ਨਵਜੋਤ ਸਿੱਧੂ ਦੇ ਮੰਤਰੀ ਵਜੋਂ ਸਹੀ ਕੰਮ ਨਾ ਕਰਨ ਕਰਕੇ ਖੁੰਝੀ ਸ਼ਹਿਰੀ ਵੋਟ: ਕੈਪਟਨ ਅਮਰਿੰਦਰ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਪਾਕਿਸਤਾਨ ਫੌਜ ਮੁਖੀ ਨਾਲ ਯਾਰੀ ਲੋਕਾਂ, ਖ਼ਾਸਕਰ ਭਾਰਤੀ ਫੌਜੀਆਂ ਨੂੰ ਪਸੰਦ ਨਹੀਂ ਆਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਲੋਕ ਸਭਾ ਦੇ ਰੁਝਾਨਾਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਦਿੱਤਾ।

ਕੈਪਟਨ ਅਮਰਿੰਦਰ ਨੇ ਕਿਹਾ, "ਜੋ ਜਨਰਲ ਸਾਡੇ ਜਵਾਨਾਂ ਨੂੰ ਮਾਰਨ ਦੇ ਹੁਕਮ ਦਿੰਦਾ ਹੈ ਉਸ ਨਾਲ ਜਾ ਕੇ ਜੱਫੀ ਪਾਉਣਾ ਸਹੀ ਨਹੀਂ ਹੈ।"

ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਨਵਜੋਤ ਸਿੱਧੂ ਦਾ ਕਾਂਗਰਸ-ਅਕਾਲੀ ਦਲ ਦਾ ਫਰੈਂਡਲੀ ਮੈਚ ਹੋਣ ਬਾਰੇ ਦਿੱਤੇ ਬਿਆਨ ਨੇ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਤਾਂ ਪਹਿਲਾਂ ਹੀ ਚੁੱਕਿਆ ਸੀ।

"ਮੈਂ ਇਹ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਨਵਜੋਤ ਸਿੱਧੂ ਦਾ ਬਿਆਨ ਸਾਨੂੰ ਕੁਝ ਸੀਟਾਂ ਦਾ ਨੁਕਸਾਨ ਪਹੁੰਚਾ ਸਕਦਾ ਹੈ। ਮੈਂ ਮੰਨਦਾ ਹਾਂ ਕਿ ਬਠਿੰਡਾ ਦੀ ਸੀਟ ਸਾਡੇ ਤੋਂ ਇਸ ਲਈ ਹੀ ਖੁੰਝੀ ਗਈ ਹੈ।"

"ਉਨ੍ਹਾਂ ਨੇ ਇਹ ਬਿਆਨ ਬਠਿੰਡਾ ਰੈਲੀ ਵਿੱਚ ਹੀ ਦਿੱਤਾ ਸੀ।"

"ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਨੂੰ ਘੱਟ ਵੋਟਾਂ ਮਿਲੀਆਂ ਹਨ ਤੇ ਨਵਜੋਤ ਸਿੱਧੂ ਸ਼ਹਿਰੀ ਵਿਕਾਸ ਮੰਤਰੀ ਹਨ। ਸਾਨੂੰ ਇਹ ਦੇਖਣਾ ਪਵੇਗਾ ਕਿ, ਕੀ ਨਵਜੋਤ ਸਿੱਧੂ ਮੰਤਰੀ ਵਜੋਂ ਸਹੀ ਕੰਮ ਨਹੀਂ ਕਰ ਰਹੇ ਜਾਂ ਕੋਈ ਹੋਰ ਕਾਰਨ ਹੈ।"

ਇਹ ਵੀ ਪੜ੍ਹੋ:

ਰਾਹੁਲ ਗਾਂਧੀ ਨੇ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ

ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ, ''ਜਨਤਾ ਨੇ ਆਪਣਾ ਫੈਸਲਾ ਸੁਣਾਇਆ ਹੈ। ਮੈਂ ਭਾਜਪਾ ਨੂੰ ਜਿੱਤ ਦੀ ਵਧਾਈ ਦਿੰਦਾ ਹਾਂ।''

''ਸਾਡੀ ਲੜਾਈ ਵਿਚਾਰਧਾਰਾ ਦੀ ਹੈ। ਕਾਂਗਰਸ ਦੇ ਵਰਕਰ ਅਤੇ ਲੀਡਰ, ਜਿੱਤੇ-ਹਾਰੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਡਰੋ ਨਾ, ਆਤਮਵਿਸ਼ਵਾਸ ਨਹੀਂ ਗੁਆਉਣਾ, ਅਸੀਂ ਮਿਲ ਕੇ ਆਪਣੀ ਵਿਚਾਰਧਾਰਾ ਨੂੰ ਜਿਤਾਵਾਂਗੇ।''

ਅਮੇਠੀ ਵਿੱਚ ਹਾਰ ਰਾਹੁਲ ਨੇ ਸਵੀਕਾਰ ਕੀਤੀ। ਉਨ੍ਹਾਂ ਕਿਹਾ, ''ਸਮ੍ਰਿਤੀ ਇਰਾਨੀ ਨੂੰ ਵਧਾਈ ਦਿੰਦਾ ਹਾਂ। ਸਮ੍ਰਿਤੀ ਇਰਾਨੀ ਪਿਆਰ ਨਾਲ ਅਮੇਠੀ ਦੀ ਦੇਖਭਾਲ ਕਰਨ।''

ਤੁਸੀਂ ਇਹ ਵੀਡੀਓਜ਼ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)