You’re viewing a text-only version of this website that uses less data. View the main version of the website including all images and videos.
ਦੋ ਮੁਲਕਾਂ ਦੇ 5 ਕਰੋੜ ਲੋਕ ਜਾਗੇ ਤਾਂ ਪਤਾ ਲੱਗਿਆ ਬਿਜਲੀ ਗੁੱਲ ਹੈ
ਇੱਕ ਸਵੇਰ ਅਚਾਨਕ ਤੁਸੀਂ ਉੱਠੋਂ ਤੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਘਰ ਦੀ ਬਿਜਲੀ ਨਹੀਂ ਹੈ। ਤੁਹਾਡੇ ਘਰ ਜਾਂ ਮੁਹੱਲੇ ਦੀ ਹੀ ਨਹੀਂ ਸਗੋਂ ਸਾਰੇ ਦੇਸ ਦੀ ਬਿਜਲੀ ਹੀ ਗੁੱਲ ਹੈ, ਨਹੀਂ ਤੁਹਾਡੇ ਦੇਸ਼ ਦੇ ਨਾਲ-ਨਾਲ ਤੁਹਾਡੇ ਗੁਆਂਢੀ ਦੇਸ਼ਾਂ ਦੀ ਵੀ ਬਿਜਲੀ ਨਹੀਂ ਹੈ!
ਅਰਜਨਟੀਨਾ ਦੀ ਬਿਜਲੀ ਕੰਪਨੀ ਮੁਤਾਬਕ, ਐਤਵਾਰ ਨੂੰ ਅਜਿਹਾ ਹੀ ਹੋਇਆ ਜਦੋਂ ਇੱਕ ਵੱਡੀ ਤਕਨੀਕੀ ਖ਼ਰਾਬੀ ਕਾਰਨ ਲਾਤੀਨੀ ਅਮਰੀਕਾ ਦੇ ਦੇਸ਼ਾਂ ਅਰਜਨਟਾਈਨਾ ਤੇ ਉਰੂਗਵੇ ਵਿੱਚ ਬਿਜਲੀ ਗੁੱਲ ਹੋ ਗਈ।
ਅਰਜਨਟੀਨਾ ਦੀ ਬਿਜਲੀ ਕੰਪਨੀ ਐਡਸੁਰ ਨੇ ਰਿਪੋਰਟ ਕੀਤਾ ਕਿ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ 70000 ਤੋਂ ਵਧੇਰੇ ਗਾਹਕਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ ਸੀ। ਸਥਾਨਕ ਮੀਡੀਆ ਮੁਤਾਬਕ ਰਾਜਧਾਨੀ ਦੇ ਹਵਾਈ ਅੱਡਿਆਂ ਨੇ ਜਨਰੇਟਰਾਂ ਦੇ ਸਹਾਰੇ ਕੰਮ ਕੀਤਾ।
ਅਰਜਨਟੀਨਾ ਦੇ ਮੀਡੀਆ ਅਦਾਰਿਆਂ ਮੁਤਾਬਕ ਸਵੇਰੇ ਸੱਤ ਵਜੇ ਤੋਂ ਕੁਝ ਸਮੇਂ ਬਾਅਦ ਹੀ ਬਿਜਲੀ ਚਲੀ ਗਈ, ਜਿਸ ਨਾਲ ਰੇਲਾਂ ਥਮ ਗਈਆਂ ਤੇ ਟਰੈਫਿਕ ਲਾਈਟਾਂ ਵੀ ਕੰਮ ਛੱਡ ਗਈਆਂ।
ਅਰਜਨਟੀਨਾ ਵਿੱਚ ਇਸ ਬਲੈਕ ਆਊਟ ਤੋਂ ਦੇਸ਼ ਦਾ ਸਿਰਫ਼ ਦੱਖਣੀ ਹਿੱਸਾ ਹੀ ਬਚਿਆ ਰਹਿ ਸਕਿਆ ਜੋ ਕਿ ਕੇਂਦਰੀ ਗਰਿੱਡ ਨਾਲ ਨਹੀਂ ਜੁੜਿਆ ਹੋਇਆ।
ਇਹ ਵੀ ਪੜ੍ਹੋ:
ਅਰਜਨਟੀਨਾ ਦੇ ਕੁਝ ਇਲਾਕਿਆਂ ਵਿੱਚ ਸਥਾਨਕ ਚੋਣਾਂ ਹੋਣੀਆਂ ਸਨ ਤੇ ਲੋਕ ਵੋਟਾਂ ਲਈ ਬਾਹਰ ਜਾਣ ਨੂੰ ਤਿਆਰ ਹੋ ਰਹੇ ਸਨ।
ਰੀਓ ਤੋਂ ਬੀਬੀਸੀ ਪੱਤਰਕਾਰ ਜੂਲੀਆ ਕਾਰਨੇਰੀਓ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਕਈ ਥਾਈਂ ਵੋਟਾਂ ਸਮੇਂ ਤੋਂ ਪਛੜ ਕੇ ਸ਼ੁਰੂ ਹੋਈਆਂ ਤੇ ਕਈ ਥਾਈਂ ਲੋਕਾਂ ਨੇ ਹਨੇਰੇ ਵਿੱਚ ਜਾਂ ਮੋਬਾਈਲ ਫੋਨਾਂ ਦੇ ਚਾਨਣ ਵਿੱਚ ਆਪਣੇ ਵੋਟਿੰਗ ਦੇ ਹੱਕ ਦੀ ਵਰਤੋਂ ਕੀਤੀ।
ਅਰਜਨਟੀਨਾ ਦੀ ਬਿਜਲੀ ਸਪਲਾਈ ਕੰਪਨੀ ਐਡਸਰ ਨੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ, "ਬਿਜਲੀ ਸਪਲਾਈ ਵਿੱਚ ਆਈ ਵੱਡੀ ਤਕਨੀਕੀ ਗੜਬੜੀ ਕਾਰਨ ਸਾਰਾ ਅਰਜਨਟੀਨਾ ਤੇ ਉਰੂਗਵੇ ਵਿੱਚ ਬਿਜਲੀ ਚਲੀ ਗਈ।"
ਅਰਜਨਟੀਨਾ ਦੇ ਊਰਜਾ ਮੰਤਰੀ ਮੁਤਾਬਕ ਬਿਜਲੀ ਦੀ ਨਾਕਾਮੀ ਦੇ ਅਸਲ ਕਾਰਨ ਹਾਲੇ ਨਿਰਧਾਰਿਤ ਨਹੀਂ ਕੀਤੇ ਜਾ ਸਕੇ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਤੱਟੀ ਇਲਾਕਿਆਂ ਵਿੱਚ ਬਿਜਲੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਹੈ ਪਰ ਹਾਲੇ ਹੋਰ ਕਈ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ।
ਬਲੈਕ ਆਊਟ ਤੋਂ ਲਗਭਗ ਇੱਕ ਘੰਟੇ ਮਗਰੋਂ ਉਰੂਗਵੇ ਦੀ ਬਿਜਲੀ ਕੰਪਨੀ ਯੂਟੀਈ ਨੇ ਟਵੀਟ ਰਾਹੀਂ ਤੱਟੀ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਹਾਲ ਹੋਣ ਬਾਰੇ ਤੇ ਪ੍ਰਣਾਲੀ ਨੂੰ ਜ਼ੀਰੋ ਤੋਂ ਮੁੜ ਸ਼ੁਰੂ ਕਰਨ ਬਾਰੇ ਦੱਸਿਆ।
ਅਰਜਨਟੀਨਾ ਤੇ ਉਰੂਗਵੇ ਦੋਹਾਂ ਦੇਸ਼ਾਂ ਦੀ ਕੁਲ ਵਸੋਂ 4.8 ਕਰੋੜ ਹੈ। ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ, ਅਰਜਨਟੀਨਾ ਦੀ ਆਬਾਦੀ 4.4 ਕਰੋੜ ਹੈ ਤੇ ਉਰੂਗਵੇ ਦੀ 34 ਲੱਖ।
ਦੋਹਾਂ ਦੇਸ਼ਾਂ ਦਾ ਬਿਜਲੀ ਗਰਿੱਡ ਸਾਂਝਾ ਹੈ ਜੋ ਕਿ ਅਰਜਨਟੀਨਾ ਦੀ ਰਾਜਧਾਨੀ ਬੁਇਨੋਸ ਏਰੀਸ ਤੋਂ 450 ਕਿੱਲੋਮੀਟਰ ਉੱਤਰ ਵਾਲੇ ਪਾਸੇ ਸਥਿਤ ਹੈ ਅਤੇ ਸਾਲਟੋ ਗ੍ਰੈਂਡੇ ਡੈਮ 'ਤੇ ਬਣਿਆ ਹੋਇਆ ਹੈ।
ਰਿਪੋਰਟਾਂ ਮੁਤਾਬਕ ਅਰਜਨਟੀਨਾ ਦੇ ਸੈਂਟਾ ਫੇਅ, ਸੈਨ ਲੂਈਸ, ਫੌਰਮੋਸਾ, ਲਾ ਰਿਓਜਾ, ਚੁਬਟ, ਕੋਰਡੋਬਾ ਅਤੇ ਮੈਨਡੋਜ਼ਾ ਸੂਬਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ।
ਜਦਕਿ ਉਰੂਗਵੇ ਵਿੱਚ ਵੀ ਆਇਓਲਸ ਦੇ ਹਿੱਸੇ, ਪਿਲਰ, ਵਿਲਾਬਿਨ ਅਤੇ ਮਿਸੀਅਨਸ ਅਤੇ ਨੀਮਬੁਕੋ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਬਿਜਲੀ ਗੁੱਲ ਰਹੀ।
ਸੋਸ਼ਲ ਮੀਡੀਆਂ ਉੱਪਰ ਬਿਜਲੀ ਦੀ ਨਾਕਾਮੀ ਦੀਆਂ ਰਿਪੋਰਟਾਂ ਫੈਲ ਗਈਆਂ। ਨਾਗਰਿਕਾਂ ਨੇ ਹਨੇਰੇ ਸ਼ਹਿਰਾਂ ਤੇ ਕਸਬਿਆਂ ਦੀਆਂ ਤਸਵੀਰਾਂ #SinLuz ਨਾਲ ਪੋਸਟ ਕੀਤੀਆਂ।
ਏਰੀਅਲ ਨਾਮ ਦੇ ਟਵਿੱਟਰ ਹੈਂਡਲ ਨੇ ਇੱਕ ਕਾਰਟੂਨ ਸਾਂਝਾ ਕਰਦਿਆਂ ਲਿਖਿਆ ਕਿ ਬਿਜਲੀ ਕੰਪਨੀ ਦੇ ਦਫ਼ਤਰ ਵਿੱਚ ਕੀ ਹੋਇਆ ਹੋਵੇਗਾ:
ਐਗੁਸ ਵੈਲੀਜ਼ਨ ਨੇ ਲਿਖਿਆ, 'ਅਰਜਨਟੀਨਾ, ਬ੍ਰਾਜ਼ੀਲ, ਚਿਲੀ ਤੇ ਉਰੂਗਵੇ ਵਿੱਚ ਬਿਜਲੀ ਗੁੱਲ ਹੈ... ਡਰਾਉਣ ਲਈ ਤਾਂ ਨਹੀਂ ਪਰ....' ਇਸ ਦੇ ਨਾਲ ਹੀ ਉਨ੍ਹਾਂ ਇੱਕ ਕਾਰਟੂਨ ਪੋਸਟ ਕੀਤਾ ਕਿ ਹਸ਼ਰ ਨੇੜੇ ਹੈ।
ਗੁਈਡੋ ਵਿਲਾਰ ਨੇ ਇੱਕ ਤਸਵੀਰ ਨਾਸਾ ਦੀ ਤਸਵੀਰ ਦੇ ਦਾਅਵੇ ਨਾਲ ਸਾਂਝੀ ਕੀਤੀ ਜਿਸ ਵਿੱਚ ਦੱਖਣੀ ਅਮਰੀਕਾ ਹਨੇਰੇ ਵਿੱਚ ਡੁੱਬਿਆ ਦੇਖਿਆ ਜਾ ਸਕਦਾ ਹੈ।
ਲਿਨੋਜ ਨੇ ਆਲੂ ਨਾਲ ਮੋਬਾਈਲ ਰੀਚਾਰਜ ਦੀ ਤਸਵੀਰ ਸਾਂਝੀ ਕੀਤੀ।
ਇਨ੍ਹਾਂ ਤੋਂ ਇਲਾਵਾ ਲੋਕਾਂ ਨੇ ਹੋਰ ਵੀ ਤਰੀਕਿਆਂ ਦੀ ਦਿਲਚਸਪ ਤਸਵੀਰਾਂ ਤੇ ਮੀਮ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