Result 2019: ਮੋਦੀ ਦੀ ਜਿੱਤ ਨਾਲ ਦੁਨੀਆਂ ਭਰ ਦੇ ਕੱਟੜਪੰਥੀ ਖ਼ੁਸ਼ ਹੋ ਸਕਦੇ ਨੇ - ਵਿਦੇਸ਼ੀ ਮੀਡੀਆ ਦਾ ਨਜ਼ਰੀਆ

ਵੀਰਵਾਰ ਨੂੰ 17ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਹੱਕ 'ਚ ਨਿਤਰੇ।

ਭਾਰਤ 'ਚ ਹੀ ਨਹੀਂ ਬਲਕਿ ਗੁਆਂਢੀ ਮੁਲਕਾਂ 'ਚ ਵੀ ਇਨ੍ਹਾਂ ਚੋਣਾਂ ਨੂੰ ਮਹੱਤਵਪੂਰਨ ਨਿਗਾਹ ਨਾਲ ਦੇਖਿਆ ਜਾ ਰਿਹਾ ਸੀ।

ਪਾਕਿਸਤਾਨ ਦੇ ਨਾਲ-ਨਾਲ ਅਮਰੀਕਾ, ਚੀਨ ਆਦਿ ਦੇਸਾਂ ਵਿੱਚ ਵੀ ਨਤੀਜਿਆਂ ਬਾਰੇ ਉਤਸੁਕਤਾ ਸੀ।

ਅਮਰੀਕਾ ਦੇ ਮਸ਼ਹੂਰ ਅਖ਼ਬਾਰ The Guardian ਨੇ ਲਿਖਿਆ ਹੈ, "ਨਰਿੰਦਰ ਮੋਦੀ: ਗਰੀਬ ਚਾਹ ਵਾਲੇ ਤੋਂ ਲੈ ਕੇ ਸਿਆਸੀ ਥੀਏਟਰ ਦੇ ਉਸਤਾਦ ਤੱਕ।"

ਨਰਿੰਦਰ ਮੋਦੀ ਦੇ ਚਾਹ ਵਾਲਾ ਹੋਣ ਦੀ ਅਕਸ ਤੋਂ ਲੈ ਕੇ ਆਮ ਲੋਕਾਂ ਵਿੱਚ ਖ਼ਾਸ ਥਾਂ ਬਣਾਉਣ ਬਾਰੇ ਲਿਖਦੇ ਹੋਏ ਇਸ ਅਖ਼ਬਾਰ ਨੇ ਛਾਪਿਆ ਹੈ ਕਿ ਕਿਵੇਂ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲਾ ਮੁੰਡਾ ਸਭ ਤੋਂ ਵੱਡਾ ਪ੍ਰਭਾਵਸ਼ਾਲੀ ਭਾਰਤੀ ਨੇਤਾ ਬਣ ਕੇ ਉਭਰਿਆ ਹੈ।

ਮੋਦੀ ਦੇ ਜੀਵਨ ਬਾਰੇ ਦੱਸਦਿਆਂ ਹੋਇਆਂ ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਵੱਡੇ ਫਰਕ ਨਾਲ ਜਿੱਤਣ ਵਾਲੇ ਮੋਦੀ ਨੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਕੰਮਕਾਜ ਨਾ ਪਸੰਦ ਹੋਣ ਕਰਕੇ ਆਪਣੇ ਪਿਤਾ ਦੇ ਚਾਹ ਵਾਲੀ ਦੁਕਾਨ ਦੇ ਨੇੜੇ ਹੀ ਮੁੱਢਲੀ ਉਮਰ 'ਚ ਇਕ ਰਾਜਨੀਤਿਕ ਦਫ਼ਤਰ ਖੋਲ ਲਿਆ ਸੀ।

ਪ੍ਰਧਾਨ ਮੰਤਰੀ ਦੇ ਇੱਕ ਆਮ ਇਨਸਾਨ ਤੋਂ ਲੈ ਕੇ ਲੋਕਾਂ ਵਿੱਚ ਪ੍ਰਸਿੱਧੀ ਹਾਸਲ ਕਰਨ ਦੇ ਸਫ਼ਰ ਬਾਰੇ ਵੀ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ-

ਗੁਆਂਢੀ ਮੁਲਕ ਪਾਕਿਸਤਾਨ ਦੇ ਮਸ਼ਹੂਰ ਅਖ਼ਬਾਰ The Dawn ਨੇ ਮੋਦੀ ਦੀ ਇਸ ਜਿੱਤ ਬਾਰੇ ਕਿਹਾ ਹੈ ਕਿ ਮੋਦੀ ਨੇ ਦੂਸਰੀ ਵਾਰ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਦੂਸਰੀ ਵਾਰ ਸੱਤਾ ਵਿਚ ਆਉਣ ਬਾਰੇ ਲਿਖਿਆ ਹੈ ਕਿ ਕਿਵੇਂ ਮੋਦੀ ਨੇ ਇਕ ਜ਼ੋਰਦਾਰ ਜਿੱਤ ਹਾਸਿਲ ਕੀਤੀ ਹੈ।

“ਦੇਸ ਦੀ ਸੁਰੱਖਿਆ ਦਾ ਮੁੱਦਾ ਮੋਦੀ ਲਈ ਇੱਕ ਜੇਤੂ ਮੰਤਰ ਰਿਹਾ। ਮੋਦੀ ਦੇ ਟਵੀਟ ਬਾਰੇ ਜ਼ਿਕਰ ਕਰਦਿਆਂ ਇਸ ਅਖ਼ਬਾਰ ਨੇ ਦੱਸਿਆ ਹੈ ਕਿ ਮੋਦੀ ਨੇ ਇਕ ਮਿਲੀ-ਜੁਲੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਹੈ।”

