You’re viewing a text-only version of this website that uses less data. View the main version of the website including all images and videos.
ਸੰਗਰੂਰ : ਫ਼ਤਹਿਵੀਰ ਨੂੰ ਬੋਰਵੈੱਲ ਚੋਂ ਕੱਢਣ ਲਈ ਕੀ- ਕੀ ਕੀਤਾ ਗਿਆ -ਪੜ੍ਹੋ 6 ਦਿਨਾਂ ਦਾ ਪੂਰਾ ਵੇਰਵਾ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਸੰਗਰੂਰ ਤੋਂ ਬੀਬੀਸੀ ਪੰਜਾਬੀ ਲਈ
ਬਰਨਾਲੇ ਤੋਂ ਜੇ ਲੌਂਗੋਵਾਲ ਰਾਹੀਂ ਸੁਨਾਮ ਜਾਣਾ ਹੋਵੇ ਤਾਂ ਭਗਵਾਨਪੁਰਾ ਪਿੰਡ ਰਸਤੇ ਵਿੱਚ ਹੀ ਪੈਂਦਾ ਹੈ। ਜਦੋਂ ਕਦੇ ਇੱਧਰ ਦੀ ਲੰਘਣ ਦਾ ਸਬੱਬ ਬਣੇ ਤਾਂ ਇਹ ਪਿੰਡ ਤੁਹਾਡੇ ਧਿਆਨ ਵਿੱਚ ਵੀ ਨਹੀਂ ਆਵੇਗਾ।
ਇਸ ਪਿੰਡ ਦੇ ਰਹਿਣ ਵਾਲੇ ਰੋਹੀ ਸਿੰਘ ਦੇ ਪਰਿਵਾਰ ਨਾਲ ਅਜਿਹਾ ਹਾਦਸਾ ਵਾਪਰਿਆ ਕਿ ਪਿਛਲੇ 6 ਦਿਨਾਂ ਤੋਂ ਇਹ ਪਿੰਡ ਪੂਰੇ ਪੰਜਾਬ ਦੀਆਂ ਨਜ਼ਰਾਂ ਵਿੱਚ ਹੈ।
ਰੋਹੀ ਸਿੰਘ ਦਾ ਪਰਿਵਾਰ ਆਪਣੇ ਖੇਤਾਂ ਵਿੱਚ ਹੀ ਘਰ ਬਣਾ ਕੇ ਰਹਿ ਰਿਹਾ ਹੈ। ਵੀਰਵਾਰ 6 ਜੂਨ ਨੂੰ ਰੋਹੀ ਸਿੰਘ ਦਾ ਪਰਿਵਾਰ ਘਰ ਦੇ ਬਾਹਰ ਆਪਣੇ ਕੰਮ ਕਾਰ ਕਰ ਰਿਹਾ ਸੀ।
6 ਜੂਨ
ਰੋਹੀ ਸਿੰਘ ਦਾ ਦੋ ਸਾਲ ਦਾ ਪੋਤਾ ਫ਼ਤਿਹਵੀਰ ਸਿੰਘ ਆਪਣੇ ਪਰਿਵਾਰ ਕੋਲ ਹੀ ਖੇਡ ਰਿਹਾ ਸੀ। ਕਰੀਬ 3:30 ਵਜੇ ਫਤਿਹਵੀਰ ਖੇਡਦਾ-ਖੇਡਦਾ ਬੰਦ ਪਏ ਬੋਰਵੈੱਲ ਉੱਤੇ ਚੜ੍ਹ ਗਿਆ। ਜਦੋਂ ਤੱਕ ਪਰਿਵਾਰ ਨੂੰ ਕੁਝ ਸੁਝਦਾ ਫ਼ਤਿਹਵੀਰ ਬੋਰਵੈੱਲ ਉੱਤੇ ਬੰਨ੍ਹੀ ਬੋਰੀ ਸਣੇ ਉਸਦੇ ਅੰਦਰ ਡਿੱਗ ਪਿਆ।
ਫ਼ਤਿਹਵੀਰ ਇਸ ਨੌਂ ਇੰਚ ਚੌੜੇ ਤੇ 150 ਫੁੱਟ ਡੂੰਗੇ ਬੋਰਵੈੱਲ ਵਿੱਚ ਲਗਭਗ 110 ਫੁੱਟ ਹੇਠਾਂ ਫਸ ਗਿਆ। ਘਟਨਾ ਤੋਂ ਇੱਕ ਘੰਟੇ ਦੇ ਅੰਦਰ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।
