AN 32 ਜਹਾਜ਼ ਹਾਦਸਾ: 'ਮੇਰਾ ਪੁੱਤਰ ਬਹੁਤ ਹੁਸ਼ਿਆਰ ਸੀ ਪਰ ਕਿਸਮਤ ਧੋਖਾ ਦੇ ਗਈ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਲੰਘੀ 3 ਜੂਨ ਨੂੰ ਏਅਰਫ਼ੋਰਸ ਦੇ ਲਾਪਤਾ ਹੋਏ ਜਹਾਜ਼ ਏਐੱਨ32 ਵਿੱਚ 13 ਮੈਂਬਰਾਂ ਦੀ ਮੌਤ ਦੀ ਪੁਸ਼ਟੀ ਏਅਰਫ਼ੋਰਸ ਨੇ ਕਰ ਦਿੱਤੀ ਹੈ। ਪੰਜਾਬ ਦੇ ਸਮਾਣਾ ਦਾ ਰਹਿਣ ਵਾਲਾ ਮੋਹਿਤ ਗਰਗ ਵੀ ਉਸੇ ਜਹਾਜ਼ ਵਿੱਚ ਸਵਾਰ ਸੀ।

ਮੋਹਿਤ ਸਮਾਣਾ ਦੇ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਦਾ ਘਰ ਅਗ੍ਰਸੇਨ ਮੁਹੱਲੇ ਦੀ ਮੁੱਖ ਗਲੀ ਵਿੱਚ ਹੈ। ਜਦੋਂ ਸਾਡੀ ਟੀਮ ਮੋਹਿਤ ਦੇ ਘਰ ਪਹੁੰਚੀ ਤਾਂ ਉੱਥੇ ਅਫ਼ਸੋਸ ਕਰਨ ਆਏ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਦਾ ਇਕੱਠ ਸੀ।

ਘਰ ਦੇ ਬਾਹਰ ਗਲੀ ਵਿੱਚ ਸ਼ੋਕ ਮਨਾਉਣ ਵਾਲੇ ਲੋਕਾਂ ਵਿੱਚ ਮੋਹਿਤ ਦੇ ਪਿਤਾ ਸੁਰਿੰਦਰ ਪਾਲ ਗਰਗ ਬੈਠੇ ਸਨ।

ਇਹ ਵੀ ਜ਼ਰੂਰ ਪੜ੍ਹੋ:

ਘਟਨਾ ਦਾ ਪਤਾ ਲਗਦੇ ਹੀ ਮੋਹਿਤ ਦੇ ਪਿਤਾ ਅੱਠ ਜੂਨ ਨੂੰ ਅਸਾਮ ਚਲੇ ਗਏ ਸਨ। ਉਹ ਸ਼ੁੱਕਰਵਾਰ (14 ਜੂਨ) ਦੀ ਸਵੇਰ ਹੀ ਅਸਾਮ ਤੋਂ ਪਰਤੇ ਹਨ। ਕਈ ਦਿਨਾਂ ਅਤੇ ਰਾਤਾਂ ਦੀ ਥਕਾਨ, ਤਣਾਅ ਅਤੇ ਦੁੱਖ ਉਨ੍ਹਾਂ ਦੇ ਚਿਹਰੇ ਉੱਤੇ ਸਾਫ਼ ਦਿਖ ਰਿਹਾ ਸੀ।

ਏਐੱਨ32 ਦੇ ਲਾਪਤਾ ਹੋਣ ਦੀ ਖ਼ਬਰ ਪਰਿਵਾਰ ਨੂੰ ਟੀਵੀ ਤੋਂ ਮਿਲੀ ਸੀ। ਮੋਹਿਤ ਦੇ ਪਿਤਾ ਦੱਸਦੇ ਹਨ, ''ਮੇਰੇ ਕਿਸੇ ਦੋਸਤ ਦਾ ਫ਼ੋਨ ਆਇਆ ਕਿ ਅਸਾਮ ਵਿੱਚ ਇੱਕ ਜਹਾਜ਼ ਲਾਪਤਾ ਹੋ ਗਿਆ। ਉਸ ਦੋਸਤ ਨੂੰ ਪਤਾ ਸੀ ਕਿ ਮੇਰਾ ਪੁੱਤਰ ਅਸਾਮ ਵਿੱਚ ਤਾਇਨਾਤ ਹੈ। ਉਸ ਵੇਲੇ 3 ਕੁ ਵੱਜੇ ਸਨ। ਮੈਂ ਤੁਰੰਤ ਆਪਣੀ ਨੁੰਹ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਉਸਨੂੰ ਵੀ ਨਹੀਂ ਪਤਾ ਸੀ ਕਿ ਮੋਹਿਤ ਉਸ ਜਹਾਜ਼ ਵਿੱਚ ਹੈ।''

''ਉਸਨੇ ਏਅਰਫ਼ੋਰਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਪਤਾ ਲੱਗਿਆ। ਮੈਂ ਆਪਣੇ ਭਰਾ ਨੂੰ ਨਾਲ ਲਿਆ ਤੇ ਅਗਲੀ ਸਵੇਰ ਉੱਥੇ ਪਹੁੰਚ ਗਿਆ। ਉੱਥੇ ਅਧਿਕਾਰੀਆਂ ਨੇ ਸਾਡਾ ਬਹੁਤ ਧਿਆਨ ਰੱਖਿਆ ਅਤੇ ਜਹਾਜ਼ ਦੀ ਭਾਲ ਵਿੱਚ ਕੋਈ ਕਸਰ ਨਹੀਂ ਛੱਡੀ।''

ਕਿਸਮਤ ਧੋਖਾ ਦੇ ਗਈ

ਮੋਹਿਤ ਦੇ ਪਿਤਾ ਦੱਸਦੇ ਹਨ, ''ਮੈਨੂੰ ਏਅਰਫ਼ੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਗ਼ਲਤੀ ਦੇ ਕਾਰਨ ਉਹ ਦੂਜੀ ਘਾਟੀ ਵਿੱਚ ਦਾਖ਼ਲ ਹੋ ਗਏ। ਉਸ ਸਮੇਂ ਜਹਾਜ਼ 8 ਹਜ਼ਾਰ ਫ਼ੁੱਟ ਦੀ ਉਚਾਈ ਉੱਤੇ ਉੱਡ ਰਿਹਾ ਸੀ। ਵਾਪਸ ਮੁੜਨ ਦਾ ਮੌਕਾ ਨਹੀਂ ਸੀ। ਉਨ੍ਹਾਂ ਨੇ ਜਹਾਜ਼ ਨੂੰ ਉੱਚਾ ਉਡਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਢੇ 12 ਹਜ਼ਾਰ ਫ਼ੁੱਟ ਦੀ ਉਚਾਈ ਉੱਤੇ ਲੈ ਗਏ।''

''ਜੇ 20 ਸਕਿੰਟ ਹੋਰ ਮਿਲ ਜਾਂਦੇ ਤਾਂ ਪਹਾੜੀ ਦੀ ਉਚਾਈ ਨੂੰ ਪਾਰ ਕਰ ਜਾਂਦੇ, ਪਰ ਉਹ ਆਖ਼ਰੀ 250 ਫ਼ੁੱਟ ਪਾਰ ਨਹੀਂ ਕਰ ਸਕੇ। ਮੇਰਾ ਪੁੱਤਰ ਬਹੁਤ ਹੁਸ਼ਿਆਰ ਸੀ। ਜਹਾਜ਼ ਕੱਢ ਸਕਦਾ ਸੀ, ਪਰ ਕਿਸਮਤ ਧੋਖਾ ਦੇ ਗਈ।''

ਸੁਰਿੰਦਰ ਪਾਲ ਜਦੋਂ ਇਹ ਸਭ ਬਿਆਨ ਕਰ ਰਹੇ ਸਨ ਤਾਂ ਆਪਣੇ ਜਜ਼ਬਾਤਾਂ ਨੂੰ ਮੁਸ਼ਕਿਲ ਨਾਲ ਕਾਬੂ ਕਰਦੇ ਦਿਖੇ। ਉਨ੍ਹਾਂ ਨਾਲ ਬੈਠੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਥੋੜ੍ਹਾ ਰੁਕਣ ਤੋਂ ਬਾਅਦ ਉਹ ਮੁੜ ਗੱਲ ਸ਼ੁਰੂ ਕਰਦੇ ਹਨ।

''ਮੇਰਾ ਪੁੱਤਰ ਹਿੰਮਤ ਵਾਲਾ ਸੀ। ਉਹ ਆਪਣੀ ਮਿਹਨਤ ਨਾਲ ਏਅਰਫ਼ੋਰਸ ਵਿੱਚ ਭਰਤੀ ਹੋਇਆ ਸੀ। ਉਹ ਮੇਰੀ ਕਿਸਮਤ ਸੀ, ਉਹ ਮੇਰਾ ਨਹੀਂ ਸਗੋਂ ਪੂਰੇ ਦੇਸ ਦਾ ਬੱਚਾ ਸੀ ਅਤੇ ਉਸਨੇ ਦੇਸ ਦੇ ਲਈ ਜਾਨ ਦਿੱਤੀ ਹੈ।''

ਇਹ ਗੱਲ ਕਰਦੇ-ਕਰਦੇ ਉਨ੍ਹਾਂ ਦਾ ਗਲਾ ਭਰ ਜਾਂਦਾ ਹੈ। ਇੰਝ ਲਗਦਾ ਹੈ ਕਿ ਉਹ ਆਪਣੀ ਪੂਰੀ ਤਾਕਤ ਜੋੜ ਕੇ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਜ਼ਰੂਰ ਪੜ੍ਹੋ:

ਮੋਹਿਤ ਦੀ ਮਾਂ ਦਿਲ ਦੇ ਮਰੀਜ਼ ਹਨ। ਮੋਹਿਤ ਦੇ ਨਾਲ ਹੋਏ ਹਾਦਸੇ ਬਾਰੇ ਉਨ੍ਹਾਂ ਨੂੰ ਲੰਘੀ ਸ਼ਾਮ (13 ਜੂਨ) ਨੂੰ ਹੀ ਦੱਸਿਆ ਗਿਆ ਸੀ।

ਮੋਹਿਤ ਦੇ ਪਿਤਾ ਦੱਸਦੇ ਹਨ, ''ਮੈਂ ਆਪਣੇ ਵੱਡੇ ਪੁੱਤਰ ਨੂੰ ਕੱਲ੍ਹ ਫ਼ੋਨ ਕਰਕੇ ਕਿਹਾ ਸੀ ਕਿ ਉਹ ਦੋ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਡਾਕਟਰਾਂ ਨੂੰ ਕੋਲ ਬਿਠਾ ਕੇ ਉਨ੍ਹਾਂ ਨੂੰ ਦੱਸ ਦੇਵੇ ਕਿ ਮੋਹਿਤ ਦਾ ਐਕਸੀਡੈਂਟ ਹੋ ਗਿਆ ਹੈ। ਅੱਜ ਹੀ ਮੋਹਿਤ ਦੀ ਮਾਂ ਨੂੰ ਪੂਰੀ ਸੱਚਾਈ ਦੱਸੀ ਗਈ ਹੈ। ਉਹ ਬਿਸਤਰ ਉੱਤੇ ਪਈ ਹੈ, ਪਤਾ ਨਹੀਂ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰੇਗੀ।''

ਮੋਹਿਤ ਨਾਭਾ ਦੇ ਪੀਪੀਐਸ ਸਕੂਲ ਦਾ ਵਿਦਿਆਰਥੀ ਰਿਹਾ ਸੀ। ਸਕੂਲ ਦੇ ਬਹੁਤੇ ਵਿਦਿਆਰਥੀਆਂ ਦੀ ਪਹਿਲੀ ਚੋਣ ਆਰਮੀ ਜਾਂ ਪੁਲਿਸ ਫੋਰਸ ਹੀ ਹੁੰਦੀ ਹੈ।

ਇਸ ਸਕੂਲ ਤੋਂ 12ਵੀਂ ਕਰਨ ਤੋਂ ਬਾਅਦ ਮੋਹਿਤ ਨੇ ਐਨਡੀਏ ਦਾ ਟੈੱਸਟ ਪਾਸ ਕਰ ਲਿਆ ਸੀ। ਮੋਹਿਤ ਏਅਰਫ਼ੋਰਸ ਵਿੱਚ ਫਲਾਈਟ ਲੈਫ਼ਟੀਨੈਂਟ ਦੇ ਅਹੁਦੇ ਉੱਤੇ ਡਿਊਟੀ ਕਰ ਰਿਹਾ ਸੀ।

ਪਿਛਲੇ ਸਾਢੇ ਤਿੰਨ ਸਾਲਾਂ ਤੋਂ ਮੋਹਿਤ ਅਸਾਮ ਦੇ ਜੋਰਾਹਟ ਵਿੱਚ ਡਿਊਟੀ ਨਿਭਾ ਰਿਹਾ ਸੀ।

ਮੋਹਿਤ ਦੇ ਭਰਾ ਅਸ਼ਵਨੀ ਗਰਗ ਤੋਂ ਸ਼ਾਇਦ ਦੁੱਖ ਬਿਆਨ ਨਹੀਂ ਹੋ ਰਿਹਾ। ਉਸ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਕੀ ਬੋਲਾਂ, ਮੇਰੇ ਪਾਪਾ ਨੇ ਸਭ ਕੁੱਝ ਦੱਸ ਹੀ ਦਿੱਤਾ ਹੈ। 8 ਜੂਨ ਨੂੰ ਉਸ ਨੇ ਘਰ ਆਉਣਾ ਸੀ ਪਰ ਉਸ ਤੋਂ ਪਹਿਲਾਂ ਉਸ ਦੇ ਹਾਦਸੇ ਦੀ ਖ਼ਬਰ ਆ ਗਈ।"

'ਮੋਹਿਤ ਸਾਡੇ ਸਮਾਣੇ ਦਾ ਮਾਣ'

ਮੋਹਿਤ ਦੇ ਘਰ ਅਫ਼ਸੋਸ ਕਰਨ ਆਉਣ ਵਾਲਿਆਂ ਵਿੱਚ ਡਾ. ਜਤਿੰਦਰ ਦੇਵ ਵੀ ਹਨ। ਜਤਿੰਦਰ ਦੇਵ ਸਥਾਨਕ ਕਾਲਜ ਵਿੱਚ ਪ੍ਰਿੰਸੀਪਲ ਹਨ।

ਉਨ੍ਹਾਂ ਦਾ ਕਹਿਣਾ ਸੀ, "ਮੈਂ ਨਿੱਜੀ ਤੌਰ 'ਤੇ ਮੋਹਿਤ ਨੂੰ ਨਹੀਂ ਜਾਣਦਾ। ਸਿਰਫ਼ ਇਸ ਕਰ ਕੇ ਆਇਆ ਹਾਂ ਕਿ ਮੋਹਿਤ ਸਾਡੇ ਸਮਾਣੇ ਦਾ ਰਹਿਣ ਵਾਲਾ ਸੀ। ਉਸ ਨੇ ਦੇਸ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਤਾਂ ਸਾਡਾ ਉਸ ਨੂੰ ਸ਼ਰਧਾਂਜਲੀ ਦੇਣਾ ਬਣਦਾ ਹੈ।''

''ਜਿਵੇਂ ਪਰਿਵਾਰ ਨੇ ਦੱਸਿਆ ਕਿ ਉਸ ਦਿਨ ਇਸ ਫਲਾਈਟ ਉੱਤੇ ਡਿਊਟੀ ਕਿਸੇ ਹੋਰ ਦੀ ਸੀ ਪਰ ਉਹ ਮੌਕੇ 'ਤੇ ਨਹੀਂ ਆ ਸਕਿਆ ਤਾਂ ਮੋਹਿਤ ਨੇ ਉਸ ਦੀ ਡਿਊਟੀ ਸੰਭਾਲ ਲਈ। ਇਹ ਉਸ ਦੇ ਜਜ਼ਬੇ ਨੂੰ ਦਰਸਾਉਂਦਾ ਹੈ। ਸਾਨੂੰ ਮੋਹਿਤ 'ਤੇ ਮਾਣ ਹੈ। ਮੋਹਿਤ ਦੀ ਕਹਾਣੀ ਤੋਂ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਣਾ ਮਿਲੇਗੀ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)