You’re viewing a text-only version of this website that uses less data. View the main version of the website including all images and videos.
ਮੁਖਰਜੀ ਨਗਰ ਕੁੱਟਮਾਰ ਮਾਮਲਾ: ਪੁਲਿਸ ਦੀ ਕੁੱਟਮਾਰ ਅਤੇ ਤਲਵਾਰ ਚੁੱਕਣ ਬਾਰੇ ਹੁਣ ਕੀ ਕਹਿੰਦੇ ਹਨ ਸਰਬਜੀਤ ਸਿੰਘ? - ਗਰਾਊਂਡ ਰਿਪੋਰਟ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਪੁਲਿਸ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜੇਕਰ ਮੇਰੇ ਕੋਲੋਂ ਇੱਕ ਜਾਂ ਦੋ ਵਾਰ ਪੁਲਿਸ ਉੱਤੇ ਹਮਲੇ ਹੋ ਗਏ ਤਾਂ ਇਸ ਵਿਚ ਕੀ ਗ਼ਲਤ ਹੈ।"
ਇਹ ਕਹਿਣਾ ਹੈ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਆਟੋ ਚਲਾਉਣ ਵਾਲੇ ਸਰਬਜੀਤ ਸਿੰਘ ਦਾ।
ਸਰਬਜੀਤ ਸਿੰਘ ਉਹੀ ਆਟੋ ਡਰਾਈਵਰ ਹੈ ਜਿਸ ਦੀਆਂ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਸਰਬਜੀਤ ਪਹਿਲਾਂ ਪੁਲਿਸ ਵਾਲਿਆਂ ਮਗਰ ਤਲਵਾਰ ਲੈ ਕੇ ਦੌੜੇ ਇਸ ਮਗਰੋਂ ਦਿੱਲੀ ਪੁਲਿਸ ਦੇ ਕੁਝ ਕਰਮੀ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
ਸਰਬਜੀਤ ਸਿੰਘ ਨੇ ਦੱਸਿਆ, "ਅਸੀਂ ਪੁਲਿਸ ਤੋਂ ਬਚਣ ਦੀ ਕਾਫ਼ੀ ਕੋਸਿਸ ਕੀਤੀ ਪਰ ਪੁਲਿਸ ਨੇ ਸਾਨੂੰ ਨਹੀਂ ਬਖ਼ਸ਼ਿਆ।"
ਦਿੱਲੀ ਪੁਲਿਸ ਮੁਤਾਬਕ ਸਰਬਜੀਤ ਸਿੰਘ ਵੱਲੋਂ ਉੱਥੇ ਮੌਜੂਦ ਪੁਲਿਸ ਕਰਮੀਆਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਦਕਿ ਸਰਬਜੀਤ ਸਿੰਘ ਦੀ ਦਲੀਲ ਹੈ ਕਿ ਪੁਲਿਸ ਨੇ ਉਸ ਨਾਲ ਪਹਿਲਾਂ ਬੁਰਾ ਵਿਵਹਾਰ ਕੀਤਾ ਅਤੇ ਉਸ ਦੀ ਅਤੇ ਉਸ ਦੇ 15 ਸਾਲਾ ਬੇਟੇ ਬਲਵੰਤ ਸਿੰਘ ਦੀ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ-
ਪੁਲਿਸ ਦੀ ਕਾਰਵਾਈ
ਦਿੱਲੀ ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਦੋਹਾਂ ਧਿਰਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਪਹਿਲੀ ਐੱਫਆਈਆਰ ਦਿੱਲੀ ਪੁਲਿਸ ਉੱਤੇ ਡਿਊਟੀ ਦੌਰਾਨ ਤਲਵਾਰ ਨਾਲ ਹਮਲਾ ਕਰਨ ਲਈ ਸਰਬਜੀਤ ਸਿੰਘ ਦੇ ਖ਼ਿਲਾਫ਼ ਦਰਜ ਕੀਤੀ ਗਈ ਹੈ।
