Result 2019: ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਜਿੱਤ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹਾਰ ਦੇ ਮਾਅਨੇ -ਨਜ਼ਰੀਆ

"ਇਹਨਾਂ ਚੋਣਾ ਤੋਂ ਬਾਅਦ ਪੰਜਾਬ ਫਿਰ ਤੋਂ ਦੋ ਪਾਰਟੀ ਸੂਬਾ ਬਣ ਗਿਆ ਹੈ। ਇਹ ਸਾਫ਼ ਹੈ ਕਿ ਹੁਣ ਇਥੇ ਦੋਵੇਂ ਹੀ ਪਾਰਟੀਆਂ ਰਹਿਣਗੀਆਂ ਤੇ ਕੋਈ ਤੀਜੀ ਨਹੀਂ।"

"ਆਮ ਆਦਮੀ ਪਾਰਟੀ ਜਿਸ ਨੇ ਪਿਛਲੀ ਵਾਰ ਚਾਰ ਸੀਟਾਂ ਲੈ ਕੇ ਸਭ ਨੂੰ ਹੈਰਾਨ ਕੀਤਾ ਸੀ ਇਸ ਵਾਰ ਪੂਰੀ ਤਰਾਂ ਫ਼ੇਲ੍ਹ ਰਹੀ ਹੈ।"

ਇਹ ਸ਼ਬਦ ਆਈਡੀਸੀ ਦੇ ਨਿਦੇਸ਼ਕ ਡਾਕਟਰ ਪ੍ਰਮੋਦ ਕੁਮਾਰ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਪੰਜਾਬ ਲਈ ਮਾਅਨਿਆਂ ਬਾਰੇ ਖ਼ਾਸ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੇ।

ਉਨ੍ਹਾਂ ਨੇ ਅੱਗੇ ਦੱਸਿਆ, "ਪੰਜਾਬ ਵਿਚ ਕਾਂਗਰਸ ਦਾ ਢਾਈ ਸਾਲ ਦੀ ਐਂਟੀ ਇੰਕਮਬੈਂਸੀ ਜਾਂ ਵਿਰੋਧੀ ਰੁੱਖ ਹੋਣ ਦੇ ਬਾਵਜੂਦ ਇਹ ਪ੍ਰਦਰਸ਼ਨ ਬੜੀ ਸਕਾਰਾਤਮਿਕ ਗੱਲ ਹੈ।"

ਇਹ ਵੀ ਪੜ੍ਹੋ:

ਇਸ ਵਾਰ ਆਪ ਪੂਰੀ ਤਰਾਂ ਖ਼ਤਮ ਹੋ ਗਈ ਹੈ ਤੇ ਇਤਿਹਾਸ ਬਣ ਗਈ ਹੈ। ਇੱਕ ਇਕੱਲੇ ਭਗਵੰਤ ਮਾਨ ਦੀ ਜਿੱਤ ਵੀ ਉਨ੍ਹਾਂ ਦੀ ਆਪਣੀ ਜਿੱਤ ਹੈ ਜਿਹੜੀ ਉਨ੍ਹਾਂ ਨੇ ਆਪਣੇ ਬੂਤੇ 'ਤੇ ਹਾਸਲ ਕੀਤੀ ਹੈ।

ਉਹਨਾਂ ਅਨੁਸਾਰ ਕੁਲ ਮਿਲਾ ਕੇ ਆਮ ਪਾਰਟੀ ਇਤਿਹਾਸ ਬਣ ਗਈ ਹੈ।

ਅਕਾਲੀ ਦਲ ਦੀ ਕਾਰਗੁਜ਼ਾਰੀ ਖ਼ਰਾਬ ਨਹੀਂ

ਉਨ੍ਹਾਂ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਨੂੰ ਦੋ ਹੀ ਸੀਟਾਂ ਮਿਲੀਆਂ ਪਰ ਇਹ ਕਾਰਗੁਜ਼ਾਰੀ ਖ਼ਰਾਬ ਨਹੀਂ ਹੈ।

ਉਹਨਾਂ ਦਸਿਆ, "ਸਾਰੇ ਦੇਸ਼ ਦੇ ਰੁਝਾਨ ਤੋਂ ਇਸ ਗਲ ਦਾ ਪਤਾ ਲੱਗਦਾ ਹੈ। ਪੰਜਾਬ ਦੇ ਸੰਦਰਭ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਜਿੱਤ ਬੜੀ ਵੱਡੀ ਸਟੇਟਮੈਂਟ ਹੈ ਤੇ ਨਾਲ ਹੀ ਤੁਸੀਂ ਇਹ ਵੀ ਵੇਖੋ ਕਿ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਰ ਹੋਈ ਹੈ।"

ਸਾਲ 2017 ਦੀ ਤੁਲਨਾ ਵਿੱਚ ਅਕਾਲੀ ਦਲ ਦੀ ਇਹ ਵਧੀਆ ਕਾਰਗੁਜ਼ਾਰੀ ਹੈ ਕਿਉਂਕਿ ਉਸ ਸਾਲ ਉਸਦੀ ਹਾਲਤ ਸਭ ਤੋਂ ਖਰਾਬ ਸੀ ਪਰ ਉਨ੍ਹਾਂ ਨੂੰ ਇਹਨਾਂ ਚੋਣਾਂ ਤੋਂ ਸਿੱਖਿਆ ਵੀ ਲੈਣੀ ਪਏਗੀ।