ਨੇੜੇ ਦੇ ਪਿੰਡਾਂ ਦੇ ਸੈਂਕੜੇ ਲੋਕ ਥੋੜੇ ਸਮੇਂ ਵਿੱਚ ਹੀ ਦਰਜਨਾਂ ਟਰੈਕਟਰ-ਟਰਾਲੀਆਂ, ਬੋਰਿੰਗ ਮਸ਼ੀਨਾ, ਜੇਸੀਬੀ ਕਰੇਨਾਂ ਸਮੇਤ ਹਰ ਸਾਧਨ ਜੋ ਕਿਸੇ ਕੋਲ ਮੌਜੂਦ ਸੀ, ਲੈ ਕੇ ਬੱਚੇ ਨੂੰ ਬਚਾਉਣ ਲਈ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ।
ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ, ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ, ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ।
ਸ਼ਾਮ ਸੱਤ ਵਜੇ ਤੱਕ ਨੈਸ਼ਨਲ ਡਿਸਆਸਟਰ ਰਿਸਪਾਂਸ ਫੋਰਸ(ਐੱਨਡੀਆਰਐੱਫ਼) ਦੀ ਟੀਮ ਬੱਚੇ ਦੇ ਬਚਾਅ ਲਈ ਪਹੁੰਚ ਚੁੱਕੀ ਸੀ। ਟੀਮ ਨੇ ਕੈਮਰੇ ਦੀ ਸਹਾਇਤਾ ਨਾਲ ਬੱਚੇ ਦੀ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ:
ਸਿਹਤ ਵਿਭਾਗ ਵੱਲੋਂ ਬੱਚੇ ਨੂੰ ਆਕਸੀਜ਼ਨ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ। ਕੈਮਰੇ ਵਿੱਚ ਬੱਚਾ ਬੋਰਵੈੱਲ ਦੇ ਫ਼ਿਲਟਰ ਪਾਈਪ ਵਿੱਚ ਫਸਿਆ ਦਿਖਾਈ ਦੇ ਰਿਹਾ ਸੀ।
ਬੱਚਾ ਬੋਰੀ ਵਿੱਚ ਲਿਪਟਿਆ ਹੋਇਆ ਸੀ। ਬੱਚੇ ਦੇ ਸਿਰਫ ਹੱਥ ਬਾਹਰ ਦਿਸ ਰਹੇ ਸਨ। ਕੈਮਰੇ ਵਿੱਚ ਬੱਚੇ ਦੇ ਹੱਥਾਂ ਦੀ ਹਰਕਤ ਨੋਟ ਕੀਤੀ ਗਈ।
ਐੱਨਡੀਆਰਐੱਫ ਵੱਲੋਂ ਬੱਚੇ ਦੇ ਹੱਥਾਂ ਨੂੰ ਰੱਸੀ ਬੰਨੀ ਗਈ। ਬੋਰੀ ਵਿੱਚ ਦੀ ਰਸਤਾ ਬਣਾ ਕੇ ਬੱਚੇ ਦੇ ਥੱਲੋਂ ਦੀ ਵੀ ਰੱਸੀ ਦੀ ਗੰਢ ਮਾਰੀ ਗਈ ਤਾਂ ਜੋ ਬੱਚਾ ਕਿਸੇ ਕਾਰਨ ਥੱਲੇ ਨਾ ਖਿਸਕੇ।
ਬੱਚੇ ਨੂੰ ਹੌਲੀ-ਹੌਲੀ ਬਾਹਰ ਖਿੱਚਣਾ ਸ਼ੁਰੂ ਕੀਤਾ ਗਿਆ। ਬੱਚਾ ਅੱਧਾ ਕੁ ਫੁੱਟ ਉੱਪਰ ਆਇਆ ਪਰ ਬੋਰੀ ਅਤੇ ਬੋਰਵੈੱਲ ਦੀ ਪਾਈਪ ਵਿੱਚ ਬੱਚਾ ਬੁਰੀ ਤਰਾਂ ਜਕੜਿਆ ਹੋਣ ਕਰਕੇ ਹੋਰ ਉਤਾਂਹ ਨਹੀਂ ਆ ਸਕਿਆ।