ਦੂਜੀ ਸਰਬਜੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਕਰਮੀਆਂ ਦੇ ਖ਼ਿਲਾਫ਼ ਵਧੀਕੀਆਂ ਕਰਨ ਦੇ ਦੋਸ਼ ਵਿਚ ਦਰਜ ਕੀਤੀ ਹੈ।
ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਤਿੰਨ ਪੁਲਿਸ ਕਰਮੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਤਫ਼ਤੀਸ਼ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ-
ਕੀ ਸੀ ਪੂਰਾ ਮਾਮਲਾ
ਦਰਅਸਲ ਦਿੱਲੀ ਦੇ ਮੁਖਰਜੀ ਨਗਰ 'ਚ ਬੀਤੀ 16 ਜੂਨ ਨੂੰ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ 15 ਸਾਲਾ ਬੇਟੇ ਦੀ ਪਹਿਲਾਂ ਦਿੱਲੀ ਪੁਲਿਸ ਨਾਲ ਬਹਿਸ ਹੋਈ।
ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਵਾਇਰਲ ਹੋਈਆਂ ਹਨ ਉਸ ਮੁਤਾਬਕ ਸਰਬਜੀਤ ਸਿੰਘ ਤਲਵਾਰ ਲੈ ਕੇ ਪੁਲਿਸ ਕਰਮੀਆਂ ਦੇ ਪਿੱਛੇ ਭੱਜ ਰਿਹਾ ਹੈ ਅਤੇ ਫਿਰ ਪੁਲਿਸ ਵਾਲੇ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
ਸਰਬਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, ''ਪੁਲਿਸ ਨੇ ਪਹਿਲਾਂ ਬੁਰਾ ਵਿਵਹਾਰ ਕੀਤਾ ਅਤੇ ਫਿਰ ਅਪਸ਼ਬਦ ਬੋਲੇ ਜੋ ਮੇਰੇ ਤੋਂ ਬਰਦਾਸ਼ਤ ਨਹੀਂ ਹੋਏ। ਪੁਲਿਸ ਕਰਮੀ ਮੇਰੇ ਵੱਲ ਡੰਡੇ ਲੈ ਕੇ ਵਧੇ ਤਾਂ ਉਸ ਨੇ ਮੈਂ ਆਪਣੀ ਰੱਖਿਆ ਲਈ ਤਲਵਾਰ ਚੁੱਕੀ।''
''ਮੈਂ ਤਲਵਾਰ ਚੁੱਕਣ ਨੂੰ ਗ਼ਲਤ ਨਹੀਂ ਸਮਝਦਾ, ਹਾਲਾਤ ਦੇ ਮੱਦੇਨਜ਼ਰ ਜੋ ਕਰਨਾ ਚਾਹੀਦਾ ਸੀ ਉਹ ਮੈਂ ਕੀਤਾ।''
ਕੀ ਤਲਵਾਰ ਚੁੱਕਣਾ ਜਾਇਜ਼ਾ ਸੀ
ਸਰਬਜੀਤ ਸਿੰਘ ਵੱਲੋਂ ਤਲਵਾਰ ਨਾਲ ਜਿਸ ਤਰ੍ਹਾਂ ਪੁਲਿਸ 'ਤੇ ਵਾਰ ਕੀਤੇ ਗਏ ਕੀ ਉਹ ਜਾਇਜ਼ ਸੀ? ਇਸ ਉੱਤੇ ਬੀਬੀਸੀ ਪੰਜਾਬੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਗੱਲ ਕੀਤੀ।
