ਵਾਪਸੀ ਮੁਸਲਮਾਨਾਂ ਲਈ ਚਿੰਤਾ ਦੀ ਗੱਲ ਹੈ ਕਿਉਂਕਿ ਪਿਛਲੇ ਪੰਜ ਸਾਲਾਂ ਵਿੱਚ ਕੱਟੜਵਾਦੀ ਹਿੰਦੂ ਸਮੂਹਾਂ ਨੇ ਮੁਸਲਮਾਨਾਂ 'ਤੇ ਕਈ ਹਮਲੇ ਕੀਤੇ ਹਨ।''

ਅਲ-ਜਜ਼ੀਰਾ ਨੇ ਲਿਖਿਆ ਹੈ, ''ਖੇਤੀ-ਕਿਸਾਨੀ ਤੇ ਬੇਰੁਜ਼ਗਾਰੀ ਨਾਲ ਜੁੜੇ ਕਈ ਸੰਕਟ ਹੋਣ ਦੇ ਬਾਵਜੂਦ ਭਾਜਪਾ ਨੂੰ ਇੰਨੀ ਵੱਡੀ ਜਿੱਤ ਮਿਲੀ ਹੈ। ਭਾਜਪਾ ਦੀਆਂ ਨਾ ਸਿਰਫ਼ ਸੀਟਾਂ ਵਧੀਆਂ ਬਲਕਿ ਵੋਟ ਫ਼ੀਸਦ ਵੀ 10 ਫੀਸਦ ਤੋਂ ਵੱਧ ਵਧਿਆ ਹੈ।''

''ਮੋਦੀ ਦੀ ਜਿੱਤ ਵਿੱਚ ਰਾਸ਼ਟਰੀ ਸੁਰੱਖਿਆ ਤੇ ਪਾਕਿਸਤਾਨ ਨਾਲ ਤਣਾਅ ਅਹਿਮ ਮੁੱਦਾ ਰਿਹਾ ਹੈ।''

ਨਜ਼ਮ ਸੇਠੀ ਨੇ ਚੈਨਲ 24 ਤੇ 'ਨਜਮ ਸੇਠੀ ਸ਼ੋਅ' ਵਿੱਚ ਕਿਹਾ ਹੈ, ''ਚੋਣਾਂ ਵਿੱਚ ਮੋਦੀ ਨੇ ਬਾਲਾਕੋਟ ਹਮਲੇ ਦਾ ਖੂਬ ਫਾਇਦਾ ਚੁੱਕਿਆ ਤੇ ਭਾਰਤੀ ਮੀਡੀਆ ਨੇ ਵੀ ਮੋਦੀ ਦਾ ਸਮਰਥਨ ਕੀਤਾ।''

''ਮੋਦੀ ਦੇ ਸ਼ਾਸਨ ਵਿੱਚ ਭਾਰਤ ਇੱਕ ਫਿਰਕੂ ਦੇਸ ਬਣੇਗਾ ਤੇ ਇਹ ਪਾਕਿਸਤਾਨ ਦੇ ਜ਼ਿਆ-ਉਲ-ਹੱਕ ਦੇ ਸ਼ਾਸਨ ਵਾਂਗ ਹੋਵੇਗਾ। ਭਾਰਤ ਵਿੱਚ ਹੁਣ ਉਦਾਰਵਾਦੀ ਲੋਕ ਹਾਸ਼ੀਏ 'ਤੇ ਹੋਣਗੇ ਤੇ ਮੁਸਲਮਾਨ ਤਸ਼ੱਦਦ ਦਾ ਸਾਹਮਣਾ ਕਰਨਗੇ।''

ਪਾਕਿਸਤਾਨ ਨੇ ਸਰਕਾਰੀ ਟੀਵੀ ਪੀਟੀਵੀ 'ਤੇ ਆਉਣ ਵਾਲੇ ਸ਼ੋਅ 'ਸੱਚ ਤਾਂ ਇਹੀ ਹੈ' ਵਿੱਚ ਸਿਆਸੀ ਮਾਹਿਰ ਇਮਤਿਆਜ਼ ਗੁੱਲ ਨੇ ਕਿਹਾ ਕਿ ਭਾਰਤ ਦੇ ਆਮ ਲੋਕਾਂ ਨੇ ਮੋਦੀ ਦਾ ਸਮਰਥਨ ਇਸ ਲਈ ਕੀਤਾ ਕਿਉਂਕਿ ਉਹ ਆਮ ਲੋਕਾਂ ਦੀ ਭਾਸ਼ਾ ਬੋਲਦੇ ਹਨ।

ਇਸ ਸ਼ੋਅ ਵਿੱਚ ਮਾਰੀਆ ਸੁਲਤਾਨ ਨੇ ਕਿਹਾ ਕਿ ਮੋਦੀ ਨੇ ਪਾਕਿਸਤਾਨ ਵਿਰੋਧੀ ਖੂਬ ਗੱਲਾਂ ਕਹੀਆਂ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)