ਐੱਨਡੀਆਰਐੱਫ਼ ਦੇ ਅਧਿਕਾਰੀਆਂ ਨੇ ਬੱਚੇ ਦੇ ਅੰਗਾਂ ਨੂੰ ਨੁਕਸਾਨ ਦਾ ਹਵਾਲਾ ਦੇ ਕੇ ਹੋਰ ਜੋਰ ਨਾਲ ਉਤਾਂਹ ਖਿੱਚਣ ਤੋਂ ਮਨ੍ਹਾਂ ਕਰ ਦਿੱਤਾ।
ਐੱਨਡੀਆਰਐੱਫ਼ ਵੱਲੋਂ ਬੱਚੇ ਦੇ ਹੱਥਾਂ ਨੂੰ ਰੱਸੀ ਨਾਲ ਉਸੇ ਤਰ੍ਹਾਂ ਬੰਨੀ ਰੱਖਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਬੱਚਾ ਹੋਰ ਥੱਲੇ ਨਾ ਜਾ ਸਕੇ।
ਪ੍ਰਸ਼ਾਸਨ ਵੱਲੋਂ ਟਰੈਕਟਰਾਂ ਅਤੇ ਕਰੇਨਾਂ ਦੀ ਮਦਦ ਨਾਲ ਬੋਰਵੈੱਲ ਕੋਲੋਂ ਮਿੱਟੀ ਹਟਾਉਣੀ ਸ਼ੁਰੂ ਕਰ ਦਿੱਤੀ ਗਈ। ਆਥਣ ਤੱਕ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਲੰਗਰ ਅਤੇ ਚਾਹ ਪਾਣੀ ਦੀਆਂ ਛਬੀਲਾਂ ਲਗਾ ਦਿੱਤੀਆਂ ਗਈਆਂ।
7 ਜੂਨ
ਸਵੇਰ ਤੱਕ ਸਥਾਨਕ ਲੋਕਾਂ ਦੀ ਸਹਾਇਤਾ ਨਾਲ 20 ਫੁੱਟ ਤੱਕ ਪੁਟਾਈ ਕਰ ਲਈ ਗਈ ਸੀ।
ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਬੋਰਵੈੱਲ ਦੇ ਬਰਾਬਰ 36 ਇੰਚ ਘੇਰੇ ਦਾ ਨਵਾਂ ਬੋਰ ਕਰਨ ਦਾ ਫੈਸਲਾ ਲਿਆ ਗਿਆ।
ਇਸ ਨੂੰ ਬੱਚੇ ਦੀ ਸਥਿਤੀ ਦੇ ਬਰਾਬਰ ਤੱਕ ਖੋਦਿਆ ਜਾਣਾ ਸੀ। ਫਿਰ ਦੋਹਾਂ ਵਿਚਾਲੇ ਸੁਰੰਗ ਬਣਾ ਕੇ ਪਾਈਪ ਕੱਟ ਕੇ ਬੱਚੇ ਨੂੰ ਬਚਾਇਆ ਜਾਣਾ ਸੀ।
ਨਵਾਂ ਬੋਰ ਕਰਨ ਲਈ ਵਿਸ਼ੇਸ਼ ਤੌਰ 'ਤੇ ਲੰਮੀ ਚੈਨ ਕੁੱਪੀ ਆਮ ਨਾਲੋਂ ਭਾਰੀ ਬੋਕੀ ਬਣਵਾਉਣ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਟਰੈਕਟਰਾਂ ਅਤੇ ਕਰੇਨਾਂ ਨਾਲ ਪੁਟਾਈ ਦਾ ਕੰਮ ਜਾਰੀ ਰਿਹਾ। ਦੁਪਿਹਰ ਤੱਕ ਪੰਜਾਹ ਫੁੱਟ ਦੇ ਕਰੀਬ ਖੱਡ ਬੋਰਵੈੱਲ ਦੇ ਨੇੜੇ ਪੁੱਟ ਦਿੱਤੀ ਗਈ ਸੀ।
ਢਿੱਗਾਂ ਡਿੱਗਣ ਦੇ ਖ਼ਤਰੇ ਕਾਰਨ ਖੱਡ ਪੁੱਟਣ ਦਾ ਕੰਮ ਰੋਕ ਦਿੱਤਾ ਗਿਆ।ਸ਼ਾਮ ਤੱਕ ਨਵੀਂ ਚੈਨ ਕੁੱਪੀ ਅਤੇ ਬੋਕੀ ਲਿਆਂਦੀ ਗਈ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਬਾਅਦ ਨਵਾਂ ਬੋਰਵੈੱਲ ਪੁੱਟਣ ਦਾ ਕੰਮ ਸ਼ੁਰੂ ਕੀਤਾ।
8 ਜੂਨ
ਅੱਠ ਫੁੱਟ ਲੰਬਾਆਂ ਚਾਰ ਪਾਈਪਾਂ ਪਾਉਣ ਤੋਂ ਬਾਅਦ ਨਵੀਂ ਬੋਕੀ ਨਾਲ ਬੋਰਵੈੱਲ ਪੁੱਟਣ ਵਿੱਚ ਕਾਮਯਾਬੀ ਨਹੀਂ ਮਿਲੀ।
ਡੇਰਾ ਸਿਰਸਾ ਦੀ ਸ਼ਾਹ ਸਤਨਾਮ ਗਰੀਨ ਐੱਸ ਫੋਰਸ ਨੂੰ ਨਵੇ ਬੋਰਵੈੱਲ ਦੀ ਹੱਥਾਂ ਨਾਲ ਪੁਟਾਈ ਦਾ ਕੰਮ ਸੌਂਪਿਆ ਗਿਆ।
ਇਸ ਕੰਮ ਵਿੱਚ ਖੂਹ ਪੁੱਟਣ ਦੇ ਮਾਹਰ ਹੋਰ ਲੋਕਾਂ ਦੀ ਸਹਾਇਤਾ ਵੀ ਲਈ ਗਈ। ਇੱਕ ਵਿਅਕਤੀ ਨੂੰ ਬੋਰਵੈੱਲ ਵਿੱਚ ਉਤਾਰਿਆ ਜਾਂਦਾ ਅਤੇ ਬਾਲਟੀਆਂ ਰਾਹੀਂ ਮਿੱਟੀ ਪੁੱਟ ਕੇ ਰੱਸੇ ਦੀ ਸਹਾਇਤਾ ਨਾਲ ਬਾਹਰ ਕੱਢੀ ਜਾਂਦੀ ਰਹੀ।
ਮਿੱਟੀ ਪੁੱਟਣ ਰੱਸਾ ਖਿੱਚਣ ਵਰਗੇ ਸਾਰੇ ਕੰਮ ਲੋਕਾਂ ਵੱਲੋਂ ਵਾਰੀ ਬਦਲ ਕੇ ਦਿਨ ਰਾਤ ਲਗਾਤਾਰ ਕੀਤੇ ਜਾਂਦੇ ਰਹੇ। ਇਸ ਦਿਨ 80 ਫੁੱਟ ਤੱਕ ਪੁਟਾਈ ਕਰ ਲਈ ਗਈ ਸੀ।
9 ਜੂਨ
ਅਗਲੇ ਦਿਨ ਵੀ ਬੋਰਵੈੱਲ ਪੁਟਾਈ ਦਾ ਹੱਥਾਂ ਨਾਲ ਕੰਮ ਜਾਰੀ ਰਿਹਾ। ਪਾਈਪਾਂ ਦੇ ਹਿੱਲਣ ਕਾਰਨ ਲੋਹੇ ਦਾ ਰਿੰਗ ਬਣਾ ਕੇ ਪਾਇਪਾਂ ਦੇ ਥੱਲੇ ਪਾਇਆ ਗਿਆ। ਬੋਰਵੈੱਲ ਦੀ ਖੁਦਾਈ 120 ਫੁੱਟ ਤੱਕ ਕਰ ਲਈ ਗਈ ਸੀ।
ਇਹ ਵੀ ਪੜ੍ਹੋ:
ਬੱਚੇ ਵਾਲੇ ਬੋਰ ਤੱਕ ਪਹੁੰਚਣ ਲਈ ਸੁਰੰਗ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ।ਦਿਸ਼ਾ ਦੇ ਗਲਤ ਅੰਦਾਜੇ ਕਾਰਨ ਸੁਰੰਗ ਸਹੀ ਦਿਸ਼ਾ ਵੱਲ ਨਹੀਂ ਪੁੱਟੀ ਜਾ ਸਕੀ।
10 ਜੂਨ (ਬੱਚੇ ਦਾ ਜਨਮ, 10 ਜੂਨ 2017 ਨੂੰ ਹੋਇਆ ਸੀ)
ਬੱਚੇ ਵਾਲੇ ਬੋਰਵੈੱਲ ਤੱਕ ਸੁਰੰਗ ਬਣਾ ਕੇ ਪਾਈਪ ਨੂੰ ਕੱਟਿਆ ਗਿਆ ਪਰ ਬੱਚਾ ਉਸ ਲੋਕੇਸ਼ਨ ਉੱਤੇ ਨਹੀਂ ਮਿਲਿਆ। ਇਸ ਦਾ ਪਤਾ ਲੱਗਦੇ ਹੀ ਲੋਕ ਗੁੱਸੇ ਵਿੱਚ ਆ ਗਏ।
ਲੋਕਾਂ ਵੱਲੋਂ ਪੁਲਿਸ ਦੀਆਂ ਰੋਕਾਂ ਉਲੰਘਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਰੋਕੇ ਜਾਣ ਉੱਤੇ ਸੁਨਾਮ-ਮਾਨਸਾ ਰੋਡ ਉੱਤੇ ਪੰਜ ਥਾਵਾਂ ਉੱਤੇ ਰੋਡ ਜਾਮ ਕਰਕੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ।
ਰੋਡ ਜਾਮ ਸਵੇਰ ਤੱਕ ਹਾਰੀ ਰਹੇ। ਇਸਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਬੱਚਾ ਇਸ ਜਗ੍ਹਾ ਤੋਂ ਉੱਪਰ ਹੋਣ ਦੀ ਸੰਭਾਵਨਾ ਹੈ।
ਇਸ ਲਈ ਪਾਈਪਾਂ ਨੂੰ ਉੱਪਰ ਨੂੰ ਖਿਸਕਾ ਕੇ ਦੁਬਾਰਾ ਸੁਰੰਗ ਬਣਾਈ ਜਾ ਰਹੀ ਹੈ। ਇਸ ਕੰਮ ਵਿੱਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਰਕੇ ਦਿੱਕਤ ਆ ਰਹੀ ਹੈ।
ਸ਼ਾਮਾਂ ਤੱਕ ਦੁਬਾਰਾ ਨਵੀਂ ਦਿਸ਼ਾ ਅਤੇ ਉਚਾਈ ਮਿੱਥ ਕੇ ਸੁਰੰਗ ਬਣਾਉਣੀ ਸ਼ੁਰੂ ਕੀਤੀ ਗਈ। ਸਾਰੀ ਰਾਤ ਤੱਕ ਬਰੇਤੀ ਕੱਢਣ ਦਾ ਕੰਮ ਜਾਰੀ ਰਿਹਾ।
11 ਜੂਨ
ਸਵੇਰ ਤੱਕ ਵੀ ਨਵੇਂ ਬੋਰਵੈੱਲ ਰਾਹੀਂ ਬੱਚੇ ਨੂੰ ਕੱਢਣ ਵਿੱਚ ਸਫਲਤਾ ਨਹੀਂ ਮਿਲੀ।
ਤਕਰੀਬਨ 5 ਵਜੇ ਐੱਨਡੀਆਰਐੱਫ਼ ਦੀ ਟੀਮ ਵੱਲੋਂ ਸਥਾਨਕ ਮਕੈਨਿਕ ਦੀ ਸਹਾਇਤਾ ਨਾਲ ਬੱਚੇ ਨੂੰ ਕਲੈਂਪ ਅਤੇ ਰੱਸੀਆਂ ਸਹਾਰੇ ਪੁਰਾਣੇ ਬੋਰਵੈੱਲ ਵਿੱਚੋਂ ਹੀ ਬਾਹਰ ਕੱਢਿਆ ਗਿਆ।
ਬੱਚੇ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਲਿਜਾਇਆ ਗਿਆ। ਪੀਜੀਆਈ ਨੇ ਬੱਚੇ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ।
ਇਸ ਖ਼ਬਰ ਦਾ ਪਤਾ ਲੱਗਣ ਉਤੇ ਬਠਿੰਡਾ-ਸੰਗਰੂਰ ਰੋਡ ਉੱਤੇ ਵੀ ਰੋਸ ਪ੍ਰਦਰਸ਼ਨ ਅਤੇ ਰੋਡ ਜਾਮ ਕੀਤੇ ਗਏ।
ਲੌਂਗੋਵਾਲ ਕਸਬੇ ਅਤੇ ਸੁਨਾਮ ਦਾ ਬਜ਼ਾਰ ਬੰਦ ਕਰ ਦਿੱਤਾ ਗਿਆ।
ਦੁਪਿਹਰ ਪੌਣੇ ਦੋ ਵਜੇ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਫ਼ਤਿਹਵੀਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਆਏ।
ਸਸਕਾਰ ਵਾਲੇ ਸਥਾਨ ਉੱਤੇ ਵੀ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