ਸਿਰਸਾ ਮੁਤਾਬਕ, ''ਪੁਲਿਸ ਉੱਤੇ ਤਲਵਾਰ ਦਾ ਵਾਰ ਕਰਨਾ ਜਾਇਜ਼ ਨਹੀਂ ਸੀ। ਪਰ ਸਰਬਜੀਤ ਸਿੰਘ ਦੇ ਮਾਮਲੇ ਵਿਚ ਉਸ ਨੇ ਇਹ ਸਭ ਕੁਝ ਆਪਣੀ ਸਵੈ-ਰੱਖਿਆ ਦੇ ਲਈ ਕੀਤਾ ਹੈ।"
ਇਹ ਵੀ ਪੜ੍ਹੋ-
"ਇੱਕ ਬੇਟੇ ਦੇ ਸਾਹਮਣੇ ਉਸ ਦੇ ਪਿਤਾ ਨਾਲ ਕੁੱਟਮਾਰ ਹੋ ਰਹੀ ਹੋਵੇ ਉਹ ਬਰਦਾਸ਼ਤ ਨਹੀਂ ਹੋਈ ਹੋ ਸਕਦੀ। ਜੇਕਰ ਸਰਬਜੀਤ ਸਿੰਘ ਨੇ ਗ਼ਲਤੀ ਕੀਤੀ ਸੀ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਸੀ ਪਰ ਪੁਲਿਸ ਨੇ ਅਜਿਹਾ ਨਾ ਕਰ ਕੇ ਸ਼ਰੇਆਮ ਉਸ ਦੀ ਗ਼ੈਰਕਾਨੂੰਨੀ ਤਰੀਕੇ ਨਾਲ ਕੁੱਟਮਾਰ ਕੀਤੀ।"
ਉਨ੍ਹਾਂ ਨਾਲ ਹੀ ਇਹੀ ਕਿਹਾ ਹੈ ਕਿ ਪੁਲਿਸ ਥਾਣੇ ਦੇ ਬਾਹਰ ਸਿੱਖ ਨੌਜਵਾਨਾਂ ਵੱਲੋਂ ਪੁਲਿਸ ਕਰਮੀਆਂ ਦੀ ਕੁੱਟਮਾਰ ਕਰਨੀ ਵੀ ਪੂਰੀ ਤਰ੍ਹਾਂ ਗ਼ਲਤ ਸੀ।
ਇਲਾਕੇ ਦੀ ਸਥਿਤੀ
ਦਿੱਲੀ ਦੇ ਮੁਖਰਜੀ ਨਗਰ ਵਿੱਚ 16 ਜੂਨ ਸ਼ਾਮੀ 6 ਵਜੇ ਦੇ ਕਰੀਬ ਸਰਬਜੀਤ ਸਿੰਘ ਅਤੇ ਉਸ ਦੇ ਬੇਟੇ ਦਾ ਦਿੱਲੀ ਪੁਲਿਸ ਦੇ ਕਰਮਚਾਰੀਆਂ ਨਾਲ ਝਗੜਾ ਹੋਇਆ।
ਇਲਾਕੇ ਦੇ ਲੋਕਾਂ ਵਿਚ ਅਜੇ ਵੀ ਇਸ ਘਟਨਾ ਦੀ ਚਰਚਾ ਬਰਕਰਾਰ ਹੈ।
ਜਿਸ ਥਾਂ 'ਤੇ ਸਰਬਜੀਤ ਸਿੰਘ ਦਾ ਪੁਲਿਸ ਵਾਲਿਆਂ ਨਾਲ ਝਗੜਾ ਹੋਇਆ ਉਥੇ ਹੀ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਨਵੀਨ ਕੁਮਾਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਇੱਥੇ ਕੰਮ ਠੱਪ ਹੈ।
ਉਨ੍ਹਾਂ ਅੱਗੇ ਕਿਹਾ, "ਐਤਵਾਰ ਦੀ ਘਟਨਾ ਮੰਦਭਾਗੀ ਸੀ। ਪੁਲਿਸ ਦੀ ਕੁੱਟਮਾਰ ਜਾਇਜ਼ ਨਹੀਂ ਸੀ ਪਰ ਸਰਦਾਰ ਜੀ ਨੇ ਜੋ ਤਲਵਾਰ ਕੱਢੀ ਉਹ ਵੀ ਗ਼ਲਤ ਸੀ।"
ਸਰਬਜੀਤ ਸਿੰਘ ਦਿੱਲੀ ਦੇ ਗਾਂਧੀ ਵਿਹਾਰ ਵਿਚ ਇਲਾਕੇ ਵਿਚ ਰਹਿੰਦਾ ਹੈ ਬੀਬੀਸੀ ਦੀ ਟੀਮ ਉਸ ਦੇ ਘਰ ਵੀ ਗਈ ਪਰ ਉੱਥੇ ਤਾਲਾ ਲੱਗਾ ਹੋਇਆ ਸੀ।
ਉਸ ਦੇ ਗੁਆਂਢੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਅਤੇ ਉਸ ਦਾ ਬੇਟਾ ਆਟੋ ਚਲਾ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਮੁਹੱਲੇ ਵਿਚ ਅਜੇ ਵੀ ਇਸ ਗੱਲ ਦੀ ਚਰਚਾ ਹੈ।
ਇਹ ਵੀਡੀਓ ਵੀ ਜ਼ਰੂਰ ਦੇਖੋ