ਕ੍ਰਿਕਟ ਵਰਲਡ ਕੱਪ 2019: ਟੀਮ ਇੰਡੀਆ ਦੀ ਚੋਣ ਕਰਨ ਵਾਲੇ ਦਿੱਗਜ ਆਪ ਕਿੰਨਾ ਖੇਡਦੇ ਰਹੇ

ਸੋਮਵਾਰ ਨੂੰ ਵਰਲਡ ਕੱਪ 2019 ਲਈ ਭਾਰਤੀ ਕ੍ਰਿਕਟ ਟੀਮ ਦੀ ਘੋਸ਼ਣਾ ਹੋਈ।

ਇਸ ਟੀਮ ਨੂੰ ਚੁਣਨ ਦਾ ਜ਼ਿੰਮਾ ਬੀਸੀਸੀਆਈ ਦੀ ਰਾਸ਼ਟਰੀ ਚੋਣ ਕਮੇਟੀ 'ਤੇ ਸੀ ਜਿਸਦੀ ਲੀਡਰਸ਼ਿਪ ਐਮਐਸਕੇ ਪ੍ਰਸਾਦ ਕਰ ਰਹੇ ਸੀ।

ਉਨ੍ਹਾਂ ਦੇ ਨਾਲ ਕਮੇਟੀ ਵਿੱਚ ਦੇਵਾਂਗ ਗਾਂਧੀ, ਸਰਨਦੀਪ ਸਿੰਘ, ਜਤਿਨ ਪਰਾਂਜਪੇ ਅਤੇ ਗਗਨ ਖੋੜਾ ਸ਼ਾਮਲ ਸੀ।

ਦਿਲਚਸਪ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਅਹਿਮ ਟੂਰਨਾਮੈਂਟ ਵਰਲਡ ਕੱਪ ਦੇ ਲਈ ਟੀਮ ਇੰਡੀਆ ਦੀ ਚੋਣ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਵਾਨ-ਡੇਅ ਇੰਟਰਨੈਸ਼ਨਲ ਦਾ ਬਹੁਤਾ ਤਜਰਬਾ ਨਹੀਂ ਹੈ।

ਪੰਜਾਂ ਨੇ ਕੁਲ੍ਹ ਮਿਲਾਕੇ ਸਿਰਫ 31 ਵਾਨ-ਡੇਅ ਮੈਚ ਖੇਡੇ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਵਰਲਡ ਕੱਪ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ:

ਐਮਐਸਕੇ ਪ੍ਰਸਾਦ- ਮੁੱਖ ਚੋਣਕਾਰ

43 ਸਾਲ ਦੇ ਪ੍ਰਸਾਦ ਦਾ ਜਨਮ ਆਂਧਰ ਪ੍ਰਦੇਸ਼ ਵਿੱਚ ਹੋਇਆ ਸੀ। ਪ੍ਰਸਾਦ ਇੱਕ ਵਿਕਟਕੀਪਰ ਤੇ ਬੱਲੇਬਾਜ਼ ਸੀ।

ਉਨ੍ਹਾਂ ਨੇ ਕੌਮੀ ਪੱਧਰ 'ਤੇ ਵਧੀਆ ਖੇਡਿਆ ਪਰ ਕੌਮਾਂਤਰੀ ਪੱਧਰ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਦਮਦਾਰ ਨਹੀਂ ਰਿਹਾ।

ਪ੍ਰਸਾਦ ਕੋਲ੍ਹ ਕੁੱਲ ਛੇ ਟੈਸਟ ਤੇ 17 ਵਾਨ-ਡੇਅ ਮੈਚਾਂ ਦਾ ਤਜਰਬਾ ਹੈ। ਵਾਨ-ਡੇਅ ਮੈਚਾਂ ਵਿੱਚ ਪ੍ਰਸਾਦ ਨੇ 14.55 ਦੇ ਮਾਮੂਲੀ ਔਸਤ ਤੋਂ 131 ਦੌੜਾਂ ਬਣਾਈਆਂ ਅਤੇ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 63 ਦੌੜਾਂ ਦਾ ਰਿਹਾ।

ਵਿਕੇਟ ਦੇ ਪਿੱਛੇ ਉਨ੍ਹਾਂ ਨੇ 14 ਕੈਚ ਲਏ ਅਤੇ ਸੱਤ ਵਾਰ ਆਪਣੀ ਫੁਰਤੀ ਨਾਲ ਬੱਲੇਬਾਜ਼ਾਂ ਨੂੰ ਸਟੰਪ ਆਉਟ ਕੀਤਾ।

ਪ੍ਰਸਾਦ ਨੇ 14 ਮਈ 1998 ਨੂੰ ਮੋਹਾਲੀ ਵਿੱਚ ਬੰਗਲਾਦੇਸ਼ ਖਿਲਾਫ ਆਪਣੇ ਵਾਨ-ਡੇਅ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਮੈਚ ਵਿੱਚ ਉਨ੍ਹਾਂ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਸੀ।

ਮੁਕਾਬਲੇ ਵਿੱਚ ਨਾ ਹੀ ਉਨ੍ਹਾਂ ਨੇ ਕੋਈ ਕੈਚ ਲਿਆ ਸੀ ਅਤੇ ਨਾ ਹੀ ਕੋਈ ਸਟੰਪਿੰਗ ਕਰ ਸਕੇ ਸਨ।

ਪ੍ਰਸਾਦ ਦਾ ਆਖਰੀ ਵਾਨ-ਡੇਅ ਮੁਕਾਬਲਾ ਵੀ ਪਹਿਲੇ ਮੈਚ ਵਾਂਗ ਹੀ ਫਿੱਕਾ ਰਿਹਾ ਸੀ।

17 ਨਵੰਬਰ 1998 ਨੂੰ ਦਿੱਲੀ ਵਿੱਚ ਉਹ ਆਖਰੀ ਵਾਰ ਭਾਰਤ ਦੀ ਵਾਨ-ਡੇਅ ਟੀਮ ਲਈ ਖੇਡੇ।

ਉਸ ਮੈਚ ਵਿੱਚ ਵੀ ਉਨ੍ਹਾਂ ਨੂੰ ਨਾ ਹੀ ਬੱਲੇਬਾਜ਼ੀ ਦਾ ਮੌਕਾ ਮਿਲਿਆ ਤੇ ਨਾ ਹੀ ਕੋਈ ਕੈਚ ਜਾਂ ਸਟੰਪਿੰਗ ਕੀਤੀ।

ਇਹ ਵੀ ਪੜ੍ਹੋ:

ਦੇਵਾਂਗ ਗਾਂਧੀ

47 ਸਾਲ ਦੇ ਦੇਵਾਂਗ ਜਿਅੰਤ ਗਾਂਧੀ ਨੂੰ ਕੁੱਲ 4 ਟੈਸਟ ਤੇ ਤਿੰਨ ਵਾਨ-ਡੇਅ ਮੁਕਾਬਲਿਆਂ ਦਾ ਤਜਰਬਾ ਹੈ।

ਦੇਵਾਂਗ ਨੂੰ 17 ਨਵੰਬਰ 1999 ਨੂੰ ਟੀਮ ਇੰਡੀਆ ਦੀ ਵਾਨ-ਡੇਅ ਕੈਪ ਮਿਲੀ ਸੀ। ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਨਿਊਜ਼ੀਲੈਂਡ ਦੇ ਖਿਲਾਫ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉੱਤਰੇ ਦੇਵਾਂਗ ਆਪਣੀ ਇਨਿੰਗ ਨੂੰ 30 ਦੌੜਾਂ ਤੋਂ ਅੱਗੇ ਨਹੀਂ ਵਧਾ ਸਕੇ ਸਨ।

ਬੰਗਾਲ ਵੱਲੋਂ ਖੇਡਣ ਵਾਲੇ ਦੇਵਾਂਗ ਨੇ ਤਿੰਨ ਵਾਨ-ਡੇਅ ਮੈਚਾਂ ਵਿੱਚ 16.33 ਦੀ ਮਾਮੂਲੀ ਔਸਤ ਤੋਂ 49 ਦੌੜਾਂ ਬਣਾਈਆਂ।

ਉਨ੍ਹਾਂ ਦਾ ਵਾਨ-ਡੇਅ ਕਰੀਅਰ ਢਾਈ ਮਹੀਨੇ ਤੋਂ ਵੱਧ ਨਹੀਂ ਖਿੱਚਿਆ ਅਤੇ 30 ਜਨਵਰੀ 2000 ਨੂੰ ਉਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ ਪਰਥ ਵਿੱਚ ਆਪਣਾ ਆਖਰੀ ਵਾਨ-ਡੇਅ ਮੈਚ ਖੇਡਿਆ।

ਸਰਨਦੀਪ ਸਿੰਘ

ਪੰਜਾਬ ਦੇ ਅੰਮ੍ਰਿਤਸਰ ਵਿੱਚ ਪੈਦਾ ਹੋਏ ਸਰਨਦੀਪ ਸਿੰਘ ਦਾ ਕੌਮਾਂਤਰੀ ਤਜਰਬਾ ਵੀ ਕੁਝ ਖਾਸ ਨਹੀਂ ਹੈ।

ਖੱਬੇ ਹੱਥ ਦੇ ਆਫਬ੍ਰੇਕ ਗੇਂਦਬਾਜ਼ ਰਹੇ ਸਰਨਦੀਪ ਸਿੰਘ ਨੂੰ ਕੁਲ ਤਿੰਨ ਟੈਸਟ ਤੇ ਪੰਜ ਵਾਨ-ਡੇਅ ਮੈਚਾਂ ਦਾ ਤਜਰਬਾ ਹੈ।

ਸਰਨਦੀਪ ਸਿੰਘ ਨੇ ਪੰਜ ਵਾਨ-ਡੇਅ ਮੈਚਾਂ ਵਿੱਚ 15.66 ਦੀ ਔਸਤ ਨਾਲ 47 ਦੌੜਾਂ ਬਣਾਈਆਂ ਹਨ।

31 ਜਨਵਰੀ 2002 ਨੂੰ ਦਿੱਲੀ ਵਿੱਚ ਇੰਗਲੈਂਡ ਦੇ ਖਿਲਾਫ ਆਪਣੇ ਵਾਨ-ਡੇਅ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਰਨਦੀਪ ਆਪਣਾ ਕਰੀਅਰ 18 ਅਪ੍ਰੈਲ 2003 ਤੋਂ ਵੱਧ ਨਹੀਂ ਖਿੱਚ ਸਕੇ।

ਢਾਕਾ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਮੁਕਾਬਲਾ ਉਨ੍ਹਾਂ ਦਾ ਆਖਰੀ ਵਾਨ-ਡੇਅ ਇੰਟਰਨੈਸ਼ਨਲ ਮੈਚ ਸਾਬਤ ਹੋਇਆ।

ਜਤਿਨ ਪਰਾਂਜਪੇ

ਮੁੰਬਈ ਦੇ ਜਤਿਨ ਪਰਾਂਜਪੇ ਦਾ ਫਰਸਟ ਕਲਾਸ ਮੈਚਾਂ ਵਿੱਚ 46 ਤੋਂ ਵੱਧ ਦਾ ਔਸਤ ਰਿਹਾ, ਪਰ ਉਹ ਭਾਰਤ ਲਈ ਸਿਰਫ ਚਾਰ ਵਾਨ-ਡੇਅ ਮੈਚ ਹੀ ਖੇਡ ਸਕੇ।

ਪਰਾਂਜਪੇ ਨੇ 28 ਮਈ 1998 ਨੂੰ ਗਵਾਲੀਅਰ ਵਿੱਚ ਕੀਨੀਆ ਦੇ ਖਿਲਾਫ ਪਹਿਲਾ ਵਾਨ-ਡੇਅ ਮੈਚ ਖੇਡਿਆ ਸੀ।

ਪਰ ਸੱਟ ਲੱਗਣ ਕਾਰਨ ਉਹ ਆਪਣਾ ਕਰੀਅਰ ਲੰਮਾ ਨਹੀਂ ਖਿੱਚ ਸਕੇ।

ਪਰਾਂਜਪੇ ਨੇ ਆਪਣਾ ਚੌਥਾ ਤੇ ਆਖਰੀ ਵਾਨ-ਡੇਅ ਪਾਕਿਸਤਾਨ ਦੇ ਖਿਲਾਫ ਟੋਰੰਟੋ ਵਿੱਚ ਖੇਡਿਆ ਸੀ। ਇਸ ਮੈਚ ਵਿੱਚ ਉਹ ਸਿਰਫ ਇੱਕ ਹੀ ਦੌੜ ਬਣਾ ਸਕੇ ਸੀ।

ਗਗਨ ਖੋੜਾ

ਸੱਜੇ ਹੱਥ ਦੇ ਬੱਲੇਬਾਜ਼ ਗਗਨ ਖੋੜਾ ਨੇ ਘਰੇਲੂ ਕ੍ਰਿਕਟ ਵਿੱਚ ਰਾਜਸਥਾਨ ਦੀ ਨੁਮਾਇੰਦਗੀ ਕੀਤੀ ਸੀ।

1991-92 ਵਿੱਚ ਆਪਣੇ ਪਹਿਲੀ ਹੀ ਰਣਜੀ ਮੈਚ ਵਿੱਚ ਖੋੜਾ ਨੇ ਸੈਂਚੁਰੀ ਮਾਰ ਕੇ ਸੁਰਖੀਆਂ ਬਟੋਰੀਆਂ ਸਨ।

ਫਰਸਟ ਕਲਾਸ ਮੈਚਾਂ ਵਿੱਚ 300 ਦਾ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਖੋੜਾ ਦਾ ਕੌਮਾਂਤਰੀ ਕਰੀਅਰ ਦੋ ਵਾਨ-ਡੇਅ ਮੈਚਾਂ ਤੋਂ ਅੱਗੇ ਨਹੀਂ ਵੱਧ ਸਕਿਆ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)