ਕਾਂਗਰਸ ਤੇ ਭਾਜਪਾ ਨੇ ਭਾਵਨਾਵਾਂ ਦੀ ਖੇਡ ਖੇਡੀ

ਡਾਕਟਰ ਪ੍ਰਮੋਦ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਇੱਕ ਚੀਜ਼ ਵੇਖਣ ਨੂੰ ਮਿਲੀ ਉਹ ਸੀ ਵਿਚਾਰਧਾਰਾ ਦਾ ਖ਼ਤਮ ਹੋਣਾ ਤੇ ਬੀਜੇਪੀ ਵੱਲੋਂ ਭਾਵਨਾਵਾਂ ਦਾ ਇਸਤੇਮਾਲ ਕੀਤਾ ਜਾਣਾ।

"ਪੰਜਾਬ ਵਿੱਚ ਉਸੇ ਤਰਾਂ ਹੀ ਕਾਂਗਰਸ ਨੇ ਵੀ ਇਸਦਾ ਬਖ਼ੂਬੀ ਇਸਤੇਮਾਲ ਕੀਤਾ।"

"ਪ੍ਰਮੋਦ ਕੁਮਾਰ ਨੇ ਕਿਹਾ ਕਿ ਭਾਵੇਂ ਉਹ ਕਰਤਾਰਪੁਰ ਸਾਹਿਬ ਲਾਂਘੇ ਦਾ ਮੁੱਦਾ ਹੋਵੇ ਜਾਂ ਬਰਗਾੜੀ, ਕਾਂਗਰਸ ਇਸ ਦਾ ਇਸਤੇਮਾਲ ਠੀਕ ਤਰੀਕੇ ਕਰ ਸਕੀ ਇਨ੍ਹਾਂ ਕਾਰਨਾਂ ਕਰਕੇ ਹੀ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ।"

"ਪਰ ਕੌਮੀ ਪੱਧਰ ਤੇ ਉਹ ਇਹ ਨਹੀਂ ਕਰ ਸਕੀ ਬਲਕਿ ਜਨੇਊ ਪਾਉਣਾ ਤੇ ਆਪਣੀ ਕੋਈ ਵਿਚਾਰਧਾਰਾ ਨਾ ਵਿਖਾਉਣ ਕਰ ਕੇ ਉਸ ਦਾ ਪ੍ਰਦਰਸ਼ਨ ਠੀਕ ਨਹੀਂ ਰਿਹਾ।"

ਹਰਦੀਪ ਪੁਰੀ ਦੀ ਹਾਰ ਤੇ ਸੰਨ੍ਹੀ ਦਿਉਲ ਦੀ ਜਿੱਤ

ਪ੍ਰਮੋਦ ਕੁਮਾਰ ਮੁਤਾਬਕ ਗੁਰਦਾਸਪੁਰ ਦੇ ਨਤੀਜੇ ਉਮੀਦ ਅਨੁਸਾਰ ਰਹੇ। ਉਹਨਾਂ ਦਾ ਦਾਅਵਾ ਹੈ ਕਿ ਸੰਨ੍ਹੀ ਦਿਉਲ ਦੀ ਜਗ੍ਹਾ ਕਵਿਤਾ ਖੰਨਾ (ਵਿਨੋਦ ਖੰਨਾ ਦੀ ਪਤਨੀ) ਹੁੰਦੀ ਤਾਂ ਵੀ ਉਹ ਜਿੱਤ ਜਾਂਦੀ।

ਇਸਦੀ ਵਜ੍ਹਾ ਉਨ੍ਹਾਂ ਨੇ ਦੱਸਦਿਆਂ ਕਿਹਾ, "ਜੰਮੂ ਦੇ ਨਾਲ ਲਗਦੇ ਇਲਾਕੇ ਵਿੱਚ ਭਾਜਪਾ ਦਾ ਕਾਫ਼ੀ ਪ੍ਰਭਾਵ ਹੈ ਜਿਸ ਕਰ ਕੇ ਸੁਨੀਲ ਜਾਖੜ ਨੂੰ ਇੱਕ ਵਧੀਆ ਉਮੀਦਵਾਰ ਹੋਣ ਕਰ ਕੇ ਵੀ ਹਾਰ ਦਾ ਸਾਹਮਣਾ ਕਰਨਾ ਪਿਆ।"

ਬਾਹਰੋਂ ਆਏ ਉਮੀਦਵਾਰ ਕੀ ਦਰਸਾਉਂਦੇ ਹਨ?

"ਸਕਾਈ ਲੈਬ ਕਲਚਰ ਯਾਨੀ ਬਾਹਰ ਤੋਂ ਉਮੀਦਵਾਰ ਨੂੰ ਲੈ ਕੇ ਆਉਣਾ ਇਹ ਦਰਸਾਉਂਦਾ ਹੈ ਕਿ ਇਹ ਗੰਭੀਰ ਰਾਜਨੀਤੀ ਨਹੀਂ ਹੈ। ਇਹ ਗੱਲ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵੇਖਣ ਨੂੰ ਮਿਲੀ।"

ਉਹਨਾਂ ਨੇ ਕਿਹਾ,"ਅੰਮ੍ਰਿਤਸਰ ਵਿਚ ਲੋਕਾਂ ਨੇ ਬਾਹਰ ਤੋਂ ਆਏ ਉਮੀਦਵਾਰ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।