ਮੁਖਰਜੀ ਨਗਰ ਕੁੱਟਮਾਰ ਮਾਮਲਾ: ਦਿੱਲੀ ਪੁਲਿਸ ਵਲੋਂ ਕੁੱਟਮਾਰ 'ਤੇ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਕੀ ਕੀ ਬੋਲੇ

ਦਿੱਲੀ ਦੇ ਮੁਖਰਜੀ ਨਗਰ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਸਿੱਖ ਪਿਓ-ਪੁੱਤ ਨਾਲ ਹੋਈ ਕਥਿਤ ਕੁੱਟਮਾਰ ਦੇ ਮਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਮਾਮੂਲੀ ਗੱਲ 'ਤੇ ਸਰਬਜੀਤ ਸਿੰਘ ਅਤੇ ਬਲਵੰਤ ਸਿੰਘ ਦੀ ਕੁੱਟਮਾਰ, ਦਿੱਲੀ ਪੁਲਿਸ ਦੀ ਸ਼ਰਮਨਾਕ ਘਟਨਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕਰਦਾ ਹਾਂ ਕਿ ਇਨਸਾਫ਼ ਹੋਵੇ।"

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਇਸ ਮਸਲੇ 'ਤੇ ਪ੍ਰਤੀਕਰਮ ਦਿੱਤਾ ਅਤੇ ਕਿਹਾ ਕਿ ਉਹ ਇਨਸਾਫ਼ ਦੀ ਭੀਖ ਨਹੀਂ ਮੰਗਣਗੇ ਬਲਕਿ ਇਨਸਾਫ਼ ਲੈ ਕੇ ਰਹਿਣਗੇ।

ਉਹਨਾਂ ਕਿਹਾ, "ਪੁਲਿਸ ਵਰਦੀ ਵਿੱਚ ਗੁੰਡਾ ਬਣ ਚੁੱਕੀ ਹੈ। ਇਵੇਂ ਵਰਤਾਅ ਕਰ ਰਹੀ ਹੈ ਜਿਵੇਂ ਅੱਤਵਾਦੀ ਹੋਣ। ਪਿਸਤੌਲ ਦੇ ਬੱਟ ਨਾਲ ਮਾਰਿਆ ਜਾ ਰਿਹਾ ਉਸ ਨੂੰ, ਸੋਟੀਆਂ ਨਾਲ ਮਾਰਿਆ ਜਾ ਰਿਹਾ , ਫਿਰ ਇਹ ਬਿਆਨ ਆਉਂਦਾ ਹੈ ਕਿ ਉਸ ਨੇ ਕਿਰਪਾਨ ਕੱਢੀ ਸੀ.. ਕੀ ਕਿਰਪਾਨ ਕੱਢਣ ਦਾ ਹੱਕ ਨਹੀਂ ਉਸ ਨੂੰ ਜੇ ਉਸ ਨੂੰ ਕੋਈ ਸੋਟੀਆਂ ਨਾਲ ਮਾਰੇਗਾ?"

"ਕਿਸ ਸੰਵਿਧਾਨ ਦੇ ਤਹਿਤ ਅਧਿਕਾਰ ਹੈ ਸੋਟੀਆਂ ਮਾਰਨ ਦਾ ? ਜੇ ਉਹਨਾਂ ਨੂੰ ਸੋਟੀਆਂ ਮਾਰਨ ਅਧਿਕਾਰ ਹੈ ਤਾਂ ਸੋਟੀਆਂ ਖਾਣਾ ਸਾਡਾ ਅਧਿਕਾਰ ਨਹੀਂ, ਜਵਾਬ ਦੇਣਾ ਵੀ ਸਾਡਾ ਅਧਿਕਾਰ ਹੈ, ਕਿਰਪਾਨ ਕੱਢਣਾ ਵੀ ਸਾਡਾ ਅਧਿਕਾਰ ਹੈ। ਖੁਦ ਦਾ ਬਚਾਅ ਕਰਨਾ ਸਾਡਾ ਹੱਕ ਹੈ। ਜੋ ਸਰਬਜੀਤ ਸਿੰਘ ਨੇ ਕੀਤਾ, ਅਸੀਂ ਬਿਲਕੁਲ ਉਸਦੇ ਨਾਲ ਹਾਂ।"

ਇਹ ਵੀ ਪੜ੍ਹੋ:

ਆਗੂਆਂ ਵਲੋਂ ਨਿੰਦਾ

ਸਿਰਸਾ ਨੇ ਸਖ਼ਤੀ ਨਾਲ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦੇਣਾ ਇਸ ਮਸਲੇ ਦਾ ਇਨਸਾਫ਼ ਨਹੀਂ, ਬਲਕਿ ਉਹਨਾਂ ਉੱਪਰ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਨੌਕਰੀਆਂ ਤੋਂ ਲਾਹੇ ਜਾਣੇ ਚਾਹੀਦੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ। ਉਹਨਾਂ ਟਵੀਟ ਕੀਤਾ, "ਮੁਖਰਜੀ ਨਗਰ ਵਿੱਚ ਦਿੱਲੀ ਪੁਲਿਸ ਦੀ ਬੇਰਹਿਮੀ ਨਿੰਦਣਯੋਗ ਅਤੇ ਅਨਿਆਂ ਹੈ।

ਮੈਂ ਸਾਰੀ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ। ਨਾਗਰਿਕਾਂ ਦੇ ਰਾਖਿਆਂ ਨੂੰ ਬੇਕਾਬੂ ਹਿੰਸਕ ਭੀੜ ਨਹੀਂ ਬਣਨ ਦਿੱਤਾ ਜਾ ਸਕਦਾ।"

ਸਰਬਜੀਤ ਸਿੰਘ ਨੇ ਲੋਕਾਂ ਨੂੰ ਘਰੋ-ਘਰੀਂ ਜਾਣ ਦੀ ਕੀਤੀ ਅਪੀਲ

ਸੋਮਵਾਰ ਸ਼ਾਮੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੀਡੀਓ ਜਾਰੀ ਕੀਤੀ। ਸਿਰਸਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਪਿਤਾ ਸਰਬਜੀਤ ਸਿੰਘ (ਡਰਾਈਵਰ) ਆਪਣੇ ਪੁੱਤਰ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਸਰਬਜੀਤ ਸਿੰਘ ਨੇ ਇਸ ਵੀਡੀਓ ਵਿੱਚ ਦੱਸਿਆ,

"ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਅੱਜ ਪੁਲਿਸ ਕਮਿਸ਼ਨਰ ਕੋਲ ਗਏ ਸੀ। ਉੱਥੇ ਜਿਨ੍ਹਾਂ ਨੇ ਸਾਡੇ 'ਤੇ ਅਟੈਕ ਕੀਤਾ ਸੀ, ਉਨ੍ਹਾਂ ਦੇ ਖਿਲਾਫ਼ ਜੋ ਵੀ ਗੱਲਬਾਤ ਦੱਸਣੀ ਸੀ, ਅਸੀਂ ਦੱਸੀ ਹੈ। ਉਨ੍ਹਾਂ ਨੇ ਸੋਹਣੀ ਤਰ੍ਹਾਂ ਸੁਣੀ ਵੀ ਹੈ। ਐਕਸ਼ਨ ਬਾਰੇ ਵੀ ਉਨ੍ਹਾਂ ਨੇ ਕਿਹਾ ਹੈ।"

ਉਨ੍ਹਾਂ ਆਪਣੀ ਗੱਲ ਜਾਰੀ ਰਖਦਿਆਂ ਸੰਗਤ ਦਾ ਸਹਿਯੋਗ ਲਈ ਧੰਨਵਾਦ ਕੀਤਾ ਤੇ ਕਿਹਾ, "ਆਪ ਜੀ ਦੇ ਚਰਨਾਂ ਵਿੱਚ ਕੁਝ ਗੱਲਾਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਪੁਲਿਸ ਸਟੇਸ਼ਨ ਵਿੱਚ ਆ ਕੇ ਸਹਿਯੋਗ ਦਿੱਤਾ ਉਸ ਲਈ ਧੰਨਵਾਦ।"

"ਹੁਣ ਕੋਈ ਵੀ ਥਾਣੇ ਨਾ ਜਾਓ ਤੇ ਨਾਹੀ ਥਾਣੇ ਜਾਣਾ ਹੈ, ਕਿਸੇ ਵੀ ਥਾਣੇ ਦੇ ਬਾਹਰ ਜਾਣ ਦੀ ਲੋੜ ਨਹੀਂ ਹੈ।"

ਇਸ ਤੋਂ ਬਾਅਦ ਉਨ੍ਹਾਂ ਦੇ ਨਾਲ ਖੜ੍ਹੇ ਵਿਅਕਤੀ ਨੇ ਬੋਲਣਾ ਸ਼ੁਰੂ ਕੀਤਾ, "ਸਾਰੇ ਭਰਾ ਆਪਣੇ ਨੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਮੈਂ ਖ਼ੁਦ ਇਨ੍ਹਾਂ ਦੇ ਨਾਲ ਗਿਆ ਸੀ ਕਮਿਸ਼ਨਰ ਸਾਹਿਬ ਦੇ ਦਫ਼ਤਰ।"

ਕਮਿਸ਼ਨਰ ਸਾਹਿਬ ਨੇ ਆਪ ਕਾਰਵਾਈ ਦਾ ਭਰੋਸਾ ਦਿੱਤਾ ਹੈ ਕਿ ਮੈਂ ਆਪ ਉਨ੍ਹਾਂ ਤੇ ਐਕਸ਼ਨ ਲਵਾਂਗਾ। ਕਮਿਸ਼ਨਰ ਸਾਹਿਬ ਨੇ ਬਾਕਾਇਦਾ ਮੋਹਰ ਲਾ ਕੇ ਸਾਨੂੰ ਰਸੀਵਿੰਗ ਦਿੱਤੀ ਹੈ।"

"ਕਿਰਪਾ ਕਰਕੇ ਤੁਸੀਂ ਆਪੋ-ਆਪਣੇ ਘਰਾਂ ਨੂੰ ਚਲੇ ਜਾਓ।"

ਘਟਨਾ ਐਤਵਾਰ ਸ਼ਾਮ ਦੀ ਹੈ। ਦਿੱਲੀ ਦੇ ਮੁਖਰਜੀ ਨਗਰ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਸਿੱਖ ਪਿਓ-ਪੁੱਤ ਵਿਚਕਾਰ ਝੜਪ ਤੋਂ ਬਾਅਦ ਮਸਲਾ ਭਖ ਗਿਆ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)