ਯੂ ਕੇ ਦੇ The Telegraph ਦੀ ਗੱਲ ਕਰੀਏ ਤਾਂ ਮੋਦੀ ਉੱਥੇ ਵੀ ਆਪਣੀ ਥਾਂ ਬਣਾਉਣ ਵਿਚ ਸਫ਼ਲ ਰਹੇ। ਲਿਖਿਆ ਗਿਆ ਹੈ, “ਮੋਦੀ ਨੇ ਇੱਕ ਵਾਰ ਫਿਰ ਜ਼ਬਰਦਸਤ ਜਿੱਤ ਨਾਲ ਭਾਰਤ ਦੀ ਸੱਤਾ ਵਿਚ ਵਾਪਸੀ ਕੀਤੀ ਹੈ। ਰਾਜਨੀਤਿਕ ਵਿਸ਼ਲੇਸ਼ਕ ਵੀ ਮੋਦੀ ਦੇ ਬਹੁਮਤ ਵੇਖ ਕੇ ਹੈਰਾਨ ਰਹਿ ਗਏ ਕਿਉਂਕਿ ਕਿਸੇ ਨੇ ਵੀ ਇੰਨ੍ਹੇ ਵੱਡੇ ਬਹੁਮਤ ਦੀ ਉਮੀਦ ਨਹੀਂ ਕੀਤੀ ਸੀ।”

ਅੱਗੇ ਲਿਖਿਆ ਗਿਆ ਹੈ, “ਮੋਦੀ ਦੇ ਮੁੜ ਸੱਤਾ ਵਿੱਚ ਆਉਣ ਨਾਲ ਦੁਨੀਆਂ ਭਰ ਵਿੱਚ ਕੱਟੜਪੰਥੀ ਆਪਣੀ ਜਿੱਤ ਦਾ ਦਾਅਵਾ ਕਰ ਸਕਦੇ ਹਨ। ਦਰਾਮਦਗੀ 'ਤੇ ਟੈਕਸ ਵਧਾਉਣ ਤੋਂ ਲੈ ਕੇ, ਆਵਾਸ ਅਤੇ ਰੱਖਿਆ ਦੇ ਮੁਦਿਆਂ ਉਪਰ ਅਸਰ ਪੈ ਸਕਦਾ ਹੈ।”

ਮੋਦੀ ਦੀ ਜਿੱਤ ਨੇ ਸਿੱਧ ਕੀਤਾ ਹੈ ਕਿ ਜੋ ਚੀਜ਼ ਇੱਕ ਸਮੇਂ 'ਤੇ ਭਾਜਪਾ ਦੀ ਜੰਗੀ ਮੁਹਿੰਮ ਮੰਨ੍ਹੀ ਜਾਂਦੀ ਸੀ, ਹੁਣ ਓਹੀ ਇਸ ਪਾਰਟੀ ਵੱਲੋਂ ਭਾਰਤ ਨੂੰ ਹਿੰਦੂਆਂ ਦਾ ਵਤਨ ਬਣਾਉਣ ਦੀ ਗੱਲ ਕਰਦੇ ਨਜ਼ਰ ਆਉਂਦੀ ਹੈ।

ਯੂਏਈ ਦੀ ਅਖਬਾਰ Khaleej Times ਨੇ ਤਾਂ ਦੋ ਸ਼ਬਦਾਂ ਵਿੱਚ ਹੀ ਮੋਦੀ ਦੀ ਜਿੱਤ ਬਾਰੇ ਆਪਣੇ ਪਹਿਲੇ ਪੰਨੇ 'ਤੇ ਛਾਪਿਆ ਹੈ ," ਬਿਲਕੁਲ ਮੋਦੀ"।

ਅਖ਼ਬਾਰ ਨੇ ਲਿਖਿਆ ਹੈ ਕਿ ਨਰਿੰਦਰ ਮੋਦੀ 2.0 ਮਤਲਬ ਦੂਸਰੀ ਵਾਰ ਫੇਰ ਤੋਂ ਮੋਦੀ ਦੀ ਭਾਜਪਾ ਸਰਕਾਰ ਨੇ ਵੱਡੇ ਫ਼ਰਕ ਨਾਲ ਸਰਕਾਰ ਬਣਾਈ ਹੈ। ਕਿਵੇਂ 48 ਸਾਲਾਂ ਬਾਅਦ ਮੋਦੀ ਨੇ ਇੰਦਰਾ ਗਾਂਧੀ ਮਗਰੋਂ ਅਜਿਹਾ ਬਹੁਮਤ ਹਾਸਿਲ ਕੀਤਾ ਹੈ।

ਆਸਟ੍ਰੇਲੀਆ ਦਾ The Age ਅਖ਼ਬਾਰ ਲਿਖਦਾ ਹੈ ਕਿ ਮੋਦੀ ਦੇ ਰਾਸ਼ਟਰਵਾਦੀਆਂ ਨੇ ਇਤਿਹਾਸਿਕ ਚੋਣਾਂ ਵਿੱਚ ਜਿੱਤ ਪੱਕੀ ਕੀਤੀ ਅਤੇ ਮੋਦੀ ਕਾਰੋਬਾਰ ਵਧਾਉਣ ਵਾਲੀਆਂ ਨੀਤੀਆਂ ਅਤੇ ਦੇਸ ਦੀ ਸੁਰੱਖਿਆ ਬਾਰੇ ਗੱਲ ਕਰਦਾ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)