ਮਹਿੰਦਰਪਾਲ ਬਿੱਟੂ ਕਤਲ ਮਾਮਲਾ: ਡੇਰਾ ਪ੍ਰੇਮੀ ਤੇ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਾਅਦ ਬਿੱਟੂ ਦਾ ਹੋਇਆ ਸਸਕਾਰ

    • ਲੇਖਕ, ਸੁਰਿੰਦਰ ਮਾਨ
    • ਰੋਲ, ਕੋਟਕਪੂਰਾ ਤੋਂ ਬੀਬੀਸੀ ਪੰਜਾਬੀ ਲਈ

ਮਹਿੰਦਰਪਾਲ ਸਿੰਘ ਬਿੱਟੂ ਦੇ ਸਸਕਾਰ ਬਾਰੇ ਡੇਰਾ ਪ੍ਰੇਮੀਆਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਬਣ ਗਈ ਹੈ। ਪ੍ਰਸ਼ਾਸਨ ਨੂੰ ਡੇਰਾ ਪ੍ਰੇਮੀਆਂ ਵੱਲੋਂ ਇੱਕ ਮੈਮੋਰੈਂਡਮ ਸੌਂਪਿਆ ਗਿਆ ਹੈ।

ਇਸ ਮੈਮੋਰੈਂਡਮ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਮੰਗਾਂ ਰੱਖੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਜਿਹੜੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ, ਉਹ ਇਸ ਪ੍ਰਕਾਰ ਹਨ:

  • ਮਹਿੰਦਰ ਪਾਲ ਸਿੰਘ ਦੀ ਨਾਭਾ ਜੇਲ੍ਹ ਵਿੱਚ ਹੋਈ ਮੌਤ ਦੀ ਹਾਈ ਲੈਵਲ ਕਮੇਟੀ ਜ਼ਰੀਏ ਜਾਂਚ ਕੀਤੀ ਜਾਵੇਗੀ।
  • ਮਾਮਲੇ ਦੀ ਜਾਂਚ ਦੀ ਰਿਪੋਰਟ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਜਾਵੇਗੀ ਅਤੇ ਉਨ੍ਹਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ।
  • ਜੋ ਡੇਰਾ ਪ੍ਰੇਮੀ ਜ਼ਮਾਨਤ ਤੇ ਹਨ ਜਾਂ ਜੇਲ੍ਹ ਵਿੱਚ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
  • ਜਿਨ੍ਹਾਂ ਮਾਮਲਿਆਂ ਵਿੱਚ ਚਾਰਜਸ਼ੀਟ ਫਾਇਲ ਹੋ ਚੁੱਕੀ ਹੈ ਉਨ੍ਹਾਂ ਦੀ ਕਾਰਵਾਈ ਫਾਸਟ ਟਰੈਕ ਕੋਰਟ ਰਾਂਹੀ ਕੀਤੀ ਜਾਵੇਗੀ।

ਡੇਰਾ ਸੱਚਾ ਸੌਦਾ, ਸਿਰਸਾ ਦੀ 45 ਮੈਂਬਰੀ ਕਮੇਟੀ ਅਤੇ ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੇ ਉਸ ਦੀ ਮੌਤ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ।

ਬਿੱਟੂ ਦੇ ਨਾਭਾ ਜੇਲ੍ਹ 'ਚ ਹੋਏ ਕਤਲ ਤੋਂ ਬਾਅਦ ਕਮੇਟੀ ਨੇ ਪੰਜਾਬ ਸਰਕਾਰ ਅੱਗੇ ਦੋ ਮੰਗਾਂ ਰੱਖੀਆਂ ਹਨ।

ਪਹਿਲਾਂ ਲਗਾਤਾਰ ਡੇਰੇ ਦੀ ਕਮੇਟੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾਂ ਚਿਰ ਬਿੱਟੂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਮਹਿੰਦਰਪਾਲ ਬਿੱਟੂ ਬਰਗਾੜੀ ਬੇਅਦਬੀ ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਨਾਮਜ਼ਦ ਕੀਤਾ ਗਿਆ ਮੁਲਜ਼ਮ ਸੀ।

ਪਹਿਲਾਂ ਉਹ ਫਰੀਦਕੋਟ ਜੇਲ੍ਹ 'ਚ ਵਿਚਾਰ ਅਧੀਨ ਕੈਦੀ ਸੀ ਪਰ ਤਿੰਨ ਮਹੀਨੇ ਪਹਿਲਾਂ ਉਸ ਦੀ ਜਾਨ ਨੂੰ ਖ਼ਤਰਾ ਹੋਣ ਦੇ ਮੱਦੇਨਜ਼ਰ ਨਾਭਾ ਜੇਲ 'ਚ ਤਬਦੀਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਮਹਿੰਦਰਪਾਲ ਬਿੱਟੂ ਦੀ ਲਾਸ਼ ਨੂੰ ਕੋਟਕਪੂਰਾ (ਫਰੀਦਕੋਟ) ਦੇ ਨਾਮ ਚਰਚਾ ਘਰ 'ਚ ਰੱਖਿਆ ਗਿਆ ਸੀ।

ਕੀ ਹਨ ਮੰਗਾਂ

ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਇਸ ਨਾਮ ਚਰਚਾ ਘਰ 'ਚ ਬੈਠੇ ਹਨ ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰੇਮੀਆਂ ਦਾ ਇੱਥੇ ਪਹੁੰਚਣਾ ਨਿਰੰਤਰ ਜਾਰੀ ਹੈ।

ਡੇਰਾ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ, ''ਮਹਿੰਦਰਪਾਲ ਬਿੱਟੂ ਦਾ ਕਤਲ ਇੱਕ ਯੋਜਨਾ ਦਾ ਹਿੱਸਾ ਹੈ। ਇਹ ਕੈਦੀਆਂ ਦੀ ਝੜਪ ਨਹੀਂ ਹੈ।"

"ਇਸ ਗੱਲ ਦੀ ਜੁਡੀਸ਼ੀਅਲ ਜਾਂਚ ਹੋਵੇ ਕਿ ਕਾਤਲਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਹਨ, ਜਿਨ੍ਹਾਂ ਨੇ ਇਸ ਕਤਲ ਲਈ ਕਾਤਲਾਂ ਨੂੰ ਉਕਸਾਇਆ।''

''ਦੂਜੀ ਮੰਗ ਹੈ ਕਿ ਡੇਰਾ ਪ੍ਰੇਮੀਆਂ ਖਿਲਾਫ਼ ਦਰਜ ਕੀਤੇ ਗਏ ਬੇਅਦਬੀ ਦੇ ਕੇਸ ਖਾਰਜ ਕੀਤੇ ਜਾਣ ਕਿਉਂਕਿ ਡੇਰਾ ਸਿਰਸਾ ਹਰ ਧਰਮ ਦਾ ਬਰਾਬਰ ਸਤਿਕਾਰ ਕਰਦਾ ਹੈ।"

"ਬੇਅਦਬੀ ਦੇ ਕੇਸ ਵੀ ਇੱਕ ਸਾਜ਼ਸ਼ ਦਾ ਹਿੱਸਾ ਹਨ, ਜਿਨ੍ਹਾਂ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਲੋੜ ਹੈ।''

ਡੇਰਾ ਪ੍ਰੇਮੀਆ ਦੇ ਕੋਟਕਪੂਰਾ 'ਚ ਵਧ ਰਹੀ ਆਮਦ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਹਨ।

ਇਸ ਦੇ ਨਾਲ ਹੀ ਮਾਲਵਾ ਖਿੱਤੇ ਦੇ ਸਮੁੱਚੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਮੁੱਖ ਮਾਰਗਾਂ 'ਤੇ ਨਾਕਬੰਦੀ ਕਰਕੇ ਪੁਲਿਸ ਦੀ ਗਿਣਤੀ ਵਧਾ ਦਿੱਤੀ ਗਈ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਪੁਲਿਸ ਤੇ ਨੀਮ ਫੌਜੀ ਦਲਾਂ ਨੇ ਫਲੈਗ ਮਾਰਚ ਕਰਕੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ।

ਬਿੱਟੂ ਦੇ ਬੇਟੇ ਨੇ ਕੀ ਕਿਹਾ

ਮਹਿੰਦਰਪਾਲ ਬਿੱਟੂ ਦੇ ਪੁੱਤਰ ਰਮਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਨਾਭਾ ਜੇਲ੍ਹ ਵਿੱਚ ਮੁਲਾਕਾਤ ਕਰਕੇ ਹਾਲੇ ਵਾਪਸ ਘਰ ਪਰਤੇ ਹੀ ਸਨ ਕਿ ਬੁਰੀ ਖ਼ਬਰ ਦਾ ਸੁਨੇਹਾ ਆ ਗਿਆ।

''ਹਾਂ, ਮੇਰੇ ਪਿਤਾ ਨੇ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਜੇਲ੍ਹ 'ਚ ਬੰਦ ਕੁੱਝ ਲੋਕ ਅਕਸਰ ਹੀ ਉਨਾਂ ਨੂੰ ਘੂਰਦੇ ਰਹਿੰਦੇ ਹਨ। ਮੇਰੇ ਪਿਤਾ ਦਾ ਇਕ ਸਾਜ਼ਸ਼ ਤਹਿਤ ਕਤਲ ਹੋਇਆ ਹੈ।"

ਆਪਣੀ ਗੱਲ ਜਾਰੀ ਰਖਦਿਆਂ ਉਨ੍ਹਾਂ ਕਿਹਾ, "ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੀ ਜੇਲ੍ਹ 'ਚ ਮੇਰੇ ਪਿਤਾ 'ਤੇ ਪਿੱਠ ਪਿੱਛੋਂ ਹਮਲਾ ਕੀਤਾ ਗਿਆ ਤੇ ਉਨਾਂ ਨੂੰ ਮੌਕੇ 'ਤੇ ਹੀ ਮਾਰ ਮੁਕਾਇਆ ਗਿਆ। ਜੇਲ੍ਹ ਅਧਿਕਾਰੀ ਮੇਰੇ ਪਿਤਾ ਦੀ ਸੁਰੱਖਿਆ ਨੂੰ ਲੈ ਕੇ ਸੁੱਤੇ ਕਿਉਂ ਰਹੇ, ਇਸ ਗੱਲ ਦਾ ਤਾਂ ਪਤਾ ਨਹੀਂ ਹੈ।''

45 ਮੈਂਬਰੀ ਕਮੇਟੀ ਦੀ ਕੋਟਕਪੂਰਾ ਦੇ ਨਾਮ ਚਰਚਾ ਘਰ 'ਚ ਇੱਕ ਬੰਦ ਕਮਰਾ ਮੀਟਿੰਗ ਹੋਈ, ਜਿਸ ਵਿੱਚ ਮਹਿੰਦਪਾਲ ਬਿੱਟੂ ਦੀ ਮੌਤ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।

ਕਮੇਟੀ ਮੈਂਬਰ ਹਰਚਰਨ ਸਿੰਘ ਨੇ ਕਿਹਾ, ''ਜਿੰਨਾਂ ਚਿਰ ਬਿੱਟੂ ਦੇ ਕਤਲ ਦੇ ਮਾਸਟਰਮਾਈਂਡ ਨੂੰ ਜੱਗ ਜਾਹਰ ਨਹੀਂ ਕੀਤਾ ਜਾਂਦਾ, ਉਨਾਂ ਚਿਰ ਸਾਧ ਸੰਗਤ ਸੰਘਰਸ਼ ਕਰਦੀ ਰਹੇਗੀ। ਇਹ ਗੱਲ ਵੀ ਸਾਫ਼ ਹੈ ਕਿ ਡੇਰੇ ਦੀ ਸਾਧ-ਸੰਗਤ ਹਰ ਧਰਮ ਦਾ ਸਤਿਕਾਰ ਕਰਦੀ ਹੈ।"

"ਜਦਕਿ ਕੁੱਝ ਸ਼ਕਤੀਆਂ ਗਲਤ ਧਾਰਨਾਵਾਂ ਪੈਦਾ ਕਰਕੇ ਪੰਜਾਬ ਦੇ ਫਿਰਕਿਆਂ 'ਚ ਪਾੜਾ ਪਾਉਣ ਲਈ ਪਿਛਲੇ ਸਮੇਂ ਤੋਂ ਯਤਨਸ਼ੀਲ ਹਨ। ਡੇਰਾ ਸੱਚਾ ਸੌਦਾ ਅਜਿਹੀਆਂ ਸਾਜਸ਼ਾਂ ਨੂੰ ਬੇਨਕਾਬ ਕਰੇਗਾ ਤੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰੇਗਾ।''

ਇਹ ਵੀ ਪੜ੍ਹੋ:

'ਪੰਜਾਬ 'ਚ ਸ਼ਾਂਤੀ ਤੇ ਆਪਸੀ ਭਾਈਚਾਰਾ ਕਾਇਮ ਰਹੇ'

ਇਸੇ ਦੌਰਾਨ, ਫਿਰੋਜ਼ਪੁਰ ਰੇਂਜ ਦੇ ਆਈਜੀ ਪੁਲਿਸ ਮੁਖਵਿੰਦਰ ਸਿੰਘ ਛੀਨਾ ਨੇ ਮਹਿੰਦਰਪਾਲ ਬਿੱਟੂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਆਈਜੀ ਨੇ ਕਿਹਾ, ''ਮਹਿੰਦਪਾਲ ਬਿੱਟੂ ਦਾ ਕਤਲ ਮੰਦਭਾਗੀ ਘਟਨਾ ਹੈ। ਪਰਿਵਾਰ ਤੇ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਨੂੰ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਹਿਯੋਗ ਦੇਣ ਦੀ ਗੱਲ ਕੀਤੀ ਗਈ ਹੈ।"

"ਇਸ ਦੇ ਨਾਲ ਹੀ ਪਰਿਵਾਰ ਨਾਲ ਹਮਦਰਦੀ ਕਰਦੇ ਹੋਏ ਮਹਿੰਦਰਪਾਲ ਬਿੱਟੂ ਦੇ ਸਸਕਾਰ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।''

ਉਨ੍ਹਾਂ ਅੱਗੇ ਕਿਹਾ, ''ਇਸ ਤੋਂ ਇਲਾਵਾ ਸੁਰੱਖਿਆ ਦੇ ਮਾਮਲੇ 'ਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਿਸ਼ਾਨਦੇਹੀ ਵਾਲੇ ਪੁਆਇੰਟਾਂ 'ਤੇ ਤਾਇਨਾਤੀ ਕਰ ਦਿੱਤੀ ਗਈ ਹੈ।''

ਇਸ ਦੇ ਨਾਲ ਹੀ ਪਟਿਆਲਾ ਜ਼ੋਨ ਦੇ ਆਈਜੀ ਏਐੱਸ ਰਾਏ ਨੇ ਕਿਹਾ, ''ਜੇਲ੍ਹ ਵਿੱਚ ਜਿਹੜੀ ਮੌਤ ਹੋਈ ਹੈ, ਉਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਘਟਨਾ ਨੂੰ ਇਸ ਸੰਦਰਭ 'ਚ ਦੇਖਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸ਼ਾਂਤੀ ਤੇ ਆਪਸੀ ਭਾਈਚਾਰਾ ਕਾਇਮ ਰਹੇ।"

"ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਦੋਸ਼ੀਆਂ ਵਿਰੁੱਧ ਮਾਮਲਾ ਨਾਭਾ ਥਾਣੇ 'ਚ ਦਰਜ ਕਰਕੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨਾਂ ਕਿਹਾ, ''ਜਾਂਚ ਦਾ ਕੰਮ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਘਟਨਾ ਸਬੰਧੀ ਵਿਸ਼ੇਸ਼ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜਲਦੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)