You’re viewing a text-only version of this website that uses less data. View the main version of the website including all images and videos.
ਭਾਜਪਾ ਦੀ ਜਿੱਤ - ਰਾਸ਼ਟਰਵਾਦ ਦੀ ਨਹੀਂ ਹਿੰਦੁਤਵ ਦੀ ਜਿੱਤ ਹੈ - ਸੀਨੀਅਰ ਪੱਤਰਕਾਰ ਹਰਤੋਸ਼ ਬੱਲ
ਲੋਕ ਸਭਾ ਚੋਣਾਂ 2019 ਵਿੱਚ ਮੋਦੀ ਦੀ ਜਿੱਤ ਦੇ ਕਾਰਨਾਂ ਵਿੱਚ ਰਾਸ਼ਟਰਵਾਦ ਤੇ ਮੋਦੀ ਦੀ ਸ਼ਖਸੀਅਤ ਦੀ ਵੱਡੀ ਭੂਮਿਕਾ ਰਹੀ ਹੈ।
ਇਸ ਬਾਰੇ ਸੀਨੀਅਰ ਸਿਆਸੀ ਪੱਤਰਕਾਰ ਹਰਤੋਸ਼ ਬੱਲ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ, ''ਪੰਜਾਬ ਅਤੇ ਕੇਰਲ 'ਚ ਵੀ ਰਾਸ਼ਟਰਵਾਦ ਹੈ ਪਰ ਇੱਥੇ ਹਿੰਦੂਤਵ ਦਾ ਪ੍ਰਭਾਵ ਵਧੇਰੇ ਵੇਖਣ ਨੂੰ ਨਹੀਂ ਮਿਲਿਆ। ਜਿੱਥੇ ਹਿੰਦੂਤਵ ਦਾ ਪ੍ਰਭਾਵ ਖ਼ਤਮ ਹੁੰਦਾ ਹੈ ਉੱਥੇ ਹੀ ਵੋਟਾਂ ਵੀ ਖ਼ਤਮ ਜੋ ਜਾਂਦੀਆਂ ਹਨ, ਇਸ ਲਈ ਪੰਜਾਬ, ਦੱਖਣੀ ਭਾਰਤ 'ਚ ਭਾਜਪਾ ਨੂੰ ਵੋਟ ਨਹੀਂ ਮਿਲੀ।''
''ਪੰਜਾਬ 'ਚ ਦੋ ਹਿੰਦੂ ਪ੍ਰਧਾਨ ਹਲਕਿਆਂ ਦੇ ਨਤੀਜੇ ਸੂਬੇ ਦੇ ਦੂਜੇ ਹਲਕਿਆਂ ਨਾਲੋਂ ਵੱਖ ਹਨ। ਇਹ ਰੁਝਾਨ ਭਾਰਤੀ ਕੌਮੀਅਤ ਲਈ ਬਹੁਤ ਖ਼ਤਰਨਾਕ ਹੋ ਸਕਦੇ ਹਨ।''
ਇਹ ਵੀ ਪੜ੍ਹੋ:
ਗੱਠਜੋੜ ਸਰਕਾਰਾਂ ਦੇ ਦੌਰ ਦੇ ਖ਼ਤਮ ਹੋਣ ਦੇ ਸਵਾਲ 'ਤੇ ਬੱਲ ਨੇ ਕਿਹਾ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਜਿੱਥੇ-ਜਿੱਥੇ ਵੀ ਸਿੱਧੀ ਟੱਕਰ ਹੋਈ ਹੈ ਉੱਥੇ ਕਾਂਗਰਸ ਦਾ ਸਫ਼ਾਇਆ ਹੋਇਆ ਹੈ।
ਉਨ੍ਹਾਂ ਕਿਹਾ, ''ਸਿਰਫ ਪੰਜਾਬ ਤੇ ਕੇਰਲ ਹੀ ਅਜਿਹੇ ਸੂਬੇ ਨੇ ਜਿੱਥੇ ਕਾਂਗਰਸ ਅੱਗੇ ਰਹੀ ਹੈ।
ਇਸ ਤੋਂ ਇਲਾਵਾ ਖੇਤਰੀ ਪਾਰਟੀਆਂ ਨੂੰ ਵੀ ਇਸ ਵਾਰ ਵੱਡਾ ਝੱਟਕਾ ਲੱਗਿਆ ਹੈ ਪਰ ਫਿਰ ਵੀ ਉਹ ਸੀਟਾਂ ਲੈ ਕੇ ਗਈਆਂ ਹਨ। ਹੁਣ ਤਾਂ ਉਹ ਦੌਰ ਹੈ ਕਿ ਭਾਜਪਾ ਇੱਕ ਪਾਸੇ ਅਤੇ ਦੂਜੀਆਂ ਪਾਰਟੀਆਂ ਇੱਕ ਪਾਸੇ ਹਨ। ਅਜਿਹਾ ਦੌਰ ਕਦੇ ਕਾਂਗਰਸ ਵੇਲੇ ਵੀ ਆਇਆ ਸੀ।''
ਕਾਂਗਰਸ ਦੀ ਲੀਡਰਸ਼ਿੱਪ 'ਤੇ ਸਵਾਲ
ਅਵਸਰਵਾਦੀ ਸਿਆਸਤ ਅਤੇ ਕਾਂਗਰਸ ਆਪਣੇ ਆਪ ਨੂੰ ਕਿੰਝ ਅੱਗੇ ਤੋਰੇਗੀ, ਇਸ ਸਵਾਲ ਦੇ ਜਵਾਬ 'ਚ ਬੱਲ ਨੇ ਕਿਹਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ 'ਤੇ ਉੱਠ ਰਹੇ ਸਵਾਲਾਂ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੈ।
''ਭਾਵੇਂ ਰਾਹੁਲ ਗਾਂਧੀ ਨੇ ਖੁੱਲ੍ਹੇ ਤੌਰ 'ਤੇ ਆਪਣੀ ਚੋਣ ਮੁਹਿੰਮ ਨੂੰ ਤੋਰਿਆ ਪਰ ਉਸ ਦੀ ਮੁਹਿੰਮ ਬੁਰੀ ਤਰ੍ਹਾਂ ਅਸਫਲ ਰਹੀ।”
“ਜੇ ਤੁਸੀਂ ਘੱਟ ਗਿਣਤੀਆਂ ਦੇ ਮਸਲੇ, ਲਿੰਚਿੰਗ ਬਾਰੇ ਚੁੱਪ ਰਹਿ ਕੇ ਭਾਜਪਾ ਦਾ ਵਿਰੋਧ ਕਰੋਗੇ ਤਾਂ ਤੁਹਾਨੂੰ ਲੋਕ ਵੋਟ ਕਿਉਂ ਦੇਣਗੇ।”
ਉਨ੍ਹਾਂ ਕਿਹਾ, ''ਅਸਲ ਅਤੇ ਕਾਲਪਨਿਕ ਮੁੱਦਿਆਂ ਦੇ ਨਾਲ-ਨਾਲ ਮਨੋਵਿਗਿਆਨਕ ਮੁੱਦੇ ਵੀ ਬਹੁਤ ਮਹੱਤਤਾ ਰੱਖਦੇ ਹਨ। ਜੇਕਰ ਆਰਥਿਕਤਾ ਜਾਂ ਖੇਤੀ ਦੇ ਮੁੱਦੇ 'ਤੇ ਵੋਟਾਂ ਦਾ ਆਧਾਰ ਵੇਖਿਆ ਜਾਵੇ ਤਾਂ ਪੰਜਾਬ ਅਤੇ ਹਰਿਆਣਾ 'ਚ ਇਹ ਗਿਣਤੀ ਇੱਕ ਸਮਾਨ ਹੋਣੀ ਚਾਹੀਦੀ ਹੈ ਪਰ ਹਰ ਵਾਰ ਇੰਨ੍ਹਾਂ 'ਚ ਵੱਡਾ ਅੰਤਰ ਆਉਂਦਾ ਹੈ।”
ਕਾਂਗਰਸ ਨੂੰ ਸਭ ਤੋਂ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਹ ਕਿਸ ਭਾਰਤ ਲਈ ਗੱਲ ਕਰਨਾ ਚਾਹੁੰਦੇ ਹਨ। ਜੇ ਕਾਂਗਰਸ ਇਹ ਨਹੀਂ ਦੱਸ ਸਕਦੀ ਕਿ ਉਹ ਕਿਸ ਸੋਚ ਨੂੰ ਲੈ ਕੇ ਆ ਰਹੀ ਹੈ ਤਾਂ ਉਹ ਭਾਵੇਂ ਕਿੰਨੇ ਵੀ ਆਰਥਿਕ ਪ੍ਰੋਗਰਾਮ ਲਿਆਵੇ, ਉਹ ਕੋਈ ਵੀ ਚੁਣੌਤੀ ਨਹੀਂ ਦੇ ਸਕਦੇ ਹਨ। ''
“ਜੇ ਤੁਸੀਂ ਰਾਜਸਥਾਨ ਜਾਂ ਮੱਧ ਪ੍ਰਦੇਸ਼ ਦੀ ਗੱਲ ਕਰੋ ਜਾਂ ਮਹਾਗੱਠਜੋੜ ਨੂੰ ਮਿਲੀ ਸੀਟਾਂ ਦੀ ਗੱਲ ਕਰੋ ਦਲਿਤ ਵੋਟ ਅਜੇ ਵੀ ਭਾਜਪਾ ਦੇ ਖਿਲਾਫ਼ ਗਏ ਹਨ। ਪਰ ਸਮਾਜ ਵਿੱਚ ਮੱਧਵਰਗੀ ਤਬਕਾ ਅਜੇ ਵੀ ਭਾਜਪਾ ਨਾਲ ਗਿਆ ਹੈ।”
“ਕਾਂਗਰਸ ਤੇ ਖੇਤਰੀ ਪਾਰਟੀਆਂ ਨੂੰ ਇਸ ਦਾ ਹੀ ਤੋੜ ਲੱਭਣਾ ਹੋਵੇਗਾ।”
ਪੰਜਾਬ ਅਤੇ ਕੇਰਲ ਦੇ ਨਾਲ ਨਾਲ ਕੁੱਝ ਹੋਰ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਪਿੱਛੇ ਕਿਉਂ ਰਹੀ ਹੈ ਇਸ ਦੇ ਜਵਾਬ 'ਚ ਬੱਲ ਨੇ ਕਿਹਾ ਕਿ ਹਿੰਦੂਵਾਦ ਦਾ ਪ੍ਰਭਾਵ ਇੰਨ੍ਹਾਂ ਸੂਬਿਆਂ 'ਚ ਨਾ ਮਾਤਰ ਦੇ ਬਰਾਬਰ ਰਿਹਾ ਹੈ।
ਕੇਰਲ 'ਚ ਇਸਾਈ, ਮੁਸਲਿਮ ਆਬਾਦੀ ਵਧੇਰੇ ਹੋਣ ਕਰਕੇ ਭਾਜਪਾ ਆਪਣਾ ਰੰਗ ਇੱਥੇ ਨਾ ਜਮ੍ਹਾਂ ਸਕੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਅਤੇ ਹੋਰ ਸੂਬਿਆਂ 'ਚ ਬੜ੍ਹਤ ਮਿਲੀ ਹੈ। ਜੇਕਰ ਉਨ੍ਹਾਂ ਨੂੰ ਸਿੱਖ, ਮੁਸਲਿਮ, ਦਲਿਤ ਵੋਟਰਾਂ ਦੇ ਵੋਟ ਹਾਸਿਲ ਹੋ ਰਹੇ ਹਨ ਤਾਂ ਕੀ ਉਨ੍ਹਾਂ ਦੀ ਨੁਮਾਇੰਦਗੀ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਹੈ।”
ਜੇ ਨਹੀਂ ਤਾਂ ਫਿਰ ਕਾਂਗਰਸ ਕਿਸ ਬੁਨਿਆਦ 'ਤੇ ਵੋਟਾਂ ਦੀ ਮੰਗ ਕਰ ਰਹੀ ਹੈ। ਸਿਰਫ ਰਾਹੁਲ ਗਾਂਧੀ ਦੇ ਸਿਰ 'ਤੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਹਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: