'ਜ਼ਿੰਦਗੀ ਬਚਾਉਣ ਲਈ ਮੈਂ ਆਪਣੀ ਛਾਤੀ ਹਟਵਾਈ'

ਜਦੋਂ ਹੇਅਲੇਅ ਮਿਨ 23 ਸਾਲ ਦੀ ਸੀ ਤਾਂ ਉਸ ਨੂੰ ਪਤਾ ਲਗਿਆ ਕਿ ਉਸ ਨੂੰ ਆਮ ਲੋਕਾਂ ਨਾਲੋਂ 85 ਫੀਸਦੀ ਵੱਧ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਹੈ।

ਇਸ ਕਰਕੇ ਕਿਉਂਕਿ ਉਸ ਦਾ ਬੀਆਰਸੀਏ 1 (BRCA1) ਨਾਂ ਦਾ ਜੀਨ ਪਰਿਵਰਤਿਤ ਹੋ ਚੁੱਕਿਆ ਹੈ, ਜੋ 300-400 ਲੋਕਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਭਾਵਿਤ ਕਰਦਾ ਹੈ।

ਮਿਨ ਨੇ ਆਪਣੀ ਕਹਾਣੀ ਖ਼ੁਦ ਹੀ ਦੱਸੀ ਹੈ।

ਜਦੋਂ ਮੇਰੇ ਪਿਤਾ ਸਿਰਫ਼ 8 ਸਾਲਾਂ ਦੇ ਸੀ ਤਾਂ ਉਸ ਵੇਲੇ ਮੇਰੀ ਦਾਦੀ ਦੀ ਮੌਤ ਛਾਤੀ ਦੇ ਕੈਂਸਰ ਕਰਕੇ ਹੋਈ ਸੀ।

ਮੈਨੂੰ ਇਸ ਬਾਰੇ ਬਚਪਨ ਤੋਂ ਪਤਾ ਸੀ। ਪਰ ਇਹ ਨਹੀਂ ਪਤਾ ਸੀ ਕਿ ਇਸ ਦਾ ਕੋਈ ਜਮਾਂਦਰੂ ਸਬੰਧ ਹੋ ਸਕਦਾ ਹੈ। ਮੈਨੂੰ ਇਸ ਦਾ ਅੰਦਾਜ਼ਾਂ ਉਦੋਂ ਹੋਇਆ ਜਦੋਂ ਮੇਰੇ ਪਿਤਾ ਦੀ ਇੱਕ ਦੂਰ ਦੀ ਭੈਣ ਨੂੰ 2013 ਵਿੱਚ ਛਾਤੀ ਦਾ ਕੈਂਸਰ ਹੋਇਆ।

ਇਹ ਵੀ ਜ਼ਰੂਰ ਪੜ੍ਹੋ:

ਆਪਣੀ ਸੰਤੁਸ਼ਟੀ ਲਈ ਮੈਂ ਵੀ ਬੀਆਰਸੀਏ ਜੀਨ ਪਰਿਵਰਤਨ ਚੈੱਕ ਕਰਵਾਉਣ ਲਈ ਟੈਸਟ ਕਰਵਾਇਆ। ਇੰਝ ਲੱਗਦਾ ਹੈ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ, ਮੈਂ ਆਪਣੇ ਮਾਪਿਆਂ ਨਾਲ ਹਸਪਤਾਲ ਵਿੱਚ ਘਬਰਾਈ ਹੋਈ ਸੀ ਨਤੀਜੇ ਦਾ ਇੰਤਜ਼ਾਰ ਕਰ ਰਹੀ ਸੀ।

ਜਦੋਂ ਕਾਊਂਸਲਰ ਆਪ ਚੱਲ ਕੇ ਸਾਨੂੰ ਆਪਣੇ ਦਫ਼ਤਰ ਵਿੱਚ ਲੈ ਜਾਣ ਆਈ ਤਾਂ ਮੈਨੂੰ ਸਮਝ ਆ ਗਈ ਕੋਈ ਬੁਰੀ ਖ਼ਬਰ ਹੈ।

ਮੈਂ ਉਸੇ ਵਕ਼ਤ ਸੋਚ ਲਿਆ ਸੀ ਕਿ ਮੈਂ ਆਪਣੀ ਛਾਤੀ ਹਟਵਾ ਦੇਵਾਂਗੀ (ਜਿਸ ਨੂੰ ਡਾਕਟਰ ਪਰੇਵੇਂਟੇਟਿਵ ਡਬਲ ਮਾਸਟੈਕਟੌਮੀ ਕਹਿੰਦੇ ਹਨ)

ਮੇਰੀ ਛਾਤੀ ਦਾ ਆਕਾਰ ਵੱਡਾ ਸੀ ਤੇ ਮੇਰੇ ਔਰਤ ਹੋਣ ਦਾ ਚਿੰਨ੍ਹ ਸੀ ਅਤੇ ਮੈਨੂੰ ਉਸ ਨਾਲ ਪਿਆਰ ਸੀ, ਪਰ ਮੈਂ ਇਹ ਵੀ ਜਾਣਦੀ ਸੀ ਕਿ ਇਹ ਸਿਰਫ਼ ਛਾਤੀ ਹੈ ਤੇ ਇਸ ਨੂੰ ਹਟਵਾ ਕੇ ਮੈਂ ਆਪਣੀ ਜ਼ਿੰਦਗੀ ਬਚਾ ਸਕਦੀ ਹਾਂ।

ਲੋਕਾਂ ਨੇ ਕਈ ਸਵਾਲ ਕੀਤੇ

ਮੇਰਾ ਸ਼ੁਰੂ ਤੋਂ ਇਹ ਵਿਚਾਰ ਸੀ ਕਿ ਮੈਂ ਵੱਡੀ ਉਮਰ ਤੱਕ ਜਿਉਣਾ ਚਾਹੁੰਦੀ ਹਾਂ, ਭਾਵੇਂ ਮੈਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਨਾ ਪਿਆ ਸਕਾਂ ਪਰ ਫਿਰ ਵੀ ਇਹ ਆਪਣੇ ਬੱਚਿਆਂ ਨੂੰ ਬਿਨਾਂ ਮਾਂ ਦੇ ਛੱਡਣ ਨਾਲੋਂ ਚੰਗਾ ਹੈ।

ਸੋਚ ਸਮਝ ਕੇ ਵਿਚਾਰ ਕਰਨ ਅਤੇ ਕਈ ਵਾਰ ਹਸਪਤਾਲ ਦੇ ਚੱਕਰ ਕੱਟਣ ਤੋਂ ਬਾਅਦ ਮੈਂ 13 ਫਰਵਰੀ, 2019 ਨੂੰ 27 ਸਾਲ ਦੀ ਉਮਰ ਵਿੱਚ ਆਪਣੀ ਛਾਤੀ ਹਟਵਾ ਦਿੱਤੀ। (ਡਬਲ ਮਾਸਟੈਕਟੌਮੀ ਅਤੇ ਰਿਕੰਸਟ੍ਰਕਸ਼ਨ ਕਰਵਾਇਆ)

ਲੋਕ ਵਾਰ-ਵਾਰ ਪੁੱਛ ਰਹੇ ਸਨ ਕਿ ਮੈਂ ਘਬਰਾ ਤਾਂ ਨਹੀਂ ਰਹੀ। ਪਰ ਮੈਂ ਉਸ ਸਮੇਂ ਕੋਈ ਬੇਚੈਨੀ ਨਹੀਂ ਮਹਿਸੂਸ ਕੀਤੀ ਜਦੋਂ ਤੱਕ ਮੈਂ ਆਪਣੇ ਮਾਪਿਆਂ ਨੂੰ ਚੁੰਮ ਕੇ ਓਪਰੇਸ਼ਨ ਥਿਏਟਰ ਵਿੱਚ ਨਹੀਂ ਵੜੀ।

ਇਹ ਵੀ ਜ਼ਰੂਰ ਪੜ੍ਹੋ:

ਮੈਨੂੰ ਕੰਬਣੀ ਛਿੜੀ ਤੇ ਮੈਂ ਰੋਣਾ ਸ਼ੁਰੂ ਕਰ ਦਿੱਤਾ, ਮੈਨੂੰ ਸ਼ਾਂਤ ਕਰਨ ਲਈ ਡਾਕਟਰ ਨੇ ਆਰੀਅਨਾਂ ਗ੍ਰੈੰਡ ਦੇ ਗਾਣੇ ਚਲਾ ਦਿੱਤੇ। ਸੱਚ ਵਿੱਚ, ਸੌਣ ਤੋਂ ਲੈ ਕੇ ਧੰਨਵਾਦ ਕਰਨ ਤੱਕ, ਸਭ ਕੁਝ ਠੀਕ ਸੀ।

BRCA ਨਾਲ ਜੁੜੇ ਅਹਿਮ ਤੱਥ

  • ਸਾਡੇ ਸਾਰਿਆਂ 'ਚ BRCA1 ਅਤੇ BRCA2 ਜੀਨਸ ਹੁੰਦੇ ਹਨ, ਜੋ ਸਾਨੂੰ ਸਾਡੇ ਮਾਤਾ-ਪਿਤਾ ਤੋਂ ਮਿਲਦੇ ਹਨ।
  • ਜੀਨਜ਼ ਦਾ ਕੰਮ ਡੀਅਨਏ ਅਤੇ ਸੈੱਲ ਠੀਕ ਕਰਨਾ ਹੈ।
  • ਜੇ ਜੀਨਜ਼ ਵਿੱਚ ਕੋਈ ਨੁਕਸ ਜਾਂ ਬਦਲਾਅ ਆਉਂਦਾ ਹੈ (ਜਿਸ ਨੂੰ ਪਰਿਵਰਤਨ ਕਹਿੰਦੇ ਹਨ) ਤਾਂ ਤੁਹਾਨੂੰ ਛਾਤੀ ਜਾਂ ਅੰਡਕੋਸ਼ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
  • ਖ਼ਤਰਾ ਵੱਧ ਹੋਣ ਦਾ ਕਾਰਨ ਹੈ ਕਿ ਜੀਨਸ ਖ਼ਰਾਬ ਹੋਏ ਸੈੱਲਾਂ ਨੂੰ ਠੀਕ ਨਹੀਂ ਕਰ ਸਕਦੇ ਅਤੇ ਉਹ ਵੱਧ ਕੇ ਟਯੂਮਰ ਬਣ ਜਾਂਦਾ ਹੈ।
  • ਯੂਕੇ ਵਿੱਚ 300-400 ਲੋਕਾਂ ਵਿੱਚੋਂ ਕਿਸੇ ਇੱਕ ਇਨਸਾਨ 'ਚ ਖ਼ਤਰਨਾਕ ਬੀਆਰਸੀਏ ਪਰਿਵਰਤਨ ਹੋਇਆ ਹੁੰਦਾ ਹੈ।
  • ਇਹ ਖ਼ਤਰਾ ਅਸ਼ਕੇਨਾਜ਼ੀ ਯਹੂਦੀ ਅਬਾਦੀ ਵਿੱਚ ਸਭ ਤੋਂ ਵੱਧ ਹੈ, 40 ਵਿੱਚੋਂ ਇੱਕ ਇਨਸਾਨ ਵਿੱਚ ਨੁਕਸਾਨਿਆ ਬੀਆਰਸੀਏ ਜੀਨ ਹੁੰਦਾ ਹੈ।
  • ਜੇ ਤੁਹਾਡੇ ਵਿੱਚ ਵੱਧ ਖ਼ਤਰੇ ਵਾਲਾ ਕੈਂਸਰ ਜੀਨ ਹੈ, ਜਿਵੇਂ ਕੇ ਬੀਆਰਸੀਏ1, ਤਾਂ ਇਹ ਤੁਹਾਡੇ ਬੱਚਿਆਂ 'ਚ ਵੀ ਟਰਾਂਸਫਰ ਹੋ ਸਕਦਾ ਹੈ।
  • ਬੀਆਰਸੀਏ ਜੀਨਜ਼ ਹੀ ਸਿਰਫ਼ ਕੈਂਸਰ ਦਾ ਕਾਰਨ ਬਣਨ ਵਾਲੇ ਜੀਨਜ਼ ਨਹੀਂ ਹੁੰਦੇ।

ਸਰੋਤ: ਨੈਸ਼ਨਲ ਹੈਲਥ ਸਿਸਟਮ (NHS) ਅਤੇ ਦਿ ਈਵ ਅਪੀਲ

ਰਿਕਵਰੀ ਦੇ ਪਹਿਲੇ ਦੋ ਦਿਨ ਬਹੁਤ ਹੀ ਬੁਰੇ ਸਨ। ਮੇਰੀ ਮਾਂ ਮੇਰੇ ਸਾਰੇ ਕੰਮ ਕਰਦੀ ਸੀ। ਮੈਨੂੰ ਕੱਪੜੇ ਪਹਿਨਾਉਣ ਤੋਂ ਲੈ ਕੇ ਉਤਾਰਨ ਤੱਕ- ਮੈਂ ਸ਼ਰਮਿੰਦਾ ਹੋ ਜਾਂਦੀ ਸੀ।

ਹੁਣ ਦੂਜਿਆਂ ਨੂੰ ਪ੍ਰੇਰਨਾ ਦੇਣ ਦੀ ਇੱਛਾ

ਸਮੇਂ ਨਾਲ ਮੈਂ ਕੰਮ ਖ਼ੁਦ ਕਰਨਾ ਸ਼ੁਰੂ ਕਰ ਦਿੱਤਾ। ਮੈਂ ਦੋ ਹਫ਼ਤਿਆਂ ਤੱਕ ਦਰਦਨਿਵਾਰਕ ਦਵਾਈਆਂ ਖਾਂਦੀ ਅਤੇ ਹੁਣ ਮੇਰੀ ਛਾਤੀ ਠੀਕ ਲੱਗਦੀ ਹੈ।

ਬਹੁਤ ਛੋਟੇ ਜਿਹੇ ਨਿਸ਼ਾਨ ਹਨ, ਨਿੱਪਲਾਂ ਉੱਤੇ ਦੋ ਸੈਮੀ-ਸਰਕਲ ਹਨ। ਮੈਂ ਕਈ ਵਾਰ ਭੁੱਲ ਜਾਂਦੀ ਹਾਂ ਕਿ ਮੇਰਾ ਓਪਰੇਸ਼ਨ ਹੋਇਆ ਹੈ।

ਬਹੁਤ ਚੰਗਾ ਲਗਦਾ ਹੈ ਕਿ ਮੇਰੇ ਇਸ ਫ਼ੈਸਲੇ ਨੇ ਮੇਰੀ ਜਾਨ ਬਚਾ ਲਈ।

ਇਸ ਤਜਰਬੇ ਦੌਰਾਨ ਜਿਸ ਚੀਜ਼ ਨੇ ਮੇਰੀ ਬਹੁਤ ਮਦਦ ਕੀਤੀ, ਉਹ ਸੀ ਵੱਟਸਐਪ ਗਰੁੱਪ 'ਤੇ ਉਨ੍ਹਾਂ ਕੁੜੀਆਂ ਨਾਲ ਜੁੜਨਾ ਜਿਨ੍ਹਾਂ ਨੂੰ ਬੀਆਰਸੀਏ1 ਜਾ ਬੀਆਰਸੀਏ2 ਜੀਨਜ਼ ਪਰਿਵਰਤਨ ਸੀ।

ਅਸੀਂ ਸਾਰੇ 27-40 ਸਾਲ ਦੀ ਉਮਰ ਦੇ ਵਿਚਾਲੇ ਹਾਂ ਅਤੇ ਛਾਤੀ ਦੇ ਕੈਂਸਰ ਦੇ ਵੱਖੋ-ਵੱਖਰੇ ਪੜਾਅ 'ਤੇ ਹਾਂ। ਕਈਆਂ ਨੇ ਓਪਰੇਸ਼ਨ ਕਰਵਾ ਲਿਆ, ਕੁਝ ਕਰਵਾਉਣ ਵਾਲੇ ਹਨ ਅਤੇ ਕੁਝ ਅਜੇ ਤਿਆਰ ਨਹੀਂ।

ਇਹ ਵੀ ਜ਼ਰੂਰ ਪੜ੍ਹੋ:

ਕਈਆਂ ਦੇ ਬੱਚੇ ਹੋ ਚੁੱਕੇ ਹਨ, ਕਈਆਂ ਦੇ ਨਹੀਂ ਅਤੇ ਕਈ ਸਬੰਧ ਵਿੱਚ ਹਨ ਅਤੇ ਕੁਝ ਨਹੀਂ। ਪਰ ਉਨ੍ਹਾਂ ਨਾਲ ਗੱਲ ਕਰਕੇ ਮੇਰਾ ਡਰ ਘੱਟ ਜਾਂਦਾ ਹੈ।

ਜਦੋਂ ਵੀ ਮੈਨੂੰ ਕੋਈ ਫ਼ਿਕਰ ਹੁੰਦੀ, ਇਹ ਸਭ ਮੇਰੇ ਨਾਲ ਸਨ ਅਤੇ ਹੁਣ ਮੈਂ ਦੂਜਿਆਂ ਨੂੰ ਓਪਰੇਸ਼ਨ ਲਈ ਸਲਾਹ ਦੇਣ ਲਾਇਕ ਹਾਂ